ਮਿਰਗ ਤ੍ਰਿਸ਼ਨਾ
ਲੰਬੀ ਘੰਟੀ ਵੱਜ ਰਹੀ ਸੀ ਫੋਨ ਦੀ। ਮੈਂ ਆਟਾ ਗੁੰਨਦੀ ਨੇ, ਲਿੱਬੜੇ ਹੱਥਾਂ ਨਾਲ ਫੋਨ ਉਠਾਇਆ ਤਾਂ ਵੇਖਿਆ, ਰੱਜੀ ਦਾ ਫੋਨ ਸੀ। ਹਾਲ ਚਾਲ ਪੁੱਛਿਆ ਤਾਂ ਉਹਦੀ ਗੱਲ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਕਿੰਨੀ ਪਰੇਸ਼ਾਨੀ ਵਿੱਚ ਏ।
ਪਰ ਹੁਣ, ਆਪੇ ਫਾਥੜੀਐ, ਤੈਨੂੰ ਕੌਣ ਛੁਡਾਵੇ। ਦਿਨ ਰਾਤ ਦੀ ਡਿਊਟੀ ਨੇ ਮੱਤ ਮਾਰੀ ਪਈ ਸੀ। ਡਾਲਰ, ਡਾਲਰ ਦੀ ਅਥਾਹ ਭੁੱਖ ਨੇ ਰਿਸ਼ਤੇ ਨਾਤੇ ਵੀ ਕਿਧਰੇ ਗੁਆ ਦਿੱਤੇ।
ਮੇਰਾ ਧਿਆਨ ਪਿੱਛੇ ਪੱਚੀ ਸਾਲ ਪਹਿਲਾਂ ਵੱਲ ਚਲਾ ਗਿਆ, ਕਿੰਨਾ ਹੱਸਮੁੱਖ, ਤੇ ਚੰਚਲ ਸੁਭਾਅ ਦੀ ਸੀ। ਅਸੀਂ ਦੋਹਾਂ ਨੇ ਇਕੱਠਿਆਂ ਹੀ ਐਮ ਏ ਕੀਤੀ ਸੀ ਤੇ ਫਿਰ ਬੀ ਐੱਡ ਵੀ,।
ਸ਼ੁਰੂ ਵਿੱਚ ਇੱਕੋ ਹੀ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਵੀ ਲੱਗ ਗਈਆਂ।ਥੋੜੇ ਚਿਰ ਬਾਅਦ ਸਰਕਾਰੀ ਨੌਕਰੀ ਵਿੱਚ ਵੀ ਆ ਗਈਆਂ, ਉਹਦੇ ਮਾਪਿਆਂ ਕੋਲ ਚੰਗੀ ਜ਼ਮੀਨ ਸੀ, ਘਰ ਦੇ ਖੇਤੀ ਬਾੜੀ ਦੇ ਟਰੈਕਟਰ ਟਰਾਲੀ ਸਮੇਤ ਸਾਰੇ ਸੰਦ ਸਨ, ਵਧੀਆ ਘਰ ਬਾਰ ਸੀ। ਉਹਦੇ ਪਿਤਾ ਜੀ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਵੀ ਸੀ।
ਇੱਥੋਂ ਚੰਗੀਆਂ ਨੌਕਰੀਆਂ ਵਾਲੇ ਮੁੰਡਿਆਂ ਦੇ ਰਿਸ਼ਤੇ ਵੀ ਆਏ, ਪਰ ਰੱਜੀ ਦਾ ਦਿਮਾਗ਼, ਵਿਦੇਸ਼ੀ ਵੱਸਦੇ ਰਿਸ਼ਤਿਆਂ ਵੱਲ ਆਕਰਸ਼ਿਤ ਹੋਣ ਲੱਗਾ,
ਜਦੋਂ ਮਨ ਵਿੱਚ ਕੋਈ ਧਾਰਨਾ ਧਾਰ ਲਵੇ ਤਾਂ ਉਹ ਕੰਮ ਹੋ ਵੀ ਜਾਂਦਾ ਹੈ। ਇਸ ਤਰ੍ਹਾਂ ਰੱਜੀ ਵੀ ਸਰਕਾਰੀ ਨੌਕਰੀ ਛੱਡ ਕੇ ਵਿਦੇਸ਼ੀ ਲਾੜੇ ਨਾਲ ਵਿਦੇਸ਼ ਵਿੱਚ ਜਾ ਕੇ ਵੱਸ ਗਈ। ਵਿਦੇਸ਼ ਵਿੱਚ ਜਾ ਕੇ ਪਤਾ ਲੱਗਾ ਕਿ ਉਹਦਾ ਪਤੀ ਅੱਗੇ...
ਵੀ ਦੋ ਵਿਆਹ ਕਰਵਾ ਚੁੱਕਾ ਹੈ, ਇੱਕ ਇੱਧਰੋਂ ਪੰਜਾਬ ਤੋਂ ਇੱਕ ਉੱਥੇ ਗੋਰੀ ਨਾਲ ਪੱਕੇ ਹੋਣ ਦੀ ਲਾਲਸਾ ਵਿੱਚ, ਪਹਿਲੇ ਵਿਆਹ ਵਿੱਚੋਂ ਵੀ ਕੁੜੀ ਵਾਲਿਆਂ ਤੋਂ ਚੰਗੀ ਮੋਟੀ ਰਕਮ ਲਈ ਸੀ ਦਾਜ ਦੇ ਨਾਂ ਤੇ।,
ਹੁਣ ਉਹਦੇ ਮਾਪਿਆਂ ਤੋਂ ਵੀ, ਪਰ ਇਸ ਵਿੱਚ ਉਹ ਮਾਪਿਆਂ ਦਾ ਘੱਟ ਤੇ ਆਪਣਾ ਜਿਆਦਾ ਕਸੂਰ ਸਮਝਦੀ ਸੀ, ਸ਼ੁਰੂ ਸ਼ੁਰੂ ਵਿੱਚ ਪਤੀ ਨੇ ਬੜੇ ਪਰਦੇ ਨਾਲ ਆਪਣੇ ਔਗੁਣਾਂ ਨੂੰ ਉਹਦੇ ਤੋਂ ਛੁਪਾਈ ਰੱਖੇ, ਸ਼ਰਾਬੀ ਕਬਾਬੀ ਹੋਣ ਦੇ ਨਾਲ-ਨਾਲ ਭੈੜੇ ਅਨਸਰਾਂ ਨਾਲ ਵੀ ਉੱਠਣ ਬੈਠਣ ਸੀ। ਜੋ ਜਿਆਦਾ ਸਮੇਂ ਤੱਕ ਉਹਦੇ ਕੋਲੋਂ ਛੁਪਾ ਨਾ ਸਕਿਆ, ਹੁਣ ਉਹ ਦੋ ਧੀਆਂ ਦੀ ਮਾਂ ਵੀ ਬਣ ਚੁੱਕੀ ਸੀ।
ਰੋਜ਼ ਲੜਾਈ ਕਲੇਸ਼ ਦੇ ਕਾਰਨ ਤਲਾਕ ਲੈ ਕੇ ਸਿੰਗਲ ਮਦਰ ਬਣ ਕੇ ਧੀਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ।
ਇੱਕ ਉਮੀਦ ਕਿ ਆਪਣੀਆਂ ਧੀਆਂ ਨੂੰ ਵਧੀਆ ਐਜੂਕੇਸ਼ਨ ਦਿਵਾ ਕੇ ਪਿਉ ਵਾਲੇ ਵੀ ਫਰਜ਼ ਨਿਭਾ ਰਹੀ ਸੀ। ਆਪਣੀ ਜਿੰਦਗੀ ਤਾਂ ਕਦੋਂ ਦੀ ਕਿਧਰੇ ਗੁਆਚ ਗਈ ਸੀ।
ਉਹਦੀ ਫੋਨ ਤੇ ਮੇਰੀ ਲੰਬੀ ਗੱਲਬਾਤ ਹੁੰਦੀ ਰਹਿੰਦੀ। ਪੁਰਾਣੇ ਰਿਸ਼ਤਿਆਂ ਦੀ ਗੱਲ ਕਰਦਿਆਂ ਉਹਦਾ ਗੱਚ ਭਰ ਜਾਂਦਾ, ਵਿਦੇਸ਼ ਦੀ ਲਾਲਸਾ ਵਿੱਚ ਆਪਣੀ ਖੁਸ਼ਹਾਲ ਜਿੰਦਗੀ ਬਦਤਰ ਬਣਾ ਲਈ, ਨਾ ਦਿਨ ਦਾ ਚੈਨ, ਨਾ ਰਾਤ ਦਾ ਅਰਾਮ।
ਗੁਰਮੀਤ ਕੌਰ ਬਾਜਵਾ
ਰਾਜਪੁਰਾ।