More Punjabi Kahaniya  Posts
ਬੇਟੀ ਜੋ ਪੱਥਰ ਬਣ ਗਈ.


ਬੇਟੀ ਜੋ ਪੱਥਰ ਬਣ ਗਈ…….!
ਮੋਹਨ ਸਿੰਘ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਬਹੁਤ ਖੁਸ਼ ਸੀ। ਸਾਰੇ ਹੀ ਪਰਿਵਾਰ ਦੀ ਇੱਕ ਦੂਜੇ ਵਿੱਚ ਜਾਨ ਵੱਸਦੀ ਸੀ। ਉਹ ਇੱਕ ਪਾ੍ਈਵੇਟ ਦਫ਼ਤਰ ਵਿੱਚ ਕਲਰਕ ਦੀ ਸੀ। ਕਮਾਈ ਭਾਵੇਂ ਠੀਕ- ਠਾਕ ਹੀ ਸੀ ਪਰ ਸਾਰੇ ਦਿਨ ਵਿਆਹ ਵਾਂਗ ਹੀ ਬੀਤਦੇ ਸਨ। ਬੱਚੇ ਜਵਾਨ ਹੋ ਰਹੇ ਸੀ। ਇੱਕ ਦਿਨ ਸਤਵੰਤ ਕੌਰ ਨੇ ਮੋਹਨ ਨੂੰ ਕਿਹਾ।
” ਮੈਂ ਕਿਹਾ ਜੀ ਸੁਣਦੇ ਹੋ। ”
“ਬਿਲਕੁਲ ਸੁਣਦਾ ਹਾਂ, ਭਾਗਵਾਨੇ ਅਜੇ ਕੰਨ ਪੂਰੇ ਕੰਮ ਕਰਦੇ ਹਨ। ”
“ਤੁਸੀਂ ਕਦੇ ਤਾਂ ਮਜ਼ਾਕ ਤੋਂ ਬਿਨਾਂ ਕੋਈ ਗੱਲ ਕਰ ਲਿਆ ਕਰੋ।”
“ਹਾਂ ਜੀ ਹਾਂ ਜੀ ਬੋਲੋਂ। ”
“ਮੈਂ ਕਹਿੰਦੀ ਸੀ ਕਿ ਰੂਬੀ ਜਵਾਨ ਹੋ ਰਹੀ ਹੈ । ਉਸਦਾ ਵਿਆਹ ਵੀ ਕਰਨਾ ਹੈ। ”
“ਬਿਲਕੁਲ ਕਰਨਾ ਹੈ ਜੀ। ”
“ਇਸ ਵਾਰ ਜਿਹੜੇ ਐਫ਼. ਡੀ. ਦੇ ਪੂਰੇ ਹੋਣ ਉੱਤੇ ਪੈਸੇ ਆਉਣਗੇ ਕਿਉਂ ਨਾ ਬਾਹਰੋ ਬਾਹਰ ਰੂਬੀ ਲਈ ਇੱਕ ਸੈੱਟ ਲੈ ਲਈਏ।”
“ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਹੀ ਕਰ ਲੈਣਾ। ਨਾਲੇ ਆਪਾਂ ਐਫ਼. ਡੀ. ਗੁਰਦੇਵ ਦੇ ਦਾਖਲੇ ਲਈ ਕਰਵਾਈ ਸੀ ਪਰ ਉਹ ਤਾਂ ਮੁਫ਼ਤ ਹੀ ਹੋ ਗਈ। ਤੁਸੀਂ ਰੂਬੀ ਦੇ ਵਿਆਹ ਲਈ ਸੈੱਟ ਖਰੀਦ ਹੀ ਲਵੋਂ। ”
ਐਫ਼. ਡੀ. ਪੂਰੀ ਹੋਣ ਤੇ ਸਤਵੰਤ ਰੂਬੀ ਦੇ ਵਿਆਹ ਲਈ ਇੱਕ ਸੈੱਟ ਖਰੀਦ ਕੇ ਲੈ ਆਈ। ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮੰਨਜ਼ੂਰ ਸੀ। ਉਹ ਰੂਬੀ ਲਈ ਚੰਗਾ ਘਰ ਲੱਭ ਹੀ ਰਹੇ ਸਨ ਕਿ ਕਰੋਨਾ ਨਾਮੀ ਨਾਮੁਰਾਦ ਬਿਮਾਰੀ ਆ ਗਈ। ਇੱਕ ਦਿਨ ਮੋਹਨ ਦਫ਼ਤਰ ਵਿੱਚੋਂ ਹੀ ਇਸਦੀ ਗਰਿਫ਼ਤ ਵਿੱਚ ਆ ਗਿਆ। ਪਹਿਲਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆਂ ਪਰ ਜਦੋ ਤੱਕ ਪਤਾ ਲੱਗਾ ਸਤਵੰਤ ਨੂੰ ਵੀ ਕਰੋਨਾ ਹੋ ਚੁੱਕਾ ਸੀ। ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਦੋਵੇਂ ਪਤੀ-ਪਤਨੀ ਦਾ ਬੈੱਡ ਨਾਲ -ਨਾਲ ਹੀ ਸੀ। ਤਿੰਨ ਦਿਨਾਂ ਬਾਅਦ ਮੋਹਨ ਦੀ ਤਬੀਅਤ ਜਿਆਦਾ ਖਰਾਬ ਹੋ ਗਈ।
ਡਾਕਟਰ ਨੇ ਆਕਸੀਜਨ ਦੇ ਸਿਲੰਡਰ ਦਾ ਪ੍ਬੰਧ ਕਰਨ ਲਈ ਕਿਹਾ। ਆਕਸੀਜਨ ਦਾ ਸਿਲੰਡਰ ਐਨਾ ਜਿਆਦਾ ਮਹਿੰਗਾ ਮਿਲ ਰਿਹਾ ਸੀ ਕਿ ਰੂਬੀ ਨੂੰ ਆਪਣੇ ਸੈੱਟ ਵਿੱਚੋਂ ਹਾਰ ਵੇਚਣਾ ਪਿਆ। ਮੋਹਨ ਨੂੰ ਆਕਸੀਜਨ ਲਗਾਏ ਅਜੇ ਦੋ ਘੰਟੇ ਹੀ ਹੋਏ ਸਨ ਕਿ ਸਤਵੰਤ ਦਾ ਵੀ ਆਕਸੀਜਨ ਲੈਵਲ ਡਿੱਗਣ ਲੱਗ ਗਿਆ। ਡਾਕਟਰ ਨੇ ਆ ਕੇ ਉਹਨਾਂ ਨੂੰ ਇੱਕ ਹੋਰ ਸਿਲੰਡਰ ਦਾ ਇੰਤਜਾਮ ਕਰਨ ਲਈ ਕਿਹਾ।
“ਦੇਖੋ ਜੀ ਤੁਹਾਡੀ ਮੰਮੀ ਦਾ ਆਕਸੀਜਨ ਲੈਵਲ ਵੀ ਡਿੱਗ ਰਿਹਾ ਹੈ ਜੇਕਰ ਇਹਨਾਂ ਨੂੰ ਬਚਾਉਣਾ ਹੈ ਤਾਂ ਇੱਕ ਹੋਰ ਆਕਸੀਜਨ ਦੇ ਸਿਲੰਡਰ ਦਾ ਇੰਤਜ਼ਾਮ ਜਿੰਨੀ ਜਲਦੀ ਹੋ ਸਕਦਾ ਹੈ ਕਰੋ।”
ਦੋਵੇਂ ਭੈਣ ਭਰਾ ਅਜੇ ਸੋਚ ਹੀ ਰਹੇ ਸਨ ਕਿ ਮੋਹਨ ਨੇ ਸਤਵੰਤ ਕੌਰ ਲਈ ਸਿਲੰਡਰ ਛੱਡ ਦਿੱਤਾ ਸੀ। ਡਾਕਟਰ ਨੇ ਆ ਕਿ ਕਿਹਾ ।
“ਤੁਹਾਡੀ ਖੁਸ਼ ਕਿਸਮਤੀ ਹੈ ਕਿ ਤੁਹਾਨੂੰ ਹੋਰ ਆਕਸੀਜਨ ਦੇ ਸਿਲੰਡਰ ਦੀ ਅਜੇ ਇੰਤਜ਼ਾਮ ਕਰਨ ਦੀ ਲੋੜ ਨਹੀਂ। ”
ਉਹ ਦੋਵੇਂ ਖੁਸ਼ੀ ਵਿੱਚ ਡਾਕਟਰ ਨੂੰ ਪੁੱਛਦੇ ਹਨ।
“ਡਾਕਟਰ ਸਾਹਿਬ ਕਿਵੇਂ ਮੰਮੀ ਠੀਕ ਹੋ ਰਹੇ ਹਨ? ”
“ਨਹੀਂ ਤੁਹਾਡੇ ਪਿਤਾ ਵਾਲਾ ਸਿਲੰਡਰ ਹੀ ਉਹਨਾਂ ਦੇ ਕੰਮ ਆ ਜਾਵੇਗਾ। ”
” ਤੁਹਾਡਾ ਮਤਲਬ ਸਾਡੇ ਪਾਪਾ ਠੀਕ ਹੋ ਗਏ ਹਨ। ਉਹਨਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਨਹੀਂ ਹੈ। ”
“ਠੀਕ ਤਾਂ ਨਹੀਂ ਹੋਏ ਪਰ ਉਹਨਾਂ ਨੂੰ ਹੁਣ ਆਕਸੀਜਨ ਦੀ ਲੋੜ ਨਹੀਂ ਹੈ। ”
...

” ਤੁਹਾਡਾ ਇਸ ਗੱਲ ਤੋਂ ਕੀ ਮਤਲਬ? ”
“ਮਤਲਬ ਕੀ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ”
ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਾਡੀ ਖੁਸ਼ ਕਿਸਮਤੀ ਹੈ ਜਾ ਬਦਕਿਸਮਤੀ। ਉਹ ਅਜੇ ਪਰੇਸ਼ਾਨੀ ਵਿੱਚ ਹੀ ਸਨ ਕਿ ਮਗਰ ਹੀ ਵਾਰਡ ਬੁਆਏ ਆ ਗਿਆ।
“ਮੈਡਮ ਜਲਦੀ ਨਾਲ ਡੈਡ ਬਾਡੀ ਚੁੱਕੋ ਤਾਂ ਜੋ ਇਹ ਬੈੱਡ ਦੂਸਰੇ ਮਰੀਜ਼ ਨੂੰ ਅਲਾਟ ਕੀਤਾ ਜਾ ਸਕੇ। ”
ਰੂਬੀ ਵੱਡੀ ਹੋਣ ਕਰਕੇ ਛੋਟੇ ਭਰਾ ਨੂੰ ਹੌਸਲਾ ਦੇਣ ਲੱਗ ਜਾਂਦੀ ਹੈ।
” ਗੁਰਦੇਵ ਤੂੰ ਪਰੇਸ਼ਾਨ ਨਾ ਹੋ ਮੈਂ ਪਾਪਾ ਦਾ ਅੰਤਿਮ ਸਸਕਾਰ ਕਰਵਾ ਕੇ ਆਉਦੀਂ ਹਾਂ ਤੂੰ ਮੰਮੀ ਦਾ ਧਿਆਨ ਰੱਖੀ।”
ਰੂਬੀ ਮੋਹਨ ਦੇ ਮਿ੍ਤਕ ਸਰੀਰ ਨੂੰ ਸਟਰੈਚਰ ਉੱਤੇ ਪਾ ਬਾਹਰ ਧੱਕ ਕੇ ਲੈ ਜਾਂਦੀ ਹੈ। ਹਸਪਤਾਲ ਤੋਂ ਸ਼ਮਸ਼ਾਨ ਘਾਟ ਦੋ ਕਿਲੋਮੀਟਰ ਦੀ ਦੂਰੀ ਉੱਤੇ ਹੀ ਸੀ। ਰੂਬੀ ਇੱਕ ਐਮਬੂਲੈਂਸ ਵਾਲੇ ਨੂੰ ਜਾਣ ਲਈ ਕਹਿੰਦੀ ਹੈ।
“ਮੈਡਮ ਚੱਲਣਾ ਤਾਂ ਹੈ ਪਰ ਪੰਦਰ੍ਹਾਂ ਹਜ਼ਾਰ ਰੁਪਏ ਲੱਗਣਗੇ। ”
“ਇਹ ਤਾਂ ਬਹੁਤ ਜਿਆਦਾ ਪੈਸੇ ਹਨ। ”
” ਮੈਡਮ ਇਹ ਹੀ ਰੇਟ ਚੱਲ ਰਿਹਾ ਹੈ। ਜੇ ਜਾਣਾ ਹੈ ਤਾਂ ਦੱਸੋ ਨਹੀ ਤੁਹਾਡੇ ਇੱਥੇ ਖੜ੍ਹੇ -ਖੜ੍ਹੇ ਹੀ ਕੋਈ ਹੋਰ ਆ ਜਾਣਾ ਹੈ। ”
ਰੂਬੀ ਨੇ ਸੋਚਿਆਂ ਜਾਣਾ ਤਾਂ ਪੈਣਾ ਹੀ ਹੈ। ਉਸਨੇ ਆਪਣੇ ਦੋਨੋਂ ਕਾਂਟੇ ਲਾਹ ਕਿ ਐਮਬੂਲੈਂਸ ਵਾਲੇ ਨੂੰ ਦੇ ਦਿੱਤੇ। ਸ਼ਮਸ਼ਾਨ ਘਾਟ ਪਹੁੰਚੇ ਤਾਂ ਉੱਥੇ ਵੀ ਲੱਕੜਾਂ ਦੀ ਬਲੈਕ ਹੋ ਰਹੀ ਸੀ।
“ਮੈਡਮ ਦਸ ਹਜ਼ਾਰ ਰੁਪਏ ਲੱਗਣਗੇ। ”
ਮਜਬੂਰਨ ਰੂਬੀ ਨੂੰ ਆਪਣੀ ਅੰਗੂਠੀ ਵੀ ਦੇਣੀ ਪਈ ਪਿਤਾ ਦਾ ਸਸਕਾਰ ਜੋ ਕਰਵਾਉਣਾ ਸੀ।
ਮੋਹਨ ਨੂੰ ਦੂਜੇ ਮਿ੍ਤਕਾਂ ਵਾਂਗ ਫਟਾਫਟ ਲੱਕੜਾਂ ਉੱਤੇ ਪਾਇਆਂ ਤੇ ਅੱਗ ਲਗਾ ਦਿੱਤੀ । ਰੂਬੀ ਸਸਕਾਰ ਹੋਣ ਤੋਂ ਬਾਅਦ ਜਾਣ ਲੱਗੀ ਤਾਂ ਇੱਕ ਪੰਡਿਤ ਆ ਗਿਆ।
“ਬੇਟਾ ਮੇਰੀ ਸੇਵਾ ਤਾਂ ਦੇ ਕੇ ਜਾਉ। ”
“ਪਰ ਪੰਡਿਤ ਜੀ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਸੀ। ਦੂਜਾ ਅਸੀਂ ਤਾਂ ਸਰਦਾਰ ਹਾਂ ਜੀ ਅਸੀਂ ਇਹਨਾਂ ਰਸਮਾਂ ਨੂੰ ਮੰਨਦੇ ਹੀ ਨਹੀਂ ਹਾਂ। ਸਾਡੇ ਧਰਮ ਵਿੱਚ ਤਾਂ ਇਹ ਸਭ ਕੁਝ ਹੁੰਦਾ ਹੀ ਨਹੀਂ। ”
“ਬੇਟਾ ਜੇ ਇਹ ਗੱਲ ਸੀ ਤਾਂ ਪਹਿਲਾਂ ਦੱਸ ਦਿੰਦੇ। ਮੈਂ ਦੂਜੇ ਮਿ੍ਤਕ ਸਰੀਰ ਦਾ ਕਾਰਜ ਕਰ ਦਿੰਦਾ। ਇਹ ਤਾਂ ਮੇਰੇ ਨਾਲ ਧੱਕਾ ਹੀ ਹੇ ਗਿਆ। ”
ਰੂਬੀ ਨੇ ਨਾ ਚਾਹੁੰਦੇ ਹੋਏ ਵੀ ਉਸਦੀ ਫ਼ੀਸ ਪੁੱਛ ਲਈ।
” ਚਲੋ ਪੰਡਿਤ ਜੀ ਦੱਸੋ ਤੁਹਾਡੇ ਕਿੰਨੇ ਪੈਸੇ ਹਨ।”
” ਬੇਟਾ ਸਿਰਫ਼ ਪੰਜ ਹਜ਼ਾਰ ਰੁਪਏ। ਮੈਂ ਬਹੁਤ ਸਰਧਾ ਪੂਰਵਕ ਕਰਮ ਕਾਂਡ ਕੀਤਾ ਹੈ। ਤੇਰੇ ਪਿਤਾ ਜੀ ਸਿੱਧੇ ਹੀ ਸਵਰਗ ਧਾਮ ਵਿੱਚ ਜਾਣਗੇ। ”
ਰੂਬੀ ਪੰਡਿਤ ਦੀ ਗੱਲ ਸੁਣ ਪੱਥਰ ਹੀ ਹੋ ਜਾਂਦੀ ਹੈ ਕਿਉਂਕਿ ਉਸ ਕੋਲ ਇੱਕ ਹਜ਼ਾਰ ਰੁਪਏ ਹੀ ਸਨ ਜੋ ਪਤਾ ਨਹੀਂ ਉਸਦੇ ਹੋਰ ਕਿੰਨੇ ਕੰਮ ਆਉਣੇ ਸਨ।
ਸੰਦੀਪ ਦਿਉੜਾ
8437556667

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)