More Punjabi Kahaniya  Posts
ਪੰਝੀ ਪੈਸੇ ਦੀ ਚਪੇੜ


ਨਿੱਕੇ ਹੁੰਦਿਆਂ ਜੇ ਮਾਪਿਆ ਦੁਆਰਾ ਚੰਡੇ ਹੋਈਏ ,ਤਾਂ ਵੱਡੇ ਹੁੰਦਿਆਂ ਤੱਕ ਕਾਫ਼ੀ ਸਮਝ ਆ ਜਾਂਦੀ ਹੈ। ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਾਵਾਂਡੋਲ ਹੋਣ ਤੋਂ ਬੱਚ ਜਾਈਦਾ ਹੈ।ਇਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦੇਂਦੀ ਹੈ।
ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀ ਹਾਂ, ਕਿ ਤੁਹਾਨੂੰ ਕਦੀ ਮਾਪਿਆ ਜਾਂ ਵਡੇਰਿਆਂ ਨੇ ਝਿੜਕਿਆ ਹੈ? ਕਦੀ ਮਾਰ ਪਈ ਹੈ? ਤਾਂ ਕੁਝ ਬੱਚੇ ਮੰਨ ਜਾਂਦੇ ਹਨ।ਕੁਝ ਕਹਿੰਦੇ ਹਨ ਸਾਨੂੰ ਕਦੀ ਵੀ ਝਿੜਕ ਨਹੀਂ ਪਈ ਅਤੇ ਮਾਰ ਤਾਂ ਬਿਲਕੁਲ ਨਹੀਂ ਪਈ। ਮੈਨੂੰ ਯਕੀਨ ਜਿਹਾ ਨਹੀਂ ਹੁੰਦਾ। ਭਲਾ ਇਹ ਕਿਵੇਂ ਹੋ ਸਕਦਾ ਹੈ।ਥੋੜੀ ਬਹੁਤ ਝੰਬ-ਝਾੜ ਤਾਂ ਹੁੰਦੀ ਹੀ ਹੈ। ਮੰਨਿਆਂ ਸਾਡੀਆ ਹੁਣ ਵਾਲੀਆ ਮੰਮੀਆ ਮਾਡਰਨ ਹੋ ਗਈਆ ਹਨ,ਪਰ ਫਿਰ ਵੀ ਮਾੜਾ ਮੋਟਾ ਖੂਨ ਵਾਲਾ ਅਸਰ ਤਾਂ ਹੁੰਦਾ ਹੀ ਹੈ।
ਆਪਣੇ ਬਚਪਨ ਵਿੱਚ ਮੈਂ ਵੀ ਕਈ ਵਾਰ ਝਿੜਕਾ ਖਾਧੀਆ। ਭਾਵੇਂ ਜਿੰਨੇ ਮਰਜ਼ੀ ਲਾਡਲੇ ਹੋਈਏ ,ਪਰ ਫਿਰ ਵੀ ਕਦੀ-ਕਦੀ ਤਾਂ ਉੱਨੀ-ਇੱਕੀ ਹੋ ਹੀ ਜਾਂਦੀ ਹੈ।
ਮੈਂ ਜਿਆਦਾ ਆਪਣੇ ਦਾਦਾ-ਦਾਦੀ ਜੀ ਨਾਲ ਰਹੀ ਹਾਂ। ਮੈਨੂੰ ਪੜ੍ਹਾਉਂਦੇ ਵੀ ਭਾਪਾ ਜੀ ਹੀ ਸਨ।ਇੱਕ ਵਾਰ ਭਾਪਾ ਜੀ(ਦਾਦਾ ਜੀ) ਨੇ ਮੇਰੇ ਹੱਥ ਵਿੱਚ ਨਿੱਕੀ ਜਿਹੀ ਪੈਂਨਸਿਲ ਦੇਖ ਕੇ ਮੈਨੂੰ ਪੰਝੀ ਪੈਸੇ ਦਿੱਤੇ, ਕਿ ਅੱਧੀ ਛੁੱਟੀ ਵੇਲੇ ਜਾ ਕੇ ਪੈਨਸਿਲ ਲੈ ਆਵੀ। ਅੱਧੀ ਛੁੱਟੀ ਹੁੰਦਿਆਂ ਹੀ ਦੁਕਾਨ ਵੱਲ ਰੁਖ ਕਰਨ ਦੀ ਥਾਂ ‘ਤੇ ਸਕੂਲ ਦੇ ਬਾਹਰ ਲੱਗੀ ਗੋਲਗੱਪਿਆਂ ਵਾਲੀ ਰੇਹੜੀ ਵੱਲ ਪੈਰ ਤੁਰ ਪਏ। ਪੈਨਸਿਲ ਦਾ ਚੇਤਾ ਹੀ ਭੁੱਲ ਗਿਆ। ਰੇਹੜੀ ਤੋਂ ਗੋਲਗੱਪੇ ਖਾ ਕੇ ਸਕੂਲ ਆ ਗਈ।
ਘਰ ਆ ਕੇ ਫਿਰ ਕੰਮ ਕਰਨ ਦੀ ਵਾਰੀ ਆਈ ਤਾਂ ਮੇਰੇ ਹੱਥ ਵਿੱਚ ਉਹੀ ਨਿੱਕੀ ਜਿਹੀ ਪੈਨਸਿਲ ਦੇਖ ਕੇ ਭਾਪਾ ਜੀ ਨੇ ਪੁੱਛਿਆ, ਕਿ ਜਿਹੜੀ ਪੈਨਸਿਲ ਸਕੂਲ ਲਈ ਸੀ, ਉਹ ਕਿੱਥੇ ਹੈ? ਝੂਠ ਬੋਲਿਆ ਨਹੀਂ ਜਾਣਾ ਸੀ, ਕਿਉਂਕਿ ਆਦਤ ਨਹੀਂ ਸੀ। ਸਾਫ਼ ਕਹਿ ਦਿੱਤਾ ਕਿ ਮੈਂ ਉਹਨਾਂ ਪੈਸਿਆਂ ਦੇ ਗੋਲਗੱਪੇ ਖਾ ਲਏ ਸਨ। ਇੰਨਾਂ ਸੁਣਦਿਆਂ ਹੀ ਇੱਕ ਤਾੜ ਕਰਦੀ ਚਪੇੜ ਵੱਜ ਗਈ।
ਫਿਰ ਕੀ ਸੀ ….ਕੋਲ ਬੈਠੇ ਬੀਜੀ ਭੜਕ ਪਏ। ਅਖੇ ਹੱਦ ਹੋ ਗਈ, ਫਿਰ ਕੀ ਹੋਇਆ ਜੇ ਗੋਲਗੱਪੇ ਖਾ ਲਏ, ਉਹਨੇ ਝੂਠ ਥੋੜੀ ਬੋਲਿਆ ਹੈ। ਨਿਆਣੀ ਦਾ ਜੀਅ ਕਰਦਾ ਹੋਵੂ ਤੇ ਖਾਧੇ ਗਏ।ਜੇਕਰ ਏਨਾ ਹੀ ਸੀ, ਤਾਂ ਆਪ ਮੰਗਵਾ ਦੇਣੀ ਸੀ ਪੈਨਸਿਲ।
ਮੈਂ ਤਾਂ ਰੋਦੀਂ-ਰੋਦੀ ਚੁੱਪ ਹੋ ਗਈ, ਪਰ ਦਾਦਾ ਜੀ ਵਿਚਾਰੇ ਫੱਸ ਗਏ। ਉਹਨਾਂ ਨੇ ਦਾਦੀ ਜੀ ਨੂੰ ਸਮਝਾਇਆ ਕਿ “ਜੇਕਰ ਅੱਜ ਮੈਂ ਇਸ ਨੂੰ ਨਾ ਝਿੜਕਿਆ ਤਾਂ ਇਸਦੀ ਇਹੀ ਆਦਤ ਵਿਗੜ ਜਾਵੇਗੀ। ਜੇਕਰ ਗੋਲਗੱਪੇ ਖਾਣੇ ਹੀ ਸਨ ਤਾਂ ਕਮ-ਸੇ-ਕਮ ਦੱਸ ਕੇ ਹੋਰ ਪੈਸੇ ਲੈ ਜਾਂਦੀ।”...

ਚਲੋ, ਗੱਲ ਆਈ ਗਈ ਹੋਈ ਅਤੇ ਦੁਕਾਨ ਤੋਂ ਹੋਰ ਪੈਨਸਿਲਾਂ ਵੀ ਆ ਗਈਆ। ਉਹ ਪੰਝੀ ਪੈਸੇ ਦੀ ਵੱਜੀ ਚਪੇੜ ਅੱਜ ਵੀ ਯਾਦ ਹੈ। ਸੱਚਮੁੱਚ ਹੁਣ ਤੱਕ ਕਦੀ ਵੀ ਬੇਈਮਾਨੀ ਕਰਨ ਦੀ,ਜਾਂ ਕਿਸੇ ਦੇ ਪੈਸੇ ਮਾਰਨ ਦੀ ਹਿੰਮਤ ਨਹੀਂ ਪਈ।
ਜੇਕਰ ਬੱਚੇ ਨੂੰ ਸਮੇਂ ਸਿਰ ਝਿੜਕ ਕੇ ਜਾਂ ਪਿਆਰ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸਮਝਾਇਆ ਜਾਵੇ ਤਾਂ ਉਹ ਕਦੀ ਵੀ ਗਲਤ ਪਾਸੇ ਨਹੀਂ ਜਾਣਗੇ।
ਮੈਂ ਇਹ ਆਪਣੀ ਪੰਝੀ ਪੈਸੇ ਦੀ ਚਪੇੜ ਅਕਸਰ ਸਾਂਝੀ ਕਰਦੀ ਹਾਂਂ। ਮੈਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੀ ਉਹ ਇੱਕ ਗਲਤੀ ਦੀ ਸਜਾ ਮੈਨੂੰ ਜ਼ਿੰਦਗੀ ਭਰ ਦਾ ਸਬਕ ਦੇ ਕੇ ਗਈ ਹੈ। ਅੱਜ ਤੱਕ ਹਿੰਮਤ ਨਹੀਂ ਪਈ ਕਿ ਕਦੀ ਚਵਾਨੀ ਦੀ ਵੀ ਬੇਈਮਾਨੀ ਕਰਾ।
ਇਸੇ ਤਰ੍ਹਾਂ ਮੈਂ ਇੱਕ ਫ਼ਿਲਮ ਵੇਖੀ ਸੀ। ਨਾਮ ਤਾਂ ਮੈਨੂੰ ਯਾਦ ਨਹੀਂ, ਪਰ ਜੋ ਉਸ ਫ਼ਿਲਮ ਦੀ ਕਹਾਣੀ ਹੈ ਉਹ ਇਸ ਤਰ੍ਹਾ ਸੀ ਕਿ, ਜੋ ਨਾਇਕ ਹੁੰਦਾ ਹੈ ਉਹ ਬਹੁਤ ਵਿਗੜ ਜਾਂਦਾ ਹੈ। ਗਲਤ ਸੰਗਤ ਵਿੱਚ ਪੈ ਜਾਂਦਾ ਹੈ। ਮਾਂ ਦਾ ਪੁੱਤ ਨਾਲ ਬਹੁਤ ਪਿਆਰ ਹੁੰਦਾ ਹੈ। ਉਸਨੇ ਕਦੀ ਵੀ ਆਪਣੇ ਪੁੱਤ ਨੂੰ ਝਿੜਕਿਆ ਨਹੀਂ ਸੀ। ਆਦਤਾਂ ਹੌਲੀ- ਹੌਲੀ ਬਹੁਤ ਵਿਗੜ ਗਈਆ।
ਅਖੀਰ ‘ਤੇ ਉਹੀ ਮਾਂ ਜਿਸ ਨੇ ਆਪਣੇ ਪੁੱਤ ਨੂੰ ਕਦੀ ਹੱਥ ਵੀ ਨਹੀਂ ਸੀ ਲਾਇਆ, ਆਪ ਡੰਡਾ ਫੜਕੇ ਬਹੁਤ ਮਾਰਦੀ ਹੈ ਅਤੇ ਨਾਲ ਬੋਲੀ ਜਾਂਦੀ ਹੈ। “ਤੇਰਾ ਕਸੂਰ ਨਹੀਂ ਹੈ,ਮੇਰਾ ਹੀ ਕਸੂਰ ਹੈ। ਕਾਸ਼! ਮੈਂ ਇਹੀ ਡੰਡਾ ਸਮੇਂ ਸਿਰ ਫੜਿਆ ਹੁੰਦਾ, ਤਾਂ ਅੱਜ ਮੈਨੂੰ ਪਛਤਾਉਣਾ ਨਾ ਪੈਂਦਾ।” ਸੋ ਮੇਰਾ ਇਹ ਲਿਖਤ ਲਿਖਣ ਦਾ ਮਕਸਦ ਸਿਰਫ਼ ਇਹੀ ਹੈ ਕਿ ਬੱਚੇ ਸਭ ਨੂੰ ਪਿਆਰੇ ਹੁੰਦੇ ਹਨ। ਇਹਨਾਂ ਨੂੰ ਬਹੁਤ ਪਿਆਰ ਕਰੋ। ਪਰ ਕਿਤੇ ਇਹ ਨਾ ਹੋਵੇ ਕਿ ਸਮਾਂ ਲੰਘ ਜਾਵੇ ਤੇ ਬਾਅਦ ਵਿੱਚ ਪਛਤਾਉਣਾ ਪਵੇ।
ਜਦੋਂ ਵੀ ਲੱਗੇ ਕਿ ਬੱਚੇ ਨੂੰ ਸਮਝਾਉਣ, ਝਿੜਕਣ ਜਾਂ ਹੋਰ ਕਿਸੇ ਵੀ ਤਰੀਕੇ ਦੀ ਜਰੂਰਤ ਹੈ ਤਾਂ ਜਰੂਰ ਉਹ ਤਰੀਕਾ ਅਪਨਾਉ। ਤੁਹਾਡੀ ਹੁਣ ਦੀ ਕੀਤੀ ਜਰਾ ਜਿੰਨੀ ਹਿੰਮਤ ਬੱਚੇ ਦੀ ਪੂਰੀ ਜ਼ਿੰਦਗੀ ਸਵਾਰ ਸਕਦੀ ਹੈ। ਸਿਆਣਿਆ ਨੇ ਸੱਚ ਹੀ ਕਿਹਾ ਹੈ ਲਾਡ ‘ਖਾਣ-ਪੀਣ ਅਤੇ ਹੰਡਾਉਣ ਤੱਕ ਦਾ ਕਰੋ’ ਗਲਤੀਆ ਨੂੰ ਕਦੀ ਵੀ ਨਜ਼ਰਅੰਦਾਜ਼ ਨਾ ਕਰੋ।ਬਚਪਨ ਤੋਂ ਚੰਡੇ ਬੱਚੇ ਅਕਸਰ ਕਾਮਯਾਬ ਹੁੰਦੇ ਹਨ।
ਪਰਵੀਨ ਕੌਰ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)