More Punjabi Kahaniya  Posts
ਗੁਰੂ ਦੇ ਸਿਧਾਂਤ


ਨਵੰਬਰ ਚੁਰਾਸੀ ਵੇਲੇ ਹਰਿਆਣੇ ਦਾ ਮੋਹਿੰਦਰ ਗੜ ਜਿਲਾ..
ਦਾਹੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵਡੀ ਹਿੰਸਕ ਭੀੜ ਨੇ ਤੜਕ ਸੁਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ..!
ਕਈ ਆਖਣ ਲੱਗੇ ਵਾਲ ਕੱਟ ਲਵੋ..ਦਾਦਾ ਜੀ ਆਖਣ ਲੱਗੇ ਇੰਝ ਨੀ ਕਰਨਾ..ਦਸਮ ਪਿਤਾ ਦੇ ਪੁੱਤਰ ਹਾਂ..ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਬੱਸ ਗੁਰੂ ਤੇ ਭਰੋਸਾ ਨਾ ਛੱਡਿਓ..ਜਰੂਰ ਕਰਾਮਾਤ ਹੋਵੇਗੀ..!
ਫੇਰ ਕਿਰਪਾਨਾਂ,ਦਾਤਰੀਆਂ ਅਤੇ ਜੋ ਵੀ ਹੱਥ ਵਿਚ ਆਇਆ ਲੈ ਮੋਰਚਿਆਂ ਵਿਚ ਡਟ ਗਏ..!
ਉੱਚੀ ਸਾਰੀ ਛੱਡੇ ਜਾਂਦੇ ਜੈਕਾਰਿਆਂ ਦਾ ਐਸਾ ਅਸਰ ਹੋਇਆ ਕਿਸੇ ਨੇ ਵੀ ਨੇੜੇ ਆਉਣ ਦੀ ਹਿੰਮਤ ਨਾ ਕੀਤੀ..!
ਫੇਰ ਵਾਕਿਆ ਹੀ ਕਰਾਮਾਤ ਵਰਤੀ ਤੇ ਤੀਹ ਦੇ ਤੀਹ ਸਿੰਘ ਬਿਨਾ ਸ਼ਹੀਦ ਹੋਇਆਂ ਕੇਸਾਂ ਸਵਾਸਾਂ ਸੰਘ ਨਿਭਾ ਗਏ..!
ਤਿੰਨ ਦਹਾਕਿਆਂ ਮਗਰੋਂ ਜਦੋਂ ਕਨੇਡਾ ਦੀ ਧਰਤੀ ਤੇ ਪੈਰ ਪਾਇਆ ਤਾਂ ਕਿੰਨੀਆਂ ਸਾਰੀਆਂ ਨਿੱਕੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ..ਫੇਰ ਪੜਾਈ ਕਰ ਕੇ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਵਿਚ ਅਪਲਾਈ ਕਰ ਦਿੱਤਾ..!
ਮੇਰਾ ਭਰਵਾਂ ਦਾਹੜਾ ਵੇਖ “ਡੈਨ ਕੂਪਰ” ਨਾਮ ਦਾ ਗੋਰਾ ਮੈਨੇਜਰ ਆਖਣ ਲੱਗਾ ਦੋਸਤਾ ਇਹ ਦਵਾਈਆਂ ਬਣਾਉਣ ਦਾ ਸੰਵੇਦਨ ਸ਼ੀਲ ਕਾਰਜ ਏ..ਕਿਸੇ ਤਰਾਂ ਦਾਹੜੀ ਸ਼ੇਵ ਕਰ ਸਕਦਾ ਏਂ ਤਾਂ ਤੇਰੀ ਨੌਕਰੀ ਪੱਕੀ..!
ਅੱਗੋਂ ਚੁਰਾਸੀ ਵੇਲੇ ਦਾਦੇ ਹੁਰਾਂ ਦੇ ਆਖੇ ਬੋਲ ਕੰਨਾਂ ਵਿਚ ਆਣ ਵੱਜੇ..”ਜੇ ਨਿਭੇਗੀ ਤਾਂ ਸਿਰਫ ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਨਹੀਂ ਤਾਂ ਉਸ ਦੇ ਭਾਣੇ ਵਿਚ ਸਭ ਕੁਝ ਮਨਜੂਰ ਏ..”
ਠੀਕ ਇਹੋ ਗੱਲ ਗੋਰੇ ਨੂੰ ਵੀ ਆਖ ਦਿੱਤੀ ਕੇ ਨਾ ਤੇ ਗੁਰੂ ਦੇ ਅਸੂਲਾਂ ਦੇ ਉਲਟ ਜਾ ਸਕਦਾ ਹਾਂ ਤੇ ਨਾ ਹੀ...

ਦਾਦੇ ਜੀ ਅੱਗੇ ਝੂਠਾ ਪੈ ਸਕਦਾ ਹਾਂ..!
ਉਸਨੇ ਕੁਝ ਸੋਚਿਆ ਅਤੇ ਮੁੜ ਸੌਰੀ ਆਖ ਬਾਹਰ ਨੂੰ ਤੋਰ ਦਿੱਤਾ..!
ਮੈਂ ਹੋਰ ਪਾਸੇ ਅਪਲਾਈ ਕਰਨ ਵਿਚ ਰੁਝ ਗਿਆ..!
ਇੱਕ ਦਿਨ ਅਚਾਨਕ ਕੂਪਰ ਦੀ ਕਾਲ ਆ ਗਈ..ਆਖਣ ਲੱਗਾ ਮਸਲਾ ਹੱਲ ਹੋ ਗਿਆ..ਤਿੰਨ ਦਿਨ ਲਾ ਕੇ ਤੇਰੇ ਵਾਸਤੇ ਅਮਰੀਕਾ ਤੋਂ ਇੱਕ ਉਚੇਚੀ ਕਿੱਟ ਮੰਗਵਾਈ ਏ..ਹੁਣ ਜਦੋਂ ਮਰਜੀ ਆ ਕੇ ਜੋਇਨ ਕਰ ਸਕਦਾ ਏ..!
ਫੇਰ ਫੋਨ ਬੰਦ ਕਰਨ ਤੋਂ ਪਹਿਲਾਂ ਇੱਕ ਵਿਲੱਖਣ ਜਿਹੀ ਗੱਲ ਦੱਸੀ..ਆਖਣ ਲੱਗਾ ਕੇ ਮਿਸਟਰ ਸਿੰਘ ਜਿਸ ਦਿਨ ਤੇਰੀ ਇੰਟਰਵਿਊ ਲਈ ਸੀ ਉਸ ਦਿਨ ਬਿਲਕੁਲ ਵੀ ਸੌਂ ਨਾ ਸਕਿਆ..ਸਾਰੀ ਰਾਤ ਬੱਸ ਏਹੀ ਸੋਚਦਾ ਰਿਹਾ ਕੇ ਜਿਸ ਬੰਦੇ ਨੇ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਏਨੀ ਵਧੀਆ ਨੌਕਰੀ ਨੂੰ ਠੋਕਰ ਮਾਰਨ ਲੱਗਿਆਂ ਘੜੀ ਵੀ ਨਹੀਂ ਲਾਈ ਉਹ ਗੁਰੂ ਤੇ ਉਸਦਾ ਫਲਸਫਾ ਕਿੱਡਾ ਮਹਾਨ ਹੋਵੇਗਾ..ਤੇ ਕਿੱਡੀ ਉਚੀ ਹੋਵੇਗੀ ਇੱਕ ਦਾਦੇ ਵੱਲੋਂ ਪੋਤੇ ਨੂੰ ਦਿੱਤੀ ਹੋਈ ਪ੍ਰਪੱਕਤਾ ਵਾਲੀ ਸਿਖਿਆ..!
ਏਨੀ ਗੱਲ ਆਖ ਫੋਨ ਬੰਦ ਕਰ ਗਿਆ ਪਰ ਮੈਂ ਆਪਮੁਹਾਰੇ ਹੀ ਉਚੀ ਸਾਰੀ ਓਹੀ ਜੈਕਾਰਾ ਇੱਕ ਵੇਰ ਫੇਰ ਛੱਡ ਦਿੱਤਾ ਜਿਸ ਨਾਲ ਕਿਸੇ ਵੇਲੇ ਪੂਰੇ ਦਾ ਪੂਰਾ ਮੋਹਿੰਦਰਗੜ ਜਿਲਾ ਕੰਬ ਉਠਿਆ ਸੀ..!
(ਵਿੰਨੀਪੈਗ ਕੀਵੇਟਿਨ ਫਾਰਮੇਸੀ ਦੇ ਮਾਲਕ ਸਰਦਾਰ ਅਮਰਜੀਤ ਸਿੰਘ ਮੱਕੜ ਵੱਲੋਂ ਦੱਸੀ ਹੱਡ ਬੀਤੀ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਗੁਰੂ ਦੇ ਸਿਧਾਂਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)