ਪੰਜਾਹ ਸਾਲ ਪੁਰਾਣੀ ਗੱਲ ਹੈ।ਮੇਰੀ ਉਮਰ ਹੋਵੇਗੀ ਕੋਈ ਦਸ ਕੁ ਸਾਲ ਦੀ ,ਸਾਡੀ ਭੂਆ ਦੀ ਕੁੜੀ ਦਾ ਵਿਆਹ ਸੀ।ਅਸੀਂ ਨਾਨਕੀ ਛੱਕ ਲੈ ਕੇ ਜਾਂਣੀ ਸੀ, ਆਵਜਾਈ ਦੇ ਸਾਧਨ ਨਾਂ ਮਾਤਰ ਹੀ ਸਨ,ਸੋ ਘਰ ਚ ਫ਼ੈਸਲਾ ਹੋਇਆ ਕਿ ਸਾਰੇ ਮਰਦ ਸਾਈਕਲਾਂ ਤੇ ਭੂਆ ਦੇ ਪਿੰਡ ਜਾਂਣਗੇ,ਬੱਚੇ ਅਤੇ ਜਨਾਨੀਆਂ ਸਮਾਂਨ ਸਮੇਤ ਬੌਲਦਾਂ ਆਲੇ ਗੱਡੇ ਤੇ।
ਗੱਡਾ ਸਾਡੇ ਪਿੰਡ ਦੇ ਬਾੱਪੂ ਂਪਰੀਤਮ ਸਿੰਘ ਦਾ ਸੀ,ਬਾੱਪੂ ਇੱਕ ਬਹੁਤ ਹੀ ਸਿੱਧਾ ਸਾਧਾ ਬੰਦਾ ਸੀ,ਉਸ ਨੂੰ ਬੱਸ ਆਪਣੇਂ ਖੇਤੀਬਾੜੀ ਦੇ ਕੰਮ ਨਾਲ ਮਤਲਬ ਸੀ.ਓਹ ਕਿਸੇ ਰਿਸ਼ਤੇਦਾਰੀ ਚ ਵੀ ਘੱਟ ਵਧ ਹੀ ਜਾਂਦਾ ਸੀ ….
ਖੈਰ ਜੀ ਅਸੀਂ ਜਦੋਂ ਭੂਆ ਦੇ ਪਿੰਡ ਪਹੁੰਚੇ ਤਾਂ ਭੂਆ ਹੋਰਾਂ ਸਾਰਿਆਂ ਲਈ ਲੰਗਰ ਤਿਆਰ ਕੀਤਾ ਹੋਇਆ ਸੀ।ਸਾਰੇ ਜਣੇਂ ਲੰਗਰ ਛਕਣ ਲਈ ਪੰਗਤ ਬਣਾਕੇ ਬਹਿ ਗਏ।ਬਾਪੂ ਪਰੀਤਮ ਸਿੰਹੁ ਮੇਰੇ ਭਾਪਾ ਜੀ ਨਾਲ ਬੈਠਾ ਸੀ।ਪਹਿਲਾਂ ਫ਼ਿੱਕੇ ਚੌਲ ਵਰਤਾਏ ਗਏ,ਫੇਰ ਸ਼ੱਕਰ ਅਤੇ ਦੇਸੀ ਘੀ।ਉਨਾਂ ਸਮਿਆਂ ਚ ਇਹੀ ਖ਼ਾਸ ਪਕਵਾਂਨ ਗਿਣੇ ਜਾਂਦੇ ਸਨ। ਚੌਲ ਖਾਣ ਲਈ ਸਾਰਿਆਂ ਨੂੰ...
ਇੱਕ ਇੱਕ ਚਮਚਾ ਵੀ ਦਿੱਤਾ ਗਿਆ।ਬਾਪੂ ਪਰੀਤਮ ਸਿੰਹੁ ਨੇ ਹਮੇਸ਼ਾ ਚੌਲ ਹੱਥ ਨਾਲ ਈ ਖਾਧੇ ਸਨ,ਉਹਨੂੰ ਸਮਝ ਨਾਂ ਆਵੇ ਚੱਮਚੇ ਨਾਲ ਚੌਲ ਕਿੱਦਾਂ ਖਾਏ ਜਾਂਣ,ਹਿੰਮਤ ਕਰਕੇ ਉਸ ਨੇ ਚੌਲ ਖਾਂਣੇਂ ਸ਼ੁਰੂ ਕਰ ਦਿੱਤੇ,ਪਰ ਚਮਚਾ ਪੁੱਠਾ ਫ਼ੜਕੇ,ਮਤਲਬ ਡੰਡੀ ਅੱਗੇ ਨੂੰ ਅਤੇ ਡੂੰਘਾ ਪਾਸਾ ਪਿੱਛੇ ਨੂੰ,ਹੁਣ ਡੰਡੀ ਤੇ ਚੌਲ ਕਿੱਥੋਂ ਚੜ੍ਹਨ , ਬਾਪੂ ਨੂੰ ਐਦਾਂ ਚੌਲ ਖਾਂਦਾ ਦੇਖ ਸਾਰੇ ਮੁਸਕੋ ਮੁਸਕੀ ਹੱਸ ਰਹੇ ਸਨ।
ਜਦੋਂ ਭਾਪਾ ਜੀ ਨੇ ਦੇਖਿਆ ਤਾਂ ਬਾਪੂ ਨੂੰ ਕਹਿਣ ਲੱਗੇ,ਚਾਚਾ ਚਮਚਾ ਸਿੱਧਾ ਫ਼ੜ, ਤੈਂ ਪੁੱਠਾ ਫ਼ੜਿਆ ਵਾ,ਹੈਦਾਂ ਚੌਲ ਨੀ ਖਾਧੇ ਜਾਂਣੇ।ਅੱਛਾ ਜੀਤ ਸਿਆਂ ਮੈ ਸੋਚਿਆ ਖ਼ੌਰੇ ਆ ਡੂੰਘ ਜਿਆ ਗੂਠਾ ਰੱਖਣ ਲਈ ਬਣਿਆਂ।ਬਾਪੂ ਦਾ ਜੁਆਬ ਸੁਣਕੇ ਕਈਆਂ ਦਾ ਹਾਸਾ ਐਨੀਂ ਜ਼ੋਰ ਦੀ ਨਿਕਲਿਆ ਕਿ ਉਹਨਾਂ ਨੂੰ ਹੁੱਥੂ ਆ ਗਿਆ।