ਇੱਕ ਚੋਰ ਨੂੰ ਕਈ ਦਿਨਾਂ ਤੋਂ ਚੋਰੀ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ। ਉੱਪਰੋਂ ਭੁੱਖ ਨਾਲ ਵੀ ਹਾਲ ਬੇਹਾਲ ਹੋਇਆ ਪਿਆ ਸੀ। ਮਰਦਾ ਕੀ ਨਾ ਕਰਦਾ। ਅੱਧੀ ਰਾਤ ਨੂੰ ਚੋਰੀ ਦੀ ਨੀਅਤ ਨਾਲ ਪਿੰਡ ਦੇ ਬਾਹਰ ਬਣੀ ਸਾਧੂ ਦੀ ਕੁਟੀਆ ਵਿੱਚ ਚਲਾ ਗਿਆ।
ਉਹ ਜਾਣਦਾ ਸੀ ਕਿ ਸਾਧੂ ਬੜੇ ਤਿਆਗੀ ਹਨ। ਉਹ ਆਪਣੇ ਲਈ ਕੁਝ ਜੋੜਦੇ ਤਾਂ ਨਹੀਂ ਪਰ ਫਿਰ ਵੀ ਖਾਣ ਦੇ ਲਈ ਕੁੱਝ ਨਾ ਕੁੱਝ ਤਾਂ ਮਿਲ ਹੀ ਜਾਵੇਗਾ।
ਚੋਰ ਕੁਟੀਆ ਵਿੱਚ ਦਾਖਿਲ ਹੋਇਆ ਹੀ ਸੀ ਕਿ ਸੰਯੋਗਵਸ ਸਾਧੂ ਕੁਟੀਆ ਦੇ ਬਾਹਰ ਹੀ ਟਹਿਲ ਰਹੇ ਹੁੰਦੇ ਹਨ। ਸਾਧੂ ਨੇ ਪੁੱਛਿਆ ਕਿ ਪੁੱਤਰ ਇੰਨੀ ਰਾਤ ਇੱਥੇ ਕੀ ਕਰਨ ਆਏ ਹੋ? ਕੀ ਕੋਈ ਜਰੂਰੀ ਕੰਮ ਹੈ?
ਚੋਰ ਬੋਲਿਆ ਮਹਾਰਾਜ ਮੈਂ ਪੂਰੇ ਦਿਨ ਦਾ ਭੁੱਖਾ ਹਾਂ। ਸਾਧੂ ਨੇ ਕਿਹਾ ਕਿ ਠੀਕ ਹੈ ਆਓ ਬੈਠੋ। ਮੈਂ ਧੂਣੀ ਵਿੱਚ ਭੁੰਨਣ ਲਈ ਕੁਝ ਸ਼ਕਰਕੰਦ ਰੱਖੇ ਹੋਏ ਹਨ। ਹੁਣ ਤੱਕ ਉਹ ਭੁੰਨ ਚੁੱਕੇ ਹੋਣਗੇ, ਉਹ ਕੱਢ ਦਿੰਦਾ ਹਾਂ। ਖਾਣ ਨਾਲ ਤੁਹਾਡੀ ਭੁੱਖ ਮਿਟ ਜਾਏਗੀ। ਜੇ ਸ਼ਾਮ ਦੇ ਸਮੇਂ ਆਏ ਹੁੰਦੇ ਤਾਂ ਜੋ ਵੀ ਕੋਲ ਸੀ ਉਹ ਦੋਵੇਂ ਮਿਲ ਕੇ ਖਾ ਲੈਂਦੇ।
ਸਾਧੂ ਨੇ ਕਿਹਾ ਕਿ ਪੁੱਤਰ ਪੇਟ ਦਾ ਕੀ ਹੈ! ਅਗਰ ਮਨ ਸੰਤੁਸ਼ਟ ਹੈ ਤਾਂ ਜੋ ਮਿਲੇ ਉਸਦੇ ਨਾਲ ਹੀ ਮਨੁੱਖ ਖੁਸ਼ ਹੋ ਜਾਦਾ ਹੈ।
ਸਾਧੂ ਨੇ ਦੀਵਾ ਜਗਾਇਆ, ਚੋਰ ਦੇ ਬੈਠਣ ਲਈ ਆਸਣ ਲਗਾਇਆ, ਪਾਣੀ ਤੇ ਕੁਝ ਸ਼ਕਰਕੰਦ ਪੱਤੇ ਉੱਤੇ ਰੱਖ ਦਿੱਤੇ।
ਸਾਧੂ ਨੇ ਬੜੇ ਪਿਆਰ ਨਾਲ ਖਾਣਾ ਖਿਲਾਇਆ ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਖਿਵਾਉਂਦੀ ਹੈ। ਸਾਧੂ ਦੀ ਇਸ ਆਓ ਭਗਤ ਨਾਲ ਚੋਰ ਨਿਹਾਲ ਹੋ ਗਿਆ।
ਚੋਰ ਸੋਚਣ ਲੱਗਾ, ਇੱਕ ਮੈਂ ਹਾਂ ਤੇ ਇੱਕ ਇਹ ਸਾਧੂ। ਮੈਂ ਇੱਥੇ ਚੋਰੀ ਕਰਨ ਆਇਆ ਸੀ ਪਰ ਇਹ ਬੜੇ ਪਿਆਰ ਨਾਲ ਮੈਨੂੰ ਖਾਣਾ ਖਵਾ ਰਹੇ ਹਨ। ਮੈਂ ਵੀ ਮਨੁੱਖ ਹਾਂ ਤੇ ਇਹ ਵੀ ਮਨੁੱਖ ਹਨ। ਕਿਸੇ ਨੇ ਸੱਚ ਹੀ ਕਿਹਾ ਹੈ- “ਆਦਮੀ ਆਦਮੀ ਵਿੱਚ ਅੰਤਰ, ਕੋਈ ਹੀਰਾ ਕੋਈ ਕੰਕਰ”। ਪਰ ਮੈਂ ਇਹਨਾਂ ਦੇ ਸਾਹਮਣੇ ਇੱਕ ਕੰਕਰ ਤੋਂ ਵੀ ਬਦਤਰ ਹਾਂ।
ਬੁਰੇ ਹੋਣ ਦੇ ਨਾਲ ਨਾਲ ਮਨੁੱਖ ਵਿੱਚ ਚੰਗੀਆਂ ਪ੍ਰਵਿਰਤੀਆਂ ਵੀ ਹੁੰਦੀਆਂ ਹਨ ਜੋ ਸਮਾਂ ਪਾ ਕੇ ਜਾਗ ਜਾਦੀਆਂ ਹਨ। ਜਿਵੇਂ ਸਹੀ ਖਾਦ ਅਤੇ ਪਾਣੀ ਪਾ ਕੇ ਬੀਜ ਉੱਗਦਾ ਹੈ। ਇਸੇ ਤਰ੍ਹਾਂ ਸੰਤ ਦੀ ਸੰਗਤ ਪ੍ਰਾਪਤ ਕਰਨ ਨਾਲ ਮਨੁੱਖ ਦੀਆਂ ਚੰਗੀਆਂ ਆਦਤਾਂ ਵੱਧਦੀਆਂ ਹਨ। ਚੋਰ ਦੇ ਮਨ ਦੀਆਂ ਸਾਰੀਆਂ ਬੁਰਾਈਆਂ ਉੱਡ ਗਈਆਂ।
ਉਸ ਨੇ ਸਾਧੂ ਦੇ ਦਰਸ਼ਨ, ਨੇੜਤਾ ਅਤੇ ਅਮ੍ਰਿਤ ਦੀ ਵਰਖਾ ਦਾ ਲਾਭ ਪ੍ਰਾਪਤ ਕੀਤਾ। ਤੁਲਸੀ ਦਾਸ ਜੀ ਨੇ ਕਿਹਾ ਹੈ-
ਏਕ ਘੜੀ ਆਧੀ ਘੜੀ, ਆਧੀ ਮੇ ਪੁੰਨ ਆਧ।
ਤੁਲਸੀ ਸਾਧ ਸੰਗਤ ਕੀ, ਹਰਿ ਕੋਟਿ...
ਅਪਰਾਧ।
ਸਾਧੂ ਦੀ ਸੰਗਤ ਪ੍ਰਾਪਤ ਕਰਕੇ ਅੱਧੇ ਘੰਟੇ ਦੇ ਸਤਿਸੰਗ ਨੇ ਚੋਰ ਦੇ ਬਹੁਤ ਸਾਰੇ ਬੁਰੇ ਸੰਸਕਾਰ ਨਸ਼ਟ ਕਰ ਦਿੱਤੇ !
ਫਿਰ ਉਸ ਨੂੰ ਲੱਗਾ ਕਿ ਜੇ ‘ਸਾਧੂ ਬਾਬਾ ਨੂੰ ਪਤਾ ਲੱਗ ਗਿਆ ਕਿ ਮੈਂ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ, ਫਿਰ ਉਨ੍ਹਾਂ ਦੀਆਂ ਨਜ਼ਰਾਂ ਵਿਚ ਮੇਰੀ ਕੀ ਇੱਜ਼ਤ ਰਹਿ ਜਾਵੇਗੀ?ਉਹ ਕੀ ਸੋਚਣਗੇ ਕਿ ਇਹ ਕਿਸ ਤਰ੍ਹਾਂ ਦਾ ਅਪਵਿੱਤਰ ਪ੍ਰਾਣੀ ਹੈ, ਜੋ ਮੇਰੇ ਹੀ ਡੇਰੇ ਅੰਦਰ ਚੋਰੀ ਕਰਨ ਆਇਆ ਸੀ।
ਅਖੀਰ ਚੋਰ ਨੇ ਸਾਧੂ ਦੇ ਕੋਲੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਣ ਦਾ ਫੈਸਲਾ ਕਰ ਲਿਆ।
ਭੋਜਨ ਖਤਮ ਕਰਨ ਤੋਂ ਬਾਅਦ ਸਾਧੂ ਨੇ ਕਿਹਾ- “ਬੇਟਾ, ਹੁਣ ਤੁਸੀਂ ਇੰਨੀ ਰਾਤ ਕਿੱਥੇ ਜਾਓਗੇ। ਮੇਰੇ ਕੋਲ ਇੱਕ ਚਟਾਈ ਹੈ,ਅੱਜ ਦੀ ਰਾਤ ਇੱਥੇ ਆਰਾਮ ਨਾਲ ਸੌਂ ਜਾਓ। ਸਵੇਰੇ ਚਲੇ ਜਾਇਓ।
ਸਾਧੂ ਦੀ ਨਿਮਰਤਾ ਦੇਖ ਕੇ ਉਹ ਸਾਧੂ ਦੇ ਚਰਨੀਂ ਡਿੱਗ ਪਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ। ਸਾਧੂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ ਹੈ, ਸਾਧੂ ਨੇ ਬੜੇ ਪਿਆਰ ਨਾਲ ਉਠਾਇਆ। ਉਸਦੇ ਸਿਰ ‘ਤੇ ਹੱਥ ਫੇਰਦਿਆਂ ਪੁੱਛਿਆ – “ਬੇਟਾ! ਕੀ ਹੋਇਆ?”
ਰੋਂਦੇ ਹੋਏ ਉਸਨੇ ਬੜੀ ਮੁਸ਼ਕਲ ਨਾਲ ਕਿਹਾ – ਮਹਾਰਾਜ! ਮੈਂ ਇੱਕ ਵੱਡਾ ਅਪਰਾਧੀ ਹਾਂ!
ਸਾਧੂ ਨੇ ਕਿਹਾ – “ਪਰਮਾਤਮਾ ਸਾਰਿਆਂ ਦੇ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਹੈ! ਉਸ ਦੀ ਸ਼ਰਨ ਵਿਚ ਆਉਣ ਵਾਲਿਆਂ ਦੇ ਵੱਡੇ ਤੋਂ ਵੱਡੇ ਅਪਰਾਧ ਨੂੰ ਵੀ ਉਹ ਮਾਫ਼ ਕਰ ਦਿੰਦਾ ਹੈ, ਉਸ ਦੀ ਸ਼ਰਨ ਵਿਚ ਜਾਓ ਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ”
ਚੋਰ ਨੇ ਕਿਹਾ – “ਮੈਂ ਬਹੁਤ ਸਾਰੀਆਂ ਚੋਰੀਆਂ ਕੀਤੀਆਂ ਹਨ, ਅੱਜ ਵੀ ਮੈਂ ਤੁਹਾਡੇ ਕੋਲ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ, ਪਰ ਤੁਹਾਡੇ ਦਿੱਤੇ ਪਿਆਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਅੱਜ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਫਿਰ ਕਦੇ ਚੋਰੀ ਨਹੀਂ ਕਰਾਂਗਾ। ਮੈਨੂੰ ਆਪਣਾ ਚੇਲਾ ਬਣਾ ਲਵੋ।”!
ਸਾਧੂ ਦੇ ਪਿਆਰ ਦੇ ਜਾਦੂ ਨੇ ਚੋਰ ਨੂੰ ਸੰਨਿਆਸੀ ਬਣਾ ਦਿੱਤਾ। ਉਸ ਨੇ ਸਾਧੂ ਦੇ ਚਰਨਾਂ ਵਿਚ ਆਪਣਾ ਸਾਰਾ ਜੀਵਨ ਸਮਰਪਿਤ ਕਰ ਕੇ, ਪਰਮਾਤਮਾ ਦੀ ਪ੍ਰਾਪਤੀ ਦੇ ਮਾਰਗ ਵਿਚ ਆਪਣਾ ਜੀਵਨ ਲਗਾ ਦਿੱਤਾ।
ਮਹਾਪੁਰਖਾਂ ਦਾ ਸਬਕ ਹੈ, ਸਭ ਨਾਲ ਨਿਰਸਵਾਰਥ ਵਿਵਹਾਰ ਕਰੋ ਕਿਉਂਕਿ ਨਿਰਸਵਾਰਥ ਪਿਆਰ ਹੀ ਖੁਸ਼ਹਾਲ ਜੀਵਨ ਦੀ ਅਸਲ ਖੁਰਾਕ ਹੈ। ਦੁਨੀਆਂ ਪਿਆਰ ਦੀ ਭੁੱਖੀ ਹੈ, ਆਪਣੇ ਹਿਰਦੇ ਵਿਚਲੇ ਆਤਮਿਕ ਪਿਆਰ ਨੂੰ ਆਪਣੇ ਹਿਰਦੇ ਵਿੱਚ ਨਾ ਛੁਪਾਓ।
ਪਿਆਰ ਨਾਲ ਦੁਨੀਆ ਦੇ ਬਹੁਤ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਰਸਤੇ ਤੋਂ ਭਟਕੇ ਹੋਏ ਵਿਅਕਤੀ ਨੂੰ ਆਪਣਾ ਸਾਥ ਦੇ ਕੇ ਹੀ ਸਹੀ ਰਸਤੇ ‘ਤੇ ਲਿਆਂਦਾ ਜਾ ਸਕਦਾ ਹੈ ਨਾ ਕਿ ਦੂਰ ਕਰਨ ਨਾਲ।
ਡਾ਼ ਸੁਮਿਤ