More Punjabi Kahaniya  Posts
ਫਰੇਬ ਕਿਸ਼ਤ – 8


ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 8
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਵਿੱਚ ਜੈਲਾ ਵਿਕਾਸ ਨਾਮ ਦੇ ਇਕ ਆਦਮੀ ਨੂੰ ਮਿਲਦਾ ਹੈ। ਵਿਕਾਸ ਵੀ ਸ਼ਿਵਾਨੀ ਦੇ ਜਾਲ ਵਿੱਚ ਫੱਸ ਚੁੱਕਿਆ ਸੀ। ਓਹ ਜੈਲੇ ਨੂੰ ਕਹਿੰਦਾ ਹੈ ਕਿ ਸ਼ਿਵਾਨੀ ਤੋਂ ਬਚ ਕੇ ਰਵੀਂ!! ਇਸੇ ਵਕਤ ਜੈਲੇ ਦੇ ਫੋਨ ਉਪਰ ਇਕ ਵੀਡੀਓ ਆਂਓਦੀ ਹੈ!!
ਸ਼ਿਵਾਨੀ ਬਾਰੇ ਕੱਲ ਅਸੀਂ ਇਹ ਵੀ ਜਾਣਿਆ ਕਿ ਓਹ ਅਤੇ ਅਮਰ ਵਿਆਹੇ ਹੋਏ ਹਨ। ਅਮਰ ਸ਼ਿਵਾਨੀ ਦਾ ਪਤੀ ਹੈ।
ਇੰਸਪੈਕਟਰ ਯੂਸੁਫ ਪਠਾਨ ਪਿਛਲੇ ਪੰਜ ਸਾਲਾਂ ਤੋਂ ਇਕ ਐਸੀ ਔਰਤ ਦੀ ਤਲਾਸ਼ ਕਰ ਰਿਹਾ ਸੀ ਜੋ ਮਰਦਾਂ ਨੂੰ ਧੋਖੇ ਨਾਲ ਆਪਣੇ ਹੁਸਨ ਤੇ ਪਿਆਰ ਦੇ ਜਾਲ ਵਿੱਚ ਫਸਾਂਓਦੀ ਹੈ ਅਤੇ ਫੇਰ ਓਨਾ ਨੂੰ ਲੁੱਟ ਕੇ ਪੂਰਾ ਨੰਗਾ ਕਰ ਦਿੰਦੀ ਹੈ।
ਇਹ ਔਰਤ ਪਹਿਲਾਂ ਮਰਦ ਨਾਲ ਪਿਆਰ ਪਾਂਓਦੀ ਹੈ, ਫੇਰ ਉਸਦੇ ਘਰ ਉਸਦੀ ਦੋਸਤ ਬਣਕੇ ਜਾਂਦੀ ਹੈ। ਬਹਾਨੇ ਨਾਲ ਉਸਦੇ ਘਰ ਵਾਲਿਆਂ ਨਾਲ ਫੋਟੋਆਂ ਖਿੱਚ ਲੈਂਦੀ ਹੈ। ਉਸ ਮਰਦ ਨੂੰ ਦਿਖਾਇਆ ਜਾਂਦਾ ਹੈ ਕਿ ਸ਼ਿਵਾਨੀ ਕਰੋੜਪਤੀ ਬਾਪ ਦੀ ਇਕਲੌਤੀ ਬੇਟੀ ਹੈ। ਅਤੇ ਵਿਆਹ ਤੋਂ ਬਾਅਦ ਸ਼ਿਵਾਨੀ ਦੀ ਸਾਰੀ ਦੌਲਤ ਉਸ ਮਰਦ ਦੀ ਹੋ ਜਾਏਗੀ। ਦੌਲਤ ਦੇ ਲਾਲਚ ਵਿੱਚ ਮਰਦ ਸ਼ਿਵਾਨੀ ਦੇ ਹੱਥਾਂ ਦੀ ਕਠਪੁਤਲੀ ਬਣ ਜਾਂਦੇ ਹਨ। ਸ਼ਿਵਾਨੀ ਦੇ ਬੁਲਾਓਣ ਤੇ ਓਹ ਆਂਓਦੇ ਅਤੇ ਫੇਰ ਓਨਾ ਦੀ ਵੀਡੀਓ ਬਣਦੀ।
ਵੀਡੀਓ ਬਣਾਓਣ ਤੋਂ ਬਾਅਦ ਸ਼ਿਵਾਨੀ ਓਨਾ ਨੂੰ ਬਲੈਕਮੇਲ ਕਰਦੀ ਸੀ। ਓਨਾ ਤੋਂ ਪੈਸਾ ਮੰਗਦੀ ਸੀ। ਜੇਕਰ ਓਹ ਮਨਾ ਕਰਦੇ ਤਾਂ ਸ਼ਿਵਾਨੀ ਕਹਿੰਦੀ ਸੀ ਕਿ ਓਨਾ ਉਪਰ ਬਲਾਤਕਾਰ ਦਾ ਇਲਜ਼ਾਮ ਲਗਾ ਦਵੇਗੀ। ਗਵਾਹ ਦੇ ਤੌਰ ਤੇ ਓਹ ਉਸ ਮਰਦ ਦੇ ਆਂਢ-ਗੁਆਂਢ ਨੂੰ ਰੱਖਦੀ ਸੀ। ਕਿਉਂਕਿ ਘਰ ਦੇਖਣ ਗਈ ਸ਼ਿਵਾਨੀ ਆਪਣੇ ਸ਼ਿਕਾਰ ਮਰਦ ਦੇ ਨਾਲ ਉਸਦੇ ਗੁਆਂਢ ਵਿੱਚ ਇਕ ਫੇਰਾ ਲਗਾ ਆਂਓਦੀ ਸੀ। ਓਹ ਘਰ ਆਪਣੇ ਸ਼ਿਕਾਰ ਦੇ ਮਾਂ-ਬਾਪ ਨੂੰ ਮਿਲਦੀ ਸੀ ਅਤੇ ਓਨਾ ਨਾਲ ਸਬੂਤ ਦੇ ਤੌਰ ਤੇ ਤਸਵੀਰ ਵੀ ਖਿੱਚਦੀ ਸੀ।
ਓਹ ਬਲੈਕਮੇਲ ਕਰਨ ਲੱਗੀ ਕਹਿੰਦੀ ਸੀ ਕਿ ਅਦਾਲਤ ਵਿੱਚ ਝੂਠ ਬੋਲੇਗੀ। ਕਹੇਗੀ ਕਿ ਫਲਾਣੇ ਮਰਦ ਨੇ ਉਸ ਨਾਲ ਛੇ ਮਹੀਨੇ ਤੱਕ ਰੇਪ ਕੀਤਾ। ਉਸਨੂੰ ਜਬਰਦਸਤੀ ਡਰਾ-ਧਮਕਾ ਕੇ ਉਸਦੇ ਸ਼ਰੀਰ ਨਾਲ ਖਿਲਵਾੜ ਕਰਿਆ। ਜਦਕਿ ਓਹ ਉਸ ਮਰਦ ਦੀ ਸਿਰਫ ਇਕ ਦੋਸਤ ਸੀ।
ਮਰਦ ਦੇ ਘਰ ਦਿਆਂ ਨੂੰ ਵੀ ਇਹੀ ਪਤਾ ਹੁੰਦਾ ਸੀ ਕਿ ਸ਼ਿਵਾਨੀ ਆਪਣੇ ਸ਼ਿਕਾਰ ਦੀ ਸਿਰਫ ਇਕ ਦੋਸਤ ਹੈ।
ਜੇਕਰ ਕੋਈ ਵਿਆਹਿਆ ਮਰਦ ਫੱਸ ਜਾਂਦਾ ਸੀ ਤਾਂ ਕੰਮ ਹੋਰ ਵੀ ਆਸਾਨ ਹੋ ਜਾਂਦਾ। ਫੇਰ ਸ਼ਿਵਾਨੀ ਮਰਦ ਦੀ ਪਤਨੀ ਨਾਲ ਵੀ ਦੋਸਤੀ ਬਣਾ ਲੈਂਦੀ ਸੀ।
ਇਹ ਵਿਕਾਸ ਨਾਮ ਦਾ ਜੋ ਮੁੰਡਾ ਸੀ, ਇਸਦੀ ਵੀ ਇਹੀ ਕਹਾਣੀ ਸੀ। ਓਹ ਵਿਆਹਿਆ ਹੋਇਆ ਸੀ। ਉਸ ਨਾਲ ਪਹਿਲਾਂ ਸ਼ਿਵਾਨੀ ਨੇ ਦੋਸਤੀ ਕਰੀ। ਇਹ ਦੋਸਤੀ ਦਿਨਾ ਵਿੱਚ ਹੀ ਪਿਆਰ ਵਿੱਚ ਬਦਲ ਗਈ ਅਤੇ ਸ਼ਿਵਾਨੀ ਨੇ ਉਸੇ ਰੇਲਵੇ ਫਲੈਟ ਵਿੱਚ ਵਿਕਾਸ ਨਾਲ ਬਿਸਤਰਾ ਵੰਡਿਆ। ਇਸਦੀ ਵੀਡਿਓ ਬਣਾ ਲਈ ਅਤੇ ਆਪਣੇ ਕੋਲ ਰੱਖ ਲਈ। ਫੇਰ ਉਸਨੇ ਵਿਕਾਸ ਦੀ ਪਤਨੀ ਆਂਚਲ ਨਾਲ ਦੋਸਤੀ ਕਰੀ ਅਤੇ ਉਸ ਨਾਲ ਘੁੰਮਦੇ ਹੋਏ ਫੋਟੋਆਂ ਖਿੱਚ ਲਈਆਂ।
ਵਿਕਾਸ ਨੂੰ ਆਂਚਲ ਨਾਲ ਖਿੱਚੀਆਂ ਫੋਟੋਆਂ ਦਿਖਾਈਆਂ ਅਤੇ ਕਿਹਾ ਕਿ ਓਹ ਉਸਦੀ ਪਤਨੀ ਨੂੰ ਸਭ ਦੱਸ ਦਵੇਗੀ।
ਸ਼ਿਵਾਨੀ ਨੇ ਵਿਕਾਸ ਨੂੰ ਫਲੈਟ ਵਾਲੀ ਓਹ ਵੀਡਿਓ ਵੀ ਦਿਖਾਈ। ਅਤੇ ਕਿਹਾ ਕਿ ਓਹ ਰੇਪ ਦੇ ਝੂਠੇ ਕੇਸ ਵਿੱਚ ਵਿਕਾਸ ਨੂੰ ਫਸਾ ਦਵੇਗੀ।
ਡਰਦਾ ਮਾਰਾ ਵਿਕਾਸ ਆਪਣਾ ਸਾਰਾ ਕੁੱਛ ਵੇਚ ਕੇ ਸ਼ਿਵਾਨੀ ਦਾ ਢਿੱਡ ਭਰ ਚੁੱਕਿਆ ਸੀ। ਪਰ ਸ਼ਿਵਾਨੀ ਹਰ ਮਹੀਨੇ ਉਸ ਕੋਲੋਂ ਪੈਸਾ ਮੰਗਦੀ ਸੀ।
ਵਿਕਾਸ ਵਰਗੇ ਕਈ ਗ੍ਰਾਹਕ ਸ਼ਿਵਾਨੀ ਨੇ ਆਪਣੇ ਫਰੇਬ ਨਾਲ ਫਸਾਏ ਹੋਏ ਸਨ। ਫਸੇ ਹੋਏ ਇਹ ਮਰਦ ਬਲਾਤਕਾਰ ਦੇ ਇਲਜ਼ਾਮ ਦੇ ਡਰ ਨਾਲ ਪੁਲਿਸ ਦੀ ਮੱਦਦ ਵੀ ਨਹੀਂ ਲੈਂਦੇ ਸਨ। ਕਈ ਤਾਂ ਵਿਚਾਰੇ ਦੁਖੀ ਹੋ ਕੇ ਆਤਮਹੱਤਿਆ ਕਰ ਲੈਂਦੇ ਸਨ।
ਅਜਿਹੀ ਹੀ ਆਤਮਹੱਤਿਆ ਅਬਦੁੱਲ ਨੇ ਕੀਤੀ ਸੀ। ਅਬਦੁੱਲ ਨਾਲ ਸ਼ਿਵਾਨੀ “ਆਸਮਾਂ” ਬਣ ਕੇ ਮਿਲੀ ਸੀ। ਇਕ ਮੁਸਲਿਮ ਲੜਕੀ ਜਿਸ ਨਾਲ ਅਬਦੁੱਲ ਦੂਸਰਾ ਨਿਕਾਹ ਕਰਨਾ ਚਾਹੁੰਦਾ ਸੀ।
ਅੱਬਦੁੱਲ ਨੂੰ ਪਤਾ ਹੀ ਨਹੀਂ ਚੱਲ ਸਕਿਆ ਕਿ ਨਕਲੀ ਨਾਮ “ਆਸਮਾਂ” ਰੱਖ ਕੇ ਮਿਲੀ ਕੁੜੀ ਅਸਲ ਵਿੱਚ ਸ਼ਿਵਾਨੀ ਹੈ। ਜਦੋਂ ਓਹ ਸ਼ਿਵਾਨੀ ਦੇ ਜਾਲ ਵਿੱਚ ਫੱਸ ਗਿਆ ਤਾਂ ਮਹੀਨੇ ਮਗਰੋਂ ਉਸਨੇ ਖੁੱਦ ਨੂੰ ਗੋਲੀ ਮਾਰ ਲਈ।
ਅਬਦੁੱਲ ਇੰਸਪੈਕਟਰ ਯੂਸੁਫ ਪਠਾਨ ਦਾ ਚਚੇਰਾ ਭਰਾ ਸੀ। ਉਹ ਮਰਨ ਤੋਂ ਪਹਿਲਾਂ ਇਕ ਖਤ ਵਿੱਚ ਸਭ ਕੁੱਛ ਲਿਖ ਕੇ ਗਿਆ ਸੀ। ਕਿ ਉਸ ਨਾਲ ਕੀ ਹੋਇਆ! ਕਿ ਇਕ ਧੋਖੇਬਾਜ਼ ਲੜਕੀ ਨੇ ਉਸਨੂੰ ਫਸਾ ਲਿਆ।
ਪਰ ਉਸ ਧੋਖੇਬਾਜ਼ ਕੁੜੀ ਦਾ ਨਾਮ ਤਾਂ ਨਕਲੀ ਸੀ। ਸ਼ਿਵਾਨੀ “ਆਸਮਾਂ” ਨਾਮ ਦੇ ਨਕਲੀ ਨਾਮ ਨਾਲ ਅਬਦੁੱਲ ਨੂੰ ਜੋ ਮਿਲੀ ਸੀ। ਦੋ ਸਾਲਾਂ ਤੱਕ ਤਾਂ ਇੰਸਪੈਕਟਰ ਪਠਾਨ “ਆਸਮਾਂ” ਨਾਮ ਦੀ ਕਿਸੇ ਲੜਕੀ ਨੂੰ ਹੀ ਲੱਭਦਾ ਰਿਹਾ। ਪਰ ਦੋ ਸਾਲਾਂ ਬਾਅਦ ਉਸਨੂੰ ਪਤਾ ਚੱਲਿਆ ਕਿ “ਆਸਮਾਂ” ਤਾਂ ਨਕਲੀ ਨਾਮ ਸੀ।
ਕਿਓਂਕਿ ਜਿਸ ਬੁੱਢੇ ਨੂੰ ਸ਼ਿਵਾਨੀ ਨੇ ਆਪਣਾ ਬਾਪ ਬਣਾ ਕੇ ਅਬਦੁੱਲ ਸਾਹਮਣੇ ਪੇਸ਼ ਕੀਤਾ ਸੀ, ਓਹ ਬੁੱਢਾ ਇੰਸਪੈਕਟਰ ਪਠਾਨ ਦੇ ਹੱਥ ਲੱਗ ਗਿਆ ਸੀ। ਉਸ ਬੁੱਢੇ ਨੇ ਪਠਾਨ ਨੂੰ ਦੱਸਿਆ ਕਿ ਆਸਮਾਂ ਦਾ ਅਸਲ ਨਾਮ ਸ਼ਿਵਾਨੀ ਹੈ। ਅਤੇ ਇਕ ਪੈਨਸਲ ਸਕੈਚ ਵੀ ਤਿਆਰ ਕਰਿਆ ਗਿਆ।
ਜੋ ਅਖਬਾਰ ਵਿੱਚ ਛਪਵਾ ਦਿੱਤਾ ਗਿਆ ਸੀ। ਪਠਾਨ ਦੇ ਡਰ ਨਾਲ ਸ਼ਿਵਾਨੀ ਨੇ ਸ਼ਹਿਰ ਛੱਡ ਦਿੱਤਾ ਸੀ। ਅਤੇ ਲੁਧਿਆਣੇ ਆ ਗਈ। ਫੇਰ ਤਿੰਨ ਸਾਲ ਤੱਕ ਉਸਨੇ ਕੋਈ ਵਾਰਦਾਤ ਨਾ ਕਰੀ। ਤਿੰਨ ਸਾਲਾਂ ਬਾਅਦ ਵਿਕਾਸ ਉਸਦਾ ਪਹਿਲਾ ਸ਼ਿਕਾਰ ਬਣਿਆ। ਅਤੇ ਵਿਕਾਸ ਤੋਂ ਬਾਅਦ ਹੁੱਣ ਜੈਲਦਾਰ ਦੀ ਵਾਰੀ ਸੀ।
ਇੰਸਪੈਕਟਰ ਪਠਾਨ ਇਸ ਕੁੜੀ ਦੇ ਪਿੱਛੇ ਇਕ ਖੂਫੀਆ ਮਿਸ਼ਨ ਤੇ ਸੀ। ਓਹ ਇਕ ਆਮ ਇਨਸਾਨ ਬਣਕੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾਂਦਾ ਸੀ ਅਤੇ ਨੌਕਰੀ ਕਰਦਾ ਸੀ। ਉਸਨੂੰ ਉਮੀਦ ਸੀ ਕਿ ਕਿਸੇ ਨੌਕਰੀ ਤੇ ਤਾਂ ਕੋਈ ਸ਼ਿਵਾਨੀ ਉਸਨੂੰ ਮਿਲੇਗੀ।
“ਓਹ ਸਕੈਚ ਬਹੁਤਾ ਕਲੀਅਰ ਨੀ ਬਣ ਸਕਿਆ ਪੰਮੇ! ਨਹੀਂ ਤਾਂ ਹੁੱਣ ਤੱਕ ਓਹ ਫੜੀ ਜਾਣੀ ਸੀ!” ਪਠਾਨ ਬੋਲਿਆ।
ਪੰਮਾ ਇਕ ਨਿਜੀ ਜਾਸੂਸ ਸੀ। ਅੰਗਰੇਜੀ ਵਿੱਚ ਜਿਸਨੂੰ ਆਪਾਂ “ਪ੍ਰਾਈਵੇਟ ਡੀਟੈਕਟਿਵ” ਕਹਿ ਦਿੰਦੇ ਹਾਂ! ਓਹ ਵੀ ਪਠਾਨ ਦੀ ਮੱਦਦ ਕਰ ਰਿਹਾ ਸੀ। ਤਾਂ ਜੋ ਸ਼ਿਵਾਨੀ ਨੂੰ ਆਸਾਨੀ ਨਾਲ ਫੜਿਆ ਜਾ ਸਕੇ।
“ਚੱਕਰ ਇਹ ਹੈ ਕਿ ਕੋਈ ਮਰਦ ਅੱਗੇ ਆ ਕੇ ਪੁਲਿਸ ਨੂੰ ਸ਼ਿਕਾਇਤ ਵੀ ਤਾਂ ਨੀ ਕਰਦਾ ਨਾ ਸਰ!” ਪੰਮਾ ਬੋਲਿਆ, “ਇਸੇ ਗੱਲ ਦਾ ਤਾਂ ਓਹ ਸ਼ਿਵਾਨੀ ਫਾਇਦਾ ਚੱਕਦੀ ਹੈ”।
ਪਠਾਨ ਨੇ...

ਪੰਮੇ ਦੀ ਇਹ ਗੱਲ ਸੁੱਣਕੇ ਸਿਗਰਟ ਕੱਢ ਲਈ। ਸਿਗਰਟ ਨੂੰ ਪਠਾਨ ਨੇ ਆਪਣੇ ਮੂੰਹ ਵਿੱਚ ਪਾਇਆ ਅਤੇ ਮਾਚਿਸ “ਟੱਕ!” ਦੀ ਆਵਾਜ਼ ਨਾਲ ਜਲਾਈ। ਫੇਰ ਸਿਗਰਟ ਜਲਾ ਕੇ ਧੂੰਆਂ ਬਾਹਰ ਕੱਢਿਆ।
“ਸਕੈਚ ਭਾਵੇਂ ਜਿਹੋ ਜਿਹਾ ਮਰਜੀ ਬਣਿਆ ਹੋਵੇ ਪੰਮਿਆ! ਪਰ ਮੈਂ ਓਸ ਠੱਗ ਨੂੰ ਭੀੜ ਚ ਵੀ ਪਹਿਚਾਣ ਸਕਦਾਂ!! ਹੁੱਣ ਜਾਂ ਤਾਂ ਓਹ ਮਿਲ ਜਾਵੇ!! ਤੇ ਜਾਂ ਫੇਰ ਕੋਈ ਓਦਾ ਸ਼ਿਕਾਰ ਸਾਹਮਣੇ ਆ ਕੇ ਰਿਪੋਰਟ ਲਿਖਾਵੇ!!” ਇੰਸਪੈਕਟਰ ਪਠਾਨ ਨੇ ਕਿਹਾ।
“ਫਿਲਹਾਲ ਤਾਂ ਇਹ ਵੀ ਨੀ ਪਤਾ ਕਿ ਓਹ ਕਿਹੜੇ ਸ਼ਹਿਰ ਚ ਹੈ ਸਰ!” ਪੰਮਾ ਬੋਲਿਆ।
ਪੰਮੇ ਨੇ ਇਹ ਕਿਹਾ ਹੀ ਸੀ ਕਿ ਉਸਨੂੰ ਸ਼ਾਮ ਦਾ ਫੋਨ ਆ ਗਿਆ। ਕੌਣ ਸੀ ਇਹ ਸ਼ਾਮ!?
ਪੰਮੇ ਨੇ ਕਈ ਜਗਾ ਆਪਣੇ ਪੈਰ ਫੈਲਾਏ ਹੋਏ ਸਨ! ਉਸਨੇ ਆਪਣੇ ਕਈ ਦੋਸਤਾਂ ਨੂੰ ਕਿਹਾ ਹੋਇਆ ਸੀ ਕਿ ਕੋਈ ਵੀ ਗੱਲ ਐਸੀ ਪਤਾ ਚੱਲੇ ਕਿ ਕੋਈ ਮਰਦ ਕਿਸੇ ਜਨਾਨੀ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੋਵੇ ਤਾਂ ਜਰੂਰ ਦੱਸਣਾ!
ਪੰਮਾ ਅਮ੍ਰਿਤਸਰ ਵਿੱਚ ਸੀ ਅਤੇ ਇੰਸਪੈਕਟਰ ਪਠਾਨ ਵੀ ਅਮ੍ਰਿਤਸਰ ਵਿੱਚ ਹੀ ਸ਼ਿਵਾਨੀ ਨੂੰ ਲੱਭ ਰਿਹਾ ਸੀ। ਪਰ ਸ਼ਿਵਾਨੀ ਲੁਧਿਆਣੇ ਬੈਠੀ ਸੀ।
ਪਠਾਨ ਪਟਿਆਲੇ ਦਾ ਰਹਿਣ ਵਾਲਾ ਸੀ। ਉਸਦਾ ਚਚੇਰਾ ਭਰਾ ਅਬਦੁੱਲ ਵੀ ਪਟਿਆਲੇ ਹੀ ਸ਼ਿਵਾਨੀ ਦੇ ਹੱਥੇ ਚੜਿਆ ਸੀ ਅਤੇ ਮਾਰਿਆ ਗਿਆ ਸੀ। ਪਟਿਆਲੇ ਹੀ ਪਠਾਨ ਨੇ ਸ਼ਿਵਾਨੀ ਦਾ ਸਕੈਚ ਅਖਬਾਰ ਵਿੱਚ ਦਿੱਤਾ ਸੀ। ਜਿਸਨੂੰ ਦੇਖਕੇ ਸ਼ਿਵਾਨੀ ਪਟਿਆਲੇ ਤੋਂ ਲੁਧਿਆਣੇ ਆ ਗਈ ਸੀ। ਪਠਾਨ ਸ਼ਿਵਾਨੀ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਲੱਭਦਾ ਰਿਹਾ। ਲੁਧਿਆਣੇ ਵੀ ਆਇਆ। ਪਰ ਓਨੀ ਦਿਨੀ ਸ਼ਿਵਾਨੀ ਕੋਈ ਕਾਂਡ ਕਰ ਨਹੀਂ ਸੀ ਰਹੀ। ਇਸੇ ਲਈ ਓਹ ਪਠਾਨ ਦੇ ਹੱਥ ਨਾ ਲੱਗ ਸਕੀ। ਲੁਧਿਆਣੇ ਤੋਂ ਕਪੂਰਥਲੇ ਅਤੇ ਫੇਰ ਜਲੰਧਰ ਹੁੰਦਾ ਹੋਇਆ ਹੁੱਣ ਪਠਾਨ ਅਮ੍ਰਿਤਸਰ ਪਹੁੰਚਿਆ ਸੀ। ਇੱਜੇ ਪਠਾਨ ਨੂੰ ਪੰਮਾ ਮਿਲਿਆ। ਪੰਮਾ ਇਕ ਬੇਰੁਜ਼ਗਾਰ ਨੌਜਵਾਨ ਸੀ। ਜਿਸਨੂੰ ਕੋਈ ਨੌਕਰੀ ਨਾ ਮਿਲੀ ਤਾਂ ਉਸਨੇ ਜਸੂਸੀ ਦਾ ਕੰਮ ਸ਼ੁਰੂ ਕਰ ਲਿਆ।
ਜਸੂਸੀ ਕਰਦੇ ਹੋਏ ਪੰਮੇ ਨੇ ਦੇਖਿਆ ਕਿ ਹਰ ਮਰਦ ਬਾਹਰ ਮੂੰਹ ਮਾਰਦਾ ਹੀ ਹੈ। ਇਕ ਔਰਤ ਤੋਂ ਜਿਆਦਾਤਰ ਮਰਦਾਂ ਦਾ ਮੰਨ ਨਹੀਂ ਭਰਦਾ!! ਤੇ ਫੇਰ ਓਹ ਅਜਿਹੀਆਂ ਜਨਾਨੀਆਂ ਦੇ ਜਾਲ ਵਿੱਚ ਫੱਸ ਜਾਂਦੇ ਹਨ।
ਇਹ ਚਿੜੀਮਾਰ ਜਿਹੇ ਮਰਦ ਆਪਣੇ ਆਪ ਨੂੰ ਜੇਮਜ਼ ਬਾਂਡ ਦੀ ਨਜਾਇਜ਼ ਔਲਾਦ ਸਮਝਦੇ ਹਨ। ਇਹ ਸੋਚਦੇ ਹਨ ਕਿ ਜੇਬ ਵਿੱਚ ਪੈਸਾ ਭਰਕੇ ਇਹ ਜਿੰਨੀਆਂ ਮਰਜੀ ਜਨਾਨੀਆਂ ਰੱਖੀ ਫਿਰਨ ਇੰਨਾ ਦੀ ਘਰਵਾਲੀ ਨੂੰ ਕਦੇ ਪਤਾ ਨਹੀਂ ਚੱਲੇਗਾ!! ਪਰ ਸਭ ਪਤਾ ਚੱਲ ਜਾਂਦਾ ਹੈ।
ਅਜਿਹੇ ਹੀ ਮਰਦਾਂ ਕਰਕੇ ਤਾਂ ਸ਼ਿਵਾਨੀ ਵਰਗੀਆਂ ਜਾਲਸਾਜ਼ ਔਰਤਾਂ ਦਾ ਧੰਦਾ ਚੱਲਦਾ ਹੈ। ਵਿਕਾਸ ਵਰਗਿਆਂ ਨੂੰ ਫਸਾ ਕੇ ਸ਼ਿਵਾਨੀ ਕਰੋੜਪਤੀ ਬਣ ਚੁੱਕੀ ਸੀ।
ਵਿਕਾਸ ਬਾਰੇ ਪੰਮੇ ਨੂੰ ਆਪਣੇ ਇਕ ਦੋਸਤ ਤੋਂ ਪਤਾ ਚੱਲਿਆ। ਕਿਓਂਕਿ ਸ਼ਿਵਾਨੀ ਨੇ ਵਿਕਾਸ ਨੂੰ ਪੂਰੀ ਤਰਾਂ ਖਾਲੀ ਕਰ ਦਿੱਤਾ ਸੀ ਤਾਂ ਵਿਕਾਸ ਨੇ ਆਪਣੇ ਇਕ ਦੋਸਤ ਕੋਲੋਂ ਮੱਦਦ ਮੰਗੀ। ਉਸ ਦੋਸਤ ਦਾ ਨਾਮ ਸ਼ਾਮ ਸੀ।
ਸ਼ਾਮ ਪੰਮੇ ਦਾ ਵੀ ਦੋਸਤ ਸੀ। ਸ਼ਾਮ ਤੋਂ ਜਦੋਂ ਵਿਕਾਸ ਨੇ ਦੋ ਲੱਖ ਰੁਪਈਆ ਮੰਗਿਆ ਅਤੇ ਬਦਲੇ ਵਿੱਚ ਆਪਣੇ ਘਰ ਦੇ ਕਾਗਜ਼ ਤੱਕ ਰੱਖਣ ਲਈ ਤਿਆਰ ਹੋ ਗਿਆ ਤਾਂ ਸ਼ਾਮ ਨੇ ਉਸਨੂੰ ਪੁੱਛਿਆ ਕਿ ਗੱਲ ਕੀ ਹੈ!? ਵਿਕਾਸ ਨੇ ਸ਼ਾਮ ਨੂੰ ਸਭ ਦੱਸਿਆ।
ਸ਼ਾਮ ਨੇ ਪੈਸਾ ਤਾਂ ਵਿਕਾਸ ਨੂੰ ਘਰ ਦੇ ਕਾਗਜ਼ ਰੱਖਕੇ ਦੇ ਦਿੱਤਾ। ਪਰ ਨਾਲ ਦੀ ਨਾਲ ਪੰਮੇ ਨੂੰ ਵੀ ਫੋਨ ਕਰ ਦਿੱਤਾ। ਜਿਸ ਦਿਨ ਇੰਸਪੈਕਟਰ ਪਠਾਨ ਪੰਮੇ ਨਾਲ ਇਹ ਗੱਲ ਕਰ ਰਿਹਾ ਸੀ ਕਿ ਕਾਸ਼ ਕੋਈ ਸ਼ਿਵਾਨੀ ਦਾ ਸ਼ਿਕਾਰ ਹੋਇਆ ਬੰਦਾ ਸਾਹਮਣੇ ਆ ਜਾਵੇ ਤਾਂ ਉਸੇ ਦਿਨ ਹੀ ਸ਼ਾਮ ਦਾ ਪੰਮੇ ਨੂੰ ਫੋਨ ਆ ਗਿਆ।
“ਹੈਲੋ! ਹਾਂ ਸ਼ਾਮ!” ਪੰਮਾ ਬੋਲਿਆ।
“ਹਾਂ ਪੰਮੇ! ਓਹ ਯਾਰ ਤੂੰ ਮੈਨੂੰ ਕਿਹਾ ਸੀ ਨਾ ਉਸ ਜਨਾਨੀ ਬਾਰੇ!! ਯਾਰ ਮੇਰਾ ਇਕ ਦੋਸਤ ਲੱਗਦਾ ਉਸਦਾ ਸ਼ਿਕਾਰ ਹੋ ਗਿਆ!!” ਸ਼ਾਮ ਬੋਲਿਆ, “ਐਥੇ ਲੁਧਿਆਣੇ!!”
ਪੰਮੇ ਨੇ ਪਠਾਨ ਵੱਲ ਦੇਖਿਆ। ਪਠਾਨ ਸਮਝ ਗਿਆ ਸੀ ਕਿ ਉਸ ਲੜਕੀ ਦਾ ਸੁਰਾਗ ਮਿਲ ਗਿਆ ਹੈ!!
ਇਹ ਗੱਲ ਹਫਤਾ ਭਰ ਪਹਿਲਾਂ ਦੀ ਹੈ।
ਜਿੰਨਾ ਦਿਨਾਂ ਵਿੱਚ ਸ਼ਿਵਾਨੀ ਜੈਲਦਾਰ ਨੂੰ ਫੇਸਬੁੱਕ ਉਪਰ ਹਜੇ ਮਿਲੀ ਹੀ ਸੀ। ਓਨਾ ਦਿਨਾਂ ਵਿੱਚ ਪਠਾਨ ਅਤੇ ਪੰਮੇ ਨੂੰ ਵਿਕਾਸ ਬਾਰੇ ਪਤਾ ਚੱਲਿਆ ਸੀ। ਓਹ ਉਸੇ ਵਕਤ ਲੁਧਿਆਣੇ ਪਹੁੰਚ ਗਏ ਸਨ। ਪਰ ਓਨਾ ਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਵਿਕਾਸ ਆਪਣੇ ਘਰੋਂ ਗਾਇਬ ਹੈ।
ਵਿਕਾਸ ਦੀ ਪਤਨੀ ਆਂਚਲ ਨੇ ਦੱਸਿਆ ਕਿ ਵਿਕਾਸ ਕਈ ਦਿਨ ਤੋਂ ਘਰ ਹੀ ਨਹੀਂ ਆਇਆ। ਓਹ ਬੜਾ ਪਰੇਸ਼ਾਨ ਸੀ। ਆਂਚਲ ਆਪ ਵੀ ਬੜੀ ਗੁੱਸੇ ਵਿੱਚ ਸੀ। ਉਹ ਵਿਕਾਸ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਸੀ। ਉਸਨੇ ਪਠਾਨ ਨੂੰ ਘਰ ਅੰਦਰ ਤੱਕ ਨਾ ਆਓਣ ਦਿੱਤਾ। ਬਾਹਰ ਸੀ ਰੋਕ ਲਿਆ।
“ਆਪਣਾ ਈ ਕੀਤਾ ਭੁਗਤਿਆ ਹੈ ਵਿਕਾਸ ਨੇ!!” ਆਂਚਲ ਬੋਲੀ, “ਦੂਸਰੀ ਜਨਾਨੀ ਦੇ ਚੱਕਰਾਂ ਚ ਪੈ ਕੇ ਆਪਣਾ ਬਣਿਆ-ਬਣਾਇਆ ਘਰ ਬਰਬਾਦ ਕਰ ਲਿਆ!!”
“ਦੇਖੋ! ਅਸੀਂ ਉਸੇ ਦੂਸਰੀ ਜਨਾਨੀ ਨੂੰ ਲੱਭ ਰਹੇ ਆ!” ਪਠਾਨ ਬੋਲਿਆ, “ਮੈਂ…..”
“ਮੈਂ ਕਿਹਾ ਨਾ!! ਓਸ ਬੇਈਮਾਨ ਆਦਮੀ ਬਾਰੇ ਮੈਂ ਕੋਈ ਗੱਲ ਨੀ ਕਰਨਾ ਚਾਹੁੰਦੀ!!!” ਆਂਚਲ ਨੇ ਇਹ ਕਹਿੰਦੇ ਸਾਰ ਘਰ ਦਾ ਦਰਵਾਜਾ ਬੰਦ ਕਰ ਦਿੱਤਾ।
ਪਠਾਨ ਅਤੇ ਪੰਮਾ ਵਾਪਸ ਚਲੇ ਗਏ। ਆਂਚਲ ਇਹ ਜਾਣਦੀ ਹੀ ਨਹੀਂ ਸੀ ਕਿ ਵਿਕਾਸ ਕਿੱਥੇ ਹੈ। ਵਿਕਾਸ ਨੂੰ ਲੱਭਦੇ ਹੋਏ ਪਠਾਨ ਨੂੰ ਇਕ ਹਫਤਾ ਲੱਗ ਗਿਆ।
ਹਫਤੇ ਮਗਰੋਂ ਵਿਕਾਸ ਦਾ ਸੁਰਾਗ ਮਿਲਿਆ। ਪਠਾਨ ਨੂੰ ਪਤਾ ਚੱਲਿਆ ਕਿ ਵਿਕਾਸ ਰਾਏਕੋਟ ਦੀ ਬੱਸ ਚੜਿਆ ਹੈ। ਓਹ ਵੀ ਵਿਕਾਸ ਦੇ ਮਗਰ ਹੀ ਚੱਲ ਪਿਆ। ਰਾਏਕੋਟ ਵਿਕਾਸ ਜੈਲਦਾਰ ਨੂੰ ਮਿਲਣ ਗਿਆ ਸੀ। ਕਿ ਉਸਨੂੰ ਸ਼ਿਵਾਨੀ ਬਾਰੇ ਸਭ ਦੱਸ ਸਕੇ।
ਪਰ ਸ਼ਿਵਾਨੀ ਵੀ ਘੱਟ ਚਲਾਕ ਨਹੀਂ ਸੀ। ਓਹ ਜਾਣਦੀ ਸੀ ਕਿ ਵਿਕਾਸ ਅੜਚਨ ਬਣ ਸਕਦਾ ਹੈ। ਉਸਦੇ ਰਸਤੇ ਦੀ ਸਭ ਤੋਂ ਵੱਡੀ ਅੜਚਨ!! ਇਸੇ ਲਈ ਉਸਨੇ ਪੈਸੇ ਦੇ ਕੇ ਵਿਕਾਸ ਨੂੰ ਮਰਵਾਓਣ ਦਾ ਫੈਸਲਾ ਕਰਿਆ।
ਉਸ ਦਿਨ ਜਦੋਂ ਵਿਕਾਸ ਜੈਲੇ ਦੇ ਘਰ ਆਇਆ ਸੀ ਤਾਂ ਉਸ ਮਗਰ ਸ਼ਿਵਾਨੀ ਦੇ ਭਾੜੇ ਦੇ ਟੱਟੂ ਪਏ ਹੋਏ ਸਨ ਜੋ ਉਸਨੂੰ ਮਾਰਨਾ ਚਾਹੁੰਦੇ ਸਨ। ਜਿਓਂ ਹੀ ਵਿਕਾਸ ਨੇ ਜੈਲੇ ਨੂੰ ਸਭ ਕੁੱਛ ਦੱਸਿਆ ਤਾਂ ਇਕ ਗੋਲੀ ਉਸਦੀ ਛਾਤੀ ਵਿੱਚ ਆ ਕੇ ਵੱਜੀ। ਜੈਲਾ ਡਰ ਗਿਆ। ਵਿਕਾਸ ਜੈਲੇ ਦੇ ਸਾਹਮਣੇ ਹੀ ਧਰਾਸ਼ਾਈ ਹੋ ਕੇ ਡਿਗਿਆ ਅਤੇ ਮਰ ਗਿਆ। ਇੰਨੇ ਨੂੰ ਓਥੇ ਇੰਸਪੈਕਟਰ ਪਠਾਨ ਅਤੇ ਪੰਮਾ ਪਹੁੰਚ ਗਏ।
“ਓ ਨੋ!!!” ਪਠਾਨ ਚੀਕਿਆ, “ਪੰਮਿਆ ਇਨੂੰ ਹੱਸਪਤਾਲ ਲੈ ਕੇ ਚੱਲ ਬਾਈ!!”
ਪਰ ਪੰਮੇ ਨੇ ਵਿਕਾਸ ਦੀ ਨਬਜ਼ ਦੇਖੀ ਤਾਂ ਓਹ ਰੁਕ ਚੁੱਕੀ ਸੀ। ਓਹ ਵਿਕਾਸ ਦੀ ਲਾਸ਼ ਕੋਲ ਬੈਠਾ ਰਿਹਾ।
“ਚੱਲ ਯਾਰ ਲੈ ਚੱਲੀਏ ਇਨੂੰ ਹੱਸਪਤਾਲ!!” ਪਠਾਨ ਜਲਦੀ ਵਿੱਚ ਸੀ।
“ਕੋਈ ਫਾਇਦਾ ਨੀ! ਇਹ ਮਰ ਗਿਆ ਹੈ ਯੂਸਫ!!!” ਪੰਮਾ ਬੋਲਿਆ।
ਪਠਾਨ ਕੁੱਛ ਦੇਰ ਤਾਂ ਵਿਕਾਸ ਦੀ ਲਾਸ਼ ਵੱਲ ਦੇਖਦਾ ਰਿਹਾ। ਫੇਰ ਉਸਨੇ ਪਿੱਛੇ ਖੜੇ ਜੈਲੇ ਵੱਲ ਦੇਖਿਆ।
“ਕੌਣ ਆ ਇਹ!? ਕੀ ਕਹਿੰਦਾ ਸੀ ਤੈਨੂੰ!!?” ਪਠਾਨ ਨੇ ਜੈਲੇ ਨੂੰ ਪੁੱਛਿਆ।
ਪਰ ਜੈਲਦਾਰ ਨੇ ਕੁੱਛ ਵੀ ਬੋਲਣ ਤੋਂ ਪਹਿਲਾਂ ਉਲਟੀ ਕਰ ਦਿੱਤੀ ਅਤੇ ਨਿਢਾਲ ਹੋ ਕੇ ਡਿੱਗ ਪਿਆ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)