ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 10
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਵਿਕਾਸ ਨਾਮ ਦਾ ਇਕ ਮੁੰਡਾ ਜੈਲੇ ਨੂੰ ਅਚਾਨਕ ਮਿਲਦਾ ਹੈ ਅਤੇ ਸ਼ਿਵਾਨੀ ਬਾਰੇ ਸਭ ਦੱਸ ਦਿੰਦਾ ਹੈ। ਵਿਕਾਸ ਖੁੱਦ ਸ਼ਿਵਾਨੀ ਦਾ ਸ਼ਿਕਾਰ ਹੋ ਗਿਆ ਸੀ। ਅਮਰ ਜਦੋਂ ਜੈਲੇ ਦੇ ਘਰ ਰਾਤ ਰੁਕਿਆ ਸੀ, ਵਿਕਾਸ ਓਦੋਂ ਅਮਰ ਦਾ ਪਿੱਛਾ ਕਰ ਰਿਹਾ ਸੀ। ਅਮਰ ਰਾਂਹੀ ਹੀ ਸ਼ਿਵਾਨੀ ਆਪਣੇ ਸ਼ਿਕਾਰ ਲੱਭਿਆ ਕਰਦੀ ਸੀ। ਵਿਕਾਸ ਜਾਣ ਗਿਆ ਕਿ ਹੁੱਣ ਅਗਲਾ ਸ਼ਿਕਾਰ ਜੈਲਦਾਰ ਹੋਊਗਾ।
ਵਿਕਾਸ ਜੈਲੇ ਨੂੰ ਸਭ ਦੱਸਣਾ ਚਾਹੁੰਦਾ ਸੀ। ਪਰ ਸ਼ਿਵਾਨੀ ਦੀਆਂ ਕਈ ਅੱਖਾਂ ਸਨ। ਉਸਨੂੰ ਪਤਾ ਚੱਲ ਗਿਆ ਕਿ ਵਿਕਾਸ ਜੈਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਿਵਾਨੀ ਨੇ ਆਪਣੇ ਬਚਾਅ ਲਈ ਵਿਕਾਸ ਨੂੰ ਅਗਵਾ ਕਰਵਾ ਦਿੱਤਾ। ਓਥੇ ਬਦਮਾਸ਼ਾਂ ਨੂੰ ਪੈਸੇ ਦੇ ਕੇ ਸ਼ਿਵਾਨੀ ਨੇ ਕਿਹਾ ਕਿ ਵਿਕਾਸ ਨੂੰ ਮਾਰ ਦਵੋ!!
ਪਿਛਲੀ ਕਿਸ਼ਤ ਵਿੱਚ ਅਸੀਂ ਇਹ ਵੀ ਪੜਿਆ ਕਿ ਸ਼ਿਵਾਨੀ ਦਾ ਪਤੀ ਅਮਰ ਵੀ ਉਸਦੇ ਜਾਲ ਵਿੱਚ ਫਸਿਆ ਹੋਇਆ ਹੈ। ਸ਼ਿਵਾਨੀ ਨੇ ਅਮਰ ਦੇ ਸਾਰੇ ਪਰਿਵਾਰ ਉਪਰ ਝੂਠਾ ਦਹੇਜ ਦਾ ਇਲਜ਼ਾਮ ਲਗਾ ਕੇ ਜੇਲ ਕਰਵਾ ਦਿੱਤੀ ਸੀ। ਅਮਰ ਵਿਚਾਰਾ ਸ਼ਰੀਫ ਬੰਦਾ ਫਸਿਆ ਹੋਇਆ ਸ਼ਿਵਾਨੀ ਦੇ ਹਰ ਕਾਂਡ ਵਿੱਚ ਉਸਦਾ ਸਾਥ ਦਿੰਦਾ ਰਿਹਾ।
ਪਰ ਇਸ ਵਾਰ ਅਮਰ ਦਾ ਮੰਨ ਬਦਲ ਗਿਆ। ਜਦੋਂ ਸ਼ਿਵਾਨੀ ਨੇ ਵਿਕਾਸ ਨੂੰ ਮਾਰਨ ਲਈ ਬਦਮਾਸ਼ਾਂ ਨੂੰ ਪੈਸੇ ਦਿੱਤੇ ਤਾਂ ਅਮਰ ਨੇ ਵੱਧ ਪੈਸਾ ਦੇ ਕੇ ਵਿਕਾਸ ਨੂੰ ਮਰਨ ਤੋਂ ਬਚਾ ਲਿਆ। ਬਦਮਾਸ਼ਾਂ ਨੇ ਕਿਹਾ ਕਿ ਵਿਕਾਸ ਦੀ ਜਾਨ ਬਖਸ਼ਣ ਦਾ ਦੋ ਲੱਖ ਲੱਗੂਗਾ! ਵਿਕਾਸ ਨੇ ਆਪਣੇ ਦੋਸਤ ਸ਼ਾਂਮ ਨੂੰ ਫੋਨ ਕਰਿਆ। ਸ਼ਾਂਮ ਤੋਂ ਇਹ ਗੱਲ ਪੰਮੇ ਅਤੇ ਇੰਸਪੈਕਟਰ ਪਠਾਨ ਤੱਕ ਪਹੁੰਚ ਗਈ।
ਦੋ ਲੱਖ ਦੇ ਕੇ ਕਿਸੇ ਤਰੀਕੇ ਵਿਕਾਸ ਜੈਲੇ ਤੱਕ ਪਹੁੰਚ ਤਾਂ ਗਿਆ। ਪਰ ਓਦੋਂ ਤੱਕ ਸਭ ਖਤਮ ਹੋ ਗਿਆ ਸੀ। ਜੈਲਦਾਰ ਨੂੰ ਤਾਂ ਸ਼ਿਵਾਨੀ ਨੇ ਵਟਸਐਪ ਤੇ ਵੀਡੀਓ ਵੀ ਭੇਜ ਦਿੱਤੀ ਸੀ। ਪਰ ਜਦੋਂ ਵਿਕਾਸ ਜੈਲੇ ਕੋਲ ਖੜਾ ਸਭ ਦੱਸ ਰਿਹਾ ਸੀ, ਓਦੋਂ ਓਹ ਡਰਿਆ ਹੋਇਆ ਇਧਰ-ਓਧਰ ਦੇਖੀ ਜਾਂਦਾ ਸੀ। ਇਸਦੀ ਵਜਾ ਇਹ ਸੀ ਕਿ ਜਿੰਨਾ ਬਦਮਾਸ਼ਾਂ ਨੂੰ ਉਸਨੇ ਆਪਣੀ ਜਾਨ ਬਚਾਓਣ ਲਈ ਦੋ ਲੱਖ ਦਿੱਤੇ ਸਨ, ਓਹ ਦੋ ਲੱਖ ਲੈਣ ਤੋਂ ਬਾਅਦ ਵੀ ਵਿਕਾਸ ਨੂੰ ਮਾਰਨਾ ਚਾਹੁੰਦੇ ਸਨ।
ਕਿਓਂਕਿ ਸ਼ਿਵਾਨੀ ਤੱਕ ਇਹ ਗੱਲ ਵੀ ਪਹੁੰਚ ਗਈ ਸੀ ਕਿ ਵਿਕਾਸ ਜਿਓਂਦਾ ਹੈ। ਉਸਨੇ ਬਦਮਾਸ਼ਾਂ ਨੂੰ ਢਾਈ ਲੱਖ ਦੇ ਦਿੱਤਾ। ਅਤੇ ਕਿਹ ਦਿੱਤਾ ਕਿ ਵਿਕਾਸ ਬਚਣਾ ਨਹੀਂ ਚਾਹੀਦਾ। ਜੈਲੇ ਸਾਹਮਣੇ ਹੀ ਵਿਕਾਸ ਮਾਰਿਆ ਗਿਆ। ਓਸੇ ਵਕਤ ਓਥੇ ਇੰਸਪੈਕਟਰ ਪਠਾਨ ਪਹੁੰਚ ਗਿਆ।
ਉਸਨੇ ਜੈਲੇ ਨੂੰ ਪੁੱਛਿਆ ਕਿ ਸ਼ਿਵਾਨੀ ਬਾਰੇ ਓਹ ਕੁੱਛ ਜਾਣਦਾ ਹੈ!? ਤਾਂ ਜੈਲਦਾਰ ਨੇ ਮਨਾ ਕਰ ਦਿੱਤਾ। ਕਿਓਂਕਿ ਸ਼ਿਵਾਨੀ ਕੋਲ ਉਸਦੀ ਵੀਡੀਓ ਸੀ!! ਭਾਰਤ ਵਿੱਚ ਝੂਠੇ ਬਲਾਤਕਾਰ ਦੇ ਦੋਸ਼ ਵਿੱਚ ਫਸਿਆ ਹੋਇਆ ਮਰਦ ਸਾਰੀ ਜਿੰਦਗੀ ਇਹ ਸਾਬਿਤ ਨਹੀਂ ਕਰ ਪਾਂਓਦਾ ਕਿ ਓਹ ਬੇਗੁਨਾਹ ਹੈ।
ਜਦੋਂ ਜੈਲਦਾਰ ਕੁੱਛ ਨਾ ਬੋਲਿਆ ਤਾਂ ਪਠਾਨ ਉਸਨੂੰ ਆਪਣੇ ਨਾਲ ਲੈ ਗਿਆ।
ਜੈਲੇ ਦਾ ਬਾਪ ਨਿਰੰਜਣ ਸਿੰਘ ਰੌਲਾ ਪਾਂਓਦਾ ਰਿਹਾ ਪਰ ਇੰਸਪੈਕਟਰ ਪਠਾਨ ਜੈਲੇ ਨੂੰ ਆਪਣੇ ਨਾਲ ਜੀਪ ਵਿੱਚ ਬਿਠਾ ਕੇ ਨਾਲ ਲੈ ਗਿਆ। ਵਿਕਾਸ ਕੋਲੋਂ ਇਕ ਫੋਨ ਮਿਲਿਆ। ਪਰ ਉਸ ਫੋਨ ਵਿੱਚ ਜੋ ਅਨਜਾਨ ਨੰਬਰ ਸਨ, ਓਹ ਸਭ ਨਕਲੀ ਨਾਮ ਉਪਰ ਲਏ ਹੋਏ ਸਨ। ਜੈਲੇ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਪਠਾਨ ਨੇ ਬਿਠਾ ਲਿਆ। ਪੰਮਾ ਵੀ ਉਸਦੇ ਨਾਲ ਹੀ ਸੀ।
“ਫੋਨ ਦਿਖਾ ਆਵਦਾ!” ਪਠਾਨ ਬੋਲਿਆ।
“ਕਿਓਂ?” ਜੈਲਾ ਬੋਲਿਆ।
“ਕਿਓਂਕਿ ਤੇਰੀ ਭੈਣ ਦਾ ਆਵਦੇ ਭਾਈ ਨਾਲ ਮੈਂ ਰਿਸ਼ਤਾ ਕਰਾਓਣਾ ਏਸ ਲਈ!!” ਪਠਾਨ ਖਿਝਿਆ ਹੋਇਆ ਬੋਲਿਆ, “ਤੈਨੂੰ ਕਿਹਾ ਨਾ ਫੋਨ ਦਿਖਾ!!!”
ਜੈਲੇ ਨੇ ਆਪਣਾ ਫੋਨ ਫੜਾ ਦਿੱਤਾ। ਉਸਦੇ ਫੋਨ ਦੀ ਪਠਾਨ ਨੇ ਸਭ ਤੋਂ ਪਹਿਲਾਂ ਫੋਟੋ ਗੈਲੇਰੀ ਖੋਲੀ। ਉਸ ਵਿੱਚ ਕੁੱਛ ਨਾ ਮਿਲਿਆ। ਫੇਰ ਉਸਦੀਆਂ ਕਾੱਲਾਂ ਦੇਖੀਆਂ। ਉਸ ਵਿੱਚ ਵੀ ਕੁੱਛ ਨਾ ਮਿਲਿਆ। ਅੰਤ ਵਟਸਐਪ ਖੋਲਿਆ। ਓਥੇ ਵੀ ਕੋਈ ਦਿੱਕਤ ਨਾ ਦਿਸੀ।
ਹੋਇਆ ਇਹ ਸੀ ਕਿ ਜਦੋਂ ਪਠਾਨ ਵਿਕਾਸ ਦੀ ਲਾਸ਼ ਕੋਲ ਬੈਠਾ ਸੀ ਤਾਂ ਮੌਕਾ ਦੇਖ ਆਪਣੇ ਫੋਨ ਵਿੱਚੋਂ ਜੈਲਦਾਰ ਨੇ ਸਭ ਕੁੱਛ ਮਿਟਾ ਦਿੱਤਾ ਸੀ।
ਜਦੋਂ ਫੋਨ ਵਿੱਚੋਂ ਕੁੱਛ ਮਿਲਿਆ ਹੀ ਨਾ ਤਾਂ ਪਠਾਨ ਨੇ ਜੈਲੇ ਨੂੰ ਜਾਣ ਦੇ ਦਿੱਤਾ। ਜਦੋਂ ਜੈਲਾ ਘਰ ਪਹੁੰਚਿਆ ਤਾਂ ਘਰ ਕਾਲੀ ਆਈ ਬੈਠੀ ਸੀ। ਕਾਲੀ ਨੂੰ ਆਪਣੇ ਸਾਹਮਣੇ ਦੇਖ ਜੈਲਾ ਹੈਰਾਨ ਹੋਇਆ।
“ਤੂੰ ਐਥੇ ਕੀ ਕਰਦੀ ਆ ਨੀ!? ਬਾਪੂ ਕਿੱਥੇ ਆ ਮੇਰਾ!?” ਜੈਲਦਾਰ ਨੇ ਕਾਲੀ ਨੂੰ ਕਿਹਾ।
“ਜੈਲੇ ਮੈਂ ਇਕ ਜਰੂਰੀ ਗੱਲ ਕਰਨੀ ਸੀ ਤੇਰੇ ਨਾਲ!” ਕਾਲੀ ਬੋਲੀ।
“ਕੀ ਗੱਲ ਕਰਨੀ ਆ? ਜਾ ਭਾਜਾ ਐਥੋਂ!!” ਜੈਲਦਾਰ ਰੁੱਖਾ ਜਿਹਾ ਹੋਇਆ ਬੋਲਿਆ।
“ਮੈਂ ਤੈਨੂੰ ਪਿਆਰ ਕਰਦੀ ਆ ਜੈਲਿਆ! ਤੇਰੇ ਨਾਲ ਵਿਆਹ ਕਰਨਾ ਮੈਂ!” ਕਾਲੀ ਬੋਲੀ, “ਮੇਰੇ ਘਰ ਦੇ ਮੇਰਾ ਵਿਆਹ ਕਿਸੇ ਸ਼ਰਾਬੀ ਨਾਲ ਕਰਨ ਲੱਗੇ ਸਨ! ਮੈਂ ਓਨਾ ਸਾਰਿਆਂ ਨੂੰ ਜ਼ਹਿਰ ਖਵਾ ਕੇ ਤੇ ਮਾਰ ਦਿੱਤਾ ਏ!!”
ਜੈਲਾ ਹੈਰਾਨ ਰਹਿ ਗਿਆ। ਇਹ ਕਾਲੀ ਕੀ ਕਹੀ ਜਾਂਦੀ ਸੀ!!
“ਕੀ ਕਿਹਾ!? ਮਾਰ ਤਾ!!? ਮੇਰਾ ਬਾਪੂ ਕਿੱਥੇ ਆ!!?” ਜੈਲਾ ਬੋਲਿਆ।
“ਓਨੇ ਮੈਨੂੰ ਦੇਖ ਲਿਆ ਸੀ!! ਕਤਲ ਕਰਦੇ ਦੇਖ ਲਿਆ ਸੀ!! ਏਸ ਲਈ ਮੈਂ ਓਨੂੰ ਵੀ ਮਾਰ ਤਾ!! ਇਹ ਸਭ ਮੈਂ ਤੇਰੇ ਲਈ ਕਰਿਆ ਵਾ ਜੈਲੇ!!” ਕਾਲੀ ਬੋਲੀ।
“ਬਾਪੂ!!!” ਜੈਲਦਾਰ ਚੀਕਿਆ, “ਕਿੱਥੇ ਆ ਮੇਰਾ ਬਾਪੂ!!!?”
ਭੱਜਦਾ ਹੋਇਆ ਜੈਲਾ ਜਾਗਰ ਮਿਸਤਰੀ ਦੇ ਘਰ ਵੱਲ ਗਿਆ। ਓਥੇ ਜਾ ਕੇ ਦੇਖਿਆ ਤਾਂ ਸਾਰਾ ਪਿੰਡ ਇਕੱਠਾ ਹੋਇਆ ਸੀ। ਭੀੜ ਨੂੰ ਪਾਸੇ ਕਰਦਾ ਹੋਇਆ ਜੈਲਾ ਜਾਗਰ ਦੇ ਘਰ ਅੰਦਰ ਵੜਿਆ ਤਾਂ ਦੇਖਿਆ ਕਿ ਸਾਰਾ ਪਰਿਵਾਰ ਮਰਿਆ ਪਿਆ ਹੈ। ਜਾਗਰ, ਉਸਦੀ ਘਰ ਵਾਲੀ ਬੰਤ ਕੌਰ, ਉਸਦੀ ਕੁੜੀ ਰੀਟਾ ਤੇ ਨਾਲ ਇਕ ਮੁੰਡਾ ਤੇ ਉਸਦੇ ਮਾਪੇ ਸਨ।
ਸ਼ਾਇਦ ਇਹ ਕਾਲੀ ਨੂੰ ਦੇਖਣ ਲਈ ਆਏ ਸਨ। ਕੋਲ ਹੀ ਨਿਰੰਜਣ ਸਿੰਘ ਵੀ ਮਰਿਆ ਪਿਆ ਸੀ। ਜੈਲਾ ਚੀਕਾਂ ਮਾਰ ਰੋ ਪਿਆ। ਪੁਲਿਸ ਆਈ ਤਾਂ ਪਿੰਡ ਵਾਲਿਆਂ ਨੇ ਕਾਲੀ ਦਾ ਨਾਮ ਲੈ ਦਿੱਤਾ। ਕਾਲੀ ਭੱਜ ਚੁੱਕੀ ਸੀ।
ਹੋਇਆ ਇਹ ਕਿ ਜਦੋਂ ਕਾਲੀ ਦੇ ਬਾਪ ਨੇ ਹੀ ਉਸਦਾ ਵਿਆਹ ਜੈਲੇ ਨਾਲ ਕਰਵਾਓਣ ਤੋਂ ਮਨਾ ਕਰ ਦਿੱਤਾ ਤਾਂ ਓਹ ਜਲ ਉਠੀ। ਕਾਲੀ ਨੇ ਸੋਚਿਆ ਕਿ ਉਸਦਾ ਬਾਪ ਵੀ ਉਸਦੀ ਸੌਤੇਲੀ ਮਾਂ ਨਾਲ ਰਲ ਗਿਆ ਹੈ। ਜਦਕਿ ਜਾਗਰ ਮਿਸਤਰੀ ਸਹੀ ਗੱਲ ਕਹਿ ਰਿਹਾ ਸੀ। ਜੈਲਾ ਜਾਗਰ ਸਿੰਘ ਨੂੰ ਚਾਚਾ ਕਹਿੰਦਾ ਸੀ। ਫੇਰ ਕਾਲੀ ਨਾਲ ਉਸਦਾ ਵਿਆਹ ਕਿਵੇਂ ਹੋ...
ਸਕਦਾ ਸੀ!?
ਪਰ ਕਾਲੀ ਇੰਨਾ ਗੱਲਾਂ ਨੂੰ ਨਹੀਂ ਸਮਝਦੀ ਸੀ। ਓਹ ਤਾਂ ਇਕ ਹੀ ਗੱਲ ਜਾਣਦੀ ਸੀ ਕਿ ਜੈਲਾ ਉਸਦਾ ਹੈ। ਸਿਰਫ ਉਸਦਾ ਹੀ ਹੈ। ਜਿਸ ਦਿਨ ਕਾਲੀ ਨੂੰ ਦੇਖਣ ਲਈ ਮੁੰਡੇ ਵਾਲੇ ਆਏ ਤਾਂ ਉਸਨੇ ਸਭ ਨੂੰ ਚਾਹ ਬਣਾ ਕੇ ਤਾਂ ਪਿਲਾਓਣੀ ਹੀ ਸੀ। ਜਿਸ ਬਾਬੇ ਨੂੰ ਓਹ ਮੰਨਦੀ ਸੀ, ਉਸ ਕੋਲੋਂ ਹੀ ਓਹ ਜਹਿਰ ਲੈ ਆਈ। ਓਹ ਜ਼ਹਿਰ ਕਾਲੀ ਨੇ ਸਭ ਦੀ ਚਾਹ ਵਿੱਚ ਪਾ ਦਿੱਤਾ। ਜਿਸਨੂੰ ਸਭ ਮਹਿਮਾਨ ਚਾਹ ਸਮਝ ਕੇ ਪੀਣ ਲੱਗੇ। ਇਸੇ ਸਮੇਂ ਓਥੇ ਨਿਰੰਜਣ ਸਿੰਘ ਪਹੁੰਚ ਗਿਆ। ਓਹ ਜਾਗਰ ਮਿਸਤਰੀ ਦੀ ਮੱਦਦ ਮੰਗਣ ਆਇਆ ਸੀ। ਕਿਓਂਕਿ ਜੈਲੇ ਨੂੰ ਇੰਸਪੈਕਟਰ ਪਠਾਨ ਫੜਕੇ ਲੈ ਗਿਆ ਸੀ।
ਜਿਵੇਂ ਹੀ ਨਿਰੰਜਣ ਸਿੰਘ ਓਥੇ ਪਹੁੰਚਿਆ ਤਾਂ ਚਾਹ ਵਿੱਚ ਪਾਏ ਜ਼ਹਿਰ ਦਾ ਅਸਰ ਹੋਣ ਲੱਗਿਆ। ਦੇਖਦੇ ਹੀ ਦੇਖਦੇ ਸਭ ਮਰ ਗਏ। ਨਿਰੰਜਣ ਸਿੰਘ ਦੇ ਸਾਹਮਣੇ ਇਹ ਸਭ ਹੋਇਆ ਤਾਂ ਕਾਲੀ ਨੂੰ ਉਸਨੂੰ ਵੀ ਮਾਰਨਾ ਪਿਆ। ਕਾਲੀ ਨੇ ਨਿਰੰਜਣ ਸਿੰਘ ਦੇ ਸਿਰ ਤੇ ਵਾਰ-ਵਾਰ ਲੱਕੜ ਮਾਰ ਕੇ ਉਸਨੂੰ ਮਾਰ ਦਿੱਤਾ। ਫੇਰ ਉਸਨੇ ਖੂਨ ਨਾਲ ਲਿੱਬੜੇ ਆਪਣੇ ਹੱਥ ਧੋਤੇ। ਇੰਨੇ ਨੂੰ ਪਿੰਡ ਦੀ ਇਕ ਔਰਤ ਉਸਦੇ ਘਰ ਆ ਵੜੀ ਜਿਸਨੇ ਸਭ ਆਪਣੀਆਂ ਅੱਖਾਂ ਨਾਲ ਦੇਖ ਲਿਆ। ਕਾਲੀ ਦੇ ਖੂਨ ਨਾਲ ਲਿੱਬੜੇ ਹੱਥ ਅਤੇ ਉਸਦੇ ਘਰ ਪਈਆਂ ਲਾਸ਼ਾਂ।
ਕਾਲੀ ਮੌਕੇ ਤੋਂ ਫਰਾਰ ਹੋ ਗਈ ਅਤੇ ਜੈਲੇ ਦੇ ਘਰ ਆ ਕੇ ਲੁੱਕ ਗਈ। ਫੇਰ ਓਹ ਜੈਲੇ ਦੇ ਘਰੋਂ ਵੀ ਗਾਇਬ ਹੋ ਗਈ ਸੀ। ਓਹ ਭੱਜ ਗਈ ਸੀ। ਉਸਨੇ ਭੱਜਣ ਤੋਂ ਪਹਿਲਾਂ ਜੈਲੇ ਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਦਿੱਤਾ ਸੀ। ਹੁੱਣ ਪੁਲਿਸ ਕਾਲੀ ਨੂੰ ਲੱਭ ਰਹੀ ਸੀ।
ਜੈਲੇ ਨੂੰ ਇਕ ਵਾਰ ਫੇਰ ਸ਼ਿਵਾਨੀ ਦਾ ਫੋਨ ਆਇਆ। ਜੈਲੇ ਨੇ ਫੋਨ ਚੱਕ ਲਿਆ। ਸ਼ਿਵਾਨੀ ਜਾਣਦੀ ਸੀ ਕਿ ਜੈਲੇ ਦੇ ਸਾਹਮਣੇ ਹੀ ਵਿਕਾਸ ਦਾ ਖੂਨ ਹੋਇਆ ਹੈ। ਕਿਓਂਕਿ ਜਿੰਨਾ ਹਮਲਾਵਰਾਂ ਨੇ ਗੋਲੀ ਚਲਾਈ ਸੀ, ਓਨਾ ਨੇ ਸ਼ਿਵਾਨੀ ਨੂੰ ਸਭ ਦੱਸਿਆ ਸੀ।
“ਛੱਡ ਤਾ ਤੈਨੂੰ ਪੁਲਸ ਨੇ!?” ਸ਼ਿਵਾਨੀ ਬੋਲੀ, “ਦੇਖਿਆ ਮੇਰੇ ਖਿਲਾਫ ਜਾਣ ਵਾਲਿਆਂ ਦਾ ਮੈਂ ਕੀ ਹਸ਼ਰ ਕਰਦੀ ਆ!?”
“ਤੂੰ ਮੈਨੂੰ ਕਿੰਨਾ ਵੱਡਾ ਧੋਖਾ ਦਿੱਤਾ ਸ਼ਿਵਾਨੀ!! ਮੈਂ ਤੇਰਾ ਕੀ ਵਿਗਾੜਿਆ ਸੀ!!?” ਜੈਲਦਾਰ ਬੋਲਿਆ।
“ਇਹ ਮੇਰਾ ਬਿਜਨੈੱਸ ਹੈ! ਤੇਰੇ ਨਾਲ ਮੇਰੀ ਕੋਈ ਨਿਜੀ ਦੁਸ਼ਮਣੀ ਨਹੀਂ ਹੈ”। ਸ਼ਿਵਾਨੀ ਨੇ ਕਿਹਾ, “ਪਰ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਇਹ ਦੁਸ਼ਮਣੀ ਨਿਜੀ ਹੋ ਜਰੂਰ ਸਕਦੀ ਹੈ!!”
“ਕੀ ਮਤਲਬ?”
“ਮੈਨੂੰ ਪੰਜ ਕਰੋੜ ਚਾਹੀਦਾ ਹੈ! ਨਹੀਂ ਤਾਂ ਮੈਂ ਤੇਰੇ ਤੇ ਰੇਪ ਦਾ ਇਲਜਾਮ ਲਗਾ ਦੇਣਾ!! ਓਹ ਵੀਡੀਓ ਮੇਰੇ ਕੋਲ ਹੀ ਹੈ ਹਜੇ ਤੱਕ ਸਮਝਿਆ!!” ਸ਼ਿਵਾਨੀ ਨੇ ਕਿਹਾ।
“ਪੰਜ ਕਰੋੜ!!? ਮੈਂ!! ਮੈਂ ਇੰਨਾ ਪੈਸਾ ਕਿੱਥੋਂ ਲਿਆਊਂਗਾ!!?” ਜੈਲਾ ਬੋਲਿਆ।
“ਆਪਣੀ ਜਮੀਨ ਵੇਚ ਕੇ ਲਿਆ! ਹੋਰ ਕਿੱਥੋਂ ਲਿਆਏਂਗਾ ਤੂੰ!!?” ਸ਼ਿਵਾਨੀ ਬੋਲੀ, “ਤੇ ਜਿੰਨੀ ਜਲਦੀ ਹੋ ਸਕੇ ਇਹ ਕੰਮ ਕਰ ਦੇ!! ਨਹੀਂ ਤਾਂ ਜੇਲ ਦੀ ਹਵਾ ਖਾਏਂਗਾ ਸਾਰੀ ਉਮਰ ਸਮਝਿਆ!!”
ਸ਼ਿਵਾਨੀ ਨੇ ਫੋਨ ਕੱਟ ਦਿੱਤਾ। ਓਹ ਜਾਣਦੀ ਸੀ ਕਿ ਇੰਸਪੈਕਟਰ ਯੂਸੁਫ ਪਠਾਨ ਉਸਦੇ ਪਿੱਛੇ-ਪਿੱਛੇ ਲੁਧਿਆਣੇ ਪਹੁੰਚ ਗਿਆ ਹੈ। ਸ਼ਿਵਾਨੀ ਨੂੰ ਜਲਦੀ ਹੀ ਇਹ ਸ਼ਹਿਰ ਵੀ ਛੱਡਣਾ ਪਵੇਗਾ। ਬੱਸ ਇਕ ਵਾਰ ਇਹ ਜੈਲਦਾਰ ਦਾ ਦਾਅ ਸਿੱਧਾ ਪੈ ਜਾਵੇ! ਤਾਂ ਓਹ ਇਹ ਦੇਸ਼ ਹੀ ਛੱਡਕੇ ਚਲੀ ਜਾਏਗੀ।
ਪਰ ਸ਼ਿਵਾਨੀ ਅਮਰ ਨੂੰ ਰੋਜ ਕੋਸਦੀ ਕਿ ਉਸਦੀ ਵਜਾ ਨਾਲ ਉਹ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਗਈ। ਅਮਰ ਅੰਦਰੋ-ਅੰਦਰੀ ਚਾਹੁੰਦਾ ਸੀ ਕਿ ਜੋ ਪੰਜ ਕਰੋੜ ਜੈਲਦਾਰ ਦਵੇਗਾ ਓਹ ਜੇਕਰ ਸ਼ਿਵਾਨੀ ਨੂੰ ਨਾ ਮਿਲ ਕੇ ਉਸਨੂੰ ਮਿਲ ਜਾਣ ਤਾਂ ਅੱਗਾ-ਪਿੱਛਾ ਸਭ ਬਰਾਬਰ ਹੋ ਜਾਏਗਾ!
ਉਸ ਸ਼ਾਮ ਅਮਰ ਬੈਠਾ ਇਹੀ ਸੋਚ ਰਿਹਾ ਸੀ ਕਿ ਓਹ ਕਿਉਂ ਨਾ ਕਿਸੇ ਤਰੀਕੇ ਇਹ ਪੈਸਾ ਹਥਿਆ ਲਵੇ। ਇੰਨੇ ਨੂੰ ਸ਼ਿਵਾਨੀ ਆਈ ਅਤੇ ਅਮਰ ਨੂੰ ਪੁੱਠਾ-ਸਿੱਧਾ ਬੋਲਣ ਲੱਗ ਗਈ,
“ਓਏ ਨਿਕੰਮਿਆ!! ਬੈਠਾ-ਬੈਠਾ ਕੀ ਸੋਚੀ ਜਾਨਾ!!? ਰੋਟੀ ਤੇਰਾ ਪਿਓ ਬਣਾਊਗਾ!!?”
“ਨਈ ਜਾਨੂ, ਰੋਟੀ ਤਾਂ ਮੈਂ ਈ ਬਣਾਊਗਾ”। ਅਮਰ ਬੋਲਿਆ।
ਫੇਰ ਓਹ ਰਸੋਈ ਵੱਲ ਨੂੰ ਹੋ ਤੁਰਿਆ। ਪਿੱਛੇ ਸ਼ਿਵਾਨੀ ਖੜੀ ਉਸਨੂੰ ਗਾਲਾਂ ਕੱਢਦੀ ਰਹੀ। ਅਮਰ ਦਾ ਧਿਆਨ ਪਰ ਅੱਜ ਗਾਲਾਂ ਵੱਲ ਨਹੀਂ ਸੀ। ਓਹ ਤਾਂ ਉਸ ਪੰਜ ਕਰੋੜ ਬਾਰੇ ਸੋਚ ਰਿਹਾ ਸੀ।
“ਜੇ ਤੂੰ ਮੇਰੇ ਕਹਿਣੇ ਚ ਰਿਹਾ ਹੁੰਦਾ ਤਾਂ ਅੱਜ ਮੈਨੂੰ ਆਪਣੇ ਫੜੇ ਜਾਣ ਦੀ ਇੰਨੀ ਫਿਕਰ ਨਈਂ ਸੀ ਹੋਣੀ!! ਹਰਾਮਦਿਆ!! ਜਦੋਂ ਤੈਨੂੰ ਮੈਂ ਇਕ ਵਾਰ ਕਹਿ ਤਾ ਸੀ ਕਿ ਵਿਕਾਸ ਨੂੰ ਮਰਵਾ ਦੇ!! ਤਾਂ ਤੈਨੂੰ ਕੀ ਲੋੜ ਸੀ ਪੰਗਾ ਲੈਣ ਦੀ ਹੈਂ!!!?” ਸ਼ਿਵਾਨੀ ਅਮਰ ਕੋਲ ਰਸੋਈ ਵਿੱਚ ਖੜੀ ਬੋਲਦੀ ਰਹੀ।
ਅਮਰ ਚੁੱਪ ਰਿਹਾ।
“ਕੁੱਤਿਆ ਬੋਲਦਾ ਨੀ ਹੁੱਣ!!? ਜੁਬਾਨ ਕਿਓਂ ਬੰਦ ਆ ਤੇਰੀ ਬਦਜ਼ਾਤਾ!!!??” ਸ਼ਿਵਾਨੀ ਗੁੱਸੇ ਵਿੱਚ ਲਾਲ ਪੀਲੀ ਹੋਈ ਪਈ ਸੀ, “ਤੇਰੇ ਕਰਕੇ ਮੈਂ ਫਸੀ ਆ ਸਿਰਫ ਤੇਰੇ ਕਰਕੇ ਬੇਫਕੂਫਾ!!!”
ਸ਼ਿਵਾਨੀ ਨੇ ਗੁੱਸੇ ਵਿੱਚ ਅਮਰ ਦੇ ਇੱਕ ਥੱਪੜ ਮਾਰ ਦਿੱਤਾ। ਅਮਰ ਬੇਸ਼ਰਮ ਬਣਿਆ ਆਟਾ ਗੁੰਨਦਾ ਰਿਹਾ।
“ਜੋ ਵੀ ਕਰਨਾ ਹੁੱਣ ਤੂੰ ਈ ਕਰਨਾ ਜਾਨੂ! ਮੇਰੀ ਗਲਤੀ ਹੋਗੀ! ਮਾਫ ਕਰਦੇ ਪਲੀਜ਼!!” ਅਮਰ ਆਟਾ ਗੁੰਨਦਾ ਹੋਇਆ ਰੋਣ ਲੱਗ ਪਿਆ, “ਮੈਂ ਸੋਚਿਆ ਦੋ ਲੱਖ ਹੋਰ ਆ ਜਾਏ ਤਾਂ ਫੇਰ ਮਰਵਾ ਦੂੰ!!”
“ਗਧਾ ਨਾ ਹੋਵੇ ਤਾਂ ਕਿਸੇ ਥਾਂ ਦਾ!!! ਰੋਟੀ ਲਿਆ ਜਲਦੀ!!!” ਸ਼ਿਵਾਨੀ ਕਹਿ ਕੇ ਬਾਹਰ ਚਲੀ ਗਈ।
ਰਾਤ ਦੀ ਰੋਟੀ ਖਾਣ ਤੋਂ ਬਾਅਦ ਸ਼ਿਵਾਨੀ ਦਾ ਗੁੱਸਾ ਠੰਡਾ ਹੋਇਆ। ਉਸਨੇ ਦੇਖਿਆ ਕਿ ਅਮਰ ਦੇ ਮੂੰਹ ਤੇ ਉਸਦੇ ਪੰਜੇ ਦਾ ਨਿਸ਼ਾਨ ਛਪ ਗਿਆ ਹੈ। ਓਹ ਅਮਰ ਕੋਲ ਗਈ ਅਤੇ ਜਾ ਕੇ ਬੈਠ ਗਈ।
“ਤੂੰ ਮੈਨੂੰ ਗੁੱਸਾ ਹੀ ਕਿਓਂ ਦਵਾਂਓਨਾ ਅਮਰ? ਦੇਖ ਕਿੰਨੀ ਜੋਰ ਦੀ ਥੱਪੜ ਵੱਜ ਗਿਆ ਤੇਰੇ”। ਸ਼ਿਵਾਨੀ ਬੋਲੀ, “ਪਾਗਲ ਇਹ ਜੋ ਜੈਲਾ ਹੈ ਨਾ! ਇਦੇ ਕੋਲੋਂ ਇੰਨਾ ਪੈਸਾ ਮਿਲ ਸਕਦਾ ਕਿ ਆਪਾਂ ਸਾਰੀ ਜਿੰਦਗੀ ਐਸ਼ ਕਰਾਂਗੇ! ਇਹ ਸਭ ਦੋਬਾਰਾ ਕਰਨ ਦੀ ਲੋੜ ਨੀ ਪੈਣੀ ਆਪਾਂ ਨੂੰ”।
“ਸੱਚ?” ਅਮਰ ਬੋਲਿਆ।
“ਹਾਂ ਅਮਰ! ਮੈਂ ਸੱਚ ਕਹਿਨੀ ਆ!” ਸ਼ਿਵਾਨੀ ਬੋਲੀ, “ਬੱਸ ਇਸ ਵਾਰ ਕੋਈ ਬੇਵਕੂਫੀ ਨਾ ਕਰੀਂ”।
“ਮੈਂ ਤੇਰੇ ਨਾਲ ਆ ਸ਼ਿਵਾਨੀ! ਬੱਸ ਤੂੰ ਈ ਤਾਂ ਮੇਰੀ ਆਪਣੀ ਆ!! ਜਿਵੇਂ ਤੂੰ ਕਹੇਂਗੀ ਮੈਂ ਓਵੇਂ ਈ ਕਰੂੰਗਾ!!” ਅਮਰ ਬੋਲਦਾ ਹੋਇਆ ਫੇਰ ਰੋਣ ਲੱਗ ਗਿਆ।
ਸ਼ਿਵਾਨੀ ਨੇ ਉਸਨੂੰ ਆਪਣੇ ਗਲ ਲਗਾ ਲਿਆ।
“ਅੱਛਾ ਚੱਲ! ਆਜਾ ਕਮਰੇ ਚ ਚੱਲਦੇ ਆ!” ਸ਼ਿਵਾਨੀ ਬੋਲੀ।
“ਨਹੀਂ! ਅੱਜ ਨੀ ਸ਼ਿਵਾਨੀ!!” ਅਮਰ ਬੋਲਿਆ, “ਅੱਜ ਮੇਰਾ ਬਿਲਕੁੱਲ ਮੰਨ ਨੀ!”
“ਸਭ ਹੋ ਜਾਏਗਾ!! ਤੂੰ ਓਹੀ ਕੈਪਸੂਲ ਖਾ ਲੈ!” ਸ਼ਿਵਾਨੀ ਨੇ ਕਿਹਾ।
ਅਮਰ ਨਾਂਹ-ਨੁੱਕਰ ਕਰਦਾ ਰਿਹਾ ਪਰ ਸ਼ਿਵਾਨੀ ਉਸਨੂੰ ਕਮਰੇ ਵਿੱਚ ਲੈ ਗਈ। ਸੱਚ ਅਮਰ ਸਿਰੇ ਦਾ ਨਕਾਰਾ ਮਰਦ ਸੀ।
ਪਰ ਹੁੱਣ ਓਹ ਵੀ ਸ਼ਿਵਾਨੀ ਕੋਲੋਂ ਆਪਣਾ ਬਦਲਾ ਲੈਣ ਲਈ ਤਿਆਰੀ ਕਸੀ ਬੈਠਾ ਸੀ। ਜੈਲੇ ਕੋਲੋਂ ਮਿਲਣ ਵਾਲੇ ਪੰਜ ਕਰੋੜ ਉਪਰ ਉਸਦੀ ਨਜ਼ਰ ਸੀ। ਉਸਨੇ ਸੋਚ ਲਿਆ ਸੀ ਕਿ ਉਸ ਪੰਜ ਕਰੋੜ ਵਿੱਚੋਂ ਇਕ ਪੈਸਾ ਵੀ ਸ਼ਿਵਾਨੀ ਨੂੰ ਨਹੀਂ ਮਿਲੇਗਾ।
ਓਧਰ ਜੈਲਾ ਇਹ ਸੋਚੀ ਬੈਠਾ ਸੀ ਕਿ ਓਹ ਇਕ ਪੈਸਾ ਵੀ ਸ਼ਿਵਾਨੀ ਨੂੰ ਨਹੀਂ ਦਵੇਗਾ। ਜੈਲੇ ਨੇ ਪੰਮੇ ਨੂੰ ਮਿਲਣ ਦਾ ਫੈਸਲਾ ਕਰਿਆ ਸੀ। ਪੰਮੇ ਨੂੰ ਮਿਲ ਜੈਲਦਾਰ ਸ਼ਿਵਾਨੀ ਬਾਰੇ ਸਭ ਦੱਸਣ ਵਾਲਾ ਸੀ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ