ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ ।
ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ ਜਮੀਨ ਇਸ ਧੱਕੇਸ਼ਾਹੀ ਦੀ ਭੇਟ ਚੜ੍ਹ ਗਈ।
ਬਾਪੂ ਤੇ ਚਾਚਾ ਉਸ ਨੂੰ ਮੋਢਿਆਂ ਤੇ ਚੁੱਕ ਨਵੀਂ ਅਲਾਟ ਹੋਈ ਪੈਲੀ ਵੇਖਣ ਗਏ ਤਾਂ ਉਥੇ ਦੁਰ-ਦੁਰਾਡੇ ਤੱਕ ਕਿਸੇ ਰੁੱਖ ਦਾ ਨਾਮੋ ਨਿਸ਼ਾਨ ਨਾ ਦਿਸਿਆ । ਜੇ ਕੁੱਝ ਨਜ਼ਰੀਂ ਪੈੰਦਾ ਤਾਂ ਉਹ ਮੋਹਲੀ , ਦੱਬ ,ਅੱਕ ਤੇ ਝਾੜੀਆਂ – ਮਲੇ ਸਨ।
ਸੋਨੇ ਵਰਗੀ ਜਾਇਦਾਦ ਦੇ ਖੁੱਸ ਜਾਣ ਦਾ ਵਿਗੋਚਾ ਅਤੇ ਪਲੇ ਪਏ ਬਰਾਨ ਕਰਲਾਠੇ ਤੇ ਰੇਤਲੇ ਟਿੱਬਿਆਂ ਨੂੰ ਵੇਖ ਦੋਵੇਂ ਭਰਾ ਗਹਿਰੇ ਸਦਮੇ ਵਿੱਚ ਸਨ। ਚਾਚਾ ਲੰਮਾ ਹੌਕਾ ਲੈ ਕਹਿੰਦਾ ,” ਭਾਅ !! ਇਸ ਬੰਜਰ ਧਰਤ ਦੀ ਕੁੱਖ ਸਲਖਣੀ ਨਹੀਂ ਹੋਣੀ , ਮੈਨੂੰ ਫਿਕਰ ਪਿਆ ਕਿ ਸਾਰਾ ਟੱਬਰ ਕਿਥੋੰ ਖਾਵਾਂਗੇ।” ਬਾਪੂ ਹੌਸਲਾ ਦੇੰਦਾ ਬੋਲਿਆ , ” ਕਰਮਿਆਂ ਮਾਲਿਕ ਤੇ ਭਰੋਸਾ ਰੱਖ ,ਜਿਨ੍ਹੇ ਪੈਦਾ ਕੀਤਾ ਖਾਣ ਨੂੰ ਵੀ ਦੇਊ।”
ਗੁਰੂ ਘਰੋਂ ਮੱਥਾ ਟੇਕ ਬੇਬੇ ਸੋਚਾਂ ਵਿੱਚ ਡੁੱਬੇ ਬਾਪੂ ਹੁਰਾਂ ਨੂੰ ਪ੍ਰਸ਼ਾਦ ਵੰਡਦੀ ਬੋਲੀ,
” ਮੰਨਿਆ ਸਾਡਾ ਰਾਜ ਭਾਗ ਖੁੱਸ ਗਿਆ ਪਰ ਤੁਸੀਂ ਹਿੰਮਤ ਨਾ ਹਾਰੋ! ਉਸਦੇ ਘਰ ਕੋਈ ਘਾਟ ਨਹੀਂ । ਆਦਿ ਕਾਲ ਤੋਂ ਤੱਗੜੇ ਮਾੜਿਆਂ ਨਾਲ ਧੱਕੇਸ਼ਾਹੀ ਕਰਦੇ ਆਏ ਨੇ। ਮਾਲਿਕ ਆਪੇ ਇੰਨਾਂ ਨਾਲ ਨਜਿਠੂ।
ਤੁਸੀਂ ਢੇਰੀ ਨਾ ਢਾਓ , ਬੰਜਰ ਨੂੰ ਅਬਾਦ ਕਰਨ ਲਈ ਕਮਰ-ਕੱਸੇ ਕਰੋ । ਉਪਰਵਾਲਾ ਸਿੱਧੀਆਂ ਪਾਊ , ਧਰਤੀ ਮਾਂ ਮਿਹਨਤਕਸ਼ਾਂ ਦਾ ਹੱਕ ਕਦੀ ਨਹੀਂ ਰੱਖਦੀ।”
ਅਚਾਨਕ ਵੱਜੀ ਸੱਟ ਨਾਲ ਵੱਡੇ -ਵੱਡੇ ਬੌੰਦਲ ਜਾਂਦੇ ਤਮਾਤੜਾਂ ਦਾ ਮਧੋਲੇ ਜਾਣਾ ਕੁਦਰਤੀ ਸੀ। ਬਾਪੂ ਹੁਰਾਂ ਦੇ ਮੁਰਝਾਏ ਚਿਹਰੇ ਵੇਖ ਨਿਆਣੇ ਨੇ ਡੁੱਸਕਦਿਆਂ ਕਈ ਵਾਰ ਰੋ ਪੈਣਾ ਤਾਂ ਬਾਪੂ ਹਿੱਕ ਨਾਲ ਲਾਉਂਦੇ ਵਰਾਉੰਦਿਆਂ ਕਹਿਣਾ ...
, ” ਸਾਡੇ ਹੁੰਦਿਆਂ ਦਿਲ ਛੋਟਾ ਨਹੀਂ ਕਰਨਾ , ਤੂੰ ਵੇਖਦਾ ਜਾਵੀਂ ਅਸੀਂ ‘ਜੰਗਲ ਵਿੱਚ ਮੰਗਲ ‘ ਲਾ ਦੇਣਾ ।” ਇਸ ਸਦਮੇ ਚੋਂ ਉਭਰਨ ਲਈ ਬੇਬੇ ਦੀ ਹਲਾਸ਼ੇਰੀ ਡਿੱਗਦਿਆਂ ਲਈ ਠੁਮਣਾ ਬਣ ਬੋਹੜੀ।
ਦੋਵੇਂ ਭਰਾ ਅੰਮਿ੍ਤ ਵੇਲੇ ਗੁਰੂ ਘਰ ਸੀਸ ਨਿਵਾ ਕਹੀਆਂ ਮੋਢਿਆਂ ਤੇ ਰੱਖ ਦਾਤਰੀਆਂ ਫੜ ਟਿੱਬਿਆਂ ਨੂੰ ਹੋ ਤੁਰਦੇ। ਮੋਹਲੀ , ਅੱਕ ਵੱਢਦਿਆਂ ਤੇ ਬੂਝੇ ਪੁੱਟਦਿਆਂ ਉਹ ਹਾਲੋ -ਬੇਹਾਲ ਹੋ ਜਾਂਦੇ ।
ਸੱਪ-ਸਪੋਲੀਏ ,ਨਿਉਲ , ਠੂਏੰ ਕੋਹੜਕਿਰਲਿਆਂ ਲਈ ਬੇਅਬਾਦ ਟਿੱਬੇ ਮਨਭਾਉੰਦੀ ਰਿਹਾਇਸ਼ ਹੁੰਦੇ ਹਨ। ਇਸੇ ਲਈ ਬਾਪੂ ਹੁਰੀਂ ਸੋਟੇ ਨਾਲ ਲੇਕੇ ਜਾਂਦੇ।
ਗਰਮੀਆਂ ਦੀ ਪਿੰਡੇ ਸਾੜਵੀੰ ਧੁੱਪ ਤੇ ਮੀੰਹ ਕਣੀ ਤੋਂ ਬਚਨ ਲਈ ਬਾਪੂ ਹੁਰਾਂ ਟਿੱਬਿਆਂ ਵਿੱਚ ਸਿਰ ਲੁਕਾਵੇ ਲਈ ਇਕ ਵੱਡੀ ਤੇ ਇਕ ਛੋਟੀ ਛੰਨ ( ਝੌਪੜੀ )
ਬਣਾ ਲਈ । ਉਨ੍ਹਾਂ ਤਰੇਕਾਂ , ਪਿੱਪਲ ਤੇ ਜਾਮਨੂੰ ਦੇ ਰੁੱਖ ਬੀਜ ਦਿੱਤੇ। ਜਿਨ੍ਹਾਂ ਨੂੰ ਦੂਰੋਂ ਲਿਆ ਪਾਣੀ ਪਾਉੰਦੇ।
ਝਾੜੀਆਂ ਪੁੱਟਦਿਆਂ ਕਹੀ ਤਿਲਕੀ ਅਤੇ ਬਾਪੂ ਦੇ ਪੈਰ ਦੇ ਛਪਰ ਉੱਤੇ ਅੈਸੀ ਵੱਜੀ ਕਿ ਲਹੂ ਦੀਆਂ ਤਤੀਰੀਆਂ ਵਗ ਤੁਰੀਆਂ। ਲਹੂ ਬੰਦ ਕਰਨ ਲਈ ਬਾਪੂ ਨੇ ਪਰਨਾ ਪੈਰ ਤੇ ਬੰਨਣ ਨੂੰ ਕਿਹਾ ਤਾਂ ਸੂਲਾਂ ਨਾਲ ਵਿੰਨੇ ਪੈਰ ਨੂੰ ਵੇਖ ਰੂਹ ਕੰਬ ਉੱਠੀ।
ਬਾਪੂ ਦੇ ਨਾਲ ਤੁਰੇ ਆਉੰਦਿਆਂ ਜਦੋਂ ਉਸਨੂੰ ਪੀੜ ਨਾਲ ਦੋਹਰੇ ਹੋਏ ਤੇ ਲੰਗੇਵਾਹ ਤੁਰਦੇ ਨੂੰ ਵੇਖਦਾ ਤਾਂ ਬੱਦ- ਦੁਆਵਾਂ ਮੂੰਹੋਂ ਨਿਕਲ ਨਿਕਲ ਜਾਂਦੀਆਂ , “ਰਸੂਖਵਾਨੋ !! ਤੁਸੀਂ ਛੱਲ -ਕਪੱਟ ਕਰਕੇ ਬੜਾ ਕਹਿਰ ਕਮਾਇਆ , ਤੁਹਾਡਾ ਕੱਖ ਨਾ ਰਹੇ । ਤੁਸੀਂ ਰੱਬ ਵਰਗੇ ਸਿੱਧੇ-ਸਾਧੇ ,ਦਸਾਂ ਨੂੰਹਾਂ ਦੀ ਕਿਰਤ ਕਰਨ ਵਾਲੇ ਮਿੱਟੀ ਦੇ ਜਾਏ ਨੂੰ ਬੰਜਰਾਂ ਦੀ ਭੱਠ ਵਿੱਚ ਝੋਕ ਦਿੱਤਾ ।” ( ਚਲਦਾ )
✍:- ਗੁਰਨਾਮ ਨਿੱਜਰ =18/05/2021