More Punjabi Kahaniya  Posts
ਅਜੀਬ ਜਿਹਾ ਡਰ


ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ ਛੇ ਘੰਟੇ ਲਾ ਦਿੱਤੇ..
ਰਾਹ ਵਿਚ ਦੋ ਵਾਰ ਪੰਚਰ ਹੋਈ..ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ..!
ਅੱਡੇ ਵਿਚ ਉੱਤਰੇ ਤਾਂ ਘੁੱਪ ਹਨੇਰਾ ਉੱਤੋਂ ਰਾਤ ਦੇ ਪੂਰੇ ਗਿਆਰਾਂ ਵੱਜ ਗਏ..
ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕੇ ਆਸੇ ਪਾਸੇ ਕੋਈ ਢਾਬਾ ਲੱਭਿਆ ਜਾਵੇ..!
ਉਣੰਨਵੇਂ ਨੱਬੇ ਵਾਲਾ ਗਰਮ ਮਾਹੌਲ..
ਸਿਵਾਏ ਗਿਆਨੀ ਜੀ ਦੇ ਢਾਬੇ ਤੋਂ ਹੋਰ ਕਿਧਰੇ ਵੀ ਕੋਈ ਬੰਦਾ ਪਰਿੰਦਾ ਨਾ ਦਿਸਿਆ..!
ਮੈਨੂੰ ਗਾਤਰੇ ਵਾਲਾ ਇਹ ਇਨਸਾਨ..ਗੁਰੂ ਦਾ ਸਿੰਘ ਘੱਟ ਤੇ ਕਾਰੋਬਾਰੀ ਜਿਆਦਾ ਲੱਗਦਾ..
ਇੱਕ ਇੱਕ ਫੁਲਕੇ ਦਾ ਹਿਸਾਬ..ਸਲਾਦ ਦੂਜੀ ਵਾਰ ਮੰਗ ਲਿਆ ਸਮਝੋ ਪੂਰੀ ਪਲੇਟ ਦੇ ਪੈਸੇ ਬਿੱਲ ਵਿਚ ਜੁੜ ਗਏ..!
ਖੈਰ ਬੱਧੇ ਰੁੱਧੇ ਨੇ ਜਾ ਕੇ ਬਾਹਰ ਨਲਕੇ ਤੇ ਵੱਡਾ ਪਤੀਲਾ ਮਾਂਝਦੇ ਹੋਏ ਨਿੱਕੇ ਜਿਹੇ ਮੁੰਡੇ ਨੂੰ ਕੁਝ ਖਾਣ ਪੀਣ ਦੇ ਬੰਦੋਬਸਤ ਬਾਰੇ ਪੁੱਛਿਆ..
ਉਸਨੇ ਬੇਧਿਆਨੇ ਜਿਹੇ ਨਾਲ ਅੱਗਿਓਂ ਮੂਧੇ ਪਾਏ ਭਾਂਡੇ ਵਿਖਾ ਦਿੱਤੇ..
ਭੁੱਖੇ ਢਿਡ੍ਹ ਪਿੰਡ ਨੂੰ ਜਾਂਦੀ ਸੜਕ ਵੱਲ ਨੂੰ ਮੋੜਾ ਪਾਇਆ ਹੀ ਸੀ ਕੇ ਕਿਸੇ ਨੇ ਪਿੱਛੋਂ ਵਾਜ਼ ਮਾਰ ਰੋਕ ਲਿਆ..
ਪਰਤ ਕੇ ਵੇਖਿਆ ਤਾਂ ਖੁਦ ਗਿਆਨੀ ਜੀ ਖਲੋਤਾ ਸੀ..
ਆਖਣ ਲੱਗਾ ਕਿੱਧਰ ਨੂੰ ਤੁਰ ਪਏ ਓ ਸਿੰਘੋ..ਏਧਰ ਆਜੋ ਕਰਦਾ ਕੋਈ ਜੁਗਾੜ..!
ਹੈਰਾਨ ਪ੍ਰੇਸ਼ਾਨ ਹੋਏ ਅਸੀ ਮੰਜੇ ਤੇ ਆਣ ਬੈਠੇ..
ਘੜੀ ਕੂ ਮਗਰੋਂ ਹੀ ਥਾਲੀ ਵਿਚ ਤਿੰਨ ਤਿੰਨ ਫੁਲਕੇ..ਰਾਇਤਾ..ਥੋੜੀ ਜਿਹੀ ਦਾਲ ਪਾ ਸਾਡੇ ਸਾਰਿਆਂ ਅੱਗੇ ਹਾਜਿਰ ਕਰ ਦਿੱਤੀ ਗਈ..!
ਧਰਮ ਨਾਲ ਅਨੰਦ ਆ ਗਿਆ..
ਮੁੜਕੇ ਕੋਲ ਹੀ ਨਲਕੇ ਤੋਂ ਕਰੂਲੀ ਕਰ ਕੇ ਅੰਦਰ ਕੁਰਸੀ ਤੇ ਬੈਠ ਰੇਡੀਓ ਸੁਣਦੇ ਗਿਆਨੀ ਵੱਲ ਨੂੰ ਇਹ ਸੋਚਦਿਆਂ ਹੋ ਤੁਰਿਆ ਕੇ ਅੱਜ ਇਹ ਬੰਦਾ ਪੱਕਾ ਡਬਲ ਬਿੱਲ ਪੇਸ਼ ਕਰੂ..ਪਰ ਇਹ ਸੋਚ ਕੇ ਚੁੱਪ ਕਰ ਗਿਆ ਕੇ ਫਸੀ ਨੂੰ ਫਟਕਣ ਕੀ..
ਕੋਲ ਜਾ ਕੇ ਆਖਿਆ...

ਗਿਆਨੀ ਜੀ ਕਿੰਨੇ ਪੈਸੇ ਬਣੇ?
ਅੱਗਿਓਂ ਖਬਰਾਂ ਸੁਣਦੇ ਹੋਏ ਨੇ ਮੇਰੀ ਗੱਲ ਸੁਣੀ ਅਣਸੁਣੀ ਜਿਹੀ ਕਰ ਦਿੱਤੀ..
ਦੁਬਾਰਾ ਜ਼ੋਰ ਦੇ ਕੇ ਪੁੱਛਣ ਤੇ ਆਖਣ ਲੱਗਾ..”ਗੁਰਮੁਖਾ ਕਾਹਦੇ ਪੈਸੇ..ਨਾ ਇਸ ਵੇਲੇ ਮੈਂ ਗੱਲੇ ਤੇ ਬੈਠਾ ਤੇ ਨਾ ਮੇਰਾ ਢਾਬਾ ਹੀ ਖੁੱਲ੍ਹਾ ਏ..ਤੇ ਜਦੋਂ ਇਹ ਦੋਵੇਂ ਚੀਜਾਂ ਬੰਦ ਹੋ ਜਾਂਦੀਆਂ ਨੇ ਤਾਂ ਇਹ ਥਾਂ ਗੁਰੂ ਕਾ ਲੰਗਰ ਵਰਤਾਉਣ ਵਾਲੀ ਜਗਾ ਬਣ ਜਾਂਦੀ ਏ..
ਕੋਈ ਪੈਸੇ ਨਹੀਂ ਲੈਣੇ ਤੇ ਨਾ ਹੀ ਦੁਬਾਰਾ ਇਸ ਬਾਰੇ ਕੋਈ ਗੱਲ ਹੀ ਕਰਨੀ ਏ..ਹਾਂ ਜਾਂਦੇ ਜਾਂਦੇ ਗਰਮ ਗਰਮ ਚਾਹ ਦਾ ਲੰਗਰ ਵੀ ਛਕ ਕੇ ਜਾਣਾ ਨਹੀਂ ਤੇ ਫੇਰ ਹੁਣ ਤੱਕ ਕੀਤੀ ਸਾਰੀ ਨਿਹਫਲ ਜਾਣੀ ਏ..”
ਮੈਂ ਸੁੰਨ ਜਿਹਾ ਹੋ ਗਿਆ ਤੇ ਏਨੀ ਗੱਲ ਸੁਣਨ ਮਗਰੋਂ ਮੈਨੂੰ ਗਿਆਨੀ ਜੀ ਦਾ ਚੰਗੀ ਤਰਾਂ ਧੰਨਵਾਦ ਕਰਨ ਦਾ ਚੇਤਾ ਵੀ ਭੁੱਲ ਗਿਆ..
ਹਨੇਰੇ ਵਿਚ ਅਸਾਂ ਅਜੇ ਕੁਝ ਕਦਮ ਹੀ ਪੁੱਟੇ ਸਨ ਕੇ ਬਾਬੇ ਬਕਾਲੇ ਵਾਲੇ ਪਾਸਿਓਂ ਕਿਸੇ ਪਿੰਡ ਦੇ ਗੁਰੂ ਘਰ ਦੇ ਸਪੀਕਰ ਤੇ ਕਿਸੇ ਨੇ ਲੰਮੀ ਸੁਰ ਵਾਲਾ ਉਚੀ ਅਵਾਜ ਵਾਲਾ ਜੈਕਾਰਾ ਛੱਡ ਦਿੱਤਾ..”ਬੋਲੇ ਸੋ ਨਿਹਾਲ”..
ਅੱਗਿਓਂ ਸਾਡੇ ਸਾਰਿਆਂ ਦੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ “ਸੱਤ ਸ੍ਰੀ ਅਕਾਲ”
ਫਤਹਿ ਦਾ ਜੁਆਬ ਫਤਹਿ ਵਿਚ ਦਿੰਦਿਆਂ ਇੰਝ ਲੱਗਿਆਂ ਜਿੱਦਾਂ ਜ਼ਿਹਨ ਵਿਚ ਵੜ ਗਿਆ ਕੋਈ ਅਜੀਬ ਜਿਹਾ ਡਰ ਰਾਤ ਦੇ ਸੰਨਾਟੇ ਨੂੰ ਚੀਰਦਾ ਹੋਇਆ ਕਿਧਰੇ ਦੂਰ ਫਿਜ਼ਾ ਵਿਚ ਜਾ ਰਲਿਆ ਹੋਵੇ..
ਹੈਰਾਨਗੀ ਇਸ ਗੱਲ ਦੀ ਸੀ ਕੇ ਇਸ ਵਾਰ ਸਾਰਿਆਂ ਤੋਂ ਉਚੀ ਅਵਾਜ ਚੰਡੀਗੜ ਫੀਲਡ ਵਿਚ ਕੰਮ ਕਰਦੇ ਬਿਹਾਰ ਵਾਲੇ ਮਿਸ਼ਰਾ ਜੀ ਦੀ ਸੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)