More Punjabi Kahaniya  Posts
ਸੰਦੂਖ – ਭਾਗ ਚੋਥਾ


“ਬੌਬ ਵਿੰਡੋ ਮੂਹਰੇ ਕੀ ਕਰੀ ਜਾਂਦਾ ਖੜ੍ਹਾ।ਘੰਟਾ ਹੋ ਗਿਆ।” ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ।ਯਾਦ ਆਇਆ ਹੱਥ ਵਿਚ ਫੜ੍ਹੀ ਕੌਫੀ ਪਾਣੀ ਬਣ ਗਈ ਸੀ।ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ।ਮੈਂ ਕਿਚਨ ਵਿਚ ਜਾ ਕੇ ਸ਼ਿੰਕ ਵਿੱਚ ਕੱਪ ਮੂਧਾ ਕਰਕੇ ਉਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ।
“ਪੈਮ ਇਸ ਵਾਰ ਇੰਡੀਆਂ ਜਾ ਕੇ ਆਈਏ ਸਾਰੇ ਜਾਣੇ?” ਮੈਂ ਪੈਮ ਵੱਲ ਦੇਖਕੇ ਪੁੱਛਦਾ।ਉਹ ਆਪਣਾ ਲੈਪਟਾੱਪ ਪਾਸੇ ਰੱਖਦੀ ਹੈ।
“ਹੁਣ ਕੀ ਹੋਇਆ ਅਚਾਨਕ?” ਉਹ ਪੁਛਦੀ ਹੈ।ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆਂ ਕੌਣ ਏ?ਪੈਮ ਦੀ ਸਾਰੀ ਫੈਮਿਲੀ ਕੇਨੈਡਾ ਹੈ।ਮੇਰੀ ਇੱਕੋ-ਇੱਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਹੈ। ਪਿੰਡ ਵਾਲਾ ਘਰ ਅਸੀਂ ਸਾਲ ਕੁ ਪਹਿਲਾਂ ਵੇਚ ਦਿੱਤਾ ਸੀ।ਫੇਰ…।
“ਹੋਣਾ ਤਾਂ ਕੀ ਏ…।ਜੰਮਣ ਭੌਇ ਆ ਫਿਰ ਵੀ।ਤੂੰ ਤਾਂ ਗਈ ਕਦੀ ਨਹੀਂ ਮੁੜਕੇ।” ਮੈਂ ਆਖਦਾ।ਉਹ ਕੁਝ ਨਹੀਂ ਬੋਲਦੀ।ਮੈਨੂੰ ਉਸਦੀ ਇਸ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ।ਸ਼ਾਮ ਉਤਰ ਰਹੀ ਹੈ।ਵਿੰਡੋ ਵਿੱਚਦੀ ਹਲਕਾ ਜਿਹਾ ਹਨੇ੍ਹਰਾ ਨਜ਼ਰ ਆਉਂਣ ਲੱਗਿਆ।
“ਜਦੋਂ ਘੁਸਮੁਸਾ ਜਿਹਾ ਹੁੰਦਾ ਨਾ ਯਾਨੀ ਦੀ ਉਦੋਂ ਬਾਹਲਾ ਜੀਅ ਨੂੰ ਕੁਝ ਹੁੰਦਾ ਮੇਰੇ।” ਮੈਨੂੰ ਬਾਪੂ ਦੀ ਗੱਲ ਯਾਦ ਆਈ।ਮੈਂ ਜਦੋਂ ਵੀ ਬਾਹਰੋਂ ਮੁੜਦਾ, ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬੈਠ ਜਾਂਦਾ।
“ਬੱਲਿਆ!ਆਥਣ ਨੂੰ ਰਹੁਰਾਸ ਸੁਣਦੀ ਸੀ ਘਰੇ ਬੈਠਿਆ ਨੂੰ।ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ।ਕੋਈ ਗੱਲ-ਕੱਥ ਕਰ ਲਈਦੀ ਸੀ। ਇੱਥੇ ਤਾਂ ਮੈਨੂੰ ਅੰਦਰ ਸੰਵਾਰ ਕੇ ਸਾਹ ਨਹੀਂ ਆਉਂਦਾ।ਤੂੰ ਪਿਛੇ ਖੁਲੀ ਥਾਂ ’ਚ ਡਾਹ ਦੇ ਮੇਰਾ ਮੰਜਾ।ਕੋਈ ਮੋਟੀ ਰਜਾਈ ਦੇ ਦਈ ਉਤੇ ਲੈਣ ਨੂੰ।” ਬਾਪੂ ਬੈੱਕ-ਯਾਰਡ ਵਿੱਚ ਮੰਜਾ ਡਾਹ ਕੇ ਸੌਂਣ ਦੀ ਜ਼ਿੱਦ ਕਰਦਾ।ਬਿਲਕੁਲ ਪਿੰਡ ਵਾਂਗੂੰ।ਮੈਂ ਬਹੁਤ ਸਮਝਾਉਂਦਾ।ਪਰ ਬਾਪੂ ਨਾ ਮੰਨਦਾ।ਕਦੀ ਸ਼ਾਮ ਨੂੰ ਘਰ ਆਏ ਤੋਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ।ਬਾਹਰ ਰੋਡ ’ਤੇ।
“ਬੱਲਿਆ ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ” ਬਾਪੂ ਦੱਸਣ ਲੱਗ ਜਾਂਦਾ, “ ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ।ਕੋਈ ਜੀਅ ਤਾਂ ਟੱਕਰੂ।ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ।” ਬਾਪੂ ਦੀਆਂ ਗੱਲਾਂ ਦਾ ਪੈਮ ਮਜ਼ਾਕ ਉਡਾਉਂਦੀ।ਉਹਨੂੰ ਲੱਗਦਾ, ਬਾਪੂ ਕੇਨੈਡਾ ਆ ਕੇ ਵੀ ਪਿੰਡ ਵਾਲਾ ਮਾਹੌਲ ਭਾਲਦਾ।ਬੂਹੇ ਅੱਗੇ ਥੜ੍ਹੇ ’ਤੇ ਬੈਠੇ ਪਿੰਡ ਦੇ ਵਿਹਲੜ ਬੁੜੇ।ਕੁੱਲ ਜਹਾਨ ਦੀਆਂ ਲੂਣੀਆਂ-ਸਲੂਣੀਆਂ ਗੱਲਾਂ ਸੁਣਦੇ ਸੁਣਾਉਂਦੇ।ਵੀਕ ਐੱਡ ’ਤੇ ਜਦ ਮੈਂ ਘਰ ਹੁੰਦਾ।ਬਾਪੂ ਨੂੰ ਗੁਰਦੁਆਰੇ ਛੱਡ ਆਉਂਦਾ।ਜਦ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ।ਬਾਪੂ ਮੈਨੂੰ ਖੁਸ਼-ਖੁਸ਼ ਲੱਗਦਾ।ਗੁਰਦੁਆਰੇ ਉਹਨੂੰ ਬਥੇਰੇ ਬੁੜ੍ਹੇ ਟੱਕਰ ਜਾਂਦੇ।ਉੱਥੇ ਹੀ ਅਚਾਨਕ ਬਾਪੂ ਨੂੰ ਉਸਦਾ ਕੋਈ ਪੁਰਾਣਾ ਵਾਕਿਫ਼ ਮਿਲਿਆ ਸੀ।ਗੱਡੀ ਵਿੱਚ ਆਉਂਦਿਆਂ ਬਾਪੂ ਨੇ ਮੇਰੇ ਨਾਲ ਗੱਲ ਛੇੜ ਲਈ।
“ਮਿੰਦਰ ਮਾਸਟਰ ਹੁੰਦਾ ਸੀ ਵਰਨਾਲੇ ਵਾਲੇ ਸਕੂਲੇ।ਉਹ ਇੱਥੇ ਮੁੰਡੇ ਕੋਲ ਰਹਿੰਦਾ।ਕਹਿੰਦਾ ਸੱਤਰ ਐਵੈਨਿਊ ’ਤੇ ਘਰ ਸਾਡਾ।ਆਪਾਂ ਚੱਲਾਂਗੇ ਕਦੀ।ਠੀਕ ਆ?” ਮੈਂ ਬਸ ਹਾਂ ਵਿੱਚ ਸਿਰ ਹਿਲਾਇਆ।
“ਹਾਂ ਚੱਲ ਦੇਖਲਾਂਗੇ,” ਪੈਮ ਇੰਡੀਆਂ ਜਾਣ ਵਾਲੀ ਮੇਰੀ ਗੱਲ ਦਾ ਜਵਾਬ ਕਿੰਨੀ ਦੇਰ ਬਾਅਦ ਦਿੰਦੀ ਹੈ, “ਇੰਡੀਅਨ ਕਿਚਨ ’ਤੇ ਕੁਝ ਆਰਡਰ ਕਰ ਦਿਆਂ ਡਿਨਰ ਬਣਾਉਣ ਦਾ ਜੀਅ ਨਹੀਂ ਕਰਦਾ ਅੱਜ ਤਾਂ?” ਉਹ ਮੈਨੂੰ...

ਪੁੱਛਦੀ ਹੈ।
“ਨੋ ਪਰਾਬਲਮ।” ਮੈਂ ਆਖ ਕੇ ਆਪਣਾ ਫੋਨ ਫਰੋਲਣ ਲੱਗਦਾ।ਉਹ ਆਪਣਾ ਫੋਨ ਚੁੱਕ ਕੇ ਖਾਣਾ ਆਰਡਰ ਕਰ ਦਿੰਦੀ ਹੈ।
“ਬੌਬ! ਚੱਕ ਲਿਆਈ ਹੁਣ ਜਾ ਕੇ ਪਲੀਜ਼ ਪੈਕ ਪਿਆ ਹੋਣਾ!ਫਰਾਈਡ ਰਾਈਸ ਤੇ ਮਨਚੂਰੀਅਨ ਕਹਿਤਾ।” ਮੈਂ ਬਸ ਸਿਰ ਹਿਲਾ ਦਿੰਦਾ।ਇੱਕ ਸ਼ਾਮ ਪੈਮ ਦੀ ਮੀਟਿੰਗ ਸੀ।ਉਹ ਘਰ ਮੁੜਦੀ ਕਾਫੀ ਲੇਟ ਹੋ ਗਈ।ਡਿਨਰ ਬਨਣ ਵਾਲਾ ਸੀ।ਉਹਨੇ ਰਸਤੇ ਵਿੱਚੋਂ ਪੀਜ਼ਾ ਚੁੱਕ ਲਿਆ।ਪਰ ਪੀਜ਼ਾ ਬਾਪੂ ਨੂੰ ਪਸੰਦ ਨਹੀਂ ਸੀ ਆਇਆ।ਦਾਲ ਸਬਜ਼ੀ ਬਣਨ ਵਾਲੀ ਸੀ।ਬਾਪੂ ਨੇ ਲੂਣ ਵਾਲੀ ਰੋਟੀ ਬਣਵਾਕੇ ਖਾ ਲਈ।ਪੈਮ ਖਿਝ ਗਈ ਸੀ।ਮੈਂ ਅਗਲੇ ਦਿਨ ਘਰ ਮੁੜਿਆ ਤਾਂ ਉਹ ਬਾਪੂ ਦੀ ਰੋਟੀ ਵਾਲੀ ਗੱਲ ਲੈ ਕੇ ਬੈਠ ਗਈ।
“ਜੇ ਰੋਟੀਆਂ ਦਾ ਹੀ ਯੱਬ ਕਰਨਾ ਹੁੰਦਾ ਤਾਂ ਮੈਂ ਪੀਜ਼ਾ ਸਿਰ ਸਾੜਨ ਨੂੰ ਲਿਆਉਣਾ ਸੀ।” ਮੈਂ ਬਥੇਰਾ ਸਮਝਾਇਆ ਕਿ ਬਾਪੂ ਨੂੰ ਕੀ ਪਤਾ ਪੀਜ਼ਿਆਂ-ਬਰਗਰਾ ਦਾ।ਪਰ ਪੈਮ ਦੀ ਖਿਝ ਇਸ ਗੱਲ ਨਾਲ ਨਹੀਂ ਸੀ ਮੁੱਕਣ ਵਾਲੀ।ਮੈਨੂੰ ਲੱਗਦਾ ਜਿਵੇਂ ਬਾਪੂ ਨੂੰ ਇੰਡੀਆਂ ਤੋਂ ਇੱਥੇ ਲਿਆ ਕੇ ਮੈਂ ਸੰਕਟ ਵਿੱਚ ਫਸ ਗਿਆਂ ਸਾਂ।ਪਰ ਦੂਜੇ ਹੀ ਪਲ ਮੈਨੂੰ ਪੈਮ ’ਤੇ ਵੀ ਗੁੱਸਾ ਆਉਂਦਾ।ਮੈਂ ਸੋਚਦਾ, “ਇਹਦੇ ਆਪਣੇ ਪਿੰਡ ਕਿਹੜਾ ਇਹਦੇ ਬੁੜੇ ਨੇ ਪੀਜ਼ਾ ਸ਼ੋਪ ਖੋਲੀ ਸੀ ਇਹਦੇ ਲਈ।ਪੰਮੀ ਤੋਂ ਪੈਮ ਬਣਕੇ ਇਹਨੂੰ ਗੱਲਾਂ ਆਉਣ ਲੱਗ ਗਈਆਂ।”
“ਗੱਲਾਂ ਦੀਆਂ ਗੱਲਾਂ ਬੱਲਿਆਂ ਸੁਰਿੰਦਰ ਸਿਹੁੰ ਨੂੰ ਇਥੇ ਕੀ ਕਹਿਣਗੇ ਫੇਰ ਲੋਕ?” ਬੀਰੇ ਦੇ ਬੌਬ ਬਣਨ ਵਾਂਗ ਹੀ ਬਾਪੂ ਆਪਣੇ ਨਾਮ ਦਾ ਨਿੱਕ ਨੇਮ ਪੁਛਿਆ।ਸ਼ਾਮ ਦਾ ਵੇਲਾ ਸੀ।ਅਸੀਂ ਘੁੱਟ-ਘੁੱਟ ਲਾਈ ਬੈਠੇ ਸਾਂ।
“ਸੁਰਿੰਦਰ ਦਾ ਇੱਥੇ ਸੁਸ ਬਣਾ ਦਿੰਦੇ ਨੇ ਗੋਰੇ ਬਾਪੂ।” ਮੈਂ ਹੱਸ ਕੇ ਆਖਿਆ।
“ਇਹ ਸਹੁਰਾ ਕੀ ਹੋਇਆ ਸੁਸ।ਜਿਵੇਂ ਸੁਸੂ ਹੁੰਦਾ।” ਬਾਪੂ ਨੇ ਘਰੋੜ ਕੇ ਆਖਿਆ।ਹੱਸ-ਹੱਸ ਸਾਡੀਆਂ ਵੱਖੀਆਂ ਦੁਖਣ ਲੱਗੀਆਂ।ਕਦੀ ਕਦੀ ਦੋ ਕੁ ਪੈੱਗ ਲਗਾ ਕੇ ਬਾਪੂ ਪਿੰਡ ਵਾਲੇ ਰੰਗ ਵਿੱਚ ਆ ਜਾਂਦਾ।ਦਾਲ ਸਬਜੀ ਵਿੱਚ ਨੁਕਸ ਕੱਢ ਦਿੰਦਾ।
“ਲੂਣ ਹੈਨੀ ਦਾਲ ’ਚ।”
“ਮਸਾਲਾ ਤੂੰ ਕੱਚਾ ਹੀ ਰਹਿਣ ਤਾਂ ਪੰਮੀ ਪੁੱਤ।”
ਪੈਮ ਬਾਪੂ ਮੂਹਰੇ ਤਾਂ ਚੁੱਪ ਰਹਿੰਦੀ ਪਰ ਰੂਮ ਵਿੱਚ ਜਾ ਕੇ ਮੇਰੇ ਨਾਲ ਖਿਝਣ ਲੱਗਦੀ।
“ਬਾਪੂ ਦੀ ਨੁਕਸ ਕੱਢਣ ਵਾਲੀ ਆਦਤ ਗਈ ਨਹੀਂ ਬੌਬ।ਇੱਥੇ ਤਾਂ ਰੋਟੀ ਮਿਲਜੇ ਵਹਿਲੇ ਬੈਠੇ ਬੰਦੇ ਨੂੰ ਤਾਂ ਉਹਨੂੰ ਖੁਸ਼ ਹੋਣਾ ਚਾਹੀਦਾ।ਇੰਡੀਆਂ ਨਹੀਂ ਇਹ ਕੇਨੈਡਾ ਆ।”
“ਕੇਨੈਡਾ ਮਰਾਵੇ ਥੋਡਾ ਜਈ ਤਈ।ਬਥੇਰੇ ਪੈਸੇ ਪੈਂਦੇ ਮੇਰੇ ਖਾਤੇ ’ਚ ਪੈਨਸ਼ਨ ਦੇ।ਵਾਪਸ ਤੋਰ ਦੇ ਮੈਨੂੰ ਬੀਰਿਆ।ਮੈਂ ਨਹੀਂ ਕਮਾਉਂਦਾ ਡਾਲੇ।” ਇੱਕ ਸ਼ਾਮ ਬਾਪੂ ਉਖੜ ਗਿਆ।ਅਸੀਂ ਖਾਣੇ ਦੇ ਟੇਬਲ ’ਤੇ ਬੈਠੇ ਸਾਂ।ਪੈਮ ਨੇ ਗੱਲ ਛੇੜ ਲਈ।ਲਹਿਣ ਲੱਗੀ, “ਬਾਪੂ ਜੀ! ਸਾਰਾ ਦਿਨ ਬੋਰ ਹੁੰਦੇ।ਬੇਰੀਆਂ ਤੋੜਣ ਲਈ ਵਗ ਜਾਇਆ ਕਰੋ।ਚਾਰ ਪੈਸੇ ਵੀ ਮਿਲ ਜਾਂਦੇ ਨਾਲੇ।” ਬਾਪੂ ਕੀ ਜਾਣਦਾ ਸੀ ਕੇਨੈਡਾ ਨੂੰ ਉਦੋਂ।ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ।…ਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਬੋਲਣ ਲੱਗਿਆ ਸੀ।
ਆਖਰੀ ਭਾਗ ਕਲ ਨੂੰ

ਸਿਮਰਨ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)