![](https://www.punjabidharti.com/wp-content/uploads/2022/02/lolar-bache.jpeg)
ਮੀਤ ਦੇ ਜਵਾਕ ਤਾਂ ਹੋਰ ਈ ਹਿਸਾਬ ਦੇ ਆ ….ਇਹ ਕਹਿੰਦੀ ਮਾਸੀ ਮੈਨੂੰ ਅਕਸਰ ਈ ਸੁਣਦੀ ਸੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨਕੇ ਜਾਈ ਦਾ ਸੀ।
ਮਾਸੀ ਦੇ ਜਵਾਕ ਤੇ ਮਾਮਿਆਂ ਦੇ ਜਵਾਕ ਪੜ੍ਹਨ ਚ ਅਵੱਲ ਸਨ,
ਸਭ ਨੂੰ ਭੱਜ ਕੇ ਮਿਲਦੇ,
ਗੱਲਾਂ ਕਰਦੇ ਅਗਲੇ ਦਾ ਮਨ ਮੋਹ ਲੈਂਦੇ,
ਆਪਸ ਚ ਇਕੱਠੇ ਖੇਡਦੇ ਤੇ ਇੱਕ ਮੈਂ ਤੇ ਮੇਰਾ ਭਰਾ ਸਾਂ ਜਿੰਨ੍ਹਾ ਨੂੰ ਲੋਕਾਂ ਤੋਂ ਭੈਅ ਆਉਂਦਾ ਸੀ।
ਅੱਖ ਚ ਅੱਖ ਪਾ ਗੱਲ ਨਾ ਕਰ ਪਾਉਂਦੇ।
ਦੂਰੋਂ ਹੀ ਸਾਸ੍ਰੀ ਅਕਾਲ ਕਰ ਮੰਜਿਆਂ ਮਗਰ ਲੁਕੇ ਰਹਿੰਦੇ ਜਦ ਤੱਕ ਪ੍ਰਾਹੁਣਾ ਧੌਣਾ ਮੁੜ ਨਾ ਜਾਂਦਾ।
ਕਬਜੀ ਨਾਲ ਹਫਤੇ ਦੇ ਸੱਤੇ ਦਿਨ ਪ੍ਰੇਸ਼ਾਨ ਰਹਿੰਦੇ ਤੇ ਜਿਸ ਨਾਲ ਲਗਾਵ ਹੋ ਜਾਂਦਾ ਉਸਦੇ ਅੱਗੜ-ਪਿੱਛੜ ਘੁੰਮਦੇ ਰਹਿੰਦੇ।
ਹੱਥ ਝੜਕਣ ਤੇ ਮੰਜੇ ਤੇ ਬੈਠ ਲੱਤਾਂ ਹਿਲਾਈ ਜਾਣਾ …ਤੇ ਜੇ ਕਿਤੇ ਮਾਸੀ-ਮਾਮੇ ਦੇ ਵੱਡੇ ਮੁੰਡੇ ਕੋਈ ਮਜ਼ਾਕ ਕਰਦੇ ਤਾਂ ਸਹਿਣ ਨਾ ਹੋਣਾ ਤੇ ਝੱਟ ਜਾ ਮਾਮੀ ਨੂੰ ਸ਼ਿਕਾਇਤ ਕਰਨਾ ਤੇ ਉਹਨੇ ਅੱਗੋਂ ਖਿਝ ਕੇ ਕਹਿਣਾ ਇਹਨਾਂ ਨੂੰ ਨਾ ਛੇੜਿਆ ਕਰੋ ਵੇ ….ਜਾਂ ਸ਼ਿਕਾਇਤ ਅਣਗੌਲੀ ਕਰ ਦੇਣੀ ਤਾਂ ਦਿਲ ਹੋਰ ਵੀ ਟੁੱਟ ਜਾਂਦਾ।
ਪਾਪਾ ਤੋਂ ਪੜ੍ਹਨ ਪਿੱਛੇ ਇੰਨੀ ਕੁੱਟ ਪੈਂਦੀ ਸੀ ਕੇ ਰੱਟੇ ਮਾਰ ਪਾਠ ਯਾਦ ਕਰ ਪੈਂਤੀ ਕੁ ਨੰਬਰ ਲੈ ਹਰ ਸਾਲ ਜਮਾਤ ਪਾਸ ਕਰ ਲੈਣੀ।ਵੱਡੇ ਹੁੰਦਿਆਂ ਆਪਣੇ ਆਪ ਪੜਾਈ ਨਾਲ ਮੋਹ ਉਮੜ ਪਿਆ ਤੇ ਪਰਸਨੈਲਿਟੀ ਚ ਜਿੰਨੇ ਔਗੁਣ ਸਨ ਨਾਲ ਗੁਣ ਵੀ ਆ ਗਏ।
ਰੱਬ ਇਨਸਾਫ਼ ਜਰੂਰ ਕਰਦਾ
ਗੁਲਾਬ ਨੂੰ ਜੇ ਕੰਡੇ ਦਿੱਤੇ ਨਾਲ ਖੁਸ਼ਬੂਦਾਰ ਫੁੱਲਾਂ ਦੀ ਮਲਕੀਅਤ ਵੀ ਦਿੱਤੀ।
ਮੋਰ ਨੂੰ ਜੇ ਬਦਸੂਰਤ ਪੈਰ ਦਿੱਤੇ ਤਾਂ ਸਿਰ ਤੇ ਕਲਗੀ ਵੀ ਦਿੱਤੀ
ਤਥਾ
ਮੈਨੂੰ ਤੇ ਮੇਰੇ ਭਰਾ ਨੂੰ ਸੋਝੀ ਘੱਟ ਦਿੱਤੀ ਤਾਂ ਵੱਡੇ ਹੁੰਦਿਆ ਇੰਨਾ ਕੁ ਸਲੀਕਾ ਦਿੱਤਾ ਕੇ ਸਭ ਪ੍ਰਸੰਸਾ ਕਰਦੇ ਨਾ ਥੱਕਦੇ।
ਮਾਪੇ ਪਸੰਦ ਕਰਨ ਚਾਹੇ ਨਾ
ਬੱਚੇ ਵੱਡੇ ਹੋ ਹੀ ਜਾਂਦੇ।
ਆਪਣੀ ਜੀਵਨ ਦੀ ਲਾਰੀ ਰਾਹੇ ਪਾ ਈ ਲੈਂਦੇ।
ਸਾਡੀ ਭੈਣ-ਭਰਾ ਦੀ ਪੜ੍ਹਨ ਚ ਗੂਹੜੀ ਲਗਨ ਲੱਗੀ...
ਤੇ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਮੇਰਾ ਬਾਹਰਲੇ ਮੁੰਡੇ ਨਾਲ ਵਿਆਹ ਹੋ ਗਿਆ ਤੇ ਮੇਰਾ ਭਰਾ ਮਾਸਟਰ ਲੱਗ ਗਿਆ।
ਜੀਵਨ ਦੇ ਤੀਹਵੇਂ ਵਰ੍ਹੇ ਚ ਮਾਂ ਬਣਨ ਤੋਂ ਬਾਅਦ ਪਤਾ ਲੱਗਾ ਕੇ ਬਚਪਨ ਚ ਜਿਹੋ-ਜਿਹੇ ਅਸੀਂ ਦੋਨੋ ਭੈਣ ਭਰਾ ਸਾਂ ਉਹੋ ਜਿਹੀ ਮੇਰੀ ਧੀ ਆ ਹੁਣ ਤੇ ਇਸਨੂੰ ਗੋਰੇ ਔਟਿਸਟਿਕਤਾ ਕਹਿੰਦੇ ਨੇ।
ਔਟਿਸਟਿਕ ਹੋਣਾ ਰੋਗ ਨਹੀਂ ਆ ਬਲਕਿ ਇਹਨਾ ਦਾ ਆਮ ਬੱਚਿਆਂ ਨਾਲੋਂ ਅਲੱਗ ਦਿਮਾਗ ਹੁੰਦਾ ਆ।
ਔਟਿਸਟਿਕ ਬੱਚਿਆਂ ਨੂੰ
ਕਿਸੇ ਨਾਲ ਰਲਣਾ,
ਕਿਸੇ ਦੇ ਗਲ ਲਗਣਾ,
ਅੱਖਾਂ ਚ ਅੱਖਾਂ ਪਾ ਗੱਲ ਕਰਨੀ,
ਮਜ਼ਾਕ ਝੱਲਣਾ,
ਆਖੇ ਲੱਗਣਾ …ਬਹੁਤ ਘੱਟ ਪਸੰਦ ਹੁੰਦਾ ਤੇ ਉਹ ਆਮ ਬੱਚਿਆਂ ਦੇ ਮੁਕਾਬਲੇ ਵੀਹ ਸਕਿੰਟ ਦੇਰ ਨਾਲ ਗੱਲ ਸਮਝ ਪਾਉਂਦੇ।
ਔਟਿਸਟਿਕ ਬੱਚੇ ਪਿਆਰ ਤੇ ਹਮਦਰਦੀ ਦੇ ਬੇਹੱਦ ਭੁੱਖੇ ਹੁੰਦੇ।ਇਹ ਦਿਲ ਤੇ ਗੱਲ ਬਹੁਤ ਲਗਾਉਂਦੇ ਤੇ ਜਿਸ ਪਾਸੇ ਇਹਨਾਂ ਦੀ ਲਗਨ ਲੱਗ ਜਾਵੇ ਉਸ ਚ ਆਪਣਾ-ਆਪ ਵਾਰ ਦਿੰਦੇ।
ਆਪਣੀ ਧੀ ਨੂੰ ਮੇਰੀਆਂ ਹਰਕਤਾਂ ਦੁਹਰਾਉਂਦੇ ਦੇਖ ਕਈ ਵਾਰ ਮੈਂ ਉਦਾਸ ਵੀ ਹੋ ਜਾਂਦੀ ਪਰ ਫਿਰ ਆਪਣਾ ਵੇਲਾ ਯਾਦ ਕਰ ਆਪਣੇ ਵਡੇਰਿਆਂ ਦੁਆਰਾ ਕੀਤੀ ਗਲਤੀ ਨੂੰ ਨਾ ਦੁਹਰਾਉਣ ਦਾ ਪ੍ਰਣ ਲੈ ਉਸਤੇ ਮਮਤਾ ਲੁਟਾਉਂਦੇ ਵਕਤ ਸੋਚਦੀ ਕਾਸ਼, ਨੱਬੇ ਦੇ ਦਹਾਕੇ ਚ ਬਣੇ ਮਾਪਿਆਂ ਨੂੰ ਔਟਿਜ਼ਮ ਬਾਰੇ ਪਤਾ ਹੁੰਦਾ ਤਾਂ ਮੇਰਾ ਤੇ ਮੇਰੇ ਭਰਾ ਦਾ ਬਚਪਨ ਵੀ ਸੋਹਣਾ ਲੰਘਦਾ।
ਲੋਕ,ਰਿਸ਼ਤੇਦਾਰ ਸਾਨੂੰ ਭੰਡਦੇ ਨਾ।
ਅਧਿਆਪਕ ਨਲਾਇਕ ਬੱਚਾ ਸਮਝ ਨਫ਼ਰਤ ਨਾ ਕਰਦੇ ਤੇ ਪਿਉ ਆਮ ਬੱਚਿਆਂ ਵਰਗਾ ਬਣਾਉਣ ਦੀ ਰੱਟ ਲਗਾ ਕੁੱਟਦਾ ਨਾ।
ਮੇਰਾ ਬਚਪਨ ਨਿਕਲ ਗਿਆ ਸੀ ਤੇ ਹੁਣ ਮੇਰੀ ਧੀ ਨੂੰ ਲੋਕਾਂ ਦੀ ਬਦਸਲੂਕੀ ਤੋਂ ਬਚਾਉਣ ਲਈ ਮੈਂ ਉਹਨਾਂ ਲੋਕਾਂ ਨਾਲ ਹੀ ਵਰਤਦੀ ਸਾਂ ਜੋ ਆਪ ਔਟਿਸਟਿਕ ਸਨ ਤੇ ਇਸਨੂੰ ਰੋਗ ਨਹੀਂ ਵੱਖਰਾ ਦਿਮਾਗ ਮੰਨਦੇ ਸਨ।
©️– ਜੱਸੀ ਧਾਲੀਵਾਲ