ਨੋਟ : ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ
ਚੁੱਪ
ਮੇਰਾ ਰਾਜ ਕੁਮਾਰ , ਮੇਰਾ ਰਾਜ ਕੁਮਾਰ
ਕਰਾਂ ਬਹੁਤ ਮੈਂ ਪਿਆਰ , ਮੇਰਾ ਰਾਜ ਕੁਮਾਰ
ਕਰਾਂ ਬਹੁਤ ਪਿਆਰ ਹੈ !
ਸੰਤੋਸ਼ ਰਾਹੁਲ ਨੂੰ ਲੋਰੀਆਂ ਦਿੰਦੀ ਪਿੱਠ ਥਪ ਥਪਾ ਕੇ ਸੁਲਾਉਂਣ ਦੀ ਕੋਸ਼ਿਸ਼ ਕਰ ਰਹੀ ਸੀ ।
“ਮੰਮਾ ਰੁਕ ਗਏ ਗਾਤੇ ਰਹੋ”
ਮੇਰਾ ਰਾਜ ਕੁਮਾਰ ,
ਮੇਰਾ ਰਾਜ ਕੁਮਾਰ
ਕਰਾਂ ਬਹੁਤ ਮੈਂ ਪਿਆਰ ,
ਮੇਰਾ ਰਾਜ ਕੁਮਾਰ,
ਮੇਰਾ ਪੁੱਤ ਵੱਡਾ ਹੋ ਕੇ ਪਾਇਲਟ ਬਣੇਗਾ ਫਿਰ ਮੇਰਾ ਬਹੁਤ ਆਪਣਾ ਜਹਾਜ ਸਾਡੇ ਕੋਠੇ ਉਪਰੋਂ ਦੀ ਲੈ ਕੇ ਜਾਇਆ ਕਰੇਗਾ ਅਤੇ ਆਪਣੀ ਮੰਮੀ ਨੂੰ ਬਾਏ ਕਰਕੇ ਜਾਇਆ ਕਰੇਗਾ ਮੇਰਾ ਰਾਜ ਦੁਲਾਰਾ ।
ਸੰਤੋਸ਼ ਕਿੰਨੀ ਦੇਰ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹੀ ਰਾਹੁਲ ਦੀ ਪਿੱਠ ਥਪਾਉਂਦੀ ਰਹੀ ਤੇ ਰਾਹੁਲ ਪਤਾ ਨਹੀਂ ਕਦੋਂ ਸੌਂ ਗਿਆ ਸੀ ।
ਸੰਤੋਖ ਰਾਹੁਲ ਦੇ ਮੱਥੇ ਤੇ ਪਿਆਰੀ ਜਿਹੀ ਕਿਸੀ ਕਰਦੀ ਹੋਈ ਬੋਲੀ
” ਰਾਹੁਲ ਦੇ ਪਾਪਾ ਅਸੀਂ ਕੱਲ ਰਾਹੁਲ ਦਾ ਜਨਮਦਿਨ ਬੜੀ ਧੂਮਧਾਮ ਨਾਲ ਮਨਾਵਾਂਗੇ । ਮੇਰਾ ਰਾਜ ਦੁਲਾਰਾ ਕਹਿ ਰਿਹਾ ਸੀ ਕਿ ਮੈਂ ਇਸ ਵਾਰ ਆਪਣੇ ਜਨਮਦਿਨ ਤੇ ਰਾਈਡਿੰਗ ਕਾਰ ਲੈਣੀ ਹੈ । ਇਸ ਜਨਮ ਦਿਨ ਤੇ ਅਸੀਂ ਇਸ ਨੂੰ ਜੋ ਮੰਗੇਗਾ ਉਹ ਲੈ ਦੇਵਾਗੇ ” ।
“ਕਿਉਂ ਨੀ ਜ਼ਰੂਰ ਲੈ ਕੇ ਦੇਵਾਂਗੇ
ਸੁਖ ਨਾਲ ਸਾਡਾ ਇੱਕੋ-ਇੱਕ ਪੁੱਤ ਇਸ ਦੀ ਹਰ ਰੀਝ ਪੂਰੀ ਕਰਨੀ ਹੈ”
ਸੁਰੇਸ਼ ਨੇ ਵੀ ਰਾਹੁਲ ਦੇ ਮੱਥੇ ਤੇ ਪਿਆਰੀ ਜਿਹੀ ਕਿਸ ਕਰਦੇ ਹੋਏ ਕਿਹਾ
ਦੋਵਾ ਨੂੰ ਰਾਹੁਲ ਦੀਆਂ ਗੱਲਾਂ ਕਰਦਿਆਂ-ਕਰਦਿਆਂ ਨੂੰ ਕਦੋਂ ਨੀਂਦ ਆ ਗਈ ਤੇ ਕਦੋ ਦਿਨ ਚੜ ਗਿਆ ਕੁਝ ਪਤਾ ਹੀ ਨਹੀਂ ਚੱਲਿਆ ।
ਇੱਕ ਮਾਂ ਦੀ ਆਪਣੀ ਔਲਾਦ ਪ੍ਰਤੀ ਪਿਆਰ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਕਿਤੇ ਨਹੀਂ ਮਿਲ ਸਕਦੀ ਇਕ ਮਾਂ ਰੱਬ ਨੂੰ ਭੁੱਲ ਸਕਦੀ ਹੈ ਪਰ ਆਪਣੀ ਔਲਾਦ ਨੂੰ ਕਦੀ ਨਹੀਂ ਭੁੱਲ ਸਕਦੀ ਤਾਂ ਹੀ ਕਿਸੇ ਸ਼ਾਇਰ ਨੇ ਲਿਖਿਆ ਹੈ
” ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ
ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਸੁੱਕ ਜਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ ”
ਸੰਤੋਸ਼ ਸਾਰੀ ਰਾਤ ਰਾਹੁਲ ਦੇ ਸੁਪਨਿਆਂ ਚ ਖੋਈ ਸਵੇਰੇ 5 ਵਜੇ ਉੱਠਦੀ ਹੈ ਸਭ ਤੋਂ ਪਹਿਲਾਂ ਰਾਹੁਲ ਦਾ ਮੱਥਾ ਚੁੰਮ ਦੀ ਹੈ ਤੇ ਬਾਕੀ ਦੇ ਕੰਮਾਂ ਵਿਚ ਰੁੱਝ ਜਾਂਦੀ ਹੈ ।
“ਰਾਹੁਲ ਬੇਟਾ ਉੱਠੋ । ਆਜ ਸਕੂਲ ਨਹੀਂ ਜਾੳਗੇ । ਉਠੌ ਜਲਦੀ ਮੇਰਾ ਰਾਜ ਕੁਮਾਰ”।
ਸੰਤੋਸ਼ ਸੁਰੇਸ਼ ਨੂੰ ਚਾਹ ਦਾ ਕੱਪ ਹੱਥ ਵਿਚ ਫੜਾਉਂਦਿਆਂ ਕਹਿ ਰਹੀ ਹੈ
” ਨਹੀਂ ਮੰਮਾ ਆਜ ਮੈਂ ਸਕੂਲ ਨਹੀਂ ਜਾਊਗਾ ”
ਰਾਹੁਲ ਅੱਧ ਕੱਚੀ ਨੀਂਦ ਅੰਗੜਾਈਆਂ ਲੈਂਦਾ ਬੋਲਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਕ ਹੂਰ ਆਪਣੇ ਮਹੱਲਾਂ ਵਿਚ ਕਲੀਆਂ ਸੰਗ ਖੇਲ ਰਹੀ ਹੋਵੇ
” ਨਹੀਂ ਬੇਟਾ ਐਸੇ ਨਹੀਂ ਬੋਲਤੇ ਸਕੂਲ ਨਹੀਂ ਜਾਓਗੇ ਤੋਂ ਪਾਇਲਟ ਕੈਸੇ ਬਨੌਗੇ”
ਸੰਤੋਸ਼ ਰਾਹੁਲ ਦੀ ਯੂਨੀਫਾਰਮ ਅਲਮਾਰੀ ਚੋਂ ਕੱਢਦੇ ਹੋਏ ਬੋਲੀ
“ਨਹੀਂ ਮੰਮਾ ਮੈ ਆਜ ਸਕੂਲ ਨਹੀ ਜਾਓੂਗਾ ਆਜ ਮੇਰਾ ਮਨ ਨਹੀਂ ਕਰ ਰਹਾ”।
ਰਾਹੁਲ ਅੰਗੜਾਈਆਂ ਲੈਂਦਾ ਇਕ ਮਾਸੂਮ ਕਬੂਤਰ ਦੀ ਤਰ੍ਹਾਂ ਆਪਣੀਆਂ ਲੱਤਾਂ ਗਰਦਨ ਵਿਚ ਕਰਕੇ ਫਿਰ ਸੌਂ ਜਾਂਦਾ ਹੈ ।
” ਨਹੀਂ ਬੇਟਾ ਉਠੌ ਜਲਦੀ ਉੱਠੋ ਕੱਲ ਫਿਰ ਹੌਲੀਡੇ ਹੈ”
ਸੰਤੋਸ਼ ਜਬਰਦਸਤੀ ਰਾਹੁਲ ਨੂੰ ਆਪਣੀ ਗੋਦੀ ਵਿਚ ਲੈਂਦੀ ਹੋਈ ਵਾਸ਼ਰੂਮ ਤੱਕ ਲੈ ਜਾਂਦੀ ਅਤੇ ਬਰੱਸ਼ ਕਰਵਾਉਣ ਲਗਦੀ ਹੈ । ਬੁਰਸ਼ ਕਰਵਾਉਣ ਤੋਂ ਬਾਅਦ ਨਹਾ ਧੁਆ ਕੇ ਤੇ ਜੂਨੀਫੋਰਮ ਪਾ ਕੇ ਡਾਈਨਿੰਗ ਟੇਬਲ ਤੇ ਬਿਠਾ ਦਿੰਦੀ ਹੈ ।
“ਮੰਮਾ ਹਮਾਰੇ ਡਰਾਈਵਰ ਅੰਕਲ ਬਹੁਤ ਤੇਜ ਬੱਸ ਚਲਾਤੇ ਹੈ ਵੋ ਸਾਰੀ ਗਾੜੀਓ ਕੋ ਪੀਸ਼ੇ ਛੋੜ ਦੇਤੇ ਹੈ । ਵੋ ਬਹੁਤ ਅੱਛੇ ਹੈ ਮੁਜਸੇ ਬਹੁਤ ਪਿਆਰ ਕਰਤੇ ਹੈ” । ਰਾਹੁਲ ਟੋਸਟ ਖਾਂਦਾ ਹੋਇਆ ਆਉਣੀ ਮੰਮਾ ਨਾਲ ਆਪਣੇ ਡਰਾਈਵਰ ਦੀ ਗੱਲ ਸੁਣਾ ਰਿਹਾ ਹੈ ।
“ਚਲੋ ਚਲੋ ਜਲਦੀ ਚੱਲੋ ਟਾਈਮ ਹੋ ਗਿਆ ਹੈ ਬਸ ਆਨੇ ਹੀ ਵਾਲੀ ਹੈ” ਸੰਤੋਸ਼ ਦੀ ਨਜਰ ਦੀਵਾਰ ਘੜੀ ਤੇ ਪੈਂਦੀ ਹੈ ਜਿਸ ਤੇ ਟਾਇਮ 7:55 ਮਿੰਟ ਹੋਏ ਸੀ ਅਤੇ ਰਾਹੁਲ ਦੀ ਬੱਸ ਪੂਰੇ ਅੱਠ ਵਜੇ ਗੇਟ ਤੇ ਆਉਂਦੀ ਹੈ
“ਚੱਲੌ ਰਾਹੁਲ ਜਲਦੀ ਚਲੋ ਅਪਨਾ ਬੈਗ ਓਠਾਓ , ਵਾਟਰ ਬਾਟਲ ਪਕੜੌ”
ਸੰਤੋਸ਼ ਦੇ ਮਨ ਅੰਦਰ ਕਾਹਲੀ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ ਤੇ ਬਸ ਦਾ ਹਾਰਨ ਲਗਾਤਾਰ ਵੱਜ ਰਿਹਾ ਸੀ ।
“ਬਾਏ ਪਾਪਾ ਮੈ ਜਾ ਰਹਾ ਹੂੰ”
“ਬਾਏ ਮੇਰਾ ਸ਼ੇਰ ਬੇਟਾ ਧਿਆਨ ਸੇ ਜਾਨਾ”
ਰਾਹੁਲ ਆਪਣੇ ਪਾਪਾ ਨੂੰ ਬਾਏ ਕਰਦਾ ਘਰ ਦਾ ਦਰਵਾਜਾ ਟੱਪਿਆ ਹੀ ਸੀ ਕੇ ਅਚਾਨਕ ਸੰਤੋਸ਼ ਨੂੰ ਯਾਦ ਆਉਂਦਾ ਹੈ
“ਰੁਕੋ ਬੇਟਾ ਫਿਰ ਭੂਲ ਗਈ ਆਜ ਮੈ ਮਾਥੇ ਪੇ ਟੀਕਾ ਲਗਾਨਾ ਰੌਜ ਭੂਲ ਜ਼ਾਤੀ ਹੂ”
ਬੱਸ ਵਾਲੇ ਨੇ ਵੀ ਅੱਜ ਬੜੀ ਕਾਹਲੀ ਪਾਈ ਹੋਈ ਹੈ ਇਹਨੇ ਕੀ ਜਾ ਕੇ ਅੱਗ ਬੁਝਾਉਣੀ ਹੈ , ਉਹ ਆ ਗਈ ਭਰਾਵਾਂ ਸਾਹ ਤਾ ਲੈ ”
ਸੰਤੋਸ਼ ਰਾਹੁਲ ਦੀ ਬਾਂਹ ਫੜੀ ਬੜੀ ਕਾਹਲੀ ਨਾਲ ਤੁਰੀ ਜਾਂਦੀ ਕਹਿ ਰਹੀ ਹੈਂ
” ਰਾਹੁਲ ਆਜ ਸਾਰਾ ਟਿਫਨ ਖਤਮ ਕਰਕੇ ਆਨਾ , ਔਰ ਕਿਸੀ ਸੇ ਜਗੜਾ ਮਤ ਕਰਨਾ”
ਰਾਹੁਲ ਬੱਸ ਵਿਚ ਬੈਠ ਜਾਂਦਾ ਹੈ ਅਤੇ ਆਖਰੀ ਵਾਰ ਬੱਸ ਦੀ ਖਿੜਕੀ ਵਿੱਚੋਂ ਆਪਣੀ ਮੰਮੀ ਨੂੰ ਬਾਏ ਬੋਲਦਾ ਹੈ
“ਬਾਏ ,ਬਾਏ ਮੰਮਾ , ਮੈਂ ਜਾ ਰਹਾ ਹੂੰ ਬਾਏ ਲਵ ਯੂ”
ਬੱਸ ਸਕੂਲ ਲਈ ਰਵਾਨਾ ਹੋ ਜਾਂਦੀ ਹੈ
ਸੰਤੋਸ਼ ਵੀ ਉਦੋਂ ਤਕ ਰਾਹੁਲ ਦੀ ਬੱਸ ਵੱਲ ਦੇਖਦੀ ਰਹਿੰਦੀ ਹੈ ਜਦੋਂ ਤੱਕ ਬੱਸ ਦਾ ਅਕਸ ਧੁੰਦਲਾ ਨਹੀਂ ਹੋ ਜਾਂਦਾ ।
ਰਾਹੁਲ ਨੂੰ ਸਕੂਲ ਛੱਡਣ ਤੋਂ ਬਾਅਦ ਸੰਤੋਸ਼ ਘਰ ਦਾ ਕੰਮ ਕਾਰ ਕਰ ਖ਼ਤਮ ਕਰਕੇ ਅਜੇ ਆਰਾਮ ਕਰਨ ਲਈ ਬੈਠੀ ਹੀ ਸੀ ਕਿ ਅਚਾਨਕ ਫੋਨ ਦੀ ਘੰਟੀ ਵਜਦੀ ਹੈ
“ਟ੍ਰਿੰਗ ਟ੍ਰਿੰਗ ਟ੍ਰਿੰਗ ਤ੍ਰਿੰਗ ”
ਸੰਤੋਸ਼ ਫੋਨ ਪਿਕ ਕਰਦੀ ਹੈ
“ਹੈੱਲੋ”
“ਤੁਸੀਂ ਰਾਹੁਲ ਦੇ ਘਰ ਤੋਂ ਬੋਲ ਰਹੇ ਹੋ ? ” ਅੱਗੋਂ ਜਵਾਬ ਆਇਆ
” ਹਾਂ ਜੀ ! ਤੁਸੀਂ ਕੌਣ ?”
“ਤੁਹਾਡੇ ਬੱਚੇ ਦੀ ਸਕੂਲ ਬੱਸ ਦਾ ਐਕਸੀਡੈਂਟ ਗਲਤ ਹੋ ਗਿਆ ਹੈ ”
ਇਹ ਸੁਣਦਿਆਂ ਸਾਰ ਹੀ ਸੰਤੋਸ਼ ਦੀ ਇੱਕ ਦਰਦ ਭਰੀ ਚੀਕ ਨਿਕਲਦੀ ਹੈ ਤੇ ਉੱਥੇ ਹੀ ਥਾਂ ਤੇ ਹੀ ਡਿਗ ਜਾਂਦੀ ਹੈ
“ਸੰਤੋਸ਼ ਕੀ ਹੋਇਆ ! ਸੰਤੋਸ਼ ਪੁੱਤ ਕੀ ਹੋਇਆ ?”
ਸੰਤੋਸ਼ ਦੀ ਚੀਕ ਸੁਣ ਕੇ ਉਸ ਦੀ ਸੱਸ ਰਤਨਾ ਦੇਵੀ ਭੱਜੀ ਆਉਂਦੀ ਹੈ
“ਸੁਣੋ ਜਲਦੀ ਆਓ ! ਸੰਤੋਸ਼ ਨੂੰ ਦੇਖੋ ਕੀ ਹੋ ਗਿਆ”
ਰਤਨਾ ਦੇਵੀ ਆਪਣੇ ਪਤੀ ਆਤਮਾ ਰਾਮ ਨੂੰ ਅਵਾਜ਼ ਦਿੰਦੀ ਹੈ
ਫੋਨ ਤੇ ਕੋਈ ਲਗਾਤਾਰ ਹੈਲੋ ਹੈਲੋ ਕਰੀ ਜਾ ਰਿਹਾ ਸੀ । ਆਤਮਾ ਰਾਮ ਗੱਲ ਕਰਦਾ ਹੈ
“ਹੈਲੋ ਤੁਸੀਂ ਜਲਦੀ ਸਰਕਾਰੀ ਹਸਪਤਾਲ ਵਿਖੇ ਪਹੁੰਚੋ ਤੁਹਾਡੇ ਬੱਚੇ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਮੈ ਇਸ ਵਖਤ ਫੋਨ ਤੇ ਕੁਝ ਨਹੀਂ ਦੱਸ ਸਕਦਾ ”
ਉਧਰ ਰਤਨਾ ਦੇਵੀ ਸੰਤੋਸ਼ ਨੂੰ ਉਠਾਉਣ ਦੀ ਦੀ ਕੋਸ਼ਿਸ਼ ਕਰ...
ਰਹੀ ਹੈ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਰਹੀ ਹੈ ਥੋੜੀ ਹੋਸ਼ ਆਉਣ ਤੋਂ ਬਾਅਦ ਸੰਤੋਸ਼ ਦੀ ਫਿਰ ਚੀਕ ਨਿਕਲਦੀ ਹੈ
“ਹਾਏ ਮੇਰਾ ਰਾਹੁਲ ! ਹਾਏ ਮੇਰਾ ਰਾਜਕੁਮਾਰ ! ਜਲਦੀ ਨਾਲ ਲੈ ਚੱਲੋ ਮੈਨੂੰ ”
ਆਤਮਾ ਰਾਮ ਜਲਦੀ ਨਾਲ ਗੱਡੀ ਦਾ ਇੰਤਜਾਮ ਕਰਦਾ ਹੈ ਅਤੇ ਤਿੰਨੋਂ ਜਣੇ ਸਰਕਾਰੀ ਹਸਪਤਾਲ ਲਈ ਰਵਾਨਾ ਹੋ ਜਾਂਦੇ ਹਨ ਆਤਮਾ ਰਾਮ ਰਸਤੇ ਵਿਚ ਸੁਰੇਸ਼ ਨੂੰ ਵੀ ਫੋਨ ਕਰ ਦਿੰਦਾ ਹੈ ।
ਸੁਰੇਸ਼ ਵੀ ਆਪਣੇ ਆਫਿਸ ਤੋਂ ਹਸਪਤਾਲ ਲਈ ਰਵਾਨਾ ਹੋ ਜਾਂਦਾ ਹੈ
ਜਦੋਂ ਤਿੰਨੇ ਜਾਣੇ ਹਸਪਤਾਲ ਪਹੁੰਚਦੇ ਹਨ ਤਾਂ ਚੀਕ ਚਿਹਾੜਾ ਦੇਖ ਕੇ ਸਭ ਦਾ ਮਨ ਨੂੰ ਹੁਭਕੀ ਰੋ ਰਿਹਾ ਸੀ
” ਕਿਥੇ ਹੈ ਮੇਰਾ ਰਾਹੁਲ ! ਕਿੱਥੇ ਹੈ ਮੇਰਾ ਰਾਜ ਕੁਮਾਰ , ਕਿੱਥੇ ਹੈ, ?”
ਜਲਦੀ ਮਿਲਾਓ ਮੈਨੂੰ !
ਸੰਤੋਸ਼ ਬਹੁਤ ਵਿਰਾਗਮਈ ਵਿਰਲਾਪ ਚ ਰਿਸੈਪਸ਼ਨਿਸਟ ਨੂੰ ਪੁੱਛ ਰਹੀ ਹੈਂ ।
” ਭੈਣ ਜੀ ਹੌਸਲਾ ਰੱਖੋ ਸਭ ਠੀਕ ਹੋ ਜਾਵੇਗਾ ਪਰਮਾਤਮਾ ਤੇ ਭਰੋਸਾ ਰੱਖੋ ”
ਰਿਸੈਪਸ਼ਨਿਸਟ ਸੰਤੋਸ਼ ਨੂੰ ਹੋਂਸਲਾ ਦਿੰਦੀ ਹੋਈ ਕਹਿ ਰਹੀ ਹੈ
” ਕੁਝ ਬੱਚੇ ਐਮਰਜੈਂਸੀ ਰੂਮ ਚ ਅਡਮਿਟ ਹਨ ਤੇ ਜ਼ਿਆਦਾ ਸੀਰੀਅਸ ਬੱਚਿਆਂ ਨੂੰ ਲੁਧਿਆਣਾ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਰਵਾਨਾ ਕਰ ਦਿੱਤਾ ਗਿਆ ਹੈ ਤੇ ਕੁਝ ਬੱਚੇ” ……….
ਸੰਤੋਸ਼ ਰਿਸੈਪਸ਼ਨਿਸਟ ਨੂੰ ਅਣਸੁਣਿਆ ਕਰਕੇ ਐਮਰਜੈਂਸੀ ਵਾਰਡ ਵੱਲ ਭੱਜਦੀ ਹੈ ਸਾਰੇ ਬੱਚਿਆਂ ਨੂੰ ਬੜੀ ਗੌਰ ਨਾਲ਼ ਦੇਖਦੀ ਹੈ ਪਰ ਅਫ਼ਸੋਸ ਉਹ ਉਸਨੂੰ ਆਪਣਾ ਰਾਹੁਲ ਉੱਥੇ ਦਿਖਾਈ ਨਹੀਂ ਦਿੰਦਾ
“ਡੈਡੀ ਤੁਸੀਂ ਜਲਦੀ ਕਰੋ ਲੁਧਿਆਣਾ ਲਈ ਰਵਾਨਾ ਹੋਣ ਦਾ ਇੰਤਜ਼ਾਮ ਕਰੋ !
“ਹਾਏ ਮੇਰਾ ਰਾਹੁਲ ਮੇਰੇ ਤੋਂ ਬਿਨਾਂ ਇਕੱਲਾ ਐਡੀ ਦੂਰ ਕਿੱਦਾਂ ਗਿਆ ਹੋਵੇਗਾ”
ਸੰਤੋਸ਼ ਆਪਣੇ ਸਹੁਰੇ ਆਤਮਾ ਰਾਮ ਨੂੰ ਵਿਰਲਾਪ ਕਰਦਿਆਂ ਕਹਿ ਰਹੀ ਹੈਂ
ਜਿਦਾਂ ਹੀ ਤਿੰਨੋ ਜਾਣੇਂ ਬਾਹਰ ਜਾਣ ਵਾਲੇ ਰਸਤੇ ਵੱਲ ਵਧਦੇ ਹਨ ਤੇ ਰਿਸੈਪਸ਼ਨਿਸਟ ਕਹਿੰਦੀ ਹੈ
“ਰੁਕੋ ਕੁਝ ਬੱਚੇ ਲਾਸ਼ ਘਰ ਵਿੱਚ ਵੀ ਪਏ ਹੋਏ ਨੇ ”
” ਕੀ ਮਤਲਬ ਹੈ ਤੇਰਾ,ਤੇਰੀ ਹਿਮਤ ਕਿੱਦਾਂ ਹੋਈ ਇਹ ਗੱਲ ਕਹਿਣ ਦੀ”
ਸੰਤੋਸ਼ ਨੇ ਬਹੁਤੀ ਗੁੱਸੇ ਭਰੀ ਅਵਾਜ਼ ਰਿਸੈਪਸ਼ਨਿਸਟ ਨੂੰ ਕਿਹਾ
ਇੰਨੇ ਨੂੰ ਸੁਰੇਸ਼ ਵੀ ਪਹੁੰਚ ਜਾਂਦਾ ਹੈ ਅਤੇ ਸੰਤੋਸ਼ ਨੂੰ ਹੌਸਲਾ ਦਿੰਦਾ ਹੈ
“ਭਾਜੀ ਇਕ ਵਾਰ ਮੇਰੀ ਇੱਕ ਬੇਨਤੀ ਸੁਣੋ ਕੁੱਝ ਬੱਚਿਆਂ ਦੀਆਂ ਲਾਸ਼ਾ ਲਾਸ਼ ਘਰ ਵਿੱਚ ਵੀ ਨੇ ਇਕ ਵਾਰ ਤੁਸੀਂ ਸ਼ਨਾਖਤ ਕਰ ਲਓ ਫਿਰ ਤੁਸੀਂ ਲੁਧਿਆਣਾ ਲਈ ਰਵਾਨਾ ਹੋ ਜਾਇਓ”
ਰਿਸੈਪਸ਼ਨਿਸਟ ਦਾ ਵੀ ਕਹਿੰਦੀ ਕਹਿੰਦੀ ਗਲਾ ਭਰ ਆਉਂਦਾ ਹੈ
“ਨਹੀਂ ਸੁਰੇਸ਼ ਤੁਸੀਂ ਚਲੋ ਇਥੇ ਮੇਰਾ ਰਾਹੁਲ ਨਹੀਂ ਹੋ ਸਕਦਾ! ਉਹ ਮੇਰੇ ਤੋਂ ਬਿਨਾਂ ਬਹੁਤ ਰੋ ਰਿਹਾ ਹੋਵੇਗਾ ! ਤੁਸੀਂ ਜਲਦੀ ਚੱਲੋ! ਤੁਸੀਂ ਕੀ ਕਰ ਰਹੇ ਹੋ?”
“ਹਾਂ ਸੰਤੋਸ਼ ਹੌਂਸਲਾ ਰੱਖ ਅਸੀਂ ਚਲਦੇ ਹਾਂ ਲੁਧਿਆਣੇ! ਹੌਂਸਲਾ ਰੱਖ”
ਸੁਰੇਸ਼ ਸੰਤੋਸ਼ ਨੂੰ ਹੌਸਲਾ ਦਿੰਦਾ ਹੋਇਆ ਲਾਸ਼ ਘਰ ਵਲ ਵਧਦਾ ਹੈ । ਲਾਸ਼ ਘਰ ਵਿਚ ਅਜੇ ਵੀ ਕੁਝ ਲਾਸ਼ਾਂ ਪਈਆਂ ਹੋਈਆਂ ਸਨ ਸ਼ਾਇਦ ਜਿਨ੍ਹਾਂ ਦੇ ਮਾਤਾ-ਪਿਤਾ ਅਜੇ ਤੱਕ ਨਹੀਂ ਪਹੁੰਚੇ ਸਨ ।
“ਸੁਰੇਸ਼ ਚਲੋ ਇੱਥੋਂ ! ਇਥੇ ਮੇਰਾ ਰਾਹੁਲ ਨਹੀਂ ਹੋਵੇਗਾ ਮੇਰੇ ਤੋਂ ਬਿਨਾਂ ਉਸਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੋਵੇਗਾ ! ਚਲੋ ਜਲਦੀ ”
ਸੰਤੋਸ਼ ਦਰਦ ਭਰੀ ਅਵਾਜ਼ ਬਾਰ ਬਾਰ ਕਰ ਕਹਿ ਰਹੀ ਸੀ ।
ਸੁਰੇਸ਼ ਜਦੋਂ ਕੰਬਦੇ ਹੋਏ ਹੱਥਾਂ ਨਾਲ ਪਹਿਲਾ ਕੱਪੜਾ ਹਟਾਉਂਦਾ ਹੈ ਤਾ ਤੜਪਦੀ ਬਿਲਕਦੀ ਸੰਤੋਸ਼ ਕਹਿੰਦੀ ਹੈ
” ਮੈ ਕਿਹਾ ਸੀ ਨਾ ਇਥੇ ਮੇਰਾ ਰਾਹੁਲ ਨਹੀਂ ਹੋਵੇਗਾ ਚਲੋ ਜਲਦੀ ਹੁਣ”
ਵਾਰੀ-ਵਾਰੀ ਕਰਕੇ ਸੁਰੇਸ਼ ਸਾਰੇ ਕੱਪੜੇ ਉਠਾਉਂਦਾ ਹੈ ਬੇਹੱਦ ਕਰੁਣਾਮਈ ਵਿਰਲਾਪ ਚ ਸੰਤੋਸ਼ ਨੂੰ ਥੋੜ੍ਹੀ ਤਸੱਲੀ ਵੀ ਹੁੰਦੀ ਹੈ ਪਰ ਜਦੋਂ ਸੁਰੇਸ਼ ਅਖੀਰਲੇ ਬੈੱਡ ਦਾ ਕੱਪੜਾ ਉਠਾਂਉਂਦਾ ਹੈ ਤਾਂ ਇਹ ਸੰਤੋਸ਼ ਦੀ ਆਖ਼ਰੀ ਚੀਕ ਸੀ ਉਸ ਤੋਂ ਬਾਅਦ ਉਹ ਨਾ ਕੁਝ ਬੋਲ ਸਕੀ ਤੇ ਨਾ ਹੀ ਰੋ ਸਕੀ ।
ਇੱਕ ਜ਼ਿੰਦਾ ਲਾਸ਼ ਬਣੀ ਖੜੀ ਦੇਖਦੀ ਰਹੀ । ਸੁਰੇਸ਼ ਵੀ ਕੰਧ ਵਿੱਚ ਸਿਰ ਮਾਰ ਮਾਰ ਕੇ ਰੋ ਰਿਹਾ ਸੀ । ਆਤਮਾ ਰਾਮ ਸੁਰੇਸ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ । ਉਧਰ ਰਤਨਾਂ ਦੇਵੀ ਸੰਤੋਸ਼ ਨੂੰ ਕੁਝ ਬੋਲਣ ਲਈ ਮਜ਼ਬੂਰ ਕਰ ਰਹੀ ਸੀ ਪਰ ਉਹ ਬੁੱਤ ਬਣੀ ਕੰਧ ਨਾਲ਼ ਲੱਗ ਕੇ ਬੈਠੀ ਸੀ ।
” ਸੰਤੋਸ਼ ਪੁੱਤ ਉੱਠ ! ਉੱਠ ਮੇਰੀ ਬੀਬੀ ਧੀ! ਪ੍ਰਮਾਤਮਾ ਦੇ ਭਾਣੇ ਨੂੰ ਸਮਝ ! ਦਿਲ ਤੇ ਪੱਥਰ ਨਾ ਧਰ ”
ਰਤਨਾ ਦੇਵੀ ਸੰਤੋਸ਼ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਬਹੁਤ ਦੇਰ ਹੋ ਚੁੱਕੀ ਸੀ । ਜਿੱਦਾਂ ਹੀ ਰਤਨਾ ਦੇਵੀ ਸੰਤੋਸ਼ ਦੇ ਸਿਰ ਤੇ ਹੱਥ ਲਾਉਂਦੀ ਹੈ ਤੇ ਸੰਤੋਸ਼ ਜ਼ਮੀਨ ਤੇ ਡਿੱਗ ਪੈਂਦੀ ਹੈ । ਸੰਤੋਸ਼ ਵੀ ਆਪਣੇ ਰਾਜ ਕੁਮਾਰ ਦਾ ਵਿਛੋੜਾ ਨਾ ਸਹਿ ਸਕੀ ਉਹ ਵੀ ਆਪਣੇ ਜਿਗਰ ਦੇ ਟੋਟੇ ਨਾਲ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ ਸੀ ।
ਭਾਵੇਂ ਉਹ ਦੋਵੇਂ ਇਸ ਸੰਸਾਰ ਵਿਚ ਇਕੱਠੇ ਨਹੀਂ ਆਏ ਸੀ ਪਰ ਇਸ ਸੰਸਾਰ ਨੂੰ ਇਕੱਠਿਆਂ ਅਲਵਿਦਾ ਕਹਿ ਗਏ ।
ਉਸ ਦਿਨ ਹਸਪਤਾਲ ਵਿੱਚ ਇੱਕ ਨਹੀਂ ਸਗੋਂ ਇੱਕੋ ਪਰਵਾਰ ਵਿੱਚ ਦੋ ਲਾਸ਼ਾਂ ਨਿਕਲੀਆਂ । ਇਹ ਲਾਸ਼ਾ ਦੀ ਜੋੜੀ ਮੈ ਤੇ ਪੁੱਤ ਦੀ ਜੋੜੀ ਸੀ ।
ਇਸ ਮਹਾਨ ਆਤਮਾ ਨੇ ਕਹਾਵਤ ਨੂੰ ਸੱਚ ਕਰ ਦਿਖਾਇਆ ।
“ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆ ਜਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਵੇ”
ਤੇ ਦੂਸਰੇ ਦਿਨ ਨੂੰ ਅਖ਼ਬਾਰ ਦੇ ਪੰਨੇ ਤੇ ਇੱਕ ਕੋਨੇ ਚ ਖ਼ਬਰ ਆਉਂਦੀ ਹੈ ਕਿਸੇ ਨਿੱਜੀ ਸਕੂਲ ਦੀ ਬੱਸ ਹਾਦਸਾਗ੍ਰਸਤ ਜਿਸ ਵਿਚ ਪੰਜ ਬੱਚਿਆਂ ਦੀ ਮੌਤ ਤੇ ਕੁਝ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ।
ਸੰਤੋਸ਼ ਦੀ ਆਪਣੇ ਪੁੱਤ ਦੀ ਲਾਸ਼ ਤੱਕਣ ਤੋਂ ਬਾਅਦ ਜਿੰਨੀ ਕੁ ਜ਼ਿੰਦਗੀ ਬਚੀ ਸੀ ਉਸ ਦੌਰਾਨ ਉਹ ਜਿੰਦਾ ਲਾਸ਼ ਬਣ ਕੇ ਰਹਿ ਗਈ ਸੀ ਕੁਝ ਬੋਲ ਤਾਂ ਨਹੀਂ ਸਕੀ ਸੀ ਪਰ ਆਪਣੇ ਪੁੱਤ ਨੂੰ ਯਾਦ ਕਰਦਿਆਂ ਉਸਦੇ ਆਖਰੀ ਬੋਲ ਹੀ ਹੋਣਗੇ……..
“ਬਾਏ ਮੰਮਾ ਮੈ ਜਾ ਰਹਾ ਹੂੰ ”
“ਬਾਏ ਬੇਟਾ , ਧਿਆਨ ਸੇ ਜਾਨਾ ”
“ਔਰ ਹਾਂ ! ਆਜ ਟਿਫਨ ਸਰ ਖਤਮ ਕਰਕੇ ਆਨਾ ”
“ਨਹੀਂ ਸੁਨੂੰਗੀ ਮੈਂ ਕੋਈ ਬਹਾਨਾ ”
ਇਹਨਾਂ ਸ਼ਬਦਾਂ ਨਾਲ ਤਾਰਾ ਵਿਚ ਆਕਾਸ਼ ਹੋ ਗਿਆ
ਹਾਏ ਮੇਰਾ ਪੁੱਤ ਮੇਰੇ ਸਾਹਮਣੇ ਹੀ ਲਾਸ਼ ਹੋ ਗਿਆ
ਹਾਏ ਮੇਰਾ ਲਾਲ…..
ਇੱਕ ਹਾਉਕਾ ਇੱਕ ਆਹ ਜਿਹੀ ਤਾਂ ਭਰੀ ਹੋਏਗੀ
ਮੈਨੂੰ ਆ ਕੇ ਸੀਨੇ ਨਾਲ ਲਾ ਲੋ ਮੰਮਾ
ਇਕ ਆਸ ਜਿਹੀ ਤਾਂ ਕਰੀ ਹੋਏਗੀ
ਮੈ ਸਮੇ ਸਿਰ ਕਿਉਂ ਨਾ ਪਹੁੰਚੀ
ਖ਼ਬਰੇ ਏਸੇ ਗੱਲੋਂ ਉਹ ਨਿਰਾਸ਼ ਹੋ ਗਿਆ
ਹਾਏ ਮੇਰਾ ਮੇਰੇ ਸਾਹਮਣੇ ਹੀ ਲਾਸ਼ ਹੋ ਗਿਆ
ਹਾਏ ਮੇਰਾ ਲਾਲ ….
ਅਸੀਂ ਕੀਤਾ ਤੁਸੀਂ ਕੀਤਾ ਕਿਸਨੇ ਕੀਤਾ
ਚਲੋ ਛੱਡੋ !
ਜਦੋਂ ਤਕ ਉਹ ਨੋਟ ਗਿਣਦੇ ਨੇ
ਕੋਈ ਮੇਰੇ ਪੁੱਤ ਦੀ ਲਾਸ਼ ਤਾ ਕੱਢੋ
ਹਾਏ ਮੇਰਿਆ ਰੱਬਾ !
ਅੱਜ ਤੇਰੀ ਖੁਦਾਈ ਤੋਂ ਵੀ
ਪਰਦਾ ਫਾਸ਼ ਹੋ ਗਿਆ
ਹਾਏ ਮੇਰਾ ਪੁੱਤ ਮੇਰੇ ਸਾਹਮਣੇ ਹੀ ਲਾਸ਼ ਹੋ ਗਿਆ
ਹਾਏ ਮੇਰਾ ਲਾਲ ਅੱਜ ਮੇਰੇ ਸਾਹਮਣੇ ਹੀ ਲਾਸ਼ ਹੋ ਗਿਆ
ਗੁਰਿੰਦਰ ਸਫ਼ਰੀ
7889011847