ਕੁਝ ਸਾਲ ਪਹਿਲੇ ਮੈਂ ਤੇ ਮੇਰੀ ਪਤਨੀ ਪਿੰਡ ਛੱਡਕੇ ਇੰਗਲੈਂਡ ਆ ਵਸੇ . ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ . ਇੱਥੇ ਹੀ ਵਾਹਿਗੁਰੂ ਜੀ ਨੇ ਸਾਨੂੰ ਦੋ ਬੇਟੀਆਂ ਦੀ ਦਾਤ ਬਖ਼ਸ਼ਿਸ਼ ਕੀਤੀ. ਪਿੱਛੇ ਇੱਕ ਭੈਣ ਤੇ ਇੱਕ ਭਰਾ ਦਾ ਵਿਆਹ ਵੀ ਕੀਤਾ . ਬੇਬੇ-ਬਾਪੂ ਜੀ ਨੇ ਜੋ ਕਿਹਾ ਮੈਂ ਸਦਾ ਸਿਰ ਮੱਥੇ ਲਾਈਆਂ. ਪਿੰਡ 8 ਕਿਲ੍ਹੇ ਜ਼ਮੀਨ ਵੀ ਬਣਾਈ . ਬੇਬੇ-ਬਾਪੂ ਨੂੰ ਕਈ ਵਾਰ ਇੰਗਲੈਂਡ ਦਾ ਚੱਕਰ ਲਵਾਈਆਂ. ਭਰਾ ਭਰਜਾਈ ਵੀ ਦੋ ਵਾਰ ਆਏ . ਭੈਣ ਤੇ ਭਣੋਈਆ 1 ਵਾਰ ਆਏ . ਜਦੋ ਅਸੀਂ ਪਿੰਡ ਜਾਣਾ ਤਾਂ ਸਭ ਲਈ ਹਰ ਵਾਰ ਬਹੁਤ ਸਾਰਾ ਸਮਾਨ ਲੈਕੇ ਜਾਣਾ. ਪਹਿਲਾ ਸਭ ਕੰਮ ਬਾਪੂ ਜੀ ਕਰਦੇ ਸੀ ਘਰ ਵਿੱਚ ਲੈਣ ਦੇਣ ਸਭ ਕੁਝ ਬਾਪੂ ਜੀ ਦੇ ਹੱਥ ਸੀ. ਪੰਜ ਸਾਲ ਪਹਿਲੇ ਬਾਪੂ ਜੀ ਪੂਰੇ ਹੋ ਗਏ, ਤਿੰਨ ਸਾਲ ਪਹਿਲੇ ਮਾਤਾ ਜੀ ਵੀ ਵਾਹਿਗੁਰੂ ਕੋਲ ਚਲੇ ਗਏ. ਮਾਤਾ ਜੀ ਦੇ ਸੰਸਕਾਰ ਸਮੇਂ ਅਸੀਂ ਚਾਰੇ ਜੀਅ ਪਿੰਡ ਗਏ ਸੀ. ਮਾਤਾ ਜੀ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਵਕੀਲ ਕੋਲੋਂ ਆਪਣਾ ਮੁਖਤਾਰਨਾਮਾ ਲਿਖਵਾ ਕੇ ਦੇ ਦਿੱਤਾ. ਸੋਚਿਆ ਕਿ ਕਿੱਥੇ ਬਾਹਰ ਤੋਂ ਵਾਰ-ਵਾਰ ਆ ਹੁੰਦਾ. ਫੇਰ ਜਨਵਰੀ 2020 ਵਿੱਚ ਅਸੀਂ ਪਿੰਡ ਜਾਣਾ ਸੀ ਪਰ ਕਰੋਨਾ ਕਰਕੇ ਜਾ ਨਾ ਹੋਈਆਂ. ਫਰਵਰੀ ਵਿੱਚ ਭਰਾ ਨੇ ਦੱਸਿਆ ਕਿ ਅਸੀਂ ਸ਼ਹਿਰ ਨਵਾਂ ਮਕਾਨ ਲੈ ਲਿਆ . ਪਿੰਡ ਵਾਲੇ ਮਕਾਨ ਨੂੰ ਹੁਣ ਦੁਵਾਰਾ ਨਹੀਂ ਬਣਾਉਣਾ . ਮੈਂ ਕਿਹਾ ਚੱਲੋ ਕੋਈ ਨਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਉ ਅਸੀਂ ਤਾਂ ੨-੪ ਹਫ਼ਤੇ ਆਉਣਾ ਹੁੰਦਾ. ਮੇਰੀ ਪਤਨੀ ਨੇ ਮੈਨੂੰ ਵਹਿਮ ਵਿੱਚ ਪਾ ਦਿੱਤਾ ਕਿ ਪਹਿਲੇ ਤਾਂ ਆਏ ਮਹੀਨੇ ਭਰਾ ਪੈਸੇ ਮੰਗਦਾ ਸੀ, ਹੁਣ ਸ਼ਹਿਰ ਘਰ ਕਿਵੇਂ ਲੈ ਲਿਆ ?
ਕਰਦੇ ਕਰਦੇ 2021 ਨੂੰ ਬੱਚਿਆਂ ਨੂੰ ਗਰਮੀ ਦੀਆ ਛੁੱਟੀਆਂ ਹੋ ਗਈ. ਸਾਡਾ ਮਨ ਬਣਿਆ ਚਲੋ ਪਿੰਡ ਚਲਦੇ ਹਾਂ. ਜਦੋ ਪੰਜਾਬ ਆਏ ਤਾ ਭਰਾ ਕੋਲ ਸ਼ਹਿਰ ਨਵੇਂ ਘਰ ਪਹੁੰਚ ਗਏ . ਘਰ ਵੇਖ ਕੇ ਦਿਲ ਬਹੁਤ ਖੁਸ਼ ਹੋਈਆਂ. ਸਾਡਾ ਸਭ ਦਾ ਦਿਲ ਵੀ ਬਹੁਤ ਲੱਗੀਆਂ. ਭਰਾ-ਭਰਜਾਈ ਅਤੇ ਉਹਨਾਂ ਦੇ ਤਿੰਨ ਬੱਚੇ ਅਤੇ ਅਸੀਂ ਚਾਰੇ ਹਰ ਥਾਂ ਇਕੱਠੇ ਘੁੰਮਣ ਜਾਂਦੇ . ਕਰਦੇ-ਕਰਦੇ ਦਸ ਦਿਨ ਨਿਕਲ ਗਏ . ਪਿੰਡ ਅਸੀਂ ਦੋਵੇ ਭਰਾ ਤੇ ਸਾਡੀਆਂ ਘਰ ਵਾਲੀਆਂ ਦੋ ਵਾਰ ਸਵੇਰੇ ਸਵੇਰੇ ਗਏ ਤੇ ਗੁਰਦਵਾਰੇ ਜਾਕੇ ਪਿੰਡ ਘਰ ਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਸ਼ਹਿਰ ਨੂੰ ਆ ਗਏ. ਭੈਣ ਰੱਖੜੀ ਤੋਂ ਇੱਕ ਦਿਨ ਪਹਿਲੇ ਹੀ ਰੱਖੜੀ ਬੰਨਣ ਆ ਗਈ . ਭੈਣ ਦੇ ਕੋਈ ਔਲਾਦ ਨਹੀਂ ਸੀ. ਬਹੁਤ ਚਾਅ ਕੀਤਾ ਅਸੀਂ ਤਿੰਨੋ ਭੈਣ ਭਰਾ ਤਕਰੀਬਨ ਪੰਦਰਾਂ ਸਾਲ ਬਾਅਦ ਇਕੱਠੇ ਹੋਏ ਸੀ. ਦੁਪਹਿਰ ਨੂੰ ਰੁਕਣ ਤੋਂ ਬਾਅਦ ਭੈਣ ਭਣੋਈ ਚਲੇ ਗਏ . ਘਰ ਵਾਲੀ ਨੇ ਰੱਖੜੀ ਬੰਨਣ ਜਾਣਾ ਸੀ. ਅਸੀਂ ਦੋਵੇ ਮੀਆਂ -ਬੀਬੀ ਸ਼ਾਮ ਨੂੰ ਹੀ ਚਲੇ ਗਏ...
. ਅਗਲੀ ਸਵੇਰ ਜਦੋ ਵਾਪਸ ਆਉਣਾ ਸੀ ਮੈਂ ਫੇਰ ਪਿੰਡ ਵੱਲ ਨੂੰ ਗੱਡੀ ਮੋੜ ਲਈ . ਮੈਂ ਆਪਣੇ ਖੇਤਾਂ ਵਿੱਚੋ ਭਜਨ ਸਿਓ ਨੂੰ ਨਿਕਲਦੇ ਦੇਖਿਆ . ਮੈਂ ਗ਼ੁੱਸੇ ਵਿੱਚ ਪੁੱਛਿਆ ਤੂੰ ਸਾਡੇ ਖੇਤਾਂ ਵਿੱਚ ਕੀ ਕਰ ਰਿਹਾ ਦੁਸ਼ਮਣਾਂ ? ਉਹ ਮੁੱਛ ਨੂੰ ਵੱਟ ਦੇਣ ਲੱਗਿਆ ਤੇ ਬੋਲਿਆ ਖੇਤ ਤੇਰੇ ਸੀ ਪਰ ਹੁਣ ਇਹ ਮੇਰੇ ਖੇਤ ਹਨ. ਮੈਂ ਕਿਹਾ ਕੀ ਬਕਵਾਸ ਕਰ ਰਿਹਾ ਤੂੰ? ਕਹਿੰਦਾ ਮੈਨੂੰ ਡੇਢ ਸਾਲ ਹੋ ਗਿਆ ਮਾਲਕ ਬਣੇ ਨੂੰ , 2 ਕਰੋੜ ਦਿੱਤਾ ਪੁਰਾ ਦੋ ਕਰੋੜ . ਜਾਕੇ ਆਪਣੇ ਭਾਈ ਨੂੰ ਪੁੱਛ . ਘਰ ਤੁਹਾਡੇ ਦਾ ਵੀ ਸੌਦਾ ਕਰਦਾ ਪਿਆ ਮੈਂ ਪਰ ਤੇਰਾ ਭਾਈ ਕਹਿੰਦਾ ਸਿਆਲ ਤੱਕ ਰੁਕ ਜਾਵਾ. ਸਿਆਲ ਤੱਕ ਪਤਾ ਨੀ ਕੀ ਦੱਬਿਆ ਉਸਨੇ ਉਥੇ . ਭਜਨ ਸਿਓ ਦੇ ਦਾਦੇ ਦੀ ਸਾਡੇ ਦਾਦੇ ਨਾਲ਼ ਦੁਸ਼ਮਣੀ ਸੀ. ਇਸ ਲਈ ਅਸੀਂ ਕਦੇ ਵੀ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਨਹੀਂ ਸੀ. ਅੱਜ ਉਸ ਨੂੰ ਆਪਣੀ ਜ਼ਮੀਨ ਦਾ ਮਾਲਕ ਬਣਿਆ ਵੇਖ ਦੁੱਖ ਬਹੁਤ ਹੋਈਆਂ. ਉਸਤੋਂ ਵੀ ਵੱਡਾ ਦੁੱਖ ਸੀ , ਮੈਨੂੰ ਮੇਰੇ ਭਾਈ ਨੇ ਦੱਸਿਆ ਪੁੱਛਿਆ ਤੱਕ ਨਹੀਂ . ਇਸ ਤੋਂ ਪਹਿਲਾ ਕਿ ਮੈਂ ਘਰ ਆਕੇ ਭਾਈ ਨੂੰ ਕੁਝ ਪੁੱਛਦਾ ਉਸਨੇ ਮੇਰੀਆਂ ਧੀਆਂ ਨੂੰ ਸਮੇਤ ਸਾਡੇ ਅਟੈਚੀ ਗੇਟ ਦੇ ਬਾਹਰ ਖੜਾ ਕੀਤਾ ਹੋਇਆ ਸੀ .
ਮੈਂ ਆਪਣੀ ਧੀਆਂ ਨੂੰ ਨਾਲ਼ ਲਿਆ ਤੇ ਭੈਣ ਦੇ ਪਿੰਡ ਚਲਾ ਗਿਆ, ਸੋਚਿਆ ਭੈਣ ਨੂੰ ਦੁੱਖ ਦਸ ਦੇਵਾ ਭੈਣ ਨੂੰ ਵੀ ਭਾਈ ਨੇ ਜਿਵੇ ਫੋਨ ਕਰ ਦਿੱਤਾ ਹੋਵੇ , ਗੇਟ ਖੋਲਕੇ ਅੰਦਰ ਆਉਣ ਲਈ ਕਹੇ ਬਿਨਾ ਹੀ ਕਹਿੰਦੀ ਤੇਰੇ ਕਿਹੜਾ ਪੁੱਤਰਾਂ ਦੀਆ ਕਤਾਰਾਂ ਲੱਗੀ ਆ. ਫੇਰ ਕੀ ਹੋ ਗਿਆ ਜੇ ਜ਼ਮੀਨ ਵੇਚ ਦਿੱਤੀ.
ਮੇਰਾ ਮਨ ਇਨਾਂ ਦੁੱਖੀ ਹੋਈਆਂ ਮੈਂ ਬਿਨਾ ਕੋਈ ਜਵਾਬ ਦਿੱਤੇ ਟੈਕਸੀ ਨੂੰ ਫ਼ੋਨ ਕੀਤਾ ਤੇ ਸਿੱਧੇ ਦਿੱਲੀ ਨੂੰ ਆ ਗਏ. ਘਰ ਵਾਲੀ ਤੇ ਮੇਰੀ ਦੋਵੇ ਧੀਆਂ ਵਾਰ ਵਾਰ ਕਹਿੰਦੀ ਰਹੀ ਅਸੀਂ ਕੇਸ ਕਰ ਦਿੰਦੇ ਹਾਂ. ਮੈਂ ਕਿਹਾ ਜਿੱਥੇ ਆਪਣਾ ਖੂਨ ਚਿੱਟਾ ਹੋ ਗਿਆ ਤੁਸੀਂ ਕੇਸ ਕਰਕੇ ਕੀ ਕਰੋਗੇ ? ਤਿੰਨ ਦਿਨ ਦਿੱਲੀ ਹੋਟਲ ਵਿੱਚ ਰਹਿਣ ਤੋਂ ਬਾਅਦ ਅਸੀਂ ਫਲਾਈਟ ਲਈ ਤੇ ਮੁੜ ਇੰਗਲੈਂਡ ਆ ਗਏ. ਬਸ ਹੁਣ ਇਹ ਹੀ ਸਾਡਾ ਅਸਲੀ ਘਰ ਹੈ . ਜਿੱਥੇ ਮੇਰੇ ਮਾਂ ਬਾਪੂ ਚਲੇ ਗਏ ਉਥੇ ਹੀ ਮੇਰਾ ਪਿੰਡ ਤੇ ਪਿੰਡ ਦਾ ਹਰ ਰਿਸ਼ਤਾ ਚਲਾ ਗਿਆ.
ਸਭ ਕੁਝ ਖੋਹ ਜਾਣ ਤੋਂ ਬਾਅਦ ਮੈਂ ਤੁਹਾਨੂੰ ਇਕ ਸਲਾਹ ਜਰੂਰ ਦੇਣੀ ਚਾਹੁੰਦਾ ਹਾਂ , ਕਦੇ ਵੀ ਆਪਣੇ ਅਧਿਕਾਰ ਕਿਸੇ ਨੂੰ ਨਾ ਦਿਓ . ਪਤਾ ਨਹੀਂ ਕੌਣ ਕਿਸ ਵੇਲੇ ਤੁਹਾਡੇ ਦਿੱਤੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਤੁਹਾਡਾ ਆਪਣਾ ਹੀ ਤੁਹਾਡਾ ਕੀ ਕੁਝ ਗੁਆ ਦੇਵੇ .
ਰਚਨਾ
ਸਰਬਜੀਤ ਸਿੰਘ