ਪਿਤਾ ਜੀ ਕਈ ਐਸੀਆਂ ਗੱਲਾਂ ਦੱਸ ਗਏ ਜਿਹੜੀਆਂ ਅੱਜ ਦੇ ਸੰਧਰਬ ਤੇ ਖਰੀਆਂ ਉੱਤਰਦੀਆਂ ਨੇ..!
ਜੂਨ ਚੁਰਾਸੀ ਮਗਰੋਂ ਬਾਰੇ ਇਕ ਕਹਾਣੀ ਅਕਸਰ ਦੱਸਿਆ ਕਰਦੇ..ਮਾਝੇ ਦੇ ਉਸ ਵੇਲੇ ਦੇ ਦੋ ਉਘੇ ਲੀਡਰ..ਸੰਤੋਖ ਸਿੰਘ ਰੰਧਾਵਾ (ਮੌਜੂਦਾ ਡਿਪਟੀ ਮੁਖ-ਮੰਤਰੀ ਦਾ ਪਿਤਾ ਜੀ) ਅਤੇ ਜਨਰਲ ਰਾਜਿੰਦਰ ਸਿੰਘ ਸਪੈਰੋ ਇੰਦਰਾ ਨੂੰ ਵਧਾਈ ਦੇਣ ਉਚੇਚਾ ਦਿੱਲੀ ਅੱਪੜ ਗਏ..!
ਓਥੇ ਜਾਂਦਿਆਂ ਹੀ ਚਾਪਲੂਸੀ ਦੇ ਡੈਮ ਉਸਾਰ ਦਿਤੇ ਤੇ ਆਖਣ ਲੱਗੇ ਮੈਡਮ ਆਪਨੇ ਬਹੁਤ ਚੰਗਾ ਕੀਤਾ ਅਟੈਕ ਕਰਕੇ..ਦੇਸ਼ ਵਿਰੋਧੀ ਤਾਕਤਾਂ ਕਾ ਸਫਾਇਆ ਕਰਕੇ ਰੱਖ ਦੀਆ!
ਅੱਗਿਓਂ ਡਰੀ ਹੋਈ ਗੱਲ ਪੈ ਗਈ..ਅਖ਼ੇ ਅੱਗੇ ਹੀ ਤੁਹਾਡੇ ਵਰਗੇ ਝੋਲੀ ਚੁੱਕਾਂ ਮਗਰ ਲੱਗ ਕੇ ਪੰਗਾ ਲੈ ਬੈਠੀ ਹਾਂ..ਜਾਓ ਚਲੇ ਜਾਓ..ਨਜਰਾਂ ਤੋਂ ਦੂਰ ਹੋ ਜਾਉ!
ਉਸ ਦਿਨ ਪਤਾ ਲੱਗਾ ਕੇ ਤਕੜੇ ਤੋਂ ਤਕੜਾ ਹਾਕਮ ਵੀ ਜਦੋਂ ਕੋਈ ਬੱਜਰ ਗਲਤੀ ਕਰ ਬੈਠੇ ਤਾਂ ਉਸਨੂੰ ਹਰ ਚੀਜ ਵਿਚੋਂ ਆਪਣਾ ਅੰਤ ਹੀ ਦਿਸਦਾ ਏ!
ਅਕਸਰ ਦੱਸਦੇ ਹੁੰਦੇ ਕੇ ਦਿੱਲੀ ਦੀ ਆਦਤ ਰਹੀ ਏ ਇਹ ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੀ ਏ..ਬਦਨਾਮ ਕਰਦੀ ਏ..ਇਹ ਵਰਤਾਰਾ ਸਦੀਆਂ ਤੋਂ ਹੀ ਇੰਝ ਹੀ ਚੱਲਦਾ ਆਇਆ ਏ..ਜਸਵੰਤ ਸਿੰਘ ਕੰਵਲ ਬਾਰੇ ਜਿੰਨਾ ਓਹਨਾ ਨੇ ਪੜਿਆ..ਮੈਂ ਸ਼ਾਇਦ ਹੀ ਕਦੀ ਪੜ ਸਕਾਂ..!
ਕੰਵਲ ਜੀ ਨਾਲ ਸਬੰਧਿਤ ਇਸ ਚੱਲਦੇ ਸੰਧਰਬ ਤੋਂ ਬਾਹਰ ਦੀ ਇੱਕ ਘਟਨਾ ਯਾਦ ਆ ਗਈ..!
ਨੱਬੇ-ਕਾਨਵੇਂ ਵੇਲੇ ਮਾਝੇ ਤੋਂ ਇੱਕ ਪੰਥ ਦਰਦੀ ਨੇ ਖਤ ਲਿਖਿਆ..ਅਖ਼ੇ ਕੰਵਲ ਜੀ ਤੁਸੀਂ ਢੁਡੀਕੇ ਬੈਠੇ ਹੀ ਸਭ ਕੁਝ ਲਿਖੀ ਜਾਂਦੇ ਓ ਕਦੀ ਗਹਿਗੱਚ ਦੇ ਗੜ ਆਖੇ ਜਾਂਦੇ ਬਟਾਲੇ ਗੁਰਦਾਸਪੁਰ ਵਾਲੇ ਇਲਾਕੇ ਵੱਲ ਵੀ ਫੇਰ ਮਾਰੋ..ਤੁਹਾਨੂੰ ਅਸਲ ਹਾਲਾਤ ਵਿਖਾਈਏ..!
ਅੱਗੋਂ ਆਖਣ ਲੱਗੇ ਯਾਰ...
ਮੈਨੂੰ ਤੇ ਓਥੇ ਕੋਈ ਜਾਣਦਾ ਹੀ ਨਹੀਂ..ਫੇਰ ਇੱਕ ਦਿਨ ਮਾਈ ਸੇਵਾ ਬਜਾਰ ਅਮ੍ਰਿਤਸਰ ਆਇਆਂ ਨੂੰ ਖੁਦ ਜਾ ਕੇ ਬਟਾਲੇ ਲੈ ਆਏ..ਦਿਆਲਗੜ ਲਾਗੇ ਜਿਸ ਟਿਊਬਵੈੱਲ ਤੇ ਸਿੰਘਾਂ ਨੂੰ ਮਿਲਣਾ ਸੀ..ਓਥੇ ਲਾਗੇ ਅੰਨਵਾਹ ਫਾਇਰਿੰਗ ਹੋ ਗਈ..!
ਕੰਵਲ ਆਖਣ ਲੱਗੇ ਯਾਰ ਉਹ ਭਾਵੇਂ ਸੋਚਦੇ ਹੋਣ ਕੇ ਕੰਵਲ ਆਪਣੇ ਨਾਲ ਫੋਰਸ ਵੀ ਲੈ ਕੇ ਆਇਆ ਸੀ..ਏਨੇ ਨੂੰ ਸਰਬਜੀਤ ਸਿੰਘ ਉੱਪਲ ਨਾਮ ਦਾ ਸਿੰਘ ਖੁਦ ਜਥੇ ਸਮੇਤ ਓਥੇ ਆ ਗਿਆ ਤੇ ਆਖਣ ਲੱਗਾ ਕੰਵਲ ਜੀ ਸ਼ਹਾਦਤ ਨਾਲ ਇੰਝ ਦੀ ਲੁਕਣਮੀਚੀ ਤੇ ਅਕਸਰ ਹੀ ਚੱਲਦੀ ਹੀ ਰਹਿੰਦੀ ਏ..ਤੁਸੀਂ ਫਿਕਰ ਨਾ ਕਰੋ ਤੇ ਬੱਸ ਸੱਚ ਲਿਖੀ ਜਾਵੋ!
ਸੱਚ ਤੋਂ ਯਾਦ ਆਇਆ ਕੇ ਬਕੌਲ ਸਹੋਤਾ ਭਾਜੀ ਕਬਰਿਸਤਾਨ ਵਿਚ ਕੁਝ ਕਬਰਾਂ ਓਹਨਾ ਲੋਕਾਂ ਦੀਆਂ ਵੀ ਸਨ ਜੋ ਸਾਰੀ ਉਮਰ ਇਹ ਸੋਚ ਚੁੱਪ ਰਹੇ ਕੇ ਜੇ ਸੱਚ ਬੋਲਿਆ ਤਾਂ ਕਿਧਰੇ ਮਾਰੇ ਹੀ ਨਾ ਜਾਈਏ..!
ਸੋ ਦੋਸਤੋ ਗੁਰੂ ਗ੍ਰੰਥ ਸਾਬ ਦੇ ਆਸੇ ਮੁਤਾਬਿਕ ਮੌਜੂਦਾ ਹਾਲਾਤਾਂ ਦਾ ਸਮਤੋਲਕ ਜਿਹਾ ਅਧਿਐਨ ਕਰਕੇ ਸੈੱਲ ਫੋਨਾਂ ਨਾਲ ਰੁੱਝੇ ਹੋਏ ਆਪਨੇ ਨਿਆਣਿਆਂ ਨੂੰ ਆਪਣੇ ਕੋਲ ਬਿਠਾ ਕੇ ਇੱਕ ਇੱਕ ਗੱਲ ਚੰਗੀ ਤਰਾਂ ਸਮਝਾਉਣਾ ਸਾਡਾ ਨੈਤਿਕ ਫਰਜ ਹੈ..!
ਇਤਿਹਾਸ ਦੇ ਸੁਨਹਿਰੀ ਪੱਖ ਅੱਗੇ ਤੋਰਦੇ ਹੋਏ ਅਸਾਂ ਉੜਾ ਵੀ ਬਚਾਉਣਾ ਤੇ ਜੂੜਾ ਵੀ..ਓਹੀ ਊੜਾ ਤੇ ਜੂੜਾ ਜਿਹੜਾ ਦਿੱਲੀ ਦੀ ਵੱਖੀ ਵਿੱਚ ਤਿੱਖੀ ਸੂਲ ਵਾਂਙ ਚੁੱਬਦਾ ਆਇਆ ਏ!
ਹਰਪ੍ਰੀਤ ਸਿੰਘ ਜਵੰਦਾ