ਬੇਬੇ ਅੱਸੀਆਂ ਨੂੰ ਟੱਪ ਗਈ ਸੀ, ਹੱਥ-ਪੈਰ ਕੰਬਣ ਲੱਗ ਪਏ, ਨਿਗ੍ਹਾ ਵੀ ਬਹੁਤ ਘਟ ਗਈ ਸੀ। ਮੈਂ ਕਾਨੂੰਨ ਦੀ ਪੜ੍ਹਾਈ ਕਰਨ ਇੰਗਲੈਂਡ ਜਾਣਾ ਸੀ। ਲੱਗਦਾ ਨਹੀਂ ਸੀ ਬੇਬੇ ਨੂੰ ਦੁਬਾਰਾ ਜਿਉਂਦੀ ਨੂੰ ਮਿਲਣ ਦਾ ਮੌਕਾ ਮਿਲੂਗਾ। ਤੁਰਨ ਲੱਗੇ ਨੂੰ ਬੇਬੇ ਨੇ ਘੁੱਟ ਕੇ ਜੱਫੀ ‘ਚ ਲੈ ਲਿਆ, ਮੱਥਾ ਚੁੰਮਿਆ ਤੇ ਅਸੀਸਾਂ ਦੀ ਝੜੀ ਲਾ ਦਿੱਤੀ,”ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇਂ, ਰੱਖ-ਰੱਖ ਭੁੱਲੇਂ, ਜੱਗ ਤੇਰੇ ਨਾਂ ਦੀ ਸੋਭਾ ਗਾਵੇ, ਕਿਸੇ ਮੂਹਰੇ ਹੱਥ ਨਾ ਅੱਡਣੇ ਪੈਣ, ਗੁਰੂ-ਮਾਰਾਜ ਅੰਗ-ਸੰਗ ਸਹਾਈ ਹੋਏ, ਮਿਹਰ-ਭਰਿਆ ਹੱਥ ਬਣਾਈ ਰੱਖੇ ਮੇਰੇ ਲਾਲ਼ ‘ਤੇ!”
ਵਕੀਲ ਬਣਕੇ ਪੰਜਾਂ ਸਾਲਾਂ ਬਾਅਦ ਜਦੋਂ ਮੁੜਿਆ ਤਾਂ ਬੇਬੇ ਨੌਂ-ਬਰਨੌਂ ਸੀ। ਸੁਬ੍ਹਾ ਸਾਜਰੇ ਉੱਠਦੀ ਤੇ ਨਿੱਤਨੇਮ ਕਰਦੀ, ਵਿਹੜੇ ‘ਚ ਚਿੜੀਆਂ ਨੂੰ ਦਾਣਾ ਪਾਉਣਾ ਅਤੇ ਦੌਰੇ ‘ਚ ਪਾਣੀ ਰੱਖਣਾ ਨਾ ਭੁੱਲਦੀ। ਚਿੜੀਆਂ ਆ ਕੇ ਉਹਦੇ ਸਿਰ, ਮੋਢਿਆਂ, ਹੱਥਾਂ-ਬਾਹਾਂ ‘ਤੇ ਬਹਿ ਜਾਂਦੀਆਂ ਜਿਵੇਂ ਬਚਪਨ ਦੀਆਂ ਸਹੇਲੀਆਂ ਹੋਣ।
ਬੇਬੇ ਜਿਸ ਦਿਨ ਪੂਰੀ ਹੋਈ ਬਿਲਕੁਲ ਦਰੁਸਤ ਸੀ, ਭੌਰ ਔਹ ਗਿਆ, ਔਹ ਗਿਆ ਵਾਲ਼ੀ ਗੱਲ ਈ ਹੋ ਗਈ। ਬਾਪੂ ਹੁਰਾਂ ਨੇ ਅੰਤਿਮ ਦਰਸ਼ਨਾਂ ਲਈ ਬੇਬੇ ਦੀ ਦੇਹ ਵਾਲ਼ਾ ਮੰਜਾ ਬਰਾਂਡੇ ‘ਚ ਡਾਹ ਦਿੱਤਾ।
ਰੋਜ਼ ਵਾਂਗ ਸੈਂਕੜੇ ਚਿੜੀਆਂ ਆਈਆਂ, ਆਮ ਨਾਲ਼ੋਂ ਕਾਫ਼ੀ ਵੱਧ ਤੇ ਵਿਹੜੇ ‘ਚ ਇੱਕ ਪਾਸੇ ਚੁੱਪ-ਚਾਪ ਬੈਠੀਆਂ ਰਹੀਆਂ, ਨਾ ਕੋਈ ਉੱਛਲ-ਕੂਦ, ਨਾ ਕੋਈ ਖੜਮਸਤੀ ਕੀਤੀ। ਮਾਂ ਕਹਿੰਦੀ,”ਜਾਹ, ਚਿੜੀਆਂ ਨੂੰ ਦਾਣਾ ਪਾ ਦੇ, ਭੁੱਖੀਆਂ ਹੋਣਗੀਆਂ।”
ਮੈਂ ਬੁੱਕ ਭਰ-ਭਰ ਕੇ ਚੋਗਾ ਖਿਲਾਰਿਆ ਪਰ ਮਜ਼ਾਲ ਕੀ ਇੱਕ ਵੀ ਚਿੜੀ ਨੇ ਦਾਣੇ ਨੂੰ ਚੁੰਝ...
ਲਾਈ ਹੋਵੇ!
ਬੇਬੇ ਦੀ ਅਰਥੀ ਨੂੰ ਜਦੋਂ ਸਸਕਾਰ ਲਈ ਚੁੱਕਕੇ ਤੁਰੇ, ਚਿੜੀਆਂ ਵੀ ਉੱਡ ਗਈਆਂ, ਚੋਗਾ ਭੁੰਜੇ ਖਿਲਾਰਿਆ ਰਹਿ ਗਿਆ।
ਇਨਸਾਨੀ ਲੋਥਾਂ ਨੂੰ ਤਾਂ ਦੁਸ਼ਮਨ ਵੀ ਤਨ-ਪੱਤਣ ਲਾ ਦਿੰਦੇ ਨੇ, ਜੇਕਰ ਕਿਸੇ ਬੰਦੇ ਦੀ ਮਈਅਤ ‘ਤੇ ਬੇਜ਼ੁਬਾਨ ਜਾਨਵਰ ਤੇ ਪੰਛੀ ਵੀ ਮਾਤਮ ਕਰਨ ਤਾਂ ਜ਼ਰੂਰ ਉਹਦਾ ਜਿਉਣਾ-ਮਰਨਾ ਸਫ਼ਲ ਹੋ ਗਿਆ ਏ।
ਡੈਡੀ ਹੁਰੀਂ ਜਦੋਂ ਆਪਣੇ ਮੁਰਸ਼ਦ ਦੀ ਸੰਗਤ ਕਰਨ ਪਿਰਾਨ ਕਲੀਅਰ ਦੋ-ਤਿੰਨ ਦਿਨ ਲਈ ਚਲੇ ਜਾਂਦੇ ਸਨ ਤਾਂ ਮਗਰ ਪਸੂ ਓਦਰ ਜਾਂਦੇ ਸਨ। ਮੱਝਾਂ ਨੇ ‘ੜਿੰਗਣਾ, ਧਾਰਾਂ ਮਸਾਂ ਚੋਣੀਆਂ! ਬੀਬੀ ਨੇ ਅੱਕੀ ਹੋਈ ਨੇ ਕਹਿਣਾ,”ਆਵਦੇ ਪਿਉ ਨੂੰ ਆਖਿਓ ਇਹਨਾਂ ਕਜਾਤਾਂ ਨੂੰ ਵੀ ਨਾਲ਼ ਲੈ ਜਿਆ ਕਰੇ!” ਡੈਡੀ ਦੇ ਮੁੜਣ ‘ਤੇ ਡੰਗਰਾਂ ਤੋਂ ਖ਼ੁਸ਼ੀ ਸਾਂਭੀ ਨਾ ਜਾਣੀ, ਸੰਗਲ ਤੁੜਾਉਣ ਤਾਈਂ ਜਾਣਾ, ਬੂਥੀਆਂ ਡੈਡੀ ਦੇ ਮੋਢੇ ‘ਤੇ ਰੱਖਕੇ ਹੰਝੂ ਕੇਰਨੇ। ਸਮਝਿਆ ਜਾ ਸਕਦਾ ਏ ਡੈਡੀ ਹੁਰਾਂ ਦੇ ਸਦਾ ਲਈ ਤੁਰ ਜਾਣ ‘ਤੇ ਸਾਡਾ ਵੈਰਾਗ ‘ਚ ਵਹਿ ਜਾਣਾ ਸੁਭਾਵਿਕ ਸੀ।
ਬਹੁਤ ਸੋਹਣਾ ਗੀਤ ਏ,
“ਬਾਪੂ ਤੇਰੇ ਕਰਕੇ ਮੈਂ ਪੈਰਾਂ ‘ਤੇ ਖਲੋ ਗਿਆ,
ਤੂੰ ਸੈਕਲਾਂ ‘ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ!”
ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ। ਚੌਦਾਂ ਅਪ੍ਰੈਲ, ਵੀਹ ਸੌ ਇੱਕੀ। (ਖੁਸ਼ਵੰਤ ਸਿੰਘ ਦੀ ਇੱਕ ਕਹਾਣੀ ‘ਤੇ ਅਧਾਰਿਤ)