ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ।
ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ।
ਘਰ ਪ੍ਰਾਹੁਣੇ ਆਉਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਆਂਢ-ਗਵਾਂਢ ‘ਚੋਂ ਇਕੱਠੀਆਂ ਕਰਨੀਆਂ।
ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਅ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਾਰਣ ਦੀ ਜ਼ਿੱਦ ਕਰਿਆ ਕਰਦੇ ਸਨ।
ਘਰਾਂ, ਪਿੰਡਾਂ, ਖੇਤਾਂ, ਫਸਲਾਂ, ਪਸ਼ੂਆਂ ਨਾਲ਼ ਪਿਆਰ ਹੁੰਦਾ ਸੀ। ਬਾਗਾਂ, ਫੁਲਕਾਰੀਆਂ, ਚਾਦਰਾਂ, ਝੋਲ਼ਿਆਂ, ਮੇਜ਼ਪੋਸ਼ਾਂ ‘ਤੇ ਚਿੜੀਆਂ-ਜਨੌਰਾਂ, ਫੁੱਲਾਂ, ਬੂਟੀਆਂ ਦੀ ਕੀਤੀ ਕਢਾਈ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ।
ਘਰ ਪਾਲ਼ੇ ਕੱਟੇ, ਵਹਿੜਕੇ, ਮੱਝ ਨੂੰ ਵੇਚਣ ‘ਤੇ ਹਫ਼ਤਾ-ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸਦਾ ਸੁੰਨਾ ਕਿੱਲਾ ਤੇ ਖੁਰਲ਼ੀ ਦੇਖ ਕੇ ਮਨ ਭਰ-ਭਰ ਆਉਣਾ।
ਮਾਸੀ ਜਾਂ ਭੂਆ ਨੇ ਮਿਲਣ ਆਉਣਾ ਤਾਂ ਬੀਬੀ ਹੁਰਾਂ ਦੀਆ ਗੱਲਾਂਂ ਸਾਰੀ-ਸਾਰੀ ਰਾਤ ਨਾ ਮੁੱਕਦੀਆਂ। ਨਾਨਕੇ ਜਾਣਾ ਤਾਂ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਣਾ, ਅਖੇ, “ਜੀ ਸਦਕੇ ਭਾਈ, ਦੋਹਤਵਾਨ ਆਇਐ!” ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾਂ ਕਈ-ਕਈ ਦਿਨ ਦਿਲ ਨਾ ਲੱਗਣਾ। ਐਵੇਂ ਅਵਾਜ਼ਾਰ ਜਿਹੇ ਹੋ ਕੇ ਕੰਧਾਂ-ਕੌਲ਼ਿਆਂ ‘ਚ ਵੱਜੀ ਜਾਣਾ।
ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਗੂੜ੍ਹਾਪਣ ਸੱਸ ਦਾ ਪਿਆਰ ਮਾਪਣ ਦਾ ਪੈਮਾਨਾ ਸੀ। ਜਿਸ ਨਾਰ ਵੱਲ਼ ਚੁੱਲ੍ਹੇ ਦਾ ਧੂੰਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ। ਵੱਡੀਆਂ ਭੈਣਾਂ ਜਾਂ ਭਰਾਵਾਂ ਦੇ ਵਿਆਹ ਦੀ ਛੇ-ਛੇ ਮਹੀਨੇ ਪਹਿਲਾਂ ਉਡੀਕ ਸ਼ੁਰੂ ਹੋ ਜਾਣੀ। ਕਿਸੇ ਯਾਰ-ਬੇਲੀ ਦੀ ਜੁੱਤੀ-ਜਾਮਾ ਮੰਗਕੇ ਰਿਸ਼ਤੇਦਾਰੀ ‘ਚ ਵਿਆਹ ਦੇਖ ਲਿਆ ਜਾਂਦਾ ਸੀ। ਸ਼ਾਮੀਂ ਇਕੱਠੇ ਹੋ ਕੇ ਬੇਬੇ ਦੇ ਦੁਆਲ਼ੇ ਡੇਰੇ ਲਾਉਣੇ, ਉਹਦੀਆਂ ਗੱਲਾਂ ਨੇ ਸਭ ਭੀਮਸੈੈਨ, ਹਨੂੰਮਾਨ, ਪੂਰਨ ਭਗਤ, ਅਲਾਦੀਨ ਵਰਗੇ ਰੂਪਮਾਨ ਕਰ ਦੇਣੇ।
ਧੀ-ਪੁੱਤ ਦਾ...
ਐਬ, ਖਾਮੀ ਦੱਸਣ ‘ਤੇ ਲੋਕ ਗੁੱਸਾ ਨਹੀਂ ਕਰਦੇ ਸਨ। ਜਵਾਕ ਆਂਢ-ਗਵਾਂਢ ‘ਚ ਪਿਉ ਤੋਂ ਛੋਟੇ ਨੂੰ ਚਾਚਾ ਅਤੇ ਵੱਡੇ ਨੂੰ ਤਾਇਆ ਆਖ ਬੁਲਾਉਂਦੇ ਸਨ ਅਤੇ ਬਜ਼ੁਰਗ ਨੂੰ ਬਾਬਾ ਕਿਹਾ ਕਰਦੇ ਸਨ।
ਸਬਰ-ਸੰਤੋਖ ਦਾ ਹੋਣਾ ਉਦੋਂ ਸੁਭਾਵਿਕ ਸੀ। ਚੱਕੀ ਦਾ ਪੁੜ ਚੱਲਦਾ, ਲੱਪ-ਲੱਪ ਕਰਕੇ ਆਟੇ ਦੀ ਬੋਰੀ ਪੀਹ ਹੁੰਦੀ ਸੀ। ਇੱਕ-ਇੱਕ ਧਾਰ ਨਾਲ਼ ਦੁੱਧ ਦੀ ਬਾਲਟੀ ਭਰੀ ਜਾਂਦੀ ਸੀ। ਫੂਕਾਂ ਮਾਰ-ਮਾਰਕੇ ਚੁੱਲ੍ਹਿਆਂ ‘ਚ ਅੱਗ ਬਾਲਣੀ ਪੈਂਦੀ ਸੀ। ਸਾਗ ਦੁਪਹਿਰੇ ਧਰਿਆ ਜਾਂਦਾ ਸੀ, ਬਣਨ ‘ਤੇ ਸਾਰੀ ਦਿਹਾੜੀ ਟੱਪ ਜਾਣੀ ਫਿਰ ਜਾ ਕੇ ਰਾਤ ਨੂੰ ਕਿਤੇ ਰੋਟੀ ਖਾਣ ਜੋਗੇ ਹੋਣਾ। ਪੈਦਲ ਚੱਲਕੇ ਕੋਹਾਂ ਦੀਆਂ ਵਾਟਾਂ ਮੁਕਾਈਆਂ ਜਾਂਦੀਆਂ ਸਨ। ਹੱਥੀਂ ਪੱਠੇ ਕੁਤਰਣੇ, ਬਲਦਾਂ ਪਿੱਛੇ ਹਲ਼ ਜੋੜਕੇ ਕਿੱਲਿਆਂ ਦੇ ਕਿੱਲੇ ਵਾਹ ਦੇਣੇ।
ਖੇਸ, ਦਰੀਆਂ ਬੁਣਨ ‘ਤੇ ਕਈ ਦਿਨ ਲੱਗ ਜਾਂਦੇ ਸਨ। ਮੰਜਾ ਬੁਣਨਾ ਤਾਂ ਮੇਲਾ ਲੱਗ ਜਾਂਦਾ ਸੀ। ਖੇਸਾਂ ਦੇ ਬੰਬਲ ਵੱਟਣੇ ਅਤੇ ਖੋਆ ਮਾਰਨਾ ਲੰਬਾ ਸਮਾਂ ਲੈ ਲੈਂਦਾ ਸੀ।
ਚਿੱਠੀ ਲਿਖਣ ਵਾਲ਼ੇ ਦਿਨ ਤੋਂ ਜਵਾਬ ਦੀ ਉਡੀਕ ਸ਼ੁਰੂ ਹੋ ਜਾਣੀ। ਮਹੀਨੇ ਬਾਅਦ ਬਾਰ ‘ਚ ਡਾਕੀਏ ਦੇ ਸੈਕਲ ਦੀ ਟੱਲੀ ਵੱਜਣੀ, ਚਾਅ ਸਾਂਭਿਆ ਨਾ ਜਾਣਾ। ਚਿੱਠੀ ਕਈ-ਕਈ ਵਾਰ ਪੜ੍ਹਣੀ, ਹਰ ਵਾਰ ਪੜ੍ਹਦਿਆਂ ਲਿਖਣ ਵਾਲ਼ੇ ਨਾਲ਼ ਮਿਲਣੀ ਹੋਈ ਮਹਿਸੂਸ ਹੋਣੀ।
ਕੋਈ ਵੀ ਕਾਹਲ ਨਹੀਂ ਸੀ। ਸਾਦਗੀ ਸੀ, ਰਿਸ਼ਤਿਆਂ-ਨਾਤਿਆਂ ਦੀ ਕਦਰ ਸੀ।
ਪਿੰਡਾਂ ਵਿੱਚ ਰਾਜਨੀਤੀ ਨਹੀਂ ਵੜੀ ਸੀ। ਧਰਮ ਤੇ ਦਾਨ-ਪੁੰਨ ਦਿਖਾਵਾ ਨਹੀਂ ਸੀ। ਸੈਕੂਲਰਤਾ ਅਤੇ ਸਾਂਝੀਵਾਲਤਾ ਦਾ ਬੋਲ-ਬਾਲਾ ਸੀ।
ਜ਼ਿੰਦਗੀ ਨੂੰ ਅਜੇ ਬਜ਼ਾਰ ਨੇ ਆਪਣੀ ਲਪੇਟ ਵਿੱਚ ਨਹੀਂ ਲਿਆ ਸੀ।
ਲੱਗਦਾ ਏ ਤਕਨੀਕ ਅਤੇ ਆਧੁਨਿਕਤਾ ਨੇ ਸਾਡੇ ‘ਚ ਉਡੀਕ ਦਾ ਮਾਦਾ ਮਾਰ ਮੁਕਾਇਆ ਹੈ।
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਦਸ ਸਤੰਬਰ, ਵੀਹ ਸੌ ਉਂਨੀ।