ਸਕੂਲੋਂ ਆਉਂਦੇ ਨੂੰ ਪੰਡ ਪੱਠਿਆਂ ਦੀ ਚੁੱਕ ਕੇ ਲਿਆਉਣੀ ਪੈਂਦੀ ਸੀ..!
ਇੱਕ ਵਾਰ ਨੌਬਤ ਇਥੋਂ ਤੱਕ ਆਣ ਪਹੁੰਚੀ ਕੇ ਪੱਠੇ ਵੀ ਮੁੱਲ ਨਾ ਲਏ ਗਏ ਤੇ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਹੀ ਵੱਢ ਕੇ ਲਿਆਉਣਾ ਪੈਂਦਾ..ਜਦੋਂ ਡੰਗਰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਪਿੱਛੇ ਸੁੱਟੀ ਤੇ ਮਾਂ ਕੋਲੋਂ ਰੋਟੀ ਮੰਗੀ..ਆਖਣ ਲੱਗੀ ਕਰਫਿਊ ਲੱਗ ਗਿਆ ਤੇ ਉੱਤੋਂ ਸੁਵੇਰ ਦਾ ਮੀਂਹ ਵੀ ਪਈ ਜਾਂਦਾ..ਉਸਦੀ ਦਿਹਾੜੀ ਵੀ ਨਹੀਂ ਲੱਗੀ..ਬਾਹਰ ਸਾਈਕਲ ਦੀ ਚੈਨ ਚੜਾਉਂਦੇ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..!
ਮੇਰੀ ਭੁੱਖ ਅਤੇ ਗੁੱਸਾ ਦੋਵੇਂ ਸਤਵੇਂ ਆਸਮਾਨ ਤੇ ਸਨ..ਸੋਚ ਰਿਹਾਂ ਸਾਂ ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਪਤਾ ਨੀ ਕਿਓਂ ਜੰਮ ਧਰੇ..!
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਘਰੋਂ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਤੇ ਕੋਈ ਮੈਨੂੰ ਦੇਖ ਸਕਦਾ ਤੇ ਨਾ ਹੀ ਮੈਂ ਕਿਸੇ ਨੂੰ..!
ਫਰਲਾਂਘ ਦੀ ਵਿੱਥ ਤੇ ਵੱਡੀ ਸਾਰੀ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..ਨਾਲਦੇ ਆਖਿਆ ਕਰਦੇ ਸਨ ਕੇ ਕੋਈ ਵੱਡਾ ਭੂਤ ਰਹਿੰਦਾ ਸੀ ਉਥੇ..!
ਪਰ ਉਸ ਦਿਨ ਮੈਨੂੰ ਕੋਈ ਡਰ ਭੈ ਨਹੀਂ ਸੀ ਲੱਗਾ..ਨਾ ਹੀ ਕੋਈ ਹੋਰ ਸੋਚ ਹੀ ਆਈ..ਮੈਨੂੰ ਪਤਾ ਸੀ ਕੇ ਨਹਿਰ ਦੇ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਕਿੰਨੇ ਸਾਰੇ ਨਾਰੀਅਲ ਦੇ...
ਖੋਪੇ ਆ ਕੇ ਫਸ ਜਾਇਆ ਕਰਦੇ..!
ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਕੋਲ ਹੀ ਰੰਗ ਵਾਲੇ ਮਿੱਠੇ ਚੌਲਾਂ ਦੀ ਵੱਡੀ ਸਾਰੀ ਪੋਟਲੀ ਅਤੇ ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਘੜੀ ਲਾਈ..ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਲਈਆਂ..!
ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਨਰਾਜ ਤਾਂ ਲੱਗੀ ਪਰ ਹੈ ਚੁੱਪ ਸੀ..ਪਲੇਠੀ ਦਾ ਪੁੱਤ..ਅੰਦਰੋਂ ਸਹਿਮੀਂ ਹੋਈ ਸੀ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਆਪਣੀ ਬੁੱਕਲ ਚ ਲੁਕੋ ਲਿਆ..!
ਘੜੀ ਕੂ ਮਗਰੋਂ ਉਸਦੇ ਹੌਕਿਆਂ ਦੀ ਵਾਜ ਸੁਣ ਮੇਰੀ ਜਾਗ ਖੁੱਲ ਗਈ..ਮੈਂ ਬੁੱਕਲ ਚੋਂ ਆਪਣਾ ਮੂੰਹ ਬਾਹਰ ਕੱਢਿਆ ਤੇ ਛੇਤੀ ਨਾਲ ਉਸਦੇ ਹੰਜੂ ਪੂੰਝ ਸੁੱਟੇ..ਫੇਰ ਹੌਲੀ ਜਿਹੀ ਆਖਿਆ ਤੂੰ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਵੀ ਭੂਤ ਜਾਂ ਟੂਣਾ ਪੇਟ ਦੀ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ
jeet koldher
ਦਿਵਾਲੀ ਕਹਾਣੀ