ਜੱਸਾ ਚਾਹ ਪੀਣ ਤੋਂ ਬਾਅਦ ਤੌਲੀਆ ਚੁੱਕ ਕੇ ਨਹਾਉਣ ਲਈ ਗੁਸ਼ਲਖਾਨੇ ਵੱਲ ਜਾ ਹੀ ਰਿਹਾ ਸੀ ਕਿ ਗੁਰੂ-ਘਰੋ ਆਉਦੀ ਆਪਣੀ ਮਾਂ ਨੂੰ ਦੇਖ ਕੇ ਰੁੱਕ ਗਿਆ।ਉਸਦੀ ਮਾਂ ਨੇ ਪ੍ਰਸ਼ਾਦ ਉਸਦੇ ਹੱਥ ਤੇ ਰੱਖਦੀ ਨੇ ਕਿਹਾ “ਪੁੱਤ ਜਰਨੈਲ ਚਾਚੇ ਕੇ ਘਰੇ ਚਲਾ ਨਹਾਉਣ ਤੋਂ ਬਾਅਦ” “ਨਹੀ ਮੰਮੀ ਮੈਂ ਸਿੱਧਾ ਗੁਰਦੁਆਰੇ ਹੀ ਜਾਵਾਂਗਾ ਉੱਥੇ ਲੰਗਰ ਵਿੱਚ ਸੇਵਾ ਕਰਾਂਗੇ” “ਚੱਲ ਠੀਕ ਆ ਤੂੰ ਜਾ ਕੇ ਕੰਮ ਕਰ ਮੈਂ ਵੀ ਆਉਣੀ ਆ ਘਰ ਦਾ ਕੰਮ ਨਬੇੜ ਕੇ” ਅਸਲ ਵਿੱਚ ਜੱਸੇ ਕੇ ਲਾਣੇ ਵਿੱਚੋ ਉਸਦਾ ਦਾਦਾ (ਪਿਉ ਦਾ ਚਾਚਾ) ਪਿਛਲੇ ਹਫਤੇ ਮਰ ਗਿਆ ਸੀ ਉਸਦਾ ਅੱਜ ਭੋਗ ਪੈਣਾ ਸੀ।ਜੱਸਾ ਆਪਣੇ ਛੋਟੇ ਚਾਚੇ ਦੇ ਮੁੰਡੇ ਗਗਨ ਨੂੰ ਲੈ ਕੇ ਗੁਰੂ-ਘਰ ਚਲਾ ਗਿਆ,ਮੱਥਾ ਟੇਕਣ ਤੋਂ ਬਾਅਦ ਉਹ ਲੰਗਰ ਹਾਲ ਪਹੁੰਚ ਗਿਆ। ਉੱਥੇ ਉਸਦਾ ਬਿੰਦਰ ਚਾਚਾ (ਜਿਸਦੇ ਪਿਉ ਦਾ ਅੱਜ ਭੋਗ ਸੀ) ਮੁੰਡਿਆ ਨੂੰ ਕੰਮ ਸਮਝਾਉਦਾ ਫਿਰਦਾ ਸੀ,ਉਸਨੇ ਜੱਸੇ ਨੂੰ ਦੇਖ ਕੇ ਕਿਹਾ “ਆ ਗਏ ਪੁੱਤ ਤੁਸੀ ਚਲੋ ਪਹਿਲਾਂ ਚਾਹ-ਪੀਣ ਪੀਉ” “ਚਾਹ ਪਾਣੀ ਵੀ ਪੀਲਾਂਗੇ ਚਾਚਾ ਜੀ ਤੁਸੀ ਕੰਮ ਦੱਸੋ ਸਾਨੂੰ” “ ਤੁਹਾਡਾ ਕੰਮ ਇਹ ਹੈ ਕਿ ਤੁਸੀ ਲੰਗਰ- ਹਾਲ ਦੇ ਗੇਟ ਤੇ ਖੜ੍ਹ ਜਾਉ ਤੇ ਸਾਰੇ ਲੋਕਾਂ ਨੂੰ ਇੱਜਤ-ਮਾਣ ਨਾਲ ਚਾਹ-ਪਾਣੀ ਅਤੇ ਲੰਗਰ ਹਾਲ ਵਿੱਚ ਬਠਾਉਣ ਦੀ ਜਿੰਮੇਵਾਰੀ ਤੁਹਾਡੀ ਦੋਹਾਂ ਦੀ”
“ਠੀਕ ਇਹ ਚਾਚਾ ਜੀ ਹੁਣ ਤੁਸੀ ਕੋਈ ਹੋਰ ਕੰਮ ਦੇਖ ਲਉ ਇੱਥੇ ਅਸੀ ਹੈਗੇ ਆ”
“ ਚੰਗਾ ਫੇਰ ਮੈਂ ਉਧਰ ਪ੍ਰਬੰਧ ਦੇਖ ਲਵਾ ਐਮ.ਐਲ.ਏ ਸਾਹਿਬ ਨੇ ਵੀ ਆਉਣ ਏ” ਕਹਿੰਦਾ ਹੋਇਆ ਦਰਬਾਰ ਸਾਹਿਬ ਵੱਲ ਚਲਾ ਗਿਆ, ਜੱਸਾ ਤੇ ਗਗਨ ਲੰਗਰ ਵਿੱਚ ਵਰਤਾਉਣ ਵਾਲੀਆਂ ਚੀਜਾਂ ਭਾਂਡਿਆ ਵਿੱਚ ਪਾਉਣ ਲੱਗ ਪਏ, ਥੋੜੀ ਦੇਰ ਬਾਅਦ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਵੀ ਆਉਣ ਲੱਗ ਪਏ,ਅਰਦਾਸ ਤੋਂ ਬਾਅਦ ਸਿਆਸੀ ਆਗੂ ਆਪਣੇ ਭਾਸ਼ਣ ਦੁਆਰਾ ਪਰਿਵਾਰ ਅਤੇ ਮਰਨ ਵਾਲੇ ਦੀ ਮਹਿਮਾ ਗਾਉਣ ਲੱਗ ਪਏ ਤੇ ਪਰਿਵਾਰ ਵੱਲੋ ਦਿੱਤੇ ਗਏ ਪਾਰਟੀ ਫੰਡ ਅਤੇ ਹੋਰ ਧਾਰਮਿਕ ਅਦਾਰਿਆਂ ਨੂੰ...
ਦਿੱਤੇ ਗਏ ਦਾਨ ਬਾਰੇ ਦੱਸਣ ਲੱਗ ਪਏ।ਜਦ ਸਾਰੇ ਲੋਕ ਸਮਾਗਮ ਖਤਮ ਹੋਣ ਤੋ ਬਾਅਦ ਲੰਗਰ-ਹਾਲ ਵਿੱਚ ਪ੍ਰਸ਼ਾਦਾ-ਪਾਣੀ ਛਕ ਰਹੇ ਸੀ ,ਉਦੋ ਇੱਕ ਭਿਖਾਰਨ ਬੱਚੀ ਜੱਸੇ ਕੋਲ ਆ ਰੋਟੀ ਖਾਣ ਨੂੰ ਮੰਗਣ ਲੱਗੀ ਤਾਂ ਉਸਨੇ ਬੱਚੀ ਨੂੰ ਥਾਲੀ ਫੜ੍ਹਾ ਉਸਨੂੰ ਪੰਗਤ ਵਿੱਚ ਬੈਠਣ ਦਾ ਇਸ਼ਾਰਾ ਕਰ ਦਿੱਤਾ ਜਦ ਉਹ ਬੱਚੀ ਵਛਾਈ ਹੋਈ ਦਰੀ ਉੱਪਰ ਬੈਠਣ ਲੱਗੀ ਤਾਂ ਉਸਦੇ ਚਾਚੇ ਬਿੰਦਰ ਨੇ ਬੱਚੀ ਨੂੰ ਰੋਕ ਦਿੱਤਾ ਤੇ ਮੰਦੇ ਬੋਲ ਬੋਲਣ ਲੱਗਾ “ਆਪ ਹੀ ਥਾਲੀ ਚੁੱਕ ਕੇ ਕਿੱਧਰ ਨੂੰ ਮੂੰਹ ਚੁੱਕਿਆ” ਇਸ ਤੋਂ ਪਹਿਲਾਂ ਕੀ ਹੋਰ ਕੁੱਝ ਬੋਲਦਾ ਜੱਸਾ ਬੋਲ ਪਿਆ “ਚਾਚੇ ਜੀ ਇਸਨੂੰ ਥਾਲੀ ਮੈਂ ਹੀ ਦਿੱਤੀ ਏ” ਬਿੰਦਰ ਕੁੱਝ ਠਰੰਮੇ ਨਾਲ ਬੋਲਿਆ “ ਤਾਂ ਇਸਨੂੰ ਇੱਥੇ ਗੇਟਾਂ ਤੇ ਬਠਾ ਦੇਣਾ ਸੀ ਇੱਧਰ ਭੇਜਣ ਦੀ ਕੀ ਲੋੜ ਸੀ, ਤੂੰ ਵੀ ਹਜੇ ਨਿਆਣਾ ਹੀ ਏ ਤੈਨੂੰ ਵੀ ਕੁੱਝ ਨਹੀ ਪਤਾ” ਇਹ ਕਹਿ ਕੇ ਉਸਨੇ ਥਾਲੀ ਫੜ੍ਹ ਕੇ ਦਾਲ – ਰੋਟੀ ਪਾ ਕੇ ਬੱਚੀ ਨੂੰ ਬਾਂਹ ਤੋ ਫੜ੍ਹ ਕੇ ਲੰਗਰ- ਹਾਲ ਗੇਟਾਂ ਕੋਲ ਬਠਾ ਦਿੱਤਾ ਤੇ ਜੱਸੇ ਨੂੰ ਹਦਾਇਤ ਕੀਤੀ “ਹੁਣ ਧਿਆਨ ਰੱਖੀ ਕਿਤੇ ਰੋਟੀਆਂ ਲਫ਼ਾਫੇ ਵਿੱਚ ਨਾ ਪਾਈ ਜਾਵੇ” ਜੱਸਾ ਲੰਗਰ-ਹਾਲ ਦੇ ਗੇਟਾਂ ਨਾਲ ਬੈਠੀ ਖਾਣਾ ਖਾ ਰਹੀ ਬੱਚੀ ਦੇ ਮਾਸੂਮ ਚਿਹਰੇ ਦੇ ਵੱਲ ਵੇਖ ਕੇ ਸੋਚ ਰਿਹਾ ਸੀ ਕਿ ਸੱਚ ਮੁੱਚ ਉਸਨੂੰ ਬਿੰਦਰ ਚਾਚੇ ਅਤੇ ਉਸਦੇ ਵਰਗੇ ਲੋਕਾਂ ਦੁਆਰਾ ਬਣਾਏ ਗਏ ਨਿਯਮਾਂ ਬਾਰੇ ਕੁੱਝ ਨਹੀ ਸੀ ਪਤਾ ਉਸਨੂੰ ਤਾਂ ਸਿਰਫ ਗੁਰੂ ਸਾਹਿਬ ਦੁਆਰਾ ਲੰਗਰ ਲਈ ਬਣਾਏ ਨਿਯਮਾਂ ਬਾਰੇ ਪਤਾ ਸੀ ਬਈ ਲੰਗਰ ਵਿੱਚ ਕੋਈ ਵੀ ਬਿਨ੍ਹਾਂ ਭੇਦ-ਭਾਵ ਤੋਂ ਪੰਗਤ ਵਿੱਚ ਬੈਠ ਸਤਿਕਾਰ ਨਾਲ ਪ੍ਰਸ਼ਾਦਾ ਛੱਕ ਸਕਦਾ ਹੈ ਤੇ ਸੇਵਾ ਕਰ ਸਕਦਾ ਹੈ।
Harpreet
😒
ਦੀਪ ਬੱਲ
bohat ਵਧੀਆ ਬੋਲ 🙏