ਅੱਜ ਰਾਜਨ ਦੇ ਘਰ ਵਿਆਹ ਤੋਂ ਪੰਜ ਸਾਲ ਬਾਅਦ ਇੱਕ ਬੱਚੇ ਨੇ ਜਨਮ ਲੈਣਾ ਸੀ। ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ। ਪਰ ਇਹ ਕੀ?? ਜਦੋਂ ਬੱਚਾ ਹੋਇਆ ਤੇ ਦਾਈ ਨੇ ਆ ਕੇ ਦੱਸਿਆ ਤਾਂ ਹਰ ਪਾਸੇ ਇੱਕ ਅਜੀਬ ਚੁੱਪ ਫ਼ੈਲ ਗਈ। ” ਇਸ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ, ਸਾਡੀ ਇੱਜ਼ਤ ਰੁਲ ਜਾਊ ” ਰਾਜਨ ਨੇ ਆਪਣੀ ਰੋਂਦੀ ਕਰਲਾਉਂਦੀ ਬੀਵੀ ਨੂੰ ਕਿਹਾ। ਆਪ ਵੀ ਰਾਜਨ ਇਸੇ ਤਰ੍ਹਾਂ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਉਸ ਦੀਆਂ ਖ਼ੁਸ਼ੀਆਂ ਦੀ ਗੰਢ ਬੰਨ੍ਹ ਪਾਣੀ ਵਿੱਚ ਤਾਰ ਦਿੱਤਾ ਹੋਵੇ।
ਅਖ਼ੀਰ ਇਹ ਫ਼ੈਸਲਾ ਲਿਆ ਗਿਆ ਕਿ ਚੁੱਪ ਚਪੀਤੇ ਸਵੇਰੇ ਸਵੇਰੇ ਇਸ ਬੱਚੇ ਨੂੰ ਖੇਤਾਂ ਦੇ ਬਾਹਰ ਰੱਖ ਆਇਆ ਜਾਵੇਗਾ। ਰਾਜਨ ਦੀ ਬੀਵੀ ਦੀ ਕੁੱਖ ਵਿੱਚੋਂ ਚੀਖ਼ਾਂ ਨਿਕਲ ਰਹੀਆਂ ਸੀ। ਉਹ ਇੱਕ ਪਾਸੇ ਬੱਚੇ ਦਾ ਮਾਸੂਮ ਜਿਹਾ ਚਿਹਰਾ ਵੇਖੇ, ਦੂਸਰੇ ਪਾਸੇ ਰੱਬ ਨੂੰ ਕੋਸੇ ਕਿ ਇੰਨੇ ਸਾਲ ਬਾਅਦ ਹਰੀ ਹੋਈ ਉਸਦੀ ਕੁੱਖ ਵਿੱਚ ਰੱਬ ਨੇ ਦਿੱਤਾ ਵੀ ਤੇ ਕੀ???
ਸਵੇਰ ਹੋਈ ਤਾਂ ਉਸ ਬੱਚੇ ਨੂੰ ਸੋਚ ਮੁਤਾਬਿਕ ਖੇਤਾਂ ਦੇ ਬਾਹਰ, ਦਿਲ ਤੇ ਪੱਥਰ ਰੱਖ ਕੇ, ਰਾਜਨ ਰੱਖ ਆਇਆ। ਥੋੜੇ ਸਮੇਂ ਬਾਅਦ ਇੱਕ ਕਿੰਨਰਾਂ ਦੀ ਟੋਲੀ ਕਿਸੇ ਦੇ ਘਰ ਬੱਚੇ ਦੇ ਜਸ਼ਨ ਮਨਾਉਣ ਲਈ ਜਾ ਰਹੀ ਸੀ। ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਟੋਲੀ ਦੀ ਪ੍ਰਧਾਨ ਰਾਧਾ ਨੇ ਜ਼ੋਰ ਦੀ ਤਾੜੀ ਮਰੀ ਤੇ ਟਾਂਗਾ ਰੁਕ ਗਿਆ। “ਕੀ ਹੋਇਆ ਅੰਮਾ”?? ਟਾਂਗੇ ਵਾਲੇ ਨੇ ਤੇ ਨਾਲ ਬੈਠੀ ਕੁਸੁਮ ਨੇ ਪੁੱਛਿਆ। ਉਸ ਨੇ ਰੋਂਦੇ ਬੱਚੇ ਦੀ ਆਵਾਜ਼ ਦਾ ਦੱਸਿਆ ਤਾਂ ਸਭ ਭੱਜ ਕੇ ਉਸ ਵੱਲ ਗਏ। ਦੇਖਿਆ ਤਾਂ ਜਿੱਥੇ ਇੱਕ ਪਾਸੇ ਉਹਨਾਂ ਨੂੰ ਬੱਚੇ ਦੇ ਮਿਲਣ ਦੀ ਖ਼ੁਸ਼ੀ ਹੋਈ ਉੱਥੇ ਉਹਨਾਂ ਸਭ ਦੇ ਬੱਚੇ ਦੀਆਂ ਚੀਖ਼ਾਂ ਵਿਚੋਂ ਉਹਨਾਂ ਦੀ ਕਹਾਣੀ ਇੱਕ ਰੀਲ ਵਾਂਗ ਚੱਲਦੀ ਨਜ਼ਰ ਆਈ ਤੇ ਜ਼ੋਰ ਜ਼ੋਰ ਨਾਲ ਰੋਂਦਿਆਂ ਅੰਮਾ ਨੇ ਉਸ ਬੱਚੇ ਨੂੰ ਛਾਤੀ ਨਾਲ ਲਾ ਲਿਆ। ਜਸ਼ਨ ਤੇ ਜਾਣਾ ਰੱਦ ਕਰ ਕੇ ਮੁੜ ਆਪਣੀ ਹਵੇਲੀ ਵਿੱਚ ਗਏ ਅਤੇ ਉੱਥੇ ਬੈਠੀਆਂ ਹੋਰ ਵੀ ਰਾਧਾ, ਕਮਲਾ ਤੇ ਕਾਂਤਾ ਆਦਿ ਸਭ ਨੂੰ ਅੰਮਾ ਨੇ ਜ਼ੋਰ ਜ਼ੋਰ ਨਾਲ ਤਾੜੀਆਂ ਮਾਰ ਤੇ ਆਵਾਜ਼ਾਂ ਮਾਰ ਇਕੱਠੀਆਂ ਕਰ ਲਈਆਂ। ਹੁਣ ਜਸ਼ਨ ਅੰਮਾ ਦੀ ਹਵੇਲੀ ਵਿੱਚ ਹੋਵੇਗਾ,” ਅੰਮਾ ਨੇ ਜ਼ੋਰ ਜ਼ੋਰ ਤਾੜੀਆਂ ਮਾਰਦੇ ਤੇ ਨੱਚਦੇ ਕਿਹਾ । ਖ਼ੂਬ ਧੂਮ ਧਾਮ ਨਾਲ ਉਸ ਬੱਚੇ ਦਾ ਸਵਾਗਤ ਹੋਇਆ...
ਤੇ ਉਸ ਦਾ ਨਾਮਕਰਨ ਵੀ ਕੀਤਾ ਗਿਆ ਤੇ ਉਸਦਾ ਨਾਮ “ਉਮੰਗ” ਰੱਖਿਆ ਗਿਆ। ਉਸ ਬੱਚੇ ਨੂੰ ਪੜ੍ਹਾ ਲਿਖਾ ਕੇ ਵੱਡਾ ਕੀਤਾ ਗਿਆ। ਉਹ ਸਭ ਦੀ ਲਾਡਲੀ ਸੀ। ਉਸ ਨੂੰ ਅੰਮਾ ਦੀ ਹਵੇਲੀ ਵਿੱਚ ਰੱਜ ਕੇ ਪਿਆਰ ਮਿਲਿਆ, ਜਿਸ ਤੋਂ ਉਹ ਪਹਿਲੇ ਦਿਨ ਹੀ ਵਾਂਝੀ ਹੋ ਗਈ ਸੀ।
ਵੱਡੀ ਹੋਈ ਤਾਂ ਉਮੰਗ ਨੂੰ ਨੌਕਰੀ ਵੀ ਲੱਗ ਗਈ। ਹਵੇਲੀ ਵਿੱਚ ਸਭ ਬਹੁਤ ਖ਼ੁਸ਼ ਸੀ। ਅੰਮਾਂ ਵੀ ਹੁਣ ਬੁੱਢੀ ਹੋ ਚੁੱਕੀ ਸੀ। ਉਮੰਗ ਉਸਦਾ ਬਹੁਤ ਖ਼ਿਆਲ ਰੱਖਦੀ। ਅੰਮਾ ਉਸਦੀ ਤਰੱਕੀ ਦੇਖ ਦੇਖ ਆਪਣੇ ਤੇ ਨਾਜ਼ ਕਰਦੀ।
ਇੱਕ ਦਿਨ ਉਮੰਗ ਸਵੇਰੇ ਸਵੇਰੇ ਕੰਮ ਤੇ ਜਾ ਰਹੀ ਸੀ ਕਿ ਉਸਨੂੰ ਇੱਕ ਕੂੜੇ ਦੇ ਢੇਰ ਤੋਂ ਰੋਣ ਦੀ ਆਵਾਜ਼ ਆਈ। ਉਸ ਦਾ ਦਿਲ ਇੱਕ ਦਮ ਬੈਠ ਗਿਆ। ਉਸਨੇ ਜਦ ਮੁੜ ਕੇ ਵੇਖਿਆ ਤਾਂ ਕੂੜੇ ਦੇ ਢੇਰ ਵਿੱਚ ਇੱਕ ਕਪੜੇ ਵਿੱਚ ਨਵਜੰਮੀ ਇੱਕ ਕੁੜੀ ਲਪੇਟੀ ਪਈ ਸੀ। ਜੋ ਐਵੇਂ ਜਾਪ ਰਿਹਾ ਸੀ ਕਿ ਜ਼ੋਰ-ਜ਼ੋਰ ਦੀ ਦੁਹਾਈ ਦਿੰਦੀ ਹੋਵੇ ਕਿ ਮੈਨੂੰ ਬਚਾ ਲਓ। ਉਮੰਗ ਨੇ ਉਸਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਬਹੁਤ ਰੋਈ। ਉਹ ਸੋਚ ਰਹੀ ਸੀ ਕਿ ਮੇਰੇ ਵਿੱਚ ਤਾਂ ਸਮਾਜ ਦੇ ਕਹਿਣ ਅਨੁਸਾਰ ਇੱਕ ਕਮੀ ਸੀ ਪਰ ਇਸ ਨੰਨ੍ਹੀ ਜਾਨ ਵਿੱਚ ਤਾਂ ਕੋਈ ਕਮੀ ਨਹੀਂ, ਇਹ ਤਾਂ ਇੱਕ ਕੁੜੀ ਹੈ ਤੇ ਉਹ ਵੀ ਇੱਕ ਫੁੱਲ ਵਰਗੀ ਕੁੜੀ ਜੋ ਕੂੜੇ ਦੇ ਢੇਰ ਵਿੱਚ ਵੀ ਮਹਿਕ ਰਹੀ ਸੀ। ਫਿਰ ਉਸਨੂੰ ਇਸ ਤਰ੍ਹਾਂ ਕਿਉਂ ਉਸਦੇ ਮਾਂ ਬਾਪ ਨੇ ਆਪਣੇ ਤੋਂ ਅਲੱਗ ਕੀਤਾ? ਇਸ ਫੁੱਲ ਦੀ ਟਾਹਣੀ ਤੋੜ ਇਸ ਨੂੰ ਕੁਚਲ ਕੇ ਕਿਉਂ ਕੂੜੇ ਦੇ ਢੇਰ ਵਿੱਚ ਸੁੱਟਿਆ? ਇਹਨਾਂ ਸੋਚਾਂ ਨੂੰ ਸੋਚਦੇ ਸੋਚਦੇ ਉਸਨੇ ਕੰਮ ਤੇ ਜਾਣ ਵਾਲਾ ਰਸਤਾ ਬਦਲ ਲਿਆ ਤੇ ਵਾਪਿਸ ਉਸ ਫੁੱਲ ਭਰ ਬੱਚੀ ਨੂੰ ਹਵੇਲੀ ਲੈ ਆਈ।
ਹੁਣ ਉਮੰਗ ਨੇ ਆਪਣੀ ਪੂਰੀ ਜ਼ਿੰਦਗੀ ਉਸ ਬੱਚੀ ਨੂੰ ਸਮਰਪਿਤ ਕਰ ਦਿੱਤੀ, ਜਿਸ ਨੂੰ ਉਸਦੇ ਮਾਂ ਬਾਪ ਨੇ ਆਪਣੇ ਸੀਨੇ ਨਾਲੋਂ ਉਤਾਰ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਸੀ।
ਲਿਖਤ ਅਤੇ ਪੇਂਟਿੰਗ
ਮੁਨੱਜ਼ਾ ਇਰਸ਼ਾਦ
Jaspreet Kaur
9779697283