ਕਿਸੇ ਵੀ ਇਨਸਾਨ ਦਾ ਦਿਮਾਗੀ ਤੌਰ ਤੇ ਬਿਮਾਰ ਹੋਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਬਹੁਤ ਵਾਰ ਦੁੱਖ ਦਰਦ ਏਨੇ ਵਧ ਜਾਂਦੇ ਆ ਕਿ ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਕੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਆਂ।
ਕਿਸੇ ਦੇ ਚਲੇ ਜਾਣ ਬਾਦ ਹੀ ਅਸੀਂ ਕਹਿਣੇ ਆਂ ਕਿ ਇੱਕ ਵਾਰ ਪ੍ਰੌਬਲਮ ਦੱਸੀ ਹੁੰਦੀ ਤਾਂ ਕੋਈ ਹੱਲ ਲੱਭ ਲੈਂਦੇ। ਪਰ ਜਿਉਂਦੇ ਜੀਅ ਅਸੀਂ ਦੂਜਿਆਂ ਦੀ ਪੀੜ ਨੂੰ ਬੀਮਾਰੀ ਕਹਿ ਕੇ ਪਾਸੇ ਹੋ ਜਾਨੇ ਆਂ।
ਆਰਥਿਕ ਤੰਗੀ, ਰਿਸ਼ਤਿਆਂ ਵਿੱਚ ਅਣਬਣ ਜਾਂ ਕਿਸੇ ਵੀ ਤਰਾਂ ਦੀ ਸਮਾਜਿਕ ਤੇ ਪਰਿਵਾਰਿਕ ਪੀੜ ਕਿਤੇ ਨਾਂ ਕਿਤੇ ਮਾਨਸਿਕ ਰੋਗ ਤੱਕ ਪਹੁੰਚ ਜਾਂਦੀ ਆ। ਇਨਸਾਨ ਦਾ ਇਕੱਲਾਪਨ ਉਸ ਨੂੰ ਬਹੁਤ ਵਾਰ ਅੰਦਰੋਂ ਤੋੜ ਦਿੰਦਾ। ਅਸੀਂ ਸਭ ਹੱਡ ਮਾਸ ਦੇ ਬਣੇ ਹੋਏ ਪੁਤਲੇ ਆਂ। ਨਿੱਕੀਆਂ ਨਿੱਕੀਆਂ ਤਕਲੀਫਾਂ ਵਿੱਚ ਵੀ ਇੱਕ ਦੂਜੇ ਦਾ ਸਾਥ ਲੱਭਦੇ ਆਂ। ਆਪਣਿਆਂ ਦਾ ਸਾਥ ਦੁੱਖ ਵੇਲੇ ਮੱਲਮ ਦਾ ਕੰਮ ਕਰਦਾ। ਕੋਈ ਨਾਲ ਖੜਾ ਹੋਵੇ ਤਾਂ ਪੀੜ ਵੀ ਘਟ ਜਾਂਦੀ ਆ। ਪਰ ਅਫਸੋਸ ਕਿ ਦੁੱਖ ਦੀ ਘੜੀ ‘ਚ ਅਸੀਂ ਬਹੁਤ ਵਾਰ ਦੂਜਿਆਂ ਨੂੰ ਕੱਲੇ ਛੱਡ...
ਦਿੰਨੇ ਆਂ। ਕਿਸੇ ਨੂੰ ਦਿਮਾਗੀ ਤੌਰ ਤੇ ਬੀਮਾਰ ਕਹਿ ਕੇ ਮਜ਼ਾਕ ਉਡਾਉਣ ਨਾਲ ਅਸੀਂ ਉਸ ਇਨਸਾਨ ਨੂੰ ਹੋਰ ਵੀ ਕਮਜ਼ੋਰ ਕਰ ਦਿੰਨੇ ਆਂ। ਇਹੋ ਜਿਹੀ ਹਾਲਤ ਵਿੱਚ ਦਵਾਈ ਤੋਂ ਵੀ ਕਿਤੇ ਜਿਆਦਾ ਸਾਨੂੰ ਆਪਣਿਆਂ ਦੀ ਲੋੜ ਹੁੰਦੀ ਆ ਜੋ ਸਾਡੇ ਦੁੱਖ ਦਰਦ ਨੂੰ ਸਮਝ ਕੇ ਤੰਦਰੁਸਤ ਹੋਣ ਵਿੱਚ ਸਾਡੀ ਮੱਦਦ ਕਰਨ।
ਆਪਣੇ ਕਿਸੇ ਵੀ ਭੈਣ ਭਰਾ, ਦੋਸਤ ਮਿੱਤਰ, ਰਿਸ਼ਤੇ ਜਾਂ ਫਿਰ ਜਾਣ ਪਹਿਚਾਣ ਵਿੱਚ ਕਦੇ ਵੀ ਤੁਹਾਨੂੰ ਲੱਗੇ ਕਿ ਕਿਸੇ ਨੂੰ ਮਾਨਸਿਕ ਤੌਰ ਤੇ ਸਾਡੀ ਲੋੜ ਹੈ ਤਾਂ ਇੱਕ ਵਾਰ ਸਭ ਕੁਛ ਭੁੱਲ ਕੇ ਉਹਦਾ ਸਾਥ ਦਿਉ ਕਿਉਂਕਿ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ।ਕਿਸੇ ਨੂੰ ਮੈਂਟਲੀ ਸਿੱਕ ਕਹਿ ਕੇ ਅਸੀਂ ਆਪਣੇ ਆਪ ਨੂੰ ਇੱਕ ਪਲ ਦੀ ਖੁਸ਼ੀ ਤਾਂ ਦੇ ਸਕਦੇ ਆਂ ਪਰ ਜ਼ਿੰਦਗੀ ਭਰ ਦਾ ਸਕੂਨ ਨਹੀਂ।
ਸਿੱਧੂ ਰਮਨ