ਲਗੀ ਸਾਉਂਣ ਦੀ ਝੜੀ
ਮੈ ਹਮੇਸ਼ਾ ਮੀਂਹ ਮੰਗਦੀ ਪਰ ਬੇਬੇ ਮੀਂਹ ਨੂੰ ਵੇਖ ਮੂੰਹ ਮ੍ਰੋੜਦੀ ਰਹਿੰਦੀ। ਮੇਰਾ ਮੀਂਹ ਨਾਲ ਇਨ੍ਹਾਂ ਮੋਹ ਕਿਉਂ ਤੇ ਬੇਬੇ ਦਾ ਮੀਂਹ ਨਾਲ ਏਨਾ ਇੱਟ – ਖੜੀਕਾ ਕਿਉਂ ਇਹ ਉਪਰ ਵਾਲਾ ਜਾਣੇ।
ਮੀਂਹ ਸ਼ੁਰੂ ਹੁੰਦਿਆਂ ਸਾਰ ਮੈਂ ਵਿਹੜੇ ਵਿਚ ਜਾ ਖਲੋਂਦੀ। ਕਾਲੇ ਬੱਦਲਾਂ ਚੋਂ ਮੋਟੀਆਂ ਮੋਟੀਆਂ ਕਣੀਆਂ ਜਦੋਂ ਮੇਰੇ ਜੀਸਮ ‘ਤੇ ਡਿੱਗਦੀਆਂ ਤਾਂ ਕੋਈ ਅੱਲ੍ਹਾਈ ਝ੍ਰਣਾਹਿਟ ਮੇਰੇ ਵਜੂਦ ਨੂੰ ਨਿਹਾਲ ਕਰ ਦੇਂਦੀ।
ਮੈਂ ਬੇਬੇ ਤੋਂ ਚੋਰੀ ਹੌਲੀ ਜੇਹੀ ਬੂਹਾ ਖੋਲ੍ਹ ਸਹੇਲੀਆਂ ਵਿਚ ਜਾ ਰਲਦੀ। ਅਸੀੱ ਸਿਰ ਤੋਂ ਪੈਰਾਂ ਤਾਈਂ ਮੀਂਹ ਨਾਲ ਗੜੂੱਚ ਹੋਈਆਂ ਗਲੀਆਂ ਵਿਚ ਦੜੰਗੇ ਮਾਰਦੀਆਂ ਭੱਜੀਆਂ ਫਿਰਦੀਆਂ।
ਕਾਪੀਆਂ ਦੇ ਵਰਕੇ ਪਾੜ ਕਾਗਜ਼ ਦੀਆ ਕਿਸ਼ਤੀਆਂ ਬਣਾ ਮੀਂਹ ਦੇ ਪਾਣੀ ਵਿਚ ਤਾਰਨੀਆਂ ਸਾਡੀ ਮਨ ਭੌਂਦੀ ਖੇਡ ਹੁੰਦੀ। ਹਵਾ ਦਾ ਬੁੱਲ੍ਹਾ ਜਦੋਂ ਕਿਸ਼ਤੀਆਂ ਨੂੰ ਧੱਕਾ ਲਾ ਭਜਾਉਂਦਾ ਤਾਂ ਅਸੀਂ ਕਿਸ਼ਤੀ ਦੌੜ ਦਾ ਤਾੜੀਆਂ ਮਾਰ ਖੂਬ ਅਨੰਦ ਮਾਣਦੀਆਂ।
ਜਦੋਂ ਮੀਂਹ ਦੀ ਭਿੱਜੀ ਨੇ ਵਿਹੜੇ ਪੈਰ ਪਾਉਂਣਾ ਤਾਂ ਬੇਬੇ ਨੂੰ ਢਾਕਾਂ ਤੇ ਹੱਥ ਰੱਖ ਖਲੋਤੀ ਵੇਖ ਵਜੂਦ ਕੰਬ ਜਾਣਾ।
ਬੇਬੇ ਲੋਹਾ-ਲਾਖਾ ਹੋਈ ਬੋਲਦੀ , ” ਆ ਗਈ ਏ ਭੂਤਨੀਏ ਲੀੜੇ ਗੜੂਚ ਕਰਕੇ …..ਮੀਂਹ ਨਾਲ ਭਿੱਜੇ ਝਾਟੇ ਵਿਚ ਪਈਆਂ ਜੂੰਆਂ ਕਿਹੜੀ ਤੇਰੀ ਮਾਂ ਕੱਢੂ …..ਇਹ ਮੀਂਹ ਵਾਲੇ ਨੇ ਵੀ ਸ਼ਰਮ ਲਾਹੀ ਹੋਈ ਆ….ਹਫਤਾ ਹੋ ਗਿਆ ਝੜੀ ਲਾਈ ਨੂੰ ….ਹਮਾਤੜਾਂ ਦੇ ਕਈ ਕਜੀਏ ਵਧਾ ਦੇਂਦਾ।”
ਝਿੜਕਾਂ ਮੈਨੂੰ ਤੇ ਮੀਂਹ ਦੋਵਾਂ ਨੂੰ ਮਿਲਦੀਆਂ ਪਰ ਬੇਬੇ ਹੱਥੋਂ ਛਿੱਲ ਮੇਰੀ ਇੱਕਲੀ ਦੀ ਲੱਥਦੀ। ਕੁੱਟ ਤਾਂ ਮੈ ਛਿਣਾਂ ਪਲਾਂ ਵਿਚ ਭੁੱਲ-ਭੁਲਾ ਦੇਂਦੀ ਪਰ ਮੀਂਹ ਵਿਚ ਨਹਾਉਣ ਦਾ ਨਜਾਰਾ ਕਦੀ ਨਾ ਭੁੱਲਦਾ।
ਬੇਬੇ ਦਾ ਗੁੱਸਾ ਵੀ ਜਾਇਜ਼ ਹੁੰਦਾ। ਸਾਉਂਣ ਦੀ ਝੜੀ ਬੇਬੇ ਲਈ
ਕਈ ਮੁਸ਼ਕਲਾਂ ਖੜੀਆਂ ਕਰ ਦੇਂਦੀ ਸੀ। ਵਰਦੇ ਮੀਂਹ ਵਿਚ ...
ਬੇਬੇ
ਬੋਰੀ ਦਾ ਕੁੱਪਾ ਸਿਰ ‘ਤੇ ਪਾ ਕੱਚੇ ਕੋਠੇ ਉੱਤੇ ਹੱਥ ਫੇਰ ਮੋਰੀਆਂ ਬੰਦ ਕਰਦੀ …ਕਦੀ ਚੋਂਦੇ ਕੋਠੇ ਚੋਂ ਸਮਾਨ ਗਿਲ੍ਹਾ ਹੋਣ ਤੋਂ ਬਚਾਉਣ ਲਈ ਇਧਰ -ਓਧਰ ਚੁੱਕ ਚੁੱਕ ਰੱਖਦੀ ਤਾਂ ਗੁੱਸੇ ਵਿਚ ਮੀਂਹ ਨੂੰ ਕੋਸਦੀ ਬੁੱੜ-ਬੁੱੜ ਕਰੀ ਜਾਂਦੀ।
ਤੰਦੂਰ ਢੱਕ ਕੇ ਆਉਂਦੀ ਤਾਂ ਭੜੋਲੀ ਤੇ ਪਾਥੀਆਂ ਵੱਲ ਦੌੜਦੀ ।। ਹਾਲੇ ਬੇਬੇ ਮੰਜੀ ‘ਤੇ ਬਹਿਣ ਹੀ ਲਗੀ ਸੀ ਕਿ ਵਿਹੜੇ ਵਿਚ ਬੱਧੀ ਵੱਛੀ ਅੰਦਰ ਕਰਨ ਲਈ ਅੜਿੰਗਣ ਲਗ ਪਈ ।
ਬੇਬੇ ਵੱਛੀ ਤਾਂ ਅੰਦਰ ਕਰ ਆਈ ਪਰ ਸਾਉਂਣ ਦੀ ਝੜੀ ਨੂੰ ਅੱਬਾ-ਤੱਬਾ ਬੋਲਣੋ ਨਾ ਹਟੀ।
ਆਖਿਰ ਮੈਂ ਵੱਡਾ ਦਿਲ ਕਰ ਕਹਿ ਹੀ ਦਿਤਾ, “ਬੇਬੇ !! ਐਵੇਂ ਨਾ ਮੂੰਹੋਂ ਬੋਲ ਕੁਬੋਲ ਕੱਢੀ ਜਾਈਆ ਕਰ ….ਮੀਂਹ ਤਾਂ ਸਾਰੀ ਲੋਕਾਈ ਲਈ ਨਿਆਮਤ ਹੈ ….ਐਵੇ ਥੋੜੀ ਬੱਚੇ ਆਖਦੇ ਨੇ :-
“ਰੱਬਾ ਰੱਬਾ ਮੀਂ ਵਸਾ, ਸਾਡੇ ਕੋਠੇ ਦਾਣੇ ਪਾ”
“ਸੁੱਖ-ਸੱਖਾਂ ਨਾਲ ਸਾਉਣ ਦੀ ਝੜੀ ਲਗੀ ਆ….ਉੱਠ ਦੋਵੇਂ ਖੀਰ ਤੇ ਪੂੜੇ ਬਣਾਈਏ।”
ਬੇਬੇ ਵਿਚ ਮਮਤਾ ਜਾਗ ਪਈ , ਉਸ ਮੇਰਾ ਸਿਰ ਪਲੋਸੀਆ ਤੇ ਘੁੱਟਕੇ ਹਿੱਕ ਨਾਲ ਲਾਉਂਦੀ ਕਹਿੰਦੀ , ” ਨਿੱਕੀਏ !! ਮੈਨੂੰ ਮੁਆਫ਼ ਕਰੀਂ , ਮੈਂ ਘਰੇਲੂ ਜੰਜਾਲ ਵਿਚ ਇਹ ਭੁੱਲ ਗਈ ਸੀ ਕਿ ਮੈਂ ਤੇਰੀ ਮਾਂ ਵੀ ਹਾਂ।”
ਬੇਬੇ ਜਦੋਂ ਖੀਰ ਵਿਚ ਕੱੜਛੀ ਮਾਰਦੀ ਨਿੰਮਾ ਨਿੰਮਾ ਹੱਸਦੀ ਮੇਰੇ ਵੱਲ ਵੇਖਦੀ ਤਾਂ ਮੈਨੂੰ ਬੜੀ ਪਿਆਰੀ ਲਗਦੀ।
ਪਤੀਲੇ ਵਿਚ ਰਿਝਦੀ ਖੀਰ ਤੇ ਤਵੇ ਉੱਤੇ ਪੱਕਦੇ ਪੂੜਿਆਂ
ਦੀ ਖੂਸ਼ਬੂ ਸਾਊਂਣ ਦੀ ਝੜੀ ਨੂੰ ਖੁਸ਼- ਆਮ- ਦੀਦ ਕਹਿ ਰਹੀ ਸੀ।
✍️:- ਗੁਰਨਾਮ ਨਿਜੱਰ