More Punjabi Kahaniya  Posts
ਧੂੰਏਂ ਦਾ ਗੁਬਾਰ


ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ..
ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਜੀ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ..!
ਉਹ ਫਾਰਮ ਹਾਊਸ ਨੂੰ ਆਉਂਦਾ ਹਰ ਰਾਹ ਸਾਫ ਕਰਦੇ..ਉਚੇਚਾ ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ ਕੁਰਸੀਆਂ ਲਗਾਏ ਜਾਂਦੇ..ਸਾਰੇ ਕੁਝ ਦਾ ਐਨ ਸਲੀਕੇ ਜਿਹੇ ਨਾਲ ਬੰਦੋਬਸਤ ਕਰ ਦਿੱਤਾ ਜਾਂਦਾ..!
ਮਿੱਥੇ ਦਿਨ ਉਹ ਵਾ ਵਰੋਲੇ ਵਾਂਙ ਆਉਂਦੇ..ਏਧਰ ਓਧਰ ਝਾਤੀਆਂ ਮਾਰਦੇ..ਫੇਰ ਆਪੋ ਵਿਚ ਖੁਸਰ ਫੁਸਰ ਹੁੰਦੀ..ਤੇ ਮੁੜ ਘੰਟੇ ਦੋ ਘੰਟੇ ਬਾਅਦ ਖਾ ਪੀ ਕੇ ਅਹੁ ਗਏ ਅਹੁ ਗਏ ਹੋ ਜਾਂਦੇ..!
ਅਤੇ ਮਗਰੋਂ ਕੱਚੇ ਪਹੇ ਤੇ ਵਾਹੋ ਦਾਹੀ ਭੱਜੀਆਂ ਜਾਂਦੀਆਂ ਕਿੰਨੀਆਂ ਸਾਰੀਆਂ ਕਾਰਾਂ ਦੇ ਕਾਫਲੇ ਵੱਲੋਂ ਉਡਾਇਆ ਘੱਟੇ ਦਾ ਵੱਡਾ ਸਾਰਾ ਗੁਬਾਰ ਦੇਖ ਸਮਝ ਜਾਂਦੀ ਕੇ ਦੇਖਾ-ਦਿਖਾਈ ਵਾਲੀ ਕਾਰਵਾਈ ਮਹਿਜ ਇੱਕ ਡਰਾਮਾ ਸੀ!
ਫੇਰ ਮੇਰਾ ਬਾਪੂ ਜੀ ਜਦੋਂ ਮੇਰੇ ਸਿਰ ਤੇ ਪੋਲਾ ਜਿਹਾ ਹੱਥ ਫੇਰ ਮੈਨੂੰ ਹੋਂਸਲਾ ਜਿਹਾ ਦਿੰਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਕੇ ਉਸਦੇ ਅੰਦਰ ਕਿੰਨੀ ਟੁੱਟ ਭੱਜ ਚੱਲ ਰਹੀ ਹੁੰਦੀ..!
ਮੇਰਾ ਰੰਗ ਏਨਾ ਸਾਫ ਵੀ ਨਹੀਂ ਸੀ..ਬੱਸ ਠੀਕ ਠੀਕ ਕਣਕਵੰਨਾ ਜਿਹਾ..ਕਨਸੋਆਂ ਲੈਂਦੇ ਬਹੁਤੇ ਰਿਸ਼ਤੇਦਾਰਾਂ ਦੀ ਪਹੁੰਚ ਬੱਸ ਮੈਨੂੰ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਦੇ ਨਾਮ ਦੱਸਣ ਤੱਕ ਹੀ ਸੀਮਤ ਸੀ..!
ਦਸਾਂ ਕਿੱਲਿਆਂ ਦੀ ਖੇਤੀ ਵਾਲੇ ਚਾਰ ਬੱਚਿਆਂ ਦੇ ਬਾਪ ਦੀ ਏਨੀ ਪਹੁੰਚ ਨਹੀਂ ਸੀ ਕੇ ਵੱਡੀ ਧੀ ਨੂੰ ਐੱਮ.ਐੱਸ.ਸੀ ਤੋਂ ਵੱਧ ਪੜਾਈ ਕਰਵਾ ਸਕਦਾ!
ਅਖੀਰ ਇੱਕ ਦਿਨ ਮੈਂ ਦਿਲ ਦੀ ਗੱਲ ਖੋਲ ਹੀ ਦਿੱਤੀ..ਆਖਿਆ ਤਿਆਰੀ ਕਰਨੀ ਏ..ਮਾਂ ਨੇ ਓਸੇ ਵੇਲੇ ਸਾਰਾ ਟੂਮ-ਛੱਲਾ ਗਹਿਣੇ ਪਾ ਦਿੱਤਾ..!
ਹਫਤੇ ਬਾਅਦ ਹੀ ਚੰਡੀਗੜ ਇਮਤਿਹਾਨ ਦੀ ਤਿਆਰੀ ਵਾਲੇ ਸੈਂਟਰ ਪਹੁੰਚ ਗਈ..ਪਾਗਲਪਣ ਦੀ ਹੱਦ ਤੱਕ ਅੱਪੜ ਗਿਆ ਇੱਕ ਜਨੂੰਨ ਸੀ..ਸੁਫਨਿਆਂ ਵਿਚ ਵੀ ਘੱਟਾ ਉਡਾਉਂਦੀਆਂ ਤੁਰੀਆਂ ਜਾਂਦੀਆਂ ਕਾਰਾਂ ਦੇ ਕਾਫਲੇ ਆ ਜਾਂਦੇ ਤੇ ਮੈਂ ਅੱਭੜਵਾਹੇ ਉੱਠ ਪੜਨ ਬੈਠ ਜਾਂਦੀ!
ਫੇਰ ਬੈਂਕ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਨਿਯੁਕਤੀ...

ਪੱਤਰ ਮਿਲਦਿਆਂ ਹੀ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ!
ਇੱਕ ਦਿਨ ਵਿਚੋਲੇ ਨੇ ਆ ਕੇ ਦੱਸਿਆ ਕੇ ਮੁੰਡੇ ਵਾਲਿਆਂ ਨੂੰ ਮੈਂ ਪਸੰਦ ਹਾਂ..ਬੱਸ ਉਹ ਵਿਆਹ ਦੀ ਤਰੀਕ ਬਾਰੇ ਹੀ ਗੱਲ ਕਰਨੀ ਚਾਹੁੰਦੇ ਨੇ..!
ਹੈਰਾਨ ਸਾਂ ਕੇ ਬਿਨਾ ਦੇਖਿਆ ਕੋਈ ਕਿਸੇ ਨੂੰ ਕਿੱਦਾਂ ਪਸੰਦ ਕਰ ਸਕਦਾ ਏ?
ਆਖਣ ਲੱਗਾ..ਕੀ ਦੇਖਣਾ ਤੇ ਕੀ ਜਾਣਨਾ ਜੀ..ਓਹਨਾ ਨੂੰ ਤੁਹਾਡੇ ਬਾਰੇ ਸਭ ਕੁਝ ਪਹਿਲਾਂ ਈ ਪਤਾ ਹੀ ਏ..ਓਹਨਾ ਬੈੰਕ ਤੋਂ ਸਭ ਕੁਝ ਪਤਾ ਵੀ ਕਰ ਲਿਆ ਏ..!
ਪਰ ਹੁਣ ਮੈਂ ਤੇ ਬਿਨਾ ਦੇਖਿਆ ਨਹੀਂ ਕਰ ਸਕਦੀ..ਦੇਖੂੰਗੀ ਵੀ ਤੇ ਇੱਕ ਇੱਕ ਗੱਲ ਦੀ ਪਰਖ ਵੀ ਜਰੂਰ ਕਰਾਂਗੀ..ਆਪਮੁਹਾਰੇ ਹੀ ਆਖ ਦਿੱਤਾ..!
ਇਸ ਵਾਰ ਮੇਰੇ ਪਿਤਾ ਜੀ ਦੇ ਚੇਹਰੇ ਤੇ ਪੱਸਰ ਗਈ ਮਿੱਠੀ ਜਿਹੀ ਮੁਸਕੁਰਾਹਟ ਬੜਾ ਕੁਝ ਬਿਆਨ ਕਰ ਰਹੀ ਸੀ..ਮੇਰੇ ਸਿਰ ਤੇ ਫਿਰਦਾ ਹੋਇਆ ਓਹਨਾ ਦਾ ਪੋਲਾ ਜਿਹਾ ਹੱਥ ਮੈਨੂੰ ਦਿਲਾਸਾ ਨਹੀਂ ਸਗੋਂ ਮੇਰੀ ਦ੍ਰਿੜਤਾ ਨੂੰ ਹੋਰ ਵੀ ਪੱਕਿਆ ਕਰ ਰਿਹਾ ਸੀ..!
ਇਸੇ ਦੌਰਾਨ ਵਿਚੋਲੇ ਨੇ ਪਾਣੀ ਦਾ ਗਿਲਾਸ ਮੰਗਿਆ ਤੇ ਫੇਰ ਖਾਲੀ ਗਿਲਾਸ ਟੇਬਲ ਤੇ ਰੱਖ ਸਿਰਫ ਏਨੀ ਗੱਲ ਆਖ ਸਕੂਟਰ ਨੂੰ ਕਿੱਕ ਮਾਰ ਗਿਆ ਕੇ..ਜਿੱਦਾਂ ਤੁਹਾਡੀ ਮਰਜੀ ਜੀ..ਮੇਰਾ ਕੰਮ ਤਾਂ ਬੱਸ ਸੁਨੇਹਾ ਦੇਣਾ ਹੀ ਸੀ..!
ਇਸ ਵਾਰ ਮੇਰੀ ਨਜਰ ਅਕਸਰ ਹੀ ਮੇਰੇ ਤੇ ਮੇਰੇ ਪਰਿਵਾਰ ਦੇ ਜਜਬਾਤਾਂ ਦਾ ਘਾਣ ਕਰ ਧੂੜ ਉਡਾਈ ਜਾਂਦਾ ਅਣਗਿਣਤ ਕਾਰਾਂ ਦਾ ਇੱਕ ਵੱਡਾ ਕਾਫਲਾ ਨਹੀਂ ਸਗੋਂ ਨਿਗੂਣੇ ਜਿਹੇ ਸਕੂਟਰ ਦੇ ਵਜੂਦ ਵਿਚੋਂ ਨਿੱਕਲਿਆ ਹੋਇਆ ਧੂੰਏਂ ਦਾ ਉਹ ਗੁਬਾਰ ਸੀ ਜਿਹੜਾ ਓਸੇ ਵੇਲੇ ਚੜ ਆਏ ਕਾਲੇ ਸਿਆਹ ਬੱਦਲਾਂ ਦੇ ਸਮੂੰਹ ਵਿਚੋਂ ਪੈਦਾ ਹੋ ਗਏ ਛਰਾਟੇ ਦੀਆਂ ਮੋਟੀਆਂ ਕਣੀਆਂ ਨਾਲ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਅਲੋਪ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)