——— ਖਿਲਾਰਾ ( ਕਹਾਣੀ ) ———-
ਬਾਪੂ, ਅੱਜ ਮੇਰੇ ਪਾਤੜਾ ਵਾਲੇ ਦੋਸਤ ਤੇ ਉਸਦੇ ਡੈਡੀ ਨੇ ਮਿਲਣ ਆਉਣਾ ਹੈ, ਕਿਤੇ ਕੋਈ ਵੱਧ ਘਾਟ ਨਾ ਬੋਲ ਦੇਈਂ। ਉਹ ਬੜਾ ਚੰਗਾ ਤੇ ਸੁਲਝਿਆ ਹੋਇਆ ਪਰਿਵਾਰ ਹੈ। ਕਨੇਡਾ ਤੋਂ ਆਇਆ ਹੈ ਸਾਰਾ
ਪਰਿਵਾਰ, ਉਹ ਤਾਂ ਆਪਣੇ ਨਾਲ ਚੰਗੇ ਸੰਬੰਧ ਨੇ ਉਹਨਾਂ ਦੇ ਮੁੰਡੇ ਦੇ ਕਾਲਜ ਟਾਇਮ ਦੇ। ਨਹੀਂ ਤਾਂ ਉਹਨਾਂ ਦਾ ਆਪਣੇ ਨਾਲ ਕੀ ਮੇਲ?
ਨਾਲੇ ਬਾਪੂ ਤੂੰ ਇਉਂ ਕਰ ਜੇ ਮੇਰੀ ਮੰਨੇ ਤਾਂ ਹੁਣ ਨਹਾ ਧੋ ਕੇ ਪੱਗ ਬੰਨੵ ਲੈ ਤੇ ਨਾਲੇ ਚਿੱਟਾ ਕੁੜਤਾ ਪਜਾਮਾ ਪਾ ਲੈ। ਪੂਰਾ ਟਿੱਚਨ ਬਣ ਕੇ ਰਹੀਂ ਤੇ ਐਵੇਂ ਬੈੱਡ ਤੇ ਕੱਪੜੇ ਨਾ ਖਿਲਾਰ ਦੇਵੀਂ, ਐਵੇਂ ਭੈੜਾ ਲੱਗਦਾ ਦੇਖਣ ਵਾਲੇ ਨੂੰ। ਅਗਲੇ ਕੀ ਕਹਿਣਗੇ ਕਿ ਇਹਨਾਂ ਦੇ ਘਰੇ ਤਾਂ ਭੋਰਾ ਸਫਾਈ ਨਹੀਂ। ਨਾਲੇ ਬਾਹਰਲੇ ਲੋਕ ਤਾਂ ਸਫਾਈ ਦਾ ਧਿਆਨ ਹੀ ਬਾਹਲਾ ਰੱਖਦੇ ਨੇ ਤੇ ਪੂਰੇ ਡੀਸਿਪਲਿਨ ਵਿੱਚ ਰਹਿੰਦੇ ਨੇ।
ਇੱਕ ਗੱਲ ਬਾਪੂ ਤੈਨੂੰ ਮੈਂ ਹੋਰ ਦੱਸਣੀ ਭੁੱਲ ਗਿਆ ਕਿ ਉਹਨਾਂ ਸਾਹਮਣੇ ਬਹੁਤਾ ਬੋਲੀ ਨਾ। ਮਤੇ ਕਿਤੇ ਕੋਈ ਜਬਾਨ ਫਿਸਲਣ ਨਾਲ ਵੱਧ ਘੱਟ ਬੋਲਿਆ ਗਿਆ ਤਾਂ ਅਗਲੇ ਕਹਿਣਗੇ ਜਵਾਂ ਹੀ ਅਨਪੜ੍ਹ ਟੋਲਾ ਹੈ। ਨਾਲੇ ਮੇਰੇ ਦੋਸਤ ਦਾ ਡੈਡੀ ਤਾਂ ਪੁਰਾਣੇ ਸਮਿਆਂ ਵੇਲੇ ਦੀਆਂ ਚੌਦਾ ਪੜਿਆ ਹੋਇਆ ਹੈ ਤੇ ਚੰਗਾ ਵਿਦਵਾਨ ਲੱਗਦਾ ਹੈ ਮੈਨੂੰ ਤਾਂ। ਚੱਲ , ਹੁਣ ਮੈਂ ਦੁਕਾਨ ਤੋਂ ਠੰਡਾ ਤੇ ਹੋਰ ਨਿਕਸੁੱਕ ਲੈ ਆਵਾਂ, ਤੂੰ ਜਲਦੀ ਨਾਲ ਤਿਆਰ ਹੋ ਜਾ ਤੇ ਮੇਰੀਆਂ ਕਹੀਆਂ ਹੋਈਆਂ ਗੱਲਾਂ ਪੱਲੇ ਨਾਲ ਬੰਨ੍ਹ ਲਈ ਤੇ ਹੁਣ ਮੈਂ ਬੀਬੀ ਨੂੰ ਵੀ ਦੁਬਾਰਾ ਸਭ ਕੁੱਝ ਸਮਝਾ ਦਿਆਂ, ਕਿਤੇ ਕੋਈ ਹਾਨੀ ਨਾ ਹੋ ਜਾਵੇ।
ਦੀਪੂ ਦੇ ਦੁਕਾਨ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਦੋਸਤ ਦਾ ਸਾਰਾ ਪਰਿਵਾਰ ਗੱਡੀ ਤੇ ਉਹਨਾਂ ਦੇ ਘਰੇ ਆ ਜਾਂਦਾ ਹੈ। ਗੱਡੀ ਦੇਖ ਕੇ ਦੀਪੂ ਹੱਥਾਂ ਪੈਰਾਂ ਵਿੱਚ ਆ ਜਾਂਦਾ ਹੈ ਤੇ ਆਪਣੇ ਲੇਟ ਘਰ ਪਹੁੰਚਣ ਤੇ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਹੈ। ਉਹ ਬੜੇ ਲੰਮੇ ਚਿਰ ਮਗਰੋਂ ਆਪਣੇ ਦੋਸਤ ਨੂੰ ਮਿਲਣ ਤੇ ਜੱਫੀ ਪਾ ਕੇ ਮਿਲਦਾ ਹੈ ਤੇ ਉਸਦੇ ਡੈਡੀ ਤੇ ਮੰਮੀ ਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕਰਦਾ ਹੈ।
ਜਿਉਂ ਹੀ ਉਹਨਾਂ ਨੂੰ ਮਿਲਣ ਮਗਰੋਂ ਆਪਣੇ ਬਾਪੂ ਵੱਲ ਦੇਖਦਾ ਹੈ ਕਿ ਉਸਨੇ ਅਜੇ ਪੱਗ ਬੰਨ੍ਹਣੀ ਹੀ ਸ਼ੂਰੂ ਕੀਤੀ ਸੀ ਤੇ ਆਪਣੇ ਪੁਰਾਣੇ ਲਾਹੇ ਕੱਪੜੇ ਉਸੇ ਤਰਾਂ ਬੈੱਡ ਦੀ ਇੱਕ ਗੁੱਠੇ ਦੇਖ ਕੇ ਉਸਦੀ ਖ਼ੁਸ਼ੀ ਅਚਾਨਕ ਹੀ ਗੁੱਸੇ ਵਿੱਚ ਬਦਲ ਗਈ। ਉਹ ਉਹਨਾਂ ਦੀ ਸ਼ਰਮ ਦਾ ਮਾਰਿਆ ਕੁੱਝ ਨਾ ਬੋਲ ਸਕਿਆ। ਦੀਪੂ ਕਾਹਲੀ ਤੇ ਗੁੱਸੇ ਨਾਲ ਰਸੋਈ ਵੱਲ ਨੂੰ ਉਹਨੇ ਦੇ ਖਾਣ ਲਈ ਕੁੱਝ ਲੈਣ ਵਾਸਤੇ ਜਾਂਦਾ ਹੈ।
ਉੱਧਰ ਉਸਦੀ ਬੀਬੀ ਸਟੀਲ ਦੇ ਗਲਾਸ ਪਾਣੀ ਨਾਲ ਭਰ ਕੇ ਥਾਲ ਵਿੱਚ ਤਿਆਰ ਕਰੀ ਬੈਠੀ ਸੀ। ਉਸਨੂੰ ਦੇਖ ਕੇ ਉਹ ਹੋਰ ਹੱਥਾਂ ਪੈਰਾਂ ਵਿੱਚ ਆ ਜਾਂਦਾ ਹੈ। ਉਹ ਖਿੱਝ ਕੇ ਆਪਣੀ ਬੀਬੀ ਨੂੰ ਕਹਿੰਦਾ, ਹਾਏ ਮਾਏ ਮੇਰੀਏ! ਤੈਨੂੰ ਦੱਸਿਆ ਤਾਂ ਮੈ ਸੀ ਕਿ ਕੱਚ ਦੇ ਗਿਲਾਸਾਂ ਵਿੱਚ ਪਾਣੀ ਫੜਾਉਣਾ ਹੈ ਤੇ ਟਰੇ ਕੱਢ ਕੇ ਰੱਖੀਂ, ਪਰ ਤੁਸੀਂ ਪੁਰਾਣੇ ਜ਼ਮਾਨੇ ਦੇ ਲੋਕ ਕਿੱਥੇ ਸਮਝਦੇ ਹੋ? ਓਹ ਵੱਡੇ ਬਾਪੂ ਨੂੰ ਦੇਖ ਲੈ, ਅਜੇ ਪੱਗ ਖਿਲਾਰੀ ਫਿਰਦਾ ਹੈ ਤੇ ਕੱਪੜੇ ਲਾ ਕੇ ਬੈੱਡ ਤੇ ਅਗਲਿਆਂ ਦੇ ਸਾਹਮਣੇ ਸੁੱਟੀ ਬੈਠਾ ਹੈ। ਮੇਰੀ ਤਾਂ ਜਵਾਂ ਹੀ ਇਹਨਾਂ ਨੇ ਲੱਸੀ ਕਰਾ ਦਿੱਤੀਂ।
ਜ਼ਲਦੀ ਨਾਲ ਦੀਪੂ ਕੱਚ ਦੇ ਗਿਲਾਸਾਂ ਨੂੰ ਟਰੇ ਵਿੱਚ ਰੱਖ ਕੇ ਪਾਣੀ ਲੈ ਕੇ ਜਾਂਦਾ ਹੈ। ਪਾਣੀ ਪਿਆ ਕੇ ਦੋ ਮਿੰਟ ਉਹਨਾਂ ਨਾਲ ਗੱਲਾਂ ਮਾਰ ਕੇ ਫਿਰ...
ਠੰਡਾ ਪਿਆਉਣ ਲਈ ਰਸੋਈ ਵਿੱਚ ਜਾਂਦਾ ਹੈ। ਹੁਣ ਠੰਡਾ ਲਿਜਾਣ ਤੋਂ ਪਹਿਲਾਂ ਆਪਣੀ ਬੇਬੇ ਨੂੰ ਕਹਿੰਦਾ ਹੈ ਕਿ ਵਧੀਆ ਚਾਹ ਬਣਾਵੀਂ, ਐਵੇਂ ਕਿਤੇ ਪਾਣੀ ਧਾਣੀ ਨਾ ਬਣਾ ਦੇਵੀਂ। ਤੂੰ ਬੇਬੇ ਦਸ ਮਿੰਟ ਉੱਥੇ ਉਹਨਾਂ ਕੋਲ ਬਹਿ ਕੇ ਫਿਰ ਗੱਲਾਂ ਮਾਰਨ ਮਗਰੋਂ ਚਾਹ ਬਣਾਉਣ ਆ ਜਾਵੀਂ, ਜਦੋਂ ਮੈਂ ਤੈਨੂੰ ਇਸ਼ਾਰਾ ਕੀਤਾ।
“ਬਹਿ ਜਾ ਪੁੱਤਰਾ , ਕੋਈ ਬਹੁਤੀ ਸੇਵਾ ਦੀ ਲੋੜ ਨਹੀਂ , ਆਪਣੀ ਘਰ ਦੀ ਤਾਂ ਗੱਲ ਹੈ,” ਉਸਦੇ ਦੋਸਤ ਦੇ ਡੈਡੀ ਨੇ ਉਸਦੇ ਚਿਹਰੇ ਦੇ ਹਾਵ ਭਾਵ ਪੜ੍ਹ ਕੇ ਕਿਹਾ। ਹਾਂ ਜੀ, ਕਰਦੇ ਹਾਂ ਗੱਲਾਂ ਬੈਠ ਕੇ ਹੁਣ। ਪੰਦਰਾ ਕੁ ਮਿੰਟ ਗੱਲਾਂ ਮਾਰਨ ਮਗਰੋਂ ਉਸਨੇ ਤਿਉੜੀ ਪਾ ਕੇ ਆਪਣੀ ਬੀਬੀ ਨੂੰ ਚਾਹ ਬਣਾਉਣ ਲਈ ਇਸ਼ਾਰਾ ਕੀਤਾ ਤਾਂ ਉਸਦੇ ਡੈਡੀ ਦੇ ਦੋਸਤ ਨੇ ਝੱਟ ਭਾਂਪ ਲਿਆ। ਆਪਸ ਵਿੱਚ ਉਹਨਾਂ ਢੇਰ ਗੱਲਾਂ ਕੀਤੀਆਂ ਤਾਂ ਚਾਹ ਆਈ ਨਾ ਦੇਖ ਕੇ ਦੀਪੋ ਬਾਹਰ ਰਸੋਈ ਵੱਲ ਨੂੰ ਫੇਰ ਗਿਆ। ਮਾਤਾ, ਤੂੰ ਐਨਾ ਟਾਇਮ ਲਾਤਾ। ਕਿੱਥੇ ਬੇਟਾ, ਮੈਂ ਆਖਿਆ ਕਿ ਤੁਸੀਂ ਮੈਨੂੰ ਫਿਰ ਟੋਕਾ ਟਾਕੀ ਕਰੋਗੇ। ਪਾਣੀ ਗਰਮ ਹੈ, ਤੂੰ ਆਪੇ ਚਾਹ ਮਿੱਠਾ ਤੇ ਦੁੱਧ ਪਾ ਲੈ। ਫਿਰ ਸਾਡੀ ਬਣਾਈ ਤੈਨੂੰ ਪਸੰਦ ਨਹੀਂ ਆਉਣੀ। ਮਾਤਾ ਸਾਰੀ ਉਮਰ ਲੰਘ ਗਈ, ਹਾਲੇ ਚੱਜ ਦੀ ਚਾਹ ਨੂੰ ਤੈਨੂੰ ਬਣਾਉਣੀ ਆਈ। ਮੈਨੂੰ ਤਾਂ ਤੁਸੀਂ ਦੋਨਾਂ ਨੇ ਪਾਗਲ ਕਰ ਦਿੱਤਾ ਹੈ। ਉਹਨਾਂ ਦੇ ਘੁਸਰ ਮੁਸਰ ਦੀ ਅਵਾਜ਼ ਅੰਦਰ ਥੋੜੀ ਥੋੜੀ ਉਹਨਾਂ ਨੂੰ ਵੀ ਸੁਣਾਈ ਦੇ ਰਹੀ ਸੀ।
ਦੀਪੂ ਦੇ ਚਿਹਰੇ ਦੀ ਥੋੜੀ ਘਬਰਾਹਟ ਦੇਖ ਕੇ ਉਸਦਾ ਦੋਸਤ ਕਹਿੰਦਾ ਕਿ ਹੁਣ ਤੂੰ ਬੜਾ ਉਚਾਟ ਜਿਹਾ ਰਹਿੰਦਾ ਹੈ। ਕਾਲਜ ਟਾਇਮ ਤਾਂ ਗੱਲ ਨਹੀਂ ਕਰਨ ਦਿੰਦਾ ਸੀ ਕਿਸੇ ਨੂੰ। ਕਿੱਧਰ ਗਈ ਹਾਸੀ ਤੇਰੀ ਓਸ ਵੇਲੇ ਦੀ। ਨਹੀਂ, ਨਹੀਂ ਤੈਨੂੰ ਐਵੇਂ ਭੁਲੇਖਾ ਹੈ। ਆਪਾਂ ਤਾਂ ਓਹੀ ਹੀ ਹਾਂ, ਪਰ ਕਹਿ ਕੇ ਉਹ ਗੱਲ ਵਿੱਚ ਦੱਬ ਲੈਂਦਾ ਹੈ। ਹਾਂ ਦੱਸ ਪੁੱਤ, ਪਰ ਕਹਿ ਕੇ ਤੂੰ ਚੁੱਪ ਹੀ ਹੋ ਗਿਆ। ਨਹੀਂ, ਅੰਕਲ ਜੀ ਕੁੱਝ ਵੀ ਨਹੀਂ। ਤੂੰ ਪੁੱਤ, ਖੁੱਲ ਕੇ ਦੱਸ ਕੀ ਗੱਲ ਹੈ, ਅਸੀਂ ਵੀ ਤੇਰੇ ਕੁੱਝ ਲੱਗਦੇ ਹਾਂ ਆਂਟੀ ਨੇ ਕਿਹਾ। ਕੀ ਦੱਸਾਂ ਅੰਕਲ ਜੀ, ਇਹ ਸਾਡੇ ਬਜੁਰਗ ਪੁਰਾਣੇ ਖਿਆਲਾਂ ਦੇ ਹਨ? ਮੇਰੀ ਇਹਨਾਂ ਨਾਲ ਰੱਚਕ ਘੱਟ ਹੀ ਰਲਦੀ ਹੈ। ਹਰ ਕੰਮ ਇਹ ਪੁੱਠਾ ਕਰਦੇ ਹਨ ਤੇ ਘਰ ਵਿੱਚ ਹਰ ਵੇਲੇ ਖਿਲਾਰਾ ਪਾਈ ਰੱਖਦੇ ਹਨ।
ਦੀਪੇ ਦਾ ਅਸ਼ਾਂਤ ਮਨ ਦੇਖ ਕੇ ਉਸਦੇ ਦੋਸਤ ਦੇ ਡੈਡੀ ਨੇ ਕਿਹਾ ਕਿ ਪੁੱਤ, ਬਾਹਰਲਾ ਖਿਲਾਰਾ ਤਾਂ ਸਮੇਟਿਆ ਜਾ ਸਕਦਾ ਹੈ, ਪਰ ਜੇ ਦੀਪੇ ਪੁੱਤ ਅੰਦਰ ਖਿਲਾਰਾ ਪੈ ਜਾਵੇ ਤਾਂ ਇਸਨੂੰ ਸਮੇਟਣਾ ਔਖਾ ਹੋ ਜਾਂਦਾ ਹੈ। ਬੁਢਾਪੇ ਵਿੱਚ ਅਕਸਰ ਮਨੁੱਖ ਦੇ ਇੰਦਰੇ ਘੱਟ ਕੰਮ ਕਰਨ ਲੱਗਦੇ ਹਨ ਤੇ ਬੁੱਧੀ ਜਵਾਬ ਦੇ ਜਾਂਦੀ ਹੈ। ਤੂੰ ਐਵੇਂ ਇੰਨਾਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਕਿਸੇ ਨੂੰ ਖ਼ੁਸ਼ ਕਰਨ ਲਈ ਆਪਣੇ ਮਾਪਿਆਂ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ। ਆਪਣੇ ਮਾਪਿਆਂ ਨੂੰ ਦੁੱਖੀ ਕਰਕੇ ਦੂਜਿਆਂ ਲਈ ਕੀਤਾ ਦਿਖਾਵਾ ਫਜੂਲ ਹੈ। ਵਾਕਈ ਅੰਕਲ ਜੀ, ਤੁਹਾਡੀਆਂ ਸਿਆਣਪ ਤੇ ਸੂਝ ਭਰੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਦਾ ਖਿਲਾਰਾ ਜਵਾਂ ਹੀ ਸਮੇਟਿਆ ਗਿਆ। ਦੀਪੂ ਦੇ ਮੂੰਹ ਤੇ ਆਈ ਖ਼ੁਸ਼ੀ ਦੀ ਲਹਿਰ ਦੇਖ ਕੇ ਉਸਦਾ ਦੋਸਤ ਉਸਨੂੰ ਝੱਟ ਜੱਫੀ ਵਿੱਚ ਲੈ ਲੈਂਦਾ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761