ਐੱਮ ਏ ਕਰਨ ਮਗਰੋਂ ਓਹਨੀ ਦਿੰਨੀ ਮੈਂ ਪਿੰਡ ਰਹਿ ਕੇ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਕਰਿਆ ਕਰਦਾ ਸਾਂ..
ਕੁਝ ਕੂ ਅਖੌਤੀ ਨੇੜਲੇ ਰਿਸ਼ਤੇਦਾਰਾਂ ਨੂੰ ਮੇਰੀ ਇੰਝ ਤਿਆਰੀ ਕਰਨੀ ਬਿਲਕੁਲ ਵੀ ਚੰਗੀ ਨਾ ਲੱਗਿਆ ਕਰਦੀ..
ਪਿਤਾ ਜੀ ਦੇ ਜਾਣ ਮਗਰੋਂ ਨਿੱਕੇ ਹੁੰਦਿਆਂ ਤੋਂ ਨਾਲ ਖੇਡਦੇ ਅਤੇ ਜਵਾਨ ਹੋਏ ਚਾਚੇ ਤਾਇਆਂ ਦੇ ਮੁੰਡੇ ਕਦੋ ਸ਼ਰੀਕ ਬਣ ਗਏ ਪਤਾ ਹੀ ਨਹੀਂ ਲੱਗਾ..
ਅਕਸਰ ਹੀ ਰਾਹਾਂ ਵਿਚ ਕਈ ਤਰਾਂ ਦੇ ਰੋੜੇ ਅਤੇ ਮੁਸ਼ਕਿਲਾਂ ਡਾਹਿਆ ਕਰਦੇ..!
ਕਦੇ ਚੱਲਦੀ ਬੰਬੀ ਬੰਦ ਕਰ ਦਿੱਤੀ ਜਾਂਦੀ..ਕਦੀ ਖਲੋਤੀ ਫਸਲ ਵਿਚ ਡੰਗਰ ਛੱਡ ਦਿਆ ਕਰਦੇ..ਕਦੀ ਪਾਣੀ ਦਾ ਨੱਕਾ ਤੋੜ ਦਿੱਤਾ ਜਾਂਦਾ..
ਜਾਣਦੇ ਸਨ ਕੇ ਮੇਰਾ ਬਾਪ ਸਿਰ ਤੇ ਨਹੀਂ ਏ..ਮੇਰੀ ਮਾਂ ਨੂੰ ਉਕਸਾਇਆ ਜਾਂਦਾ ਕੇ ਇਹ ਗੁੱਸੇ ਵਿਚ ਆ ਕੇ ਕੋਈ ਐਸੀ ਗੱਲ ਕਰੇ ਕੇ ਮੈਨੂੰ ਤਿਆਰੀ ਵਾਲੀ ਗੁਫਾ ਚੋ ਬਾਹਰ ਆਉਣਾ ਪਵੇ..
ਪਰ ਧੰਨ ਸੀ ਮੇਰੀ ਮਾਂ ਜੀ..ਮੈਨੂੰ ਕਿੰਨੀਆਂ ਸਾਰੀਆਂ ਗੱਲਾਂ ਦਾ ਪਤਾ ਵੀ ਨਾ ਲੱਗਣ ਦਿਆ ਕਰਦੀ..ਬੜੀ ਸਿਰੜੀ ਸੀ ਕਰਮਾ ਵਾਲੀ..ਸਾਰਾ ਕੁਝ ਆਪਣੇ ਵਜੂਦ ਤੇ ਸਹਿ ਮਾੜੀ ਮੋਟੀ ਭਿਣਕ ਤੱਕ ਵੀ ਨਾ ਪੈਣ ਦੀਆ ਕਰਦੀ..!
ਇੱਕ ਦਿਨ ਗੱਲ ਹੱਥੋਂ ਪਾਈ ਮਗਰੋਂ ਪੰਚਾਇਤ ਤੱਕ ਜਾ ਅੱਪੜੀ..
ਜੀ ਕਰੇ ਕੇ ਕਿਤਾਬਾਂ ਬੰਦ ਕਰ ਕੇ ਹੱਥ ਕਿਰਪਾਨ ਦੀ ਮੁੱਠ ਨੂੰ ਪਾ ਲਵਾਂ ਪਰ ਮਾਂ ਵਾਸਤੇ ਪਾਉਂਦੀ ਆਖਣ ਲੱਗੀ ਕੇ ਮੇਰਿਆ ਪੁੱਤਾ ਉਹ ਇਹੋ ਕੁਝ ਹੀ ਤਾਂ ਚਹੁੰਦੇ ਨੇ ਕੇ ਤੂੰ ਕਿਤਾਬਾਂ ਕਾਪੀਆਂ ਬੰਦ ਕਰ ਕੇ ਇਸ ਪਾਸੇ ਨੂੰ ਤੁਰ ਪਵੇਂ..ਅਖੀਰ ਅਰਜੋਈਆਂ ਕਰ ਕਰ ਵਾਪਿਸ ਹੋਸਟਲ ਭੇਜ ਦਿੱਤਾ..
ਮੈਨੂੰ ਮਰੇ ਪਿਓ ਦੀ ਸਹੁੰ ਪਵਾਈ ਤੇ ਆਖਿਆ ਕੇ ਜੇ ਚਾਹੁੰਦਾ ਕੇ ਦੂਰ ਤੁਰ ਗਏ ਦੇ ਕਾਲਜੇ ਨੂੰ ਠਾਰਨਾ ਚਾਹੁੰਦਾ ਏ ਤਾਂ ਦਿਲ ਲਾ ਕੇ ਤਿਆਰੀ ਕਰ..!
ਸ਼ਹਿਰ ਤੁਰੇ ਜਾਂਦੇ ਨੂੰ ਕਈਆਂ ਮੇਹਣੇ ਮਾਰੇ..”ਓਏ ਜੰਮਣ ਵਾਲੀ ਨੂੰ ਬਲਦੀ ਦੇ ਬੁੱਥੇ ਵਿਚ ਕੱਲਾ ਛੱਡ ਤੁਰ ਚੱਲਿਆ..ਤੇਰਾ ਖੂਨ ਨਹੀਂ...
ਖੌਲਦਾ..”
ਪਰ ਮੇਰੀ ਮਾਂ ਜਾਣਦੀ ਸੀ ਕੇ ਜਾਣ ਬੁਝ ਕੇ ਹੀ ਮੇਰਾ ਧਿਆਨ ਭਟਕਾਇਆ ਜਾ ਰਿਹਾ ਏ..ਮੈਨੂੰ ਮੇਰੀ ਮੰਜਿਲ ਤੋਂ ਕੁਰਾਹੇ ਪਾਇਆ ਜਾ ਰਿਹਾ..ਅਕਸਰ ਆਖਦੀ ਪੁੱਤਰ ਜੇ ਹੁਣ ਨਹੀਂ ਤੇ ਫੇਰ ਕਦੀ ਨਹੀਂ..
ਫੇਰ ਆਪਣੀ ਰਾਖੀ ਲਈ ਉਸਨੇ ਲਾਇਸੈਂਸੀ ਬੰਦੂਕ ਲੈ ਲਈ..ਮੋਢੇ ਤੇ ਬੰਦੂਕ ਪਾ ਕੇ ਕੱਲੀ ਪਾਣੀ ਲਾਉਣ ਜਾਇਆ ਕਰਦੀ..ਮੇਰੇ ਨਿੱਕੇ ਭਰਾਵਾਂ ਦੀ ਦੇਖਭਾਲ ਵੀ ਕਰਿਆ ਕਰਦੀ..ਕਿੰਨੀਆਂ ਸਾਰੀਆਂ ਤੋਹਮਤਾਂ ਲੱਗੀਆਂ..ਦੂਸ਼ਣ ਲੱਗੇ..ਚਿੱਕੜ ਉਛਾਲਿਆ..ਪਰ ਮਾਂ ਦੀ ਧੀ ਨੇ ਹੋਂਸਲਾ ਨਹੀਂ ਹਾਰਿਆ..!
ਫੇਰ ਸਿਲੈਕਸ਼ਨ ਮਗਰੋਂ ਜਦੋਂ ਨੇੜਲੇ ਸ਼ਹਿਰ ਪੋਸਟਿੰਗ ਹੋਈ ਤਾਂ ਜੀਪ ਅਤੇ ਗੰਨਮੈਨ ਮਿਲ ਗਏ..!
ਪਿੰਡ ਗਿਆ ਤਾਂ ਸਾਰਿਆਂ ਦੇ ਲਹਿਜੇ ਬਦਲੇ ਹੋਏ ਸਨ ਤੇ ਲੱਤਾਂ ਖਿੱਚਣ ਵਾਲੇ ਅੱਗੇ ਹੋ ਹੋ ਵਧਾਈਆਂ ਦੇ ਰਹੇ ਸਨ..
ਪਰ ਮੇਰੀ ਮਾਂ ਆਖਿਆ ਕਰਦੀ ਪੁੱਤ ਸਿਆਣਾ ਉਹ ਜੋ ਜੰਗ ਜਿੱਤਣ ਮਗਰੋਂ ਵੀ ਦੁਸ਼ਮਣ ਦਾ ਵਸਾਹ ਨਾ ਖਾਵੇ ਤੇ ਹਮੇਸ਼ਾਂ ਆਪਣੀਆਂ ਅੱਖਾਂ ਤੇ ਕੰਨ ਖੁੱਲੇ ਰੱਖੇ..!
ਦੋਸਤੋ ਕਿਸੇ ਵੱਲੋਂ ਭੇਜੀ ਇਹ ਸੱਚੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਦੇ ਮੇਰੇ ਦੋ ਮਕਸਦ ਨੇ..
ਨੰਬਰ ਇੱਕ ਤੇ ਇਹ ਦੱਸਣਾ ਕੇ ਧੀ ਪੁੱਤ ਨੂੰ ਜਿੰਦਗੀ ਦੇ ਔਖੇ ਸਫ਼ਰ ਤੇ ਕਿਸ ਲੀਹੇ ਪਾਉਣਾ ਏ..ਇਹ ਫੈਸਲਾ ਬਹੁਤ ਹੱਦ ਤੱਕ ਜੰਮਣ ਵਾਲੀ ਦੀ ਸੋਚ,ਨਿਸ਼ਚੇ ਅਤੇ ਹੋਂਸਲੇ ਤੇ ਨਿਰਭਰ ਕਰਦਾ ਏ..
ਤੇ ਨੰਬਰ ਦੋ ਜੇ ਜਿੰਦਗੀ ਦੀ ਜੰਗ ਵਿਚ ਪਲਟਵਾਰ ਲਈ ਸਹੀ ਮੌਕੇ ਦੀ ਤਲਾਸ਼ ਵਿਚ ਕੁਝ ਚਿਰ ਲਈ ਦੱਬਣਾ ਵੀ ਪੈ ਜਾਵੇ ਤਾਂ ਇਹ ਬੁਝਦਿਲੀ ਨਹੀਂ ਸਗੋਂ ਯੁੱਧਨੀਤੀ ਦਾ ਹੰਢਿਆ ਵਰਤਿਆ ਸਦੀਆਂ ਪੂਰਾਣਾ ਇੱਕ ਐਸਾ ਗੁਰ ਮੰਤਰ ਹੈ ਜਿਹੜਾ ਸਾਡੀ ਕੌਮ ਦੇ ਕਿਰਦਾਰਾਂ ਵਿਚੋਂ ਦਿਨੋਂ ਦਿਨ ਮਨਫ਼ੀ ਹੁੰਦਾ ਜਾ ਰਿਹਾ ਏ!
ਹਰਪ੍ਰੀਤ ਸਿੰਘ ਜਵੰਦਾ
Tarlochan Manes
bhut vdia
Dhillon
Tuhadian khaniyan dil te lag jandian coz same sadi story v ehi c mere v papa nai aa
satnam kaur
ਆਪ ਜੀ ਦੀ ਹਰ ਕਹਾਣੀ ਇਕ ਮਿਸਾਲ ਇਕ ਸੀਖ ਅਤੇ ਸਮਾਜ ਦੇ ਬਦਲਾਅ ਵੱਲ ਪ੍ਰੇਰਿਤ ਕਰਦੀ ਹੈ।