ਜਰੂਰੀ ਮੀਟਿੰਗ ਤੇ ਸਰਦਾਰ ਹੁਰਾਂ ਨੂੰ ਲੈ ਕੇ ਚੰਡੀਗੜ ਜਾ ਰਿਹਾ ਸਾਂ..
ਬੰਗੇ ਕੋਲ ਸਟੇਰਿੰਗ ਇੱਕ ਪਾਸੇ ਨੂੰ ਜਾਂਦਾ ਲੱਗਾ ਤਾਂ ਇੱਕ ਸਰਵਿਸ ਸਟੇਸ਼ਨ ਤੇ ਬ੍ਰੇਕ ਮਾਰ ਲਈ..
ਹੌਲੀ ਜਿਹੀ ਉਮਰ ਦਾ ਮੁੰਡਾ ਕੋਲ ਆਇਆ ਤੇ ਪੁੱਛਣ ਲੱਗਾ “ਹਾਂਜੀ ਦੱਸੋ ਜੀ ਕੀ ਕਰਵਾਉਣਾ”?
ਆਖਿਆ ਅਗਲੇ ਪਾਸੇ ਵਾਲੇ ਸੱਜੇ ਟਾਇਰ ਵਿਚ ਹਵਾ ਭਰ ਦੇ..
ਕੁਝ ਚਿਰ ਬਾਅਦ ਮੁੜ ਆਇਆ ਤੇ ਆਖਣ ਲੱਗਾ “ਜੀ ਵਾਲਵ ਲੀਕ ਕਰਦਾ..ਆਖੋ ਤਾਂ ਬਦਲ ਦਿਆਂ”?
ਪੁੱਛਿਆ ਕਿੰਨੇ ਪੈਸੇ..ਕਹਿੰਦਾ ਸੌ ਰੁਪਈਏ!
ਏਨੀ ਗੱਲ ਸੁਣ ਪਿੱਛੇ ਬੈਠੇ ਸਰਦਾਰ ਜੀ ਆਪੇ ਤੋਂ ਬਾਹਰ ਹੋ ਗਏ..ਆਖਣ ਲੱਗੇ..”ਰਹਿਣ ਦੇ ਬਈ..ਤੂੰ ਬੱਸ ਹਵਾ ਭਰ ਦੇ..ਇਹ ਸਾਰਾ ਕੁਝ ਬੱਸ ਤੁਹਾਡਾ ਪੈਸੇ ਬਣਾਉਣ ਦਾ ਚੱਕਰ ਹੁੰਦਾ..ਮੈਂ ਚੰਗੀ ਤਰਾਂ ਜਾਣਦਾ ਤੁਹਾਨੂੰ”
ਉਸ ਨੇ ਹਵਾ ਭਰੀ..ਦਸਾਂ ਦਾ ਨੋਟ ਫੜਿਆ ਤੇ ਮੈਂ ਗੱਡੀ ਹਾਈਵੇ ਤੇ ਪਾ...
ਲਈ।
ਹੁਣ ਸਰਦਾਰ ਜੀ ਫੋਨ ਤੇ ਕਿਸੇ ਨੂੰ ਆਖ ਰਹੇ ਸਨ..
“ਗੁੜਗਾਵਾਂ ਵਾਲੇ ਪੀਸ ਦਾ ਨੁਕਸ ਭਾਵੇਂ ਕੁਝ ਵੀ ਨਹੀਂ ਪਰ ਰਿਪੋਰਟ ਇਸ ਤਰਾਂ ਬਣਾਉਣੀ ਕੇ ਅਗਲੇ ਧੁਰ ਤੀਕਰ ਹਿੱਲ ਜਾਣ..ਲਿਖ ਦਵੋ ਮਦਰ ਬੋਰਡ ਸੜ ਗਿਆ..ਸਰਵਿਸ ਵੀ ਪੈਂਡਿੰਗ ਏ..ਡਿਲੀਵਰੀ ਚਾਰਜ਼ਸ ਪਾ ਕੇ ਪੂਰੇ ਅੱਸੀ ਹਜਾਰ ਦਾ ਬਿਲ ਭੇਜ ਦਿਓ..ਬਾਕੀ ਫੇਰ ਦੇਖਦੇ ਹਾਂ ਅੱਗੋਂ ਕੀ ਕਰਨਾ”
ਏਨੀ ਗੱਲ ਆਖ ਸਰਦਾਰ ਹੁਰੀਂ ਗੂੜੀ ਨੀਂਦਰ ਸੌਂ ਗਏ…
ਰੋਪੜ ਲਾਗੇ ਗੱਡੀ ਇੱਕ ਵਾਰ ਫੇਰ ਡਿਕੋ ਡੋਲੇ ਜਿਹੇ ਖਾਣ ਲੱਗੀ..ਪਾਸੇ ਲਾ ਕੇ ਹੇਠਾਂ ਉਤਰਿਆ ਤਾਂ ਦੇਖਿਆ ਇਸ ਵਾਰ ਦੋਵੇਂ ਟਾਇਰ ਪੰਚਰ ਸਨ…!!
ਹਰਪ੍ਰੀਤ ਸਿੰਘ ਜਵੰਦਾ