ਅੱਜ ਮਿੰਦੋ ਹੱਥ ‘ਚ ਲੱਡੂਆਂ ਦਾ ਡੱਬਾ ਲਈ ਖੜੀ ਸੀ, ੳਹਦੇ ਮੁੱਖ ਤੇ ਡਾਹਡਾ ਨੂਰ ਸੀ …ਉਹਨੇ ਆਖਿਆ ਕਿ,” ਮੇਰੀ ਸਭ ਤੋਂ ਛੋਟੀ ਧੀ ਨੇ ਬਾਹਰੋਂ ਪੇਪਰ ਭਰੇ ਸੀ ਮੇਰਾ ਤੇ ਮੇਰੀਆ ਹੋਰਾਂ ਧੀਆਂ ਦਾ ਵੀਜ਼ਾ ਲੱਗਿਆ ਏ ਸਰਦਾਰਨੀਏ ! ਖੌਰੇ ਕੀ ਆਹਦੇ ਆ ਮੈਨੂੰ ਤਾਂ ਕਹਿਣਾ ਨਹੀ ਆਉਦਾ?” ਉਹ ਇੰਨਾ ਆਖ ਘਰ ਚਲੀ ਗਈ ਮੈਨੂੰ ਪੰਜ ਵਰ੍ਹੇ ਪਹਿਲਾ ਦੀ ਉਹ ਸਵੇਰ ਯਾਦ ਆਈ ਜਦ ਪਿੰਡ ‘ਚ ਹਰੇਕ ਕੋਲ ਇੱਕ ਹੀ ਗੱਲ ਸੀ ਕਿ ਮਿੰਦੋ ਦੀ ਕੁੜੀ ਕਿਸੇ ਨਾਲ ਰਾਤੀ ਨੱਠ ਗਈ ਏ, ਸੁਣ ਕੇ ਧੱਕਾ ਤਾ ਲੱਗਿਆ ਈ ਪਰ ਜੋ ਜਨਾਨੀਆ ਵਧਾ-ਚੜਾ ਕੇ ਆਖ ਰਹੀਆ ਸਨ ਉਹਦੇ ਨਾਲ ਮਨ ਹੋਰ ਜਿਆਦਾ ਵਲੂੰਧਰਿਆਂ ਗਿਆ ….ਮਿੰਦੋ ਸਾਡੇ ਘਰ ਕੰਮ ਕਰਦੀ ਸੀ, ਬੜੀ ਹੀ ਨੇਕ ਤੇ ਮਿੱਠੜੇ ਸੁਭਾਅ ਦੀ ਵਾਲੀ ਔਰਤ, ਉਹਦਾ ਨਾਲਦਾ ਬੜੇ ਸਾਲ ਪਹਿਲਾਂ ਗੋਦੀ ਚਾਰ ਧੀਆਂ ਛੱਡ ਐਸਾ ਬਾਹਰਲੇ ਮੁਲਕ ਗਿਆ ਕਿ ਮੁੜ ਪਰਤਿਆ ਹੀ ਨਾ ….ਖੌਰੇ ਉਧਰ ਹੀ ਵਿਆਹ ਕਰਵਾ ਲਿਆ ਜਾ ਫਿਰ ਮਰ-ਖਪ ਗਿਆ ਇਹਦੇ ਬਾਰੇ ਕੋਈ ਨਹੀ ਜਾਣਦਾ ਸੀ, ਉਹਦੇ ਕੱਲੀ ਸਿਰ ਧੀਆਂ ਦਾ ਫ਼ਿਕਰ ਸੀ….ਮੈਂ ਬਥੇਰਾ ਆਖਣਾ ਕਿ,” ਧੀਆਂ-ਪੁੱਤਾਂ ਦੇ ਚਾਅ ਕਰੀਦੇ ਹੁੰਦੇ ਆ ਮਿੰਦੋ ਨਾ ਕਿ ਫ਼ਿਕਰ।” ਪਰ ਉਹਨੇ ਮਸੋਸਿਆ ਜਿਆ ਮੂੰਹ ਕਰ ਆਖਣਾ,” ਸਰਦਾਰਨੀਏ ! ਗਰੀਬਾਂ ਦੇ ਕਾਹਦੇ ਚਾਅ ?? ਇਹ ਵੀ ਅਮੀਰਾ ਦੇ ਹੁੰਦੇ ਆ।” ਇਹ ਸੁਣ ਮਨ ਹੀ ਮਨ...
ਰੱਬ ਤੇ ਗੁੱਸਾ ਆਉਣਾ ਕਿ ਜਿੱਥੇ ਇੰਨੇ ਦੁੱਖ ਦਿੱਤੇ ਉੱਥੇ ਲਾਣੇਦਾਰ ਤਾਂ ਕੋਲ ਰਹਿੰਦਾ ਇਹਦੇ ਕਿਉਕਿ ਸਿਰ ਦਾ ਸਾਈ ਨਾਲ ਹੋਵੇ ਤੀਵੀਂ ਗਰੀਬੀ ਵੀ ਖਿੜੇ ਮੱਥੇ ਸਹਿ ਲੈਦੀ ਆ। ਉਹ ਬੜੇ ਘਰਾਂ ਦਾ ਕੰਮ ਕਰਦੀ ਸੀ…ਉਹਨੇ ਤਿੰਨ ਧੀਆਂ ਦੇ ਕਾਰਜ ਬੜੇ ਵਧੀਆ ਕੀਤੇ ਤੇ ਚੋਥੀ ਨੂੰ ਵੱਡੇ ਸਕੂਲੇ ਲਾ ਦਿੱਤਾ ਸੀ ਹੁਣ ਉਹ ਆਈਲੈਟਸ ਕਰਨ ਸ਼ਹਿਰ ਲੱਗੀ ਸੀ ….ਬੜੀਆਂ ਉਮੀਦਾ ਸਨ ਮਿੰਦੋ ਨੂੰ ਉਹਦੇ ਤੋਂ ਪਰ ਉਹਨੇ ਬੈਂਡ ਆਇਆ ਤੇ ਵੱਡੀ ਜ਼ਾਤ ਵਾਲੇ ਮੁੰਡੇ ਨਾਲ ਘਰਦਿਆਂ ਤੋਂ ਚੋਰੀ ਵਿਆਹ ਕਰਵਾ ਲਿਆ ਤੇ ਉਹ ਤਕੜੇ ਜ਼ਿਮੀਦਾਰ ਦੇ ਮੁੰਡੇ ਨੂੰ ਕਦ ਕਨੇਡਾ ਲੈ ਗਈ, ਇਹਦੇ ਤੋਂ ਮਿੰਦੋ ਤੇ ਉਹਦੀਆ ਧੀਆਂ ਅਣਜਾਣ ਸਨ ਕਿਉਕਿ ਜ਼ਾਤ ਤੋਂ ਬਾਹਰ ਵਿਆਹ ਕਰਵਾਉਣ ਕਰਕੇ ਸਭ ਧੀਆਂ ਦੇ ਸਹੁਰੇ ਨਰਾਜ਼ ਸਨ ਤੇ ਮਿੰਦੋ ਖੁਦ ਵੀ।
ਪਰ ਅੱਜ ਵੀਜ਼ਾ ਆਏ ਤੇ ਇਹ ਜਾਤ-ਪਾਤ ਕਦ ਖੰਭ ਲਾ ਉੱਡ ਗਈ, ਜੇ ਕਿਧਰੇ ਉਹ ਧੀ ਇੱਧਰ ਹੀ ਰਹਿੰਦੀ ਕੀ ਮਿੰਦੋ ਤੇ ਉਹਦੀਆਂ ਹੋਰ ਧੀਆ ਉਸ ਉੱਧਲ ਗਈ ਧੀ ਨਾਲ ਵਰਤਦੀਆ ???
ਇਹਦਾ ਜੁਆਬ ਮੈਨੂੰ ਸਾਰਾ ਦਿਨ ਨਾ ਮਿਲਿਆ ਤੇ ਸ਼ਾਇਦ ਕਦੇ ਨਾ ਹੀ ਮਿਲੇ ।
ਕਮਲ ਕੌਰ