More Punjabi Kahaniya  Posts
ਰੌਣਕਾਂ ਵਾਲਾ ਮੁਹੱਲਾ


ਪੂਰੇ ਚਾਲੀ ਵਰੇ ਸਿੰਘਾਪੁਰ ਰਹਿਣ ਮਗਰੋਂ ਆਪਣੇ ਜੱਦੀ ਸ਼ਹਿਰ ਗੁਰਦਾਸਪੁਰ ਸ਼ਿਫਟ ਹੋ ਗਏ ਵੱਡੇ ਭਾਜੀ ਦੀ ਨਵੀਂ ਪਾਈ ਕੋਠੀ ਦੀ ਸਫਾਈ ਅਤੇ ਸੁੰਦਰਤਾ ਦੇ ਚਰਚੇ ਲਗਪਗ ਹਰ ਪਾਸੇ ਹੀ ਸਨ..!
ਓਥੋਂ ਦੀ ਇੱਕ ਵਸਨੀਕ ਔਰਤ ਨਾਲ ਕਰਵਾਏ ਵਿਆਹ ਮਗਰੋਂ ਦੋ ਬੱਚੇ ਵੀ ਸਨ ਪਰ ਉਮਰ ਦੇ ਇਸ ਪੜਾਅ ਤੇ ਅਪੜ ਦੋਹਾਂ ਦੇ ਹੋ ਗਏ ਤਲਾਕ ਦੀ ਵਜਾਹ ਵੀ ਸ਼ਾਇਦ ਇਹੋ ਸਫਾਈ ਅਤੇ ਘਰੇ ਪੈਂਦਾ ਰੌਲਾ ਰੱਪਾ ਹੀ ਸੀ..!
ਭਾਜੀ ਨੂੰ ਗੰਦ ਪਾਉਂਦੇ ਨਿਆਣੇ ਅਤੇ ਰੌਲੇ ਰੱਪੇ ਤੋਂ ਬਹੁਤ ਜਿਆਦਾ ਨਫਰਤ ਸੀ..ਉੱਤੋਂ ਮਰਚੈਂਟ ਨੇਵੀ ਦੀ ਨੌਕਰੀ ਦੌਰਾਨ ਓਹਨਾ ਨੂੰ ਇਕੱਲੇਪਣ ਨਾਲ ਪਿਆਰ ਜਿਹਾ ਵੀ ਹੋ ਗਿਆ ਸੀ..!
ਇੱਕ ਦਿਨ ਟਾਈਮ ਕੱਢ ਮੈਂ ਵੀ ਮਿਲਣ ਅੱਪੜ ਗਿਆ..!
ਕੋਠੀ ਅੰਦਰ ਐਨੀ ਸਫਾਈ ਕੇ ਬੰਦਾ ਭਾਵੇਂ ਭੁੰਜੇ ਸੁੱਟ ਚੌਲ ਖਾ ਲਵੋ..ਮਹਿੰਗਾ ਫਰਨੀਚਰ,ਕੀਮਤੀ ਕ੍ਰੋਕਰੀ,ਸ਼ੀਸ਼ੇ ਦੀਆਂ ਅਲਮਾਰੀਆਂ,ਲਿਸ਼ਕਾਂ ਮਾਰਦਾ ਮਾਰਬਲ,ਅਣਗਿਣਤ ਕਮਰੇ,ਹਰ ਕਮਰੇ ਦੇ ਨਾਲ ਬਣਿਆ ਗੁਸਲਖਾਨਾ,ਆਧੁਨਿਕ ਕਾਰ ਗਰਾਜ,ਕੰਧ ਤੇ ਟੰਗਿਆ ਵੱਡਾ ਸਾਰਾ ਟੈਲੀਵਿਜਨ,ਹੱਥ ਦੀਆਂ ਬਣੀਆਂ ਕਿੰਨੀਆਂ ਪੇਂਟਿੰਗਜ਼,ਰੰਗ ਬਿਰੰਗੇ ਪਰਦੇ,ਜਹਾਜਾਂ ਦੀਆਂ ਤਸਵੀਰਾਂ ਅਤੇ ਹੋਰ ਵੀ ਕਿੰਨਾ ਕੁਝ..!
ਜਦੋਂ ਸਭ ਕੁਝ ਮੈਨੂੰ ਖੁਦ ਵਿਖਾ ਰਹੇ ਸਨ ਤਾਂ ਇੰਝ ਲੱਗਿਆ ਜਿੱਦਾਂ ਸਾਰੀ ਦੁਨੀਆਂ ਇੱਕੋ ਘਰ ਵਿਚ ਹੀ ਸਮੋ ਗਈ ਹੋਵੇ..!
ਏਨੇ ਨੂੰ ਸਹਿੰਮੀ ਜਿਹੀ ਤੁਰੀ ਆਉਂਦੀ ਨੌਕਰਾਣੀ ਕੋਲੋਂ ਟਰੇ ਵਿਚ ਥੋੜੀ ਚਾਹ ਡੁੱਲ ਗਈ..ਫੇਰ ਮਗਰੋਂ ਉਸਨੂੰ ਪਈਆਂ ਝਿੜਕਾਂ ਨੇ ਓਥੇ ਪੱਸਰੇ ਹੋਏ...

ਇੱਕ ਅਜੀਬ ਜਿਹੇ ਸੰਨਾਟੇ ਨੂੰ ਹੋਰ ਵੀ ਡਰਾਉਣਾ ਜਿਹਾ ਬਣਾ ਦਿੱਤਾ..ਮੈਂ ਮਸਾਂ ਹੀ ਚਾਹ ਮੁਕਾਈ ਤੇ ਓਥੋਂ ਤੁਰਦਾ ਬਣਿਆ..!
ਘਰ ਆਉਂਦਿਆਂ ਅਜੇ ਗਲੀ ਦੇ ਮੋੜ ਤੇ ਹੀ ਅੱਪੜਿਆਂ ਹੋਵਾਂਗਾ ਕੇ ਸਾਰੇ ਨਿਆਣੇ ਆਪਣੇ ਵੱਲ ਦੌੜੇ ਆਉਂਦੇ ਵੇਖ ਮੈਂ ਦੁਕਾਨ ਤੇ ਹੀ ਖਲੋ ਗਿਆ..ਫੇਰ ਚਾਰੇ ਪਾਸਿਓਂ..ਦਾਦਾ ਜੀ ਮੈਨੂੰ ਆਹ ਲੈ ਦਿਓ..ਮੈਂ ਉਹ ਲੈਣਾ..ਮੈਨੂੰ ਘੱਟ ਮਿਲਿਆ..ਉਸਨੂੰ ਜਿਆਦਾ ਕਿਓਂ..ਓਥੇ ਤਮਾਸ਼ਾ ਜਿਹਾ ਲੱਗ ਗਿਆ..!
ਫੇਰ ਘਰੇ ਵੜਦਿਆਂ ਹੀ ਅੱਗੇ ਪਿਆ ਖਿਡੌਣਿਆਂ ਦਾ ਵੱਡਾ ਖਿਲਾਰਾ..ਟੁੱਟੇ ਹੋਏ ਕੱਚ ਦੇ ਟੋਟੇ ਕੱਠੇ ਕਰਦੀ ਨੌਕਰਾਣੀ ਅਤੇ ਅੱਗੇ ਟੀ.ਵੀ ਤੇ ਚੱਲਦੇ ਗੀਤ ਦੇ ਨਾਲ ਨਾਲ ਚੁੰਨੀ ਲੈ ਕੇ ਗਿੱਧਾ ਪਾਉਂਦੀ ਨਿੱਕੀ ਜਿਹੀ ਦੋਹਤੀ..ਸਾਰਾ ਕੁਝ ਵੇਖ ਇੰਝ ਲੱਗਾ ਜਿੱਦਾਂ ਚੁੱਪ ਦੇ ਭਿਆਨਕ ਜਿਹੇ ਜੰਗਲ ਵਿਚੋਂ ਮਸਾਂ ਹੀ ਨਿੱਕਲ ਰੌਣਕਾਂ ਵਾਲੇ ਮੁਹੱਲੇ ਆਣ ਵੜਿਆ ਹੋਵਾਂ..ਓਹੀ ਰੌਣਕਾਂ ਵਾਲਾ ਮੁਹੱਲਾ ਜਿਸਦੀ ਆਦਤ ਮੈਨੂੰ ਸ਼ੁਰੂ ਤੋਂ ਹੀ ਪਈ ਹੋਈ ਸੀ..!
ਫੇਰ ਇਸੇ ਰੌਲੇ ਰੱਪੇ ਵਿਚ ਲਈ ਗਈ ਦੋ ਘੰਟੇ ਦੀ ਗੂੜੀ ਨੀਂਦਰ..ਫੇਰ ਇਸੇ ਨੀਂਦ ਵਿਚ ਹੀ ਆਇਆ ਇੱਕ ਅਜੀਬ ਜਿਹਾ ਸੁਫਨਾ..ਸਿੰਗਾਪੁਰ ਦੀ ਸਫਾਈ ਗੁਰਦਾਸਪੁਰ ਦੇ ਖਿਲਾਰੇ ਤੋਂ ਬੁਰੀ ਤਰਾਂ ਹਾਰ ਗਈ ਸੀ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)