ਪੈਦਲ ਤੁਰੇ ਜਾਂਦੇ ਨੂੰ ਚੱਕਰ ਜਿਹਾ ਆਇਆ..ਲੱਗਾ ਐਨਰਜੀ ਲੈਵਲ ਸਿਫ਼ਰ ਹੋ ਗਿਆ ਹੋਵੇ..!
ਮੈਂ ਓਥੇ ਬੈਠ ਗਿਆ..ਬੈਗ ਚੋ ਪਾਣੀ ਦੀ ਬੋਤਲ ਕੱਢੀ..ਅੱਧੀ ਮੁਕਾ ਦਿੱਤੀ..
ਬੇਧਿਆਨੀ ਵਿਚ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..
ਆਖਿਆ ਛਤਰੀ ਤਾਂਣ ਦੇਵੇ..ਅੱਠ ਲੱਖ ਦੀ ਗੱਡੀ ਵਿਚ ਸਫ਼ਰ ਕਰਨ ਵਾਲਾ ਅੱਜ ਰਿਕਸ਼ੇ ਵਿਚ..ਕੋਈ ਵੇਖੂ ਤਾਂ ਕੀ ਆਖੂ..!
ਏਜੰਸੀ ਵਾਲਿਆਂ ਤੇ ਗੁੱਸਾ ਆ ਰਿਹਾ ਸੀ..ਸਿਰਫ ਦੋ ਕਿਸ਼ਤਾਂ ਟੁੱਟਣ ਤੇ ਗੱਡੀ ਕਿੱਦਾਂ ਲੈ ਜਾ ਸਕਦੇ..!
ਬਾਸ ਦੀ ਧਮਕੀ..ਨੌਕਰੀ ਵੱਲੋਂ ਕਦੇ ਵੀ ਜੁਆਬ ਮਿਲ ਸਕਦਾ..ਕਰੋਨਾ..ਲਾਕ-ਡਾਊਨ..ਜੀ.ਡੀ.ਪੀ,ਘਰ ਦੀਆਂ ਕਿਸ਼ਤਾਂ..ਪਲਾਟ ਤੇ ਲਿਮਟ..ਕਰਜੇ ਦਾ ਵਿਆਜ..ਨਿਆਣਿਆਂ ਦੀ ਪੜਾਈ..ਕੋਲੋਂ ਤੁਰੇ ਜਾਂਦੇ ਸਾਰੇ ਲੋਕ ਮੇਰਾ ਮਜਾਕ ਉਡਾਉਂਦੇ ਲੱਗ ਰਹੇ ਸਨ!
ਮੈਂ ਅਜੀਬ ਜਿਹਾ ਗੀਤ ਗਾਉਂਦੇ ਪੈਡਲ ਮਾਰਦੇ ਡਰਾਈਵਰ ਨੂੰ ਪੈ ਨਿੱਕਲਿਆ..
ਬੰਦ ਕਰ ਇਹ ਮਾਣਕ..ਇਥੇ ਮਾਏਂ ਜਿੰਦਗੀ ਦੀ ਵਾਟ ਲੱਗੀ ਪਈ ਏ ਤੇ ਤੈਨੂੰ ਗੀਤ ਅਹੁੜ ਰਹੇ ਨੇ”
ਬ੍ਰੇਕ ਮਾਰ ਲਈ..
ਅਖ਼ੇ ਮੇਰਾ ਰਿਕਸ਼ਾ ਏ..ਮੇਰੀ ਮਰਜੀ ਗੀਤ ਗਾਵਾਂ ਜਾਂ ਚੁੱਪ ਰਹਾਂ..ਜੇ ਨਹੀਂ ਚੰਗਾ ਲੱਗਦਾ ਤਾਂ ਬੇਸ਼ੱਕ ਉੱਤਰ ਜਾਵੋ..ਪੈਸੇ ਵੀ ਨਾ ਦੇਵੋ!
ਮੱਥਾ ਠਣਕਿਆ..ਇਥੇ ਲਾਹ ਦਿੱਤਾ ਤੇ ਕੁਝ ਨੀ ਮਿਲਣਾ..ਚੁੱਪ ਕਰ ਗਿਆ..ਉਸਨੇ ਇੱਕ ਵਾਰ ਫੇਰ ਗਾਉਣਾ ਸ਼ੁਰੂ ਕਰ ਦਿੱਤਾ..”ਸਾਰੀ ਉਮਰ ਗਵਾ ਲਈ ਤੂੰ..ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”
ਫੇਰ ਉਸਨੇ ਸਹਿ ਸੂਬਾ ਹੀ ਸਵਾਲ ਕਰ ਦਿੱਤਾ..ਸਰਦਾਰ ਜੀ ਥੋਡਾ ਨਾਮ ਕੀ ਏ..?
ਆਖਿਆ ਸੰਤੋਖ ਸਿੰਘ..!
ਹੱਸ ਪਿਆ ਅਖ਼ੇ ਗਲਤ ਨਾਮ ਰੱਖ ਦਿੱਤਾ ਤੁਹਾਡਾ..ਏਨਾ ਗੁੱਸਾ..ਸਬਰ ਸੰਤੋਖ ਤੇ ਬੜੀਆਂ ਵੱਡੀਆਂ ਚੀਜਾਂ ਹੁੰਦੀਆਂ..ਬਾਣੀ ਪੜਿਆ ਕਰੋ..ਫੇਰ ਵੇਖਿਓ ਜਿਹੋ ਜਿਹਾ ਨਾਮ ਓਹੀ ਜਿਹੀ ਸੀਰਤ ਬਣ ਜਾਊ..!
ਹੁਣ ਤੱਕ ਮੈਨੂੰ ਓਸਤੇ ਗੁੱਸਾ ਆਉਣਾ ਬੰਦ ਹੋ ਗਿਆ..!
ਪੁੱਛਿਆ ਤੇਰਾ ਟੱਬਰ..?
ਆਖਣ ਲੱਗਾ ਛੇ ਮਹੀਨੇ ਹੋਏ..ਨਾਲਦੀ ਤੇ ਦੋ ਸਾਲ ਦਾ ਪੁੱਤ..ਸੁੱਤੇ ਪਿਆਂ ਤੇ ਕੋਠਾ ਆਣ ਪਿਆ..ਥਾਏਂ ਮੁੱਕ ਗਏ..ਬੱਸ ਸੱਤ ਮਹੀਨੇ ਦੀ ਧੀ ਬਚੀ ਏ..ਮਗਰ ਲਮਕਾਏ ਹੋਏ ਪੰਘੂੜੇ...
ਤੇ ਸੁੱਤੀ ਪਈ ਏ..ਬੜੀ ਕਰਮਾ ਵਾਲੀ ਏ..ਕਦੀ ਰੋਂਦੀ ਨਹੀਂ..ਬੱਸ ਭੁੱਖ ਲੱਗਦੀ ਤੇ ਹੱਥ ਪੈਰ ਮਾਰਨ ਲੱਗਦੀ ਏ..!
ਮੈਂ ਮਗਰ ਭਓਂ ਕੇ ਵੇਖਿਆ..ਉਹ ਵਾਕਿਆ ਹੀ ਰਾਮ ਨਾਲ ਸੁੱਤੀ ਪਈ ਸੀ..!
ਆਖਿਆ ਇਸਨੂੰ ਘਰੇ ਕਿਓਂ ਨੀ ਛੱਡ ਕੇ ਆਉਂਦਾ?
ਆਖਣ ਲੱਗਾ ਸਰਦਾਰ ਜੀ ਜਮਾਨਾ ਬੜਾ ਭੈੜਾ ਆ ਗਿਆ..ਗਲੀ-ਗਲੀ ਅਵਾਰਾ ਭੇੜੀਏ ਤੁਰੇ ਫਿਰਦੇ..ਛੇਆਂ-ਛੇਆਂ ਮਹੀਨਿਆਂ ਦੀਆਂ ਨੂੰ ਵੀ ਨਹੀਂ ਬਖਸ਼ਦੇ..!
ਏਨੇ ਨੂੰ ਮੋੜ ਵਾਲਾ ਸਟੋਪ ਆ ਗਿਆ ਤੇ ਉਸਨੇ ਰਿਕਸ਼ਾ ਰੋਕ ਦਿੱਤਾ..!
ਸੌ ਚੋਂ ਪੰਝੀ ਵਾਪਿਸ ਮੋੜਨ ਲੱਗਾ ਤਾਂ ਆਖਿਆ ਰੱਖ ਲੈ ਯਾਰ..ਏਨੀਆਂ ਸੋਹਣੀਆਂ ਗੱਲਾਂ ਕੀਤੀਆਂ..!
ਆਖਣ ਲੱਗਾ ਜਨਾਬ ਗੁਰੂ ਰਾਮਦਾਸ ਦੀ ਨਗਰੀ ਵਿਚ ਕੀਤੀ ਮੇਹਨਤ ਤੋਂ ਵੱਧ ਦੇ ਪੈਸੇ ਹਜਮ ਕਰਨੇ ਬੜੇ ਔਖੇ..ਰੱਖ ਲਵੋ!
ਬਕਾਇਆ ਜੇਬ ਵਿਚ ਪਾਉਂਦੇ ਹੋਏ ਦਾ ਧਿਆਨ ਅਜੇ ਵੀ ਉਸਦੇ ਗਾਣੇ ਵੱਲ ਸੀ..
“ਦੁਨੀਆਂ ਕਰਦੀ ਮਾਇਆ-ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ..ਕੁਝ ਨਾ ਜਹਾਨ ਵਿਚੋਂ ਖੱਟਿਆ..”
ਇੰਝ ਲੱਗਾ ਜਿੱਦਾਂ ਲਗਪਗ ਪੂਰੀ ਤਰਾਂ ਮੁੱਕ ਗਏ ਨੂੰ ਜਿੰਦਗੀ ਜਿਊਣ ਦਾ ਇੱਕ ਟੋਟਕਾ ਦੇ ਗਿਆ ਹੋਵੇ..
ਭਾਵੇਂ ਉਸਦੀ ਸਾਰੀ ਦੁਨੀਆ ਮੁੱਕ ਗਈ ਸੀ ਤਾਂ ਵੀ ਏਨੀ ਚੜ੍ਹਦੀ ਕਲਾ..ਇਹ ਕਿੱਦਾਂ ਹੋ ਸਕਦਾ..?
ਇਸ ਹਿਸਾਬ ਨਾਲ ਤੇ ਮੇਰਾ ਸਭ ਕੁਝ ਹੀ ਬਾਕੀ ਏ..ਸਹੀ ਸਲਾਮਤ ਏ..ਕੁਝ ਵੀ ਨਹੀਂ ਗਵਾਚਿਆ..ਸਵਾਏ ਮੁੱਲ ਵਿਕਦੇ ਕੁਝ ਕੂ ਦੁਨਿਆਵੀ ਖਿਡੌਣਿਆਂ ਤੋਂ..!
ਭਾਵੇਂ ਅੱਖੋਂ ਓਹਲੇ ਹੋ ਗਿਆ ਸੀ ਪਰ ਉਸਦੇ ਆਖੇ ਬੋਲ ਕੰਨਾਂ ਵਿਚ ਅਜੇ ਵੀ ਧਮਾਲ ਪਾ ਰਹੇ ਸਨ..”ਸਰਦਾਰ ਜੀ ਇਸ ਨਿੱਕੀ ਜਿਹੀ ਦੀ ਜੁੰਮੇਵਾਰੀ ਹੁਣ ਮੈਨੂੰ ਕਦੀ ਹੇਠਾਂ ਨਹੀਂ ਡਿੱਗਣ ਦਿੰਦੀ..”
ਹਰਪ੍ਰੀਤ ਸਿੰਘ ਜਵੰਦਾ
ਦੀਪ ਬੱਲ
bohat vadia ਕਹਾਣੀਆਂ ਲਿਖਦੇ ਹੋ sir 💐💐