ਭੂਤਾਂ ਦਾ ਘਰ
ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ ਭੈੜੀ ਕਿਸਮਤ ਉਨ੍ਹਾਂ ਬੱਚਿਆਂ ਦੀ ਨਿਕਲੀ ਮਾਂ ਤੋਂ ਤਾਂ ਦੂਰ ਹੋਏ ਹੀ ਸੀ , ਪਿਓ ਤੋਂ ਵੀ ਦੂਰ ਰਹਿੰਦੇ ਨੇ , ਸੌਦਾਗਰ ਸਿੰਘ ਦਾ ਵੱਡਾ ਪੁੱਤਰ ਜਿਸਨੂੰ ਉਹ ਪਾਲ ਰਹੀ ਸੀ ਦੇ ਸਿਰ ਤੇ ਹੱਥ ਫੇਰਦੀ ਨੇ ਉਸਨੇ ਸੋਚਿਆ । ਇਹ ਮੁੰਡਾ ਦੋ ਸਾਲਾਂ ਦਾ ਹੋ ਗਿਆ ਸੀ ਛੋਟਾ ਜੋ ਸਾਲ ਕੁ ਦਾ ਹੈ ਉਸਨੂੰ ਉਹ ਘਰ ਛੱਡ ਕੇ ਆਈ ਸੀ ।।
ਬੱਸ ਕੰਡਕਟਰ ਸੀਟੀ ਮਾਰਦਾ ਹੈ ਤੇ ਸਾਰੀਆਂ ਸਵਾਰੀਆਂ ਪਿੰਡ ਦਬੜੇ ਉੱਤਰ ਜਾਂਦੀਆਂ ਹਨ ਤੇ ਭਿੰਦਰ ਵੀ ਇੱਥੇ ਉੱਤਰ ਜਾਂਦੀ ਹੈ , ਦੋ ਸਵਾਰੀਆਂ ਹੋਰ ਹੁੰਦੀਆਂ ਭੰਗਚੜੀ ਜਾਣ ਵਾਲੀਆਂ ਜਿਨ੍ਹਾਂ ਵਿੱਚੋਂ ਇੱਕ ਤਾਂ ਪੜ੍ਹਨ ਵਾਲਾ ਮੁੰਡਾ ਹੁੰਦਾ ਤੇ ਦੂਜੀ ਹੁੰਦੀ ਹੈ ਬੇਬੇ ਛੋਟੋ ਜੋ ਉਸਦੇ ਘਰਾਂ ਵਿੱਚੋਂ ਹੀ ਹੁੰਦੀ ਹੈ ਸੋ ਉਸ ਨਾਲ ਸਾਥ ਬਣ ਜਾਂਦਾ ਹੈ ।
ਕੁੜੇ ਭਿੰਦਰ ਤੂੰ ਤਾਂ ਮਹੀਨਾ ਨੀ ਪੈਣ ਦਿੱਤਾ ਸੀ ਤੇ ਹੁਣ ਤਾਂ ਮੈਨੂੰ ਲੱਗਦਾ ਐ , ਪੰਜ ਛੇ ਮਹੀਨਿਆਂ ਬਾਅਦ ਗੇੜਾ ਮਾਰ ਰਹੀ ਏ ।
ਹਾਂ ਬੇਬੇ ਬੱਸ ਧੀਆਂ ਪੁੱਤ ਵੱਡੇ ਹੋ ਗਏ , ਸੌ ਜੰਜਾਲ ਨੇ ਘਰਾਂ ਦੇ ਕਿੱਥੇ ਨਿਕਲਿਆ ਜਾਂਦਾ ਐ , ਭਿੰਦਰ ਨੇ ਹਉਕਾ ਜਿਹੀ ਲੈਂਦੀ ਹੋਈ ਨੇ ਕਿਹਾ ।।
ਸਾਰਾ ਪਿੰਡ ਤੇਰੀਆਂ ਸਿਫ਼ਤਾਂ ਕਰਦਾ ਐ ਬਈ ਕੁੜੀ ਨੇ ਆਵਦੇ ਭਰਾ ਦੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਲਈ ।
ਇਹ ਤਾਂ ਮੇਰਾ ਫਰਜ਼ ਸੀ ਬੇਬੇ ਜਿਸਨੂੰ ਮੈਂ ਹਰ ਹਾਲ ਨਿਭਾਉਣਾ ਐ , ਮੇਰੇ ਰੱਬ ਵਰਗੇ ਭਰਾ ਦੀ ਅੰਸ਼ ਹੈ , ਇਹ ਬੱਚੇ ਤਾਂ ।
ਹੋਰ ਬੇਬੇ ਗੇੜਾ ਮਾਰ ਆਉਨੀ ਏ ਕਿਤੇ ਮੇਰੇ ਭਰਾ ਦੇ ਘਰੇ ਵੀ ,
ਹਾਂ , ਹਾਂ ਜਾ ਆਉਨੀ ਹਾਂ , ਕਦੇ ਕਦੇ ਮੈਂ ਤਾਂ ।।
ਪਰ ਭਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਬੇਬੇ ਝੂਠ ਬੋਲ ਰਹੀ ਹੈ ਪਰ ਓਸ ਨੇ ਗੱਲ ਅਣਗੌਲੀ ਕਰ ਦਿੱਤੀ ।
ਗੱਲਾਂ ਕਰਦੀਆਂ- ਕਰਦੀਆਂ ਉਹ ਘਰਾਂ ਕੋਲ ਆ ਗਈਆਂ , ਘਰੇ ਭਰਾ ਤਾਂ ਨਹੀਂ ਸੀ , ਮਾਂ – ਬਾਪ ਤੇ ਭਾਬੀਆਂ ਰੱਬ ਨੂੰ ਪਿਆਰੇ ਹੋ ਚੁੱਕੇ ਨੇ, ਰੌਣਕਾਂ ਨਾਲ ਭਰਿਆ ਘਰ ਉਸ ਨੂੰ ਸੁੰਨਾਂ- ਸੁੰਨਾਂ ਜਾਪ ਰਿਹਾ ਸੀ , ਉਸਦਾ ਜੀਅ ਕਰਦਾ ਸੀ ,ਉੱਚੀ- ਉੱਚੀ ਭੁੱਬਾਂ ਮਾਰਨ ਨੂੰ ਪਰ ਬੱਚੇ ਕਰਕੇ ਉਸਨੇ ਕੰਟਰੋਲ ਕੀਤਾ ਪਰ ਫਿਰ ਵੀ ਉਹ ਹੰਝੂ ਰੋਕ ਨਾ ਸਕੀ ।।
ਪਰ ਕਹਿੰਦੇ ਨੇ ਕਈ ਬੋਲ ਤੁਹਾਨੂੰ ਮਜਬੂਰ ਕਰ ਦਿੰਦੇ ਨੇ ਬਿਲਕੁਲ ਭਿੰਦਰ ਨਾਲ ਵੀ ਇਵੇਂ ਹੀ ਵਾਪਰਦਾ ਹੈ ਜਦੋਂ ਉਸਦੇ ਭਰਾ ਦਾ ਬੇਟਾ ਕਹਿੰਦਾ ਬੇਬੇ ਇਹ ਕਿਸਦਾ ਘਰ ਹੈ ਤਾਂ ਉਸਦੀਆਂ ਰੋਕੀਆਂ ਹੋਈਆਂ ਭਾਵਨਾਵਾਂ ਬੇਕਾਬੂ ਹੋ ਜਾਂਦੀਆਂ ਹਨ ।।
ਉਹ ਉੱਚੀ – ਉੱਚੀ ਆਪਣੇ ਭਤੀਜੇ ਨੂੰ ਗੱਲਵੱਕੜੀ ‘ ਚ ਲੈ ਕੇ ਧਾਹਾਂ ਮਾਰਨ ਲੱਗ ਜਾਂਦੀ ਐ , ਕਦੇ ਆਪਣੀ ਮਾਂ , ਕਦੇ ਬਾਬਲ , ਕਦੇ ਰੱਬ ਵਰਗੀਆਂ ਭਰਜਾਈਆਂ ਨੂੰ ਯਾਦ ਕਰਦੀ ਐਂ ।
ਆਂਢ – ਗੁਆਂਢ ਦੇ ਲੋਕ ਕੰਧਾਂ ਉੱਤੋਂ ਦੀ ਦੇਖ ਤਾਂ ਲੈਂਦੇ ਐ ਪਰ ਕੋਈ...
ਘਰ ਨੀ ਆਉਂਦਾ ।। ਬੇਬੇ ਰੋਂਦੀ ਕਿਓ ਏ ? ਉਹ ਬੱਚਾ ਪੁੱਛਦਾ ਐ ਤੇ ਫਿਰ ਹੰਝੂ ਪੂੰਝਣ ਲੱਗ ਪੈਂਦੀ ਹੈ , ਭਿੰਦਰ ਹੋਸ਼ ਸੰਭਾਲਦੀ ਐ ਤੇ ਫਿਰ ਰੋਟੀ – ਪਾਣੀ ਦੇ ਆਰ ਵਿੱਚ ਲੱਗ ਪੈਂਦੀ ਐ । ਦੇਖਦੀ ਹੈ ਘਰ ਵਿੱਚ ਕੋਈ ਦਾਲ – ਸਬਜ਼ੀ ਨਹੀਂ ਹੈ ।।
ਚੁਲ੍ਹੇ ਵਿੱਚ ਘੜਵੀ ਵਿੱਚ ਪਈ ਚਾਹ ਵਿੱਚੋਂ ਉਹ ਤੇ ਉਸਦਾ ਭਤੀਜਾ ਚਾਹ ਪੀ ਲੈਂਦੇ ਹਨ , ਫਿਰ ਗਲੀ ਵਿੱਚ ਜੁਆਕਾਂ ਨੂੰ ਅਵਾਜ਼ਾਂ ਮਾਰਦੀ ਐ ਪਰ ਕੋਈ ਜੁਆਕ ਉਸਦੀ ਕੋਈ ਗੱਲ ਨੀ ਸੁਣਦਾ ।।
ਉਹ ਲਾਲਚ ਵੀ ਬਥੇਰੇ ਦਿੰਦੀ ਐ ਕਿ ਅੱਧੇ ਪੈਸਿਆਂ ਦੀ ਦਾਲ ਲਿਆ ਦਿਓ ਤੇ ਅੱਧਿਆਂ ਦਾ ਤੁਸੀਂ ਖਾਣ ਨੂੰ ਲੈ ਆਓ ਜੇ , ਪਰ ਕਿੱਥੇ ਕੋਈ ਜੁਆਕ ਆਖੇ ਨੀ , ਲੱਗਿਆ ।।
ਇੰਨੇ ਨੂੰ ਸੌਦਾਗਰ ਸਿੰਘ ਆਉਂਦਾ ਹੈ , ਪੱਠਿਆਂ ਦੀ ਪੰਡ ਟੋਕੇ ਕੋਲ ਸੁੱਟ ਕੇ , ਸਿਰ ਪਲੋਸ ਕੇ ਕਹਿੰਦਾ ਹੈ , ਭੈਣੇ ਮੈਂ ਲੈ ਕੇ ਆਉਣਾ ਕੋਈ ਦਾਲ ਸਬਜ਼ੀ ਨਾਲੇ ਇਹ ਜਵਾਨ ਨੂੰ ਪਿੰਡ ਵਿਖਾ ਲਿਆਉਣਾ ।।
ਤੈਨੂੰ ਨੀ ਪਤਾ ਭੈਣੇ ਇਨ੍ਹਾਂ ਜੁਆਕਾਂ ਨੇ ਨੀ ਆਉਣਾ ਇਨ੍ਹਾਂ ਦੇ ਘਰਦਿਆਂ ਨੇ ਤਾਂ ਆਪਣੇ ਘਰ ਨੂੰ ਭੂਤਾਂ ਦਾ ਘਰ ਬਣਾ ਦਿੱਤਾ , ਸਾਰੇ ਕਹਿੰਦੇ ਐ , ਬਈ ਇੱਥੇ ਇਨ੍ਹਾਂ ਦੀਆਂ ਬਹੂਆਂ ਦੀਆਂ ਆਤਮਾਵਾਂ ਰਹਿੰਦੀਆਂ ।।
ਕੋਈ ਨੀ ਘਰੇ ਵੜਦਾ ਭੈਣੇ , ਨਾ ਕੋਈ ਸਕਾ , ਨਾ ਆਂਢ – ਗੁਆਂਢ , ਨਾ ਕੋਈ ਬੁੱਢਾ , ਨਾ ਕੋਈ ਬੱਚਾ ।।
ਸਾਰੇ ਡਰਦੇ ਨੇ ਆਪਣੇ ਇਸ ਭੂਤਾਂ ਦੇ ਘਰ ਤੋਂ ।। ਉਦਾਸ ਜਿਹਾ ਹੋ ਕੇ ਉਹ ਮੁੰਡੇ ਦੀ ਬਾਂਹ ਫੜ ਕੇ ਹੱਟੀ ਨੂੰ ਤੁਰ ਪੈਂਦਾ ਐ ।
ਭਿੰਦਰ ਭਰੇ ਮਨ ਨਾਲ ਸੋਚਦੀ ਐ ਜਿਸ ਘਰ ‘ ਚ ਸਾਰੇ ਵਿਹੜੇ ਦੇ ਜੁਆਕ ਖੇਡਦੇ ਸਨ , ਕੋਈ ਆਟਾ , ਕੋਈ ਦਾਲ , ਕੋਈ ਸਬਜ਼ੀ , ਕੋਈ ਕੁਝ ਤੇ ਕੋਈ ਕੁਝ ਲੈਣ ਤੁਰਿਆ ਰਹਿੰਦਾ ਸੀ , ਓਸ ਘਰ ਤੋਂ ਇੰਨਾ ਡਰ ।
ਉਸਨੂੰ ਰੱਬ ਦੀ ਮਾਰ ਨਾਲੋਂ ਹੁਣ ਲੋਕਾਂ ਦੀ ਫਿਟਕਾਰ ਕਿਤੇ ਵੱਡੀ ਲੱਗ ਰਹੀ ਸੀ , ਆਪਣੇ ਸਕੇ – ਸਬੰਧੀ ਸਭ ਵੈਰੀ ਲੱਗ ਰਹੇ ਸਨ ਜੋ ਦੁੱਖ ਦੀ ਘੜੀ ‘ ਚ ਨਾਲ ਖੜ੍ਹਨ ਦੀ ਬਜਾਏ ਭੂਤਾਂ ਦਾ ਘਰ ਕਹਿ ਕੇ ਦੁੱਖ ਹੋਰ ਵਧਾ ਰਹੇ ਸਨ ।।
ਆਟਾ ਗੁੰਨਦੀ ਹੋਈ ਉਹ ਸੋਚਦੀ ਹੈ ਕਿ ਬੇਬੇ ਬਚਨੋ , ਬੇਬੇ ਸੀਤੋ ਵਰਗੀਆਂ ਕਿੰਨੀਆਂ ਹੀ ਸਿਆਣੀਆਂ ਔਰਤਾਂ ਹਨ ਜੋ ਰੱਬ ਦਾ ਰੂਪ ਹਨ ਪਰ ਭਰਾ ਦੱਸਦਾ ਉਹ ਸਭ ਵੀ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ , ਇਹ ਸੁਣ ਕੇ ਉਸਦਾ ਫਿਰ ਜੀਅ ਕੀਤਾ ਰੋਣ ਨੂੰ ਪਰ ਉਹ ਰੋਣ ਨੂੰ ਰੋਕ ਕਹਿੰਦੀ ਐ ਫਿਰ ਤਾਂ ਭਰਾਵਾ ਭੂਤਾਂ ਦਾ ਘਰ ਆਪਣਾ ਨੀ , ਸਾਰੇ ਹੀ ਇੱਥੇ ਭੂਤਾਂ ਦੇ ਘਰ ਨੇ , ਇਹ ਇਨਸਾਨਾਂ ਦੇ ਘਰ ਨਹੀਂ ਕਿਉਂਕਿ ਇਨਸਾਨ ਤਾਂ ਇੱਕ ਦੂਜੇ ਦੇ ਦੁੱਖਾਂ ਦੇ ਸਾਥੀ ਹੁੰਦੇ ਨੇ , ਇੰਨੀ ਗੱਲ ਕਹਿ ਕੇ ਉਹ ਰੋਟੀਆਂ ਪਕਾਉਣ ਲੱਗ ਜਾਂਦੀ ਐ ।।
( ਸੁਖਜਿੰਦਰ ਸਿੰਘ ਭੰਗਚੜੀ )