More Punjabi Kahaniya  Posts
ਮੇਰੀਆਂ ਅੱਖਾਂ ਨੀਵੀਆਂ ਕਿਉਂ ?


ਭਾਵੇਂ ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ਜ਼ਿੰਦਗੀ ‘ਚ ਬਹੁਤ ਭੈੜੇ ਤਜ਼ਰਬਿਆਂ ਨਾਲ ਵਾਹ ਪਿਆ ਪਰ ਫੇਰ ਵੀ ਮਨ ‘ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ ਸਾਂਝਾ ਕਰਦੀ । ਜਦੋਂ ਉਸ ਦੇ ਆਰਟੀਕਲ ਵੱਖੋ ਵੱਖਰੇ ਅਖ਼ਬਾਰਾਂ ਵਿੱਚ ਨਜ਼ਰ ਆਉਣ ਲੱਗੇ , ਉਸ ਦੀ ਇੱਕ ਵੱਖਰੀ ਪਛਾਣ ਬਣਨ ਲੱਗੀ । ਹੁਣ ਉਸ ਨੂੰ ਆਪਣੇ ਪਹਿਲਾਂ ਵਾਲੇ ਸ਼ੁਭਚਿੰਤਕ ਆਪਣੇ ਵਿਰੋਧੀਆਂ ਦੇ ਪਾੜੇ ‘ਚ ਖੜ੍ਹੇ ਵਿਖਾਈ ਦਿੰਦੇ ਪਰ ਉਹ ਚੁੱਪਚਾਪ ਆਪਣੀ ਕਲਮ ਦੇ ਸਹਾਰੇ ਅੱਗੇ ਵਧ ਰਹੀ ਸੀ ।
ਕਈ ਦਿਨਾਂ ਤੋਂ ਉਹਦੇ ਪੁੱਤ ਨੇ ਜਾਨ ਖਾਧੀ ਹੋਈ ਸੀ ਨਾਨੀ ਘਰ ਜਾਣ ਦੀ , ਪਰ ਘਰ ਦੇ ਰੁਝੇੰਵਿਆਂ ਤੋੰ ਵਿਹਲ ਕਿੱਥੇ? ਇਕ ਕੰਮ ਮੁੱਕਦਾ ਤਾਂ ਦੂਜਾ ਮੂੰਹ ਵੱਲ ਵੇਖਣ ਲੱਗਦਾ। ਸਾਰਾ ਦਿਨ ਨੱਠ ਭਜਾਈ ‘ਚ ਵਕਤ ਹੱਥੋਂ ਖਿਸਕ ਜਾਂਦਾ। ਦਮਨ ਦਾ ਆਪਣਾ ਮਨ ਵੀ ਕਾਹਲ਼ਾ ਪੈਣ ਲੱਗਦਾ ਤਾਂ ਉਹ ਪੁੱਤ ਨੂੰ ਲਾਰੇ ਲਾਉਂਦੀ ਕਿ ਛੁੱਟੀਆਂ ਵਿੱਚ ਚੱਲਾਂਗੇ। ਇਸ ਵਾਰ ਜਦੋਂ ਤਿੰਨ ਛੁੱਟੀਆਂ ਇਕੱਠੀਆਂ ਆਈਆਂ ਤਾਂ ਉਹਦਾ ਪੁੱਤ ਪਹਿਲਾਂ ਵਾਂਗੂੰ ਨਾਨਕੇ ਜਾਣ ਦੀ ਅੜੀ ਫੜਕੇ ਬੈਠ ਗਿਆ ਨਾਲ ਹੀ ਆਪਣੀ ਮਾਂ ਕੋਲ ਰੋਸੇ ਕਰਨ ਲੱਗਿਆ ਕਿ ਤੁਸੀਂ ਤਾਂ ਬਹੁਤ ਝੂਠੇ ਹੋ …ਹਰ ਵਾਰ ਕਹਿ ਦਿੰਦੇ ਛੁੱਟੀਆਂ ‘ਚ ਚੱਲਾਂਗੇ… ਪਤਾ ਨ੍ਹੀਂ ਤੁਹਾਡੇ ਵਾਲੀਆਂ ਛੋਟੀਆਂ ਆਉਣੀਆਂ?
ਇਸ ਵਾਰ ਪੁੱਤ ਦੀ ਖ਼ੁਸ਼ੀ ਸਾਹਮਣੇ ਉਹ ਝੁਕ ਗਈ ਤੇ ਤੁਰ ਪਈ ਆਪਣੇ ਪੁੱਤ ਨਾਲ ਆਪਣੇ ਪੇਕੇ ਘਰ । ਪੇਕੇ ਘਰ ਪਹੁੰਚ ਚਾਹ ਪਾਣੀ ਪੀ ਆਪਣੀ ਮਾਂ ਨਾਲ ਦੁੱਖ ਸੁੱਖ ਸਾਂਝੇ ਕਰਦੀ ਰਹੀ । ਉਹੀ ਰੋਣੇ ਧੋਣੇ… ਧੀ ਦੁੱਖ ਫਰੋਲੇ ਤਾਂ ਕੀਹਦੇ ਕੋਲ ? ਮਾਂ ਤੋਂ ਵਧ ਕੇ ਕੌਣ ਸਮਝੇ ਧੀ ਨੂੰ ? ਆਪਣੇ ਪੁੱਤ ਨੂੰ ਹੱਸਦਾ ਖੇਡਦਾ ਵੇਖ ਉਸ ਦੀ ਕੁਮਲਾਈ ਰੂਹ ਵੀ ਚਾਘੀਆਂ ਪਾਉਣ ਲੱਗੀ।
ਉਹ ਆਪਣੇ ਮਨ ਦੇ ਵਲਵਲਿਆਂ ਦੀਆਂ ਕਾਗਜ਼ਾਂ ਨਾਲ ਸਾਂਝਾਂ ਪਾਉਣ ਲਈ ਕਲਮ ਚੁੱਕ ਪਿਛਲੇ ਕਮਰੇ ‘ਚ ਚੁੱਪਚਾਪ ਜਾ ਬੈਠੀ । ਸ਼ਾਮ ਵੇਲੇ ਜਦੋਂ ਉਸ ਦਾ ਪਿਓ ਤੇ ਭਰਾ ਕੰਮ ਤੋਂ ਆਏ ਤਾਂ ਉਨ੍ਹਾਂ ਨਾਲ ਆਪਣੇ ਕੁਝ ਕੁ ਪਲਾਂ ਦੀ ਸਾਂਝ ਪਾ ਦੁਬਾਰਾ ਆਪਣੀ ਕਲਮ ਨਾਲ ਗੱਲੀਂ ਪੈ ਗਈ । ਜਦੋਂ ਘਰ ਦੇ ਸਾਰੇ ਜੀਅ ਰੋਟੀ ਖਾਣ ਲੱਗੇ ਤਾਂ ਉਸ ਨੂੰ ਉਹਦੀ ਮਾਂ ਨੇ ਹਾਕ ਮਾਰੀ ਤਾਂ ਉਹਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ ,” ਹਾਲੇ ਭੁੱਖ ਨਹੀਂ, ਜਦੋਂ ਭੁੱਖ ਲੱਗੀ ਆਪੇ ਖਾ ਲਵਾਂਗੀ।” ਅਸਲ ਵਿੱਚ ਜਦੋਂ ਉਹ ਕੁਝ ਲਿਖਣ ਲੱਗਦੀ ਹੈ ਤਾਂ ਖੁਦ ਭੁੱਲ ਜਾਂਦੀ ਹੈ ਕਿ ਉਸ ਨੂੰ ਭੁੱਖ ਲੱਗੀ ਹੈ ਜਾਂ ਨਹੀਂ ? ਉਸ ਲਈ ਭੁੱਖ ਦਾ ਅਹਿਸਾਸ ਹੀ ਮਰ ਜਾਂਦਾ । ਜਦੋਂ ਮਾਂ ਨੇ ਰਸੋਈ ਦਾ ਸਾਰਾ ਕੰਮ ਕਾਰ ਨਿਬੇੜ ਦੁਬਾਰਾ ਰੋਟੀ ਬਾਰੇ ਪੁੱਛਿਆ ਤਾਂ ਮੁੜ ਉਸਦਾ ਉਹੀ ਜਵਾਬ ਸੀ ਕਿ ਹਾਲੇ ਭੁੱਖ ਨਹੀਂ ।
ਉਹ ਫ਼ੋਨ ਚਾਰਜਰ ਤੇ ਲਾ ਕੇ ਭੁੱਲ ਗਈ। ਜਦੋਂ ਚਾਰਜਰ ਤੋਂ ਫ਼ੋਨ ਲਾਹੁਣ ਦੀ ਯਾਦ ਆਈ ਤਾਂ ਉਸਨੇ ਵੇਖਿਆ ਸਕ੍ਰੀਨ ਤੇ ਮਿਸਡ ਕਾਲ ਪਰ ਹੁਣ ਸਮਾਂ ਸਾਢੇ ਕੁ ਗਿਆਰਾਂ ਵਜੇ ਦਾ ਸੀ । ਨੰਬਰ ਵੀ ਕੋਈ ਅਣਪਛਾਤਿਆ ਸੀ । ਜੇਕਰ ਨੰਬਰ ਜਾਣਿਆ ਪਛਾਣਿਆ ਹੁੰਦਾ ਤਾਂ ਬਿਨਾਂ ਕਿਸੇ ਡਰ ਭੈਅ ਮੁੜ ਫ਼ੋਨ ਕਰ ਲੈਂਦੀ ਪਰ ਹੁਣ ਕਿਸੇ ਓਪਰੇ ਨੂੰ ਅੱਧੀ ਰਾਤ ਫ਼ੋਨ ਕਰਨਾ ? ਉਸ ਦਾ ਮਨ ਜਵਾਬ ਦੇ ਗਿਆ । ਉਸਨੇ ਫ਼ੋਨ ਪਰ੍ਹਾਂ ਰੱਖ ਦਿੱਤਾ ਅਤੇ ਅੱਖਰਾਂ ‘ਚ ਪ੍ਰੋਏ ਜਜ਼ਬਾਤ ਕਹਾਣੀ ਬਣ ਉਹਦੇ ਸਾਹਮਣੇ ਖੜ੍ਹੇ ਹੋ ਗਏ । ਹੁਣ ਲਗਪਗ ਇੱਕ ਵੱਜ ਚੁੱਕਿਆ ਸੀ । ਉਹ ਕਹਾਣੀ ਨੂੰ ਵਾਰ ਵਾਰ ਪੜ੍ਹਦੀ , ਸੋਧਦੀ, ਨਵੇਂ ਸ਼ਬਦ ਭਰਤੀ ਤੇ ਕੁਝ ਗ਼ੈਰ ਜ਼ਰੂਰੀ ਸ਼ਬਦ ਨਿਖੇੜਦੀ । ਉਸ ਨੂੰ ਨੀਂਦ ਨਹੀਂ ਆ ਰਹੀ ਸੀ । ਉਸ ਨੇ ਕਹਾਣੀ ਫ਼ੋਨ ਤੇ ਹੀ ਟਾਈਪ ਕਰਨ ਬਾਰੇ ਸੋਚਿਆ। ਅੱਗੇ ਵੀ ਉਹ ਅੱਧੀ ਅੱਧੀ ਰਾਤ ਤਕ ਫ਼ੋਨ ਤੇ ਆਪਣੀਆਂ ਕਹਾਣੀਆਂ ਟਾਈਪ ਕਰਦੀ ਰਹਿੰਦੀ ਹੈ । ਅਸਲ ਵਿੱਚ ਉਸ ਨੂੰ ਬਚਪਨ ਤੋਂ ਹੀ ਆਦਤ ਹੈ ਜਦੋਂ ਤੱਕ ਉਹ ਆਪਣਾ ਕੰਮ ਪੂਰਾ ਨਹੀਂ ਕਰਦੀ ਉਸ ਨੂੰ ਨੀਂਦ ਨਹੀਂ ਆਉੰਦੀ । ਇਮਤਿਹਾਨਾਂ ਵੇਲੇ ਵੀ ਉਹ ਅੱਧੀ ਅੱਧੀ ਰਾਤ ਤਕ ਪੜ੍ਹਦੀ ਰਹਿੰਦੀ ਸੀ । ਉਹ ਵੀ ਫ਼ਰਸ਼ ਤੇ ਚਟਾਈ ਵਿਛਾ ਕੇ । ਜਦੋਂ ਮੰਮੀ ਆਖਦੇ ਕਿ ਬੈੱਡ ਤੇ ਜਾਂ ਕੁਰਸੀ ਤੇ ਬੈਠ ਕੇ ਪੜ੍ਹ ਲੈ ਇੱਕੋ ਜਵਾਬ ਹੁੰਦਾ ਸੀ ਕਿ ਫਰਸ਼ ਤੇ ਬੈਠ ਕੇ ਛੇਤੀ ਨੀਂਦ ਨਹੀਂ ਆਉਂਦੀ । ਪਰ ਹੁਣ ਹੈਰਾਨ ਸੀ ਕਿ ਬੈੱਡ ਤੇ ਪੈ ਕੇ ਵੀ ਨੀਂਦ ਛੇਤੀ ਨਹੀਂ ਆਉਂਦੀ ।
ਜਦੋਂ ਉਹ ਕਹਾਣੀ ਟਾਈਪ ਕਰ ਰਹੀ ਸੀ ਤਾਂ ਵ੍ਹੱਟਸਐਪ ਤੇ ਕਿਸੇ ਅਣਜਾਣ ਨੇ ਉਸ ਨੂੰ ਹੈਲੋ ! ਹਾਏ! ਲਿਖ ਕੇ ਮੈਸੇਜ ਕੀਤਾ ਹੋਇਆ ਸੀ । ਉਹ ਹੈਰਾਨ ਪ੍ਰੇਸ਼ਾਨ ਹੋ ਗਈ ਇਹ ਕੌਣ ਹੈ ? ਉਹ ਬਿਨਾਂ ਕੋਈ ਜਵਾਬ ਦਿੱਤਿਆਂ ਆਪਣੇ ਕੰਮ ਵਿੱਚ ਰੁੱਝੀ ਰਹੀ । ਫਿਰ ਸੋਚਣ ਲੱਗੀ ਉਹ ਕਿਹੜਾ ਹੁਣ ਸੋਲ੍ਹਵੇਂ ਠਾਰ੍ਹਵਾਂ ਸਾਲ ‘ਚ ਜੋ ਇਸ ਤਰ੍ਹਾਂ ਦੇ ਮੈਸੇਜ ਆਉਣੇ ਸਨ ? ਉਹ ਤਾਂ ਹੁਣ ਦੋ ਬੱਚਿਆਂ ਦੀ ਮਾਂ ਬਣ , ਜ਼ਿੰਦਗੀ ਦੇ ਤਜਰਬਿਆਂ ਹੇਠੋਂ ਲੰਘ ਕੇ ਉਮਰ ਦੇ ਇਸ ਮੋੜ ਤੇ ਖੜ੍ਹੀ ਹੈ ਜਿੱਥੇ ਔਰਤ ਆਪਣਾ ਆਪਾ ਭੁੱਲ ਕੇ ਆਪਣੇ ਸੁਪਨਿਆਂ ਨੂੰ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਪੜ੍ਹਨਾ ਸਿੱਖ ਜਾਂਦੀ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਆਪਣੀ ਰੂਹ ਵਿੱਚ ਸਾਂਭ ਕੇ ਉਨ੍ਹਾਂ ਦੀ ਪੂਰਤੀ ਲਈ ਜੱਦੋ ਜਹਿਦ ਕਰਦੀ ਹੈ। ਫੇਰ ਉਹ ਇੱਕ ਕਿਤਾਬ ਚੁੱਕ ਕੇ ਬੈਠ ਗਈ ਕਿਉਂਕਿ ਨੀਂਦ ਹਾਲੇ ਵੀ ਉਸ ਦੀਆਂ ਅੱਖਾਂ ਤੋਂ ਕੋਹਾਂ ਦੂਰ ਜਾਪ ਰਹੀ ਸੀ ।ਭਾਵੇਂ ਉਹ ਕਿਤਾਬ ਪੜ੍ਹਨ ਲੱਗੀ ਫਿਰ ਅਚਾਨਕ ਉਸ ਦਾ ਧਿਆਨ ਘੜੀ ਮੁੜੀ ਉਸ ਨੰਬਰ ਦੇ ਆਲੇ ਦੁਆਲੇ ਚੱਕਰ ਕੱਟਣ ਲੱਗਿਆ ਕਿ ਨੰਬਰ ਕਿਸ ਦਾ ਹੈ ?ਲਗਪਗ ਚਾਰ ਕੁ ਵਜੇ ਉਸ ਨੂੰ ਨੀਂਦ ਆਉਣ ਲੱਗੀ ਉਹ ਕਿਤਾਬ ਰੱਖ ਕੇ ਬੱਤੀ ਬੁਝਾ ਸੌਂ ਗਈ। ਸਵੇਰੇ ਜਲਦੀ ਜਾਗ ਨਾ ਖੁੱਲ੍ਹੀ । ਤਕਰੀਬਨ ਅੱਠ ਵਜੇ ਦਾ ਸਮਾਂ ਹੋ ਗਿਆ । ਉਹਦੀ ਮਾਂ ਨੇ ਉਸ ਨੂੰ ਨਾ ਜਗਾਇਆ ਇਹ ਸੋਚ ਕੇ ਕਿ ਰਾਤੀਂ ਬਹੁਤ ਦੇਰ ਨਾਲ ਸੁੱਤੀ।ਸ਼ਾਇਦ ਹੁਣ ਵੀ ਨਾ ਜਾਗਦੀ ਜੇ ਉਸ ਦਾ ਪੁੱਤ ਸੌਰਭ ਉਸਦੇ ਨਾਲ ਲੱਗ ਕੇ ਪੈ ਨਾ ਜਾਂਦਾ ਤੇ ਉਸ ਦੀਆਂ ਗੱਲ਼ਾਂ ਤੇ ਹੱਥ ਰੱਖ ਕੇ ਨਾ ਆਖਦਾ,” ਮੰਮੀ ਜੀ ! ਦੇਖੋ ਕਿੰਨਾ ਦਿਨ ਚੜ੍ਹ ਆਇਆ… ਅੱਗੇ ਤੁਸੀਂ ਮੈਨੂੰ ਜਗਾਉਂਦੇ ਅੱਜ ਮੈਂ ਜਗਾਉਣ ਲੱਗਿਆ।” ਪੁੱਤ ਦੀਆਂ ਗੱਲਾਂ ਸੁਣ ਉਹ ਮੁਸਕਰਾਉਂਦੀ ਹੋਈ ਉੱਠ ਬੈਠੀ ਤੇ ਥੋੜ੍ਹੀ ਦੇਰ ਇੰਜ ਹੀ ਆਪਣੇ ਪੁੱਤ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਰੁੱਝੀ ਗਈ ।
ਫਿਰ ਨਾਸ਼ਤਾ ਕਰ ਮੁੜ ਬੈਠ ਗਈ ਕਾਗਜ਼ ਕਲਮ ਨਾਲ ਸਾਂਝ ਪਾਉਣ ਲਈ ਪਰ ਫ਼ੋਨ ਦੀ ਰਿੰਗਟੋਨ ਨੇ ਉਸ ਦੀ ਸੁਰਤੀ ਭੰਗ ਕਰ ਦਿੱਤੀ। ਉਸ ਨੇ ਨੰਬਰ ਵੇਖਿਆ ਮੁੜ ਤੋਂ ਇਹ ਕੋਈ ਅਣਜਾਣ ਨੰਬਰ ਸੀ । ਉਹ ਗੱਲ ਕਰਨ ਵਾਲਾ ਪੁੱਛ ਰਿਹਾ ਸੀ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ ? ਕੌਣ ਬੋਲ ਰਹੇ ? ਉਹ ਗੱਲ ਕਰਨ ਵਾਲੇ ਨੂੰ ਪੁੱਛਣ ਲੱਗੀ ,ਫੋਨ ਤੁਸੀਂ ਕੀਤਾ ?ਕੀਹਦੇ ਨਾਲ ਗੱਲ ਕਰਨੀ ? ਪਰ ਦੂਸਰੇ ਪਾਸਿਓਂ ਉਲਟ ਉਲਟ ਪ੍ਰਸ਼ਨ ਪੁੱਛੇ ਜਾ ਰਹੇ ਸਨ । ਜਿਸ ਕਾਰਨ ਉਹ ਖਿੱਝ ਗਈ ਤੇ ਉਸ ਨੇ ਫ਼ੋਨ ਪਰ੍ਹਾਂ ਰੱਖ ਦਿੱਤਾ।ਇਸ ਤਰ੍ਹਾਂ ਅਣਜਾਣ ਨੰਬਰਾਂ ਤੋਂ ਫ਼ੋਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ । ਉਹ ਹੈਰਾਨ ਸੀ ਕਿ ਉਸ ਨਾਲ ਅਚਾਨਕ ਇਹ ਕੀ ਹੋ ਰਿਹਾ ਹੈ ? ਉਹ ਪ੍ਰੇਸ਼ਾਨ ਹੋ ਗਈ। ਵ੍ਹੱਟਸਐਪ ਤੇ ਵੀ ਤਰ੍ਹਾਂ ਤਰ੍ਹਾਂ ਦੇ ਅਸ਼ਲੀਲ ਮੈਸੇਜ ਵੇਖ ਉਸ ਦੇ ਅੰਦਰ ਭਾਂਬੜ ਮੱਚ ਗਿਆ । ਇਸ ਭਾਂਬੜ ਦੇ ਧੂੰਏਂ ਦਾ ਸੇਕ ਅੰਦਰ ਹੀ ਅੰਦਰ ਮਘਣ ਲੱਗਿਆ। ਉਹ ਆਪਣੇ ਅੰਦਰ ਅਚਾਨਕ ਵਹਿ ਤੁਰੇ ਲਾਵੇ ਨਾਲ ਖੁਦ ਨੂੰ ਰਾਖ਼ ਨਹੀਂ ਸੀ ਹੋਣ ਦੇਣਾ ਚਾਹੁੰਦੀ ,ਪਰ ਕਰੇ ਤਾਂ ਕੀ ਕਰੇ ? ਜੇਕਰ ਆਪਣੇ ਘਰਵਾਲੇ ਨਾਲ ਗੱਲ ਕਰਦੀ ਤਾਂ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਖੜ੍ਹਾ ਕਰ ਦੇਣਾ ਉਸਦੇ ਘਰਵਾਲੇ ਨੇ ਸਭ ਰਿਸ਼ਤੇਦਾਰਾਂ ਸਾਹਮਣੇ ਸ਼ਰਮਿੰਦਗੀ ਭਰੇ ਕਟਹਿਰੇ ਵਿਚ।ਉਸਨੂੰ ਪਤੈ ਉੱਥੇ ਉਸਦੀ ਕੋਈ ਸੁਣਵਾਈ ਨਹੀਂ ਹੋਣੀ। ਉਂਜ ਵੀ ਉਸ ਨੇ ਬੜੀ ਮੁਸ਼ਕਿਲ ਨਾਲ ਤਾਂ ਕਲਮ ਫੜੀ ਸੀ ਹੱਥਾਂ ‘ਚ । ਉਸ ਦਾ ਘਰਵਾਲਾ ਤਾਂ ਪਹਿਲਾਂ ਹੀ ਉਸ ਦੀ ਕਲਮ ਨੂੰ ਹਮੇਸ਼ਾਂ ਨਫ਼ਰਤ ਨਾਲ ਵੇਖਦਾ ਆ ਰਿਹਾ ਸੀ । ਜਦੋਂ ਵੀ ਉਸ ਦੀ ਕੋਈ ਕਹਾਣੀ ,ਕਵਿਤਾ ਕਿਸੇ ਅਖ਼ਬਾਰ ਵਿੱਚ ਛਪਦੀ ਤਾਂ ਉਹ ਲੁਕੋ ਲੁਕੋ ਕੇ ਰੱਖਦੀ ਸੀ ਆਪਣੇ ਘਰਵਾਲੇ ਤੋਂ ।
ਉਸਨੂੰ ਯਾਦ ਐ ਜਦੋਂ ਸ਼ੁਰੂ ਸ਼ੁਰੂ ਵਿੱਚ ਉਸਦੀ ਇੱਕ ਕਵਿਤਾ ਨੂੰ ਆਨਲਾਈਨ ਅਖ਼ਬਾਰ ਵਿੱਚ ਥਾਂ ਮਿਲੀ ਸੀ , ਉਸ ਨੇ ਸਭ ਤੋਂ ਪਹਿਲਾਂ ਆਪਣੀ ਖੁਸ਼ੀ ਆਪਣੇ ਪਤੀ ਨਾਲ ਸਾਂਝੀ ਕਰਨ ਲਈ ਚਾਈਂ ਚਾਈਂ ਆਪਣੇ ਫੋਨ ਤੇ ਆਪਣੀ ਕਵਿਤਾ ਉਸ ਨੂੰ ਵਿਖਾਈ ਸੀ। ਪਰ ਉਸ ਦੇ ਪਤੀ ਦੇ ਚਿਹਰੇ ਤੇ ਖ਼ੁਸ਼ੀ ਤਾਂ ਕੀ ਉੱਘੜਣੀ ਸੀ ਸਗੋਂ ਗੁੱਸੇ ਅਤੇ ਨਫ਼ਰਤ ਵਰਗੀਆਂ ਮਿਲਦੀਆਂ ਜੁਲਦੀਆਂ ਲਕੀਰਾਂ ਉਸ ਦੇ ਸਾਹਮਣੇ ਆ ਖੜ੍ਹੀਆਂ ਤੇ ਉਹ ਆਖਣ ਲੱਗਿਆ,” ਇਹ ਕੀ ਐ ? ਇਨ੍ਹਾਂ ਅਖ਼ਬਾਰਾਂ ਨੂੰ ਕੌਣ ਪੁੱਛਦੈ ? ਜਦੋਂ ਅਜੀਤ ,ਜਗਬਾਣੀ ਜਾਂ ਟ੍ਰਿਬਿਊਨ ਵਰਗੇ ਅਖਬਾਰਾਂ ‘ਚ ਕਹਾਣੀ ਲੱਗੀ ਫੇਰ ਗੱਲ ਕਰੀਂ। ਦਮਨ ਲਈ ਖੁਸ਼ੀ ਦੇ ਪਲ ਵੀ ਇੱਕ ਹਾਉਕਾ ਬਣਕੇ ਰਹਿ ਗਏ। ਉਹ ਹਉਕਾ ਉਸ ਨੇ ਉਸੇ ਤਰ੍ਹਾਂ ਆਪਣੇ ਮਨ ਦੀਆਂ ਤੈਹਾਂ ਵਿੱਚ ਘੁੱਟ ਲਿਆ । ਮੁੜ ਉਸ ਦੀ ਕਦੇ ਹਿੰਮਤ ਨਾ ਪਈ ਆਪਣੇ ਪਤੀ ਨੂੰ ਆਪਣੀ ਕੋਈ ਰਚਨਾ ਵਿਖਾਉਣ ਦੀ । ਫਿਰ ਇੱਕ ਦਿਨ ਉਹ ਉੱਛਲ ਪਈ , ਜਦੋਂ ਉਸ ਨੇ ਵੇਖੀ ਆਪਣੀ ਰਚਨਾ ‘ਅਜੀਤ’ ਅਖ਼ਬਾਰ ਵਿਚ।ਉਹ ਫਿਰ ਅਖ਼ਬਾਰ ਚੁੱਕ ਕੇ ਆਪਣੇ ਪਤੀ ਕੋਲ ਗਈ ਕਿ ਵੇਖੋ ਅਜੀਤ ਅਖ਼ਬਾਰ ਵਿਚ ਮੇਰੀ ਰਚਨਾ ਲੱਗੀ ਹੈ । ਪਰ ਇਸ ਵਾਰ ਪਤੀ ਦੇ ਮੂੰਹੋ ‘ਠੀਕ ਹੈ’ ਸੁਣ ਕੇ ਉਹ ਹੈਰਾਨ ਰਹਿ ਗਈ ਕਿਉਂਕਿ ਉਸ ਦੇ ਪਤੀ ਦੇ ਚਿਹਰੇ ਦੇ ਭਾਵ ਪਹਿਲਾਂ ਵਰਗੇ ਹੀ ਸਨ। ਇਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਸੀ । ਫਿਰ ਉਸ ਦੇ ਮਨ ਦੀਆਂ ਤੈਹਾਂ ਵਿੱਚ ਦੱਬਿਆ ਹਉਕਾ ਮੁੜ ਉਛਲਿਆ ਤੇ ਇਕ ਹੋਰ ਹਉਕੇ ਨੂੰ ਜਨਮ ਦੇ ਉੱਥੇ ਹੀ ਬੈਠ ਗਿਆ।ਉਹ ਤਾਂ ਬੜੀ ਉਮੀਦ ਨਾਲ ਆਈ ਸੀ ਅਖ਼ਬਾਰ ਲੈ ਕੇ ਆਪਣੇ ਘਰ ਵਾਲੇ ਕੋਲ ਇਹ ਸੋਚ ਕੇ ਕਿ ਉਹ ਖੁਸ਼ ਹੋ ਕੇ ਉਸ ਨੂੰ ਮੁਬਾਰਕਬਾਦ ਦਿੰਦਾ ਹੋਇਆ ਆਪਣੇ ਕਲਾਵੇ ਵਿਚ ਕੱਜ ਲਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ । ਉਸ ਦਾ ਘਰਵਾਲਾ ਅਖ਼ਬਾਰ ਫੜ ਹੋਰ ਖ਼ਬਰਾਂ ਤੇ ਨਜ਼ਰ ਦੌੜਾਉਣ ਲੱਗਿਆ ਤੇ ਉਸ ਦੀ ਰਚਨਾ ਵੱਲ ਤਾਂ ਉਸਨੇ ਸਰਸਰੀ ਨਜ਼ਰ ਵੀ ਨਾ ਮਾਰੀ। ਉਹ ਸਮਝ ਨਾ ਸਕੀ ਉਸ ਦਾ ਪਤੀ ਉਸ ਨਾਲ ਖੁਸ਼ ਹੈ ਜਾਂ ਨਾਰਾਜ਼ ? ਜੇ ਨਾਰਾਜ਼ ਹੈ ਤਾਂ ਇੱਕ ਵਾਰੀ ਤਾਂ ਮੂੰਹੋਂ ਕੋਈ ਲਫ਼ਜ਼ ਕੱਢੇ, ਆਪਣੀ ਨਾਰਾਜ਼ਗੀ ਦਾ ਕਾਰਨ ਸਾਂਝਾ ਕਰੇ। ਤਾਂ ਜੋ ਉਸ ਨੂੰ ਵੀ ਪਤਾ ਲੱਗੇ ਕਿ ਉਸ ਦੇ ਹੱਥਾਂ ‘ਚ ਕਲਮ ਫੜਨ ਕਾਰਨ ਉਸਦੇ ਪਤੀ ਦੇ ਮਨ ਅੰਦਰ ਕਾਲਖ ਜਿਹੀ ਕਿਉਂ ਜੰਮਣ ਲੱਗੀ ? ਕਿਉਂ ਉਸ ਦੇ ਪਤੀ ਦੇ ਮਨ ਦੀਆਂ ਕੰਧਾਂ ਤੇ ਜੰਮਦੇ ਧੁਆਂਖੇ ਦੀ ਹਵਾੜ ਉਸ ਨੂੰ ਹਰ ਵੇਲੇ ਬੇਚੈਨ ਕਰਦੀ ਰਹਿੰਦੀ ਹੈ?
ਇੱਕ ਪਾਸੇ ਪਾਠਕਾਂ ਦੇ ਮੋਹ ਦੀਆਂ ਤੰਦਾਂ ਉਸਦੀ ਰੂਹ ਨੂੰ ਕੱਜ ਰਹੀਆਂ ਸਨ ਤਾਂ ਦੂਜੇ ਪਾਸੇ ਉਸ ਵਿਰੁੱਧ ਕੋਝੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ...

ਸਨ।ਸਾਜ਼ਿਸ਼ਾਂ ਅਣਦੇਖਿਆ ਕਰ ਉਹ ਆਪਣੀਆਂ ਰਾਹਾਂ ਤੇ ਤੁਰਦੀ ਜਾ ਰਹੀ ਸੀ । ਪਰ ਅੱਜ ਉਸ ਦੀ ਰੂਹ ਨੂੰ ਬਹੁਤ ਧੱਕਾ ਲੱਗਿਆ ਜਦੋਂ ਉਸ ਦੇ ਫ਼ੋਨ ਤੇ ਕਈ ਅਣਪਛਾਣੇ ਨੰਬਰਾਂ ਤੋਂ ਗਲਤ ਮੈਸੇਜ ਆਏ ਹੋਏ ਸਨ । ਉਹ ਮੈਸੇਜ ਪੜ੍ਹ ਕੇ ਕੰਬ ਗਈ । ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ ? ਉਹ ਥੋੜ੍ਹੀ ਦੇਰ ਉਸੇ ਤਰ੍ਹਾਂ ਫ਼ੋਨ ਹੱਥ ‘ਚ ਫੜ , ਅੱਖਾਂ ਬੰਦ ਕਰ ਚੁੱਪਚਾਪ ਬੈਠੀ ਰਹੀ ।
ਥੋੜ੍ਹੀ ਦੇਰ ਬਾਅਦ ਇਕ ਹੋਰ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ । ਮੈਸੇਜ ਸੀ …ਹੈਲੋ ਜੀ ! ਕੀ ਹਾਲ ਹੈ ? ਕਿਵੇਂ ਹੋ ? ਕੀ ਕਰਦੇ ਸੀ ? ਤੁਹਾਡੇ ਨਾਲ ਗੱਲ ਕਰਨੀ ਸੀ …ਮੈਸੇਜ ਪੜ੍ਹ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ । ਉਸ ਦਾ ਗਲਾ ਸੁੱਕਣ ਲੱਗਿਆ ਤੇ ਉਸ ਨੇ ਪਾਣੀ ਦਾ ਘੁੱਟ ਪੀਤਾ । ਹਿੰਮਤ ਜਿਹੀ ਨਾਲ ਮੈਸੇਜ ਕੀਤਾ …ਹਾਂਜੀ ! ਕੀਹਦੇ ਨਾਲ ਗੱਲ ਕਰਨੀ ਹੈ ?… ਅੱਗੋਂ ਮੈਸੇਜ ਦਾ ਜੁਆਬ ਫਿਰ ਮੈਸੇਜ ਵਿੱਚ ਹੀ ਆਇਆ …ਗੱਲ ਤਾਂ ਤੁਹਾਡੇ ਨਾਲ ਹੀ ਕਰਨੀ ਹੈ ਜੀ …ਤੁਸੀਂ ਕਿੱਥੋਂ ਬੋਲ ਰਹੇ ਹੋ ? …ਦਮਨ ਨੇ ਲਿਖਿਆ … ਮੈਸੇਜ ਤੁਸੀਂ ਕੀਤਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀਹਦੇ ਨਾਲ ਗੱਲ ਕਰਨੀ ਹੈ ? ਉਸ ਸ਼ਖ਼ਸ ਦਾ ਜਵਾਬ ਸੀ ਜੀ ਮੈਂ ਤਾਂ ਤੁਹਾਡਾ ਨੰਬਰ ਇਕ ਗਰੁੱਪ ਵਿੱਚੋਂ ਚੁੱਕਿਆ ਹੈ । ਦਮਨ ਡਰ ਗਈ …ਉਸ ਦੀਆਂ ਅੱਖਾਂ ਵਿੱਚ ਭੈਅ ਤਰਨ ਲੱਗਿਆ। ਕਿਹੜੇ ਗਰੁੱਪ ਵਿੱਚ ?…ਦੂਜੇ ਪਾਸਿਓਂ ਸ਼ਖ਼ਸ ਦਾ ਉੱਤਰ ਸੀ …ਜੀ ! ਇੱਕ ਗ਼ਲਤ ਗਰੁੱਪ ਹੈ ਉਸ ਵਿੱਚ ਕਿਸੇ ਨੇ ਤੁਹਾਡਾ ਨੰਬਰ ਪਾਇਆ ਹੋਇਆ ਹੈ ਕਿ ਇਸ ਨੰਬਰ ਤੇ ਸਪੰਰਕ ਕਰੋ।
ਉਸ ਸ਼ਖ਼ਸ ਦੀਆਂ ਗੱਲਾਂ ਸੁਣ ਕੇ ਦਮਨ ਦਾ ਖੂਨ ਖੌਲ ਉੱਠਿਆ। ਉਸ ਦੀਆਂ ਅੱਖਾਂ ਵਿੱਚ ਗੁੱਸਾ ਉਤਰ ਆਇਆ । ਉਸ ਨੇ ਉਸ ਸ਼ਖ਼ਸ ਨੂੰ ਫ਼ੋਨ ਲਗਾ ਲਿਆ। ਉਸ ਸ਼ਖ਼ਸ ਨੂੰ ਗੁੱਸੇ ਭਰੇ ਲਹਿਜ਼ੇ ਵਿੱਚ ਪੁੱਛਿਆ ,” ਤੂੰ ਕੌਣ ਹੈ ? ਤੈਨੂੰ ਮੇਰਾ ਨੰਬਰ ਕਿਸ ਗਰੁੱਪ ਚੋਂ ਮਿਲਿਆ ?ਮੈਨੂੰ ਉਸ ਗਰੁੱਪ ਦੀ ਸਕ੍ਰੀਨ ਸ਼ਾਰਟ ਭੇਜ … ਉਸ ਗਰੁੱਪ ਦੇ ਐਡਮਿਨ ਦਾ ਨਾਮ ਦੱਸ … ਮੈਂ ਥਾਣੇ ਜਾ ਰਹੀ ਹਾਂ ਰਿਪੋਰਟ ਲਿਖਵਾਉਣ। ਸਭ ਤੋਂ ਪਹਿਲਾਂ ਤੇਰਾਂ ਨੰਬਰ ਦਰਜ਼ ਹੋਵੇਗਾ।” ਦਮਨ ਦੀਆਂ ਗੱਲਾਂ ਸੁਣ ਉਹ ਸ਼ਖ਼ਸ ਘਬਰਾ ਗਿਆ ਤੇ ਮਿੰਨਤਾਂ ਤਰਲੇ ਕਰਨ ਲੱਗਿਆ ਕਿ ਮੇਰਾ ਕੋਈ ਕਸੂਰ ਨਹੀਂ । ਮੈਂ ਤੁਹਾਨੂੰ ਉਸ ਗਰੁੱਪ ਦੇ ਸਕ੍ਰੀਨ ਸ਼ੌਟ ਭੇਜ ਦਿੰਦਾ ਹਾਂ ਪਰ ਮੇਰਾ ਨਾਮ ਵਿੱਚ ਨਾ ਆਵੇ। ਦਮਨ ਉਸ ਸ਼ਖ਼ਸ ਦੇ ਮੈਸੇਜਾਂ ਦੀ ਉਡੀਕ ਕਰਨ ਲੱਗੀ ਅਤੇ ਨਾਲ ਹੀ ਉਹ ਸੋਚਾਂ ਵਿੱਚ ਪੈ ਗਈ ਕਿ ਐਨੀ ਘਟੀਆ ਮਾਨਸਿਕਤਾ ਦੇ ਲੋਕ ਵੀ ਹੋ ਸਕਦੇ ਨੇ ? ਜਿਹੜੇ ਕਿਸੇ ਔਰਤ ਨੂੰ ਅੱਗੇ ਵਧਦਿਆਂ ਵੇਖ, ਉਸ ਦੇ ਹੌਸਲੇ ਢਾਉਣ ਲਈ ਐਨੀਆਂ ਕੋਝੀਆਂ ਸਾਜ਼ਿਸ਼ਾਂ ਬੁਨਣ ਤੋਂ ਵੀ ਪਿੱਛੇ ਨਹੀਂ ਹਟਦੇ । ਇਹ ਸੋਚਦੇ ਹੋਏ ਉਹ ਇੱਕ ਵਾਰ ਫੇਰ ਸਿਰ ਤੋਂ ਪੈਰਾਂ ਤਕ ਕੰਬ ਗਈ ।
ਉਸ ਸ਼ਖਸ ਨੇ ਸਕ੍ਰੀਨ ਸ਼ਾਰਟ ਭੇਜ ਦਿੱਤੇ । ਜਦੋਂ ਦਮਨ ਨੇ ਸਕ੍ਰੀਨ ਸ਼ਾਰਟ ਤੇ ਨਾਲ ਭੱਦੀ ਸ਼ਬਦਾਵਲੀ ਵੇਖੀ ਤਾਂ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਤੇ ਉਸ ਦੀ ਮਨ ਦੀਆਂ ਕੰਧਾਂ ਅੰਦਰ ਇਕ ਡਰ ਵੀ ਸਿਰ ਚੁੱਕ ਰਿਹਾ ਸੀ। ਉਹ ਸੋਚਾਂ ਵਿੱਚ ਖੁੱਭ ਗਈ ਕਿ ਲੋਕ ਮੇਰਾ ਨੰਬਰ ਵੇਖ ਮੇਰੇ ਬਾਰੇ ਕੀ ਸੋਚਣਗੇ ? ਜੇਕਰ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਮੇਰੇ ਫ਼ੋਨ ਨੰਬਰ ਦੀ ਅਜਿਹੇ ਗੰਦੇ ਗਰੁੱਪ ਵਿਚ ਹੋਣ ਦੀ ਭਿਣਕ ਵੀ ਪੈ ਗਈ ਤਾਂ ਉਹਨਾਂ ਦੀਆਂ ਨਜ਼ਰਾਂ ਸਭ ਸਾਹਮਣੇ ਨੀਵੀਂਆਂ ਹੋ ਜਾਣਗੀਆਂ । ਅੱਜ ਤੱਕ ਮੇਰੇ ਪਰਿਵਾਰ ਨੂੰ ਮੇਰੇ ਤੇ ਕਿੰਨਾ ਮਾਣ ਹੈ ! ਪਰ ਮੇਰਾ ਨੰਬਰ ਅਜਿਹੇ ਗਰੁੱਪ ਵਿੱਚ ਵੇਖ ਕਿਤੇ ਉਹ ਮੇਰੀ ਕਲਮ ਮੇਰੇ ਹੱਥਾਂ ਚੋਂ ਨਾ ਖੋਹ ਲੈਣ ।
ਦਮਨ ਆਪਣੀਆਂ ਸੋਚਾਂ ਨਾਲ ਜੱਦੋ ਜਹਿਦ ਕਰਦੀ ਹੋਈ ਫਿਰ ਸੋਚਣ ਲੱਗੀ ਕਿ ਮੇਰਾ ਨੰਬਰ ਕਿਸੇ ਨੇ ਮੈਨੂੰ ਬਦਨਾਮ ਕਰਨ ਲਈ ਗਲਤ ਗਰੁੱਪ ਵਿੱਚ ਪਾਇਆ। ਘਟੀਆ ਗਰੁੱਪ ਵਿੱਚ ਫ਼ੋਨ ਨੰਬਰ ਵੇਖ ਮੇਰੀ ਰੂਹ ਜ਼ਖ਼ਮੀ ਹੋ ਗਈ।ਮੈਥੋਂ ਬਰਦਾਸ਼ਤ ਨਹੀਂ ਹੋ ਪਾ ਰਿਹਾ । ਪਰ ਜਿਹੜੀਆਂ ਕੁੜੀਆਂ ਸਿਰਫਿਰਿਆਂ ਦੀਆਂ ਕੋਝੀਆਂ ਹਰਕਤਾਂ ਦਾ ਸ਼ਿਕਾਰ ਹੁੰਦੀਆਂ, ਉਹ ਕਿੰਜ ਬਰਦਾਸ਼ਤ ਕਰਦੀਆਂ ਹੋਣਗੀਆਂ ? ਉਨ੍ਹਾਂ ਦੀ ਆਤਮਾ ਐਨੇ ਤਸੀਹੇ ਕਿੰਜ ਝੱਲਦੀ ਹੋਵੇਗੀ ? ਉਮਰ ਭਰ ਲਈ ਉਹ ਐਨੇ ਘਿਨੌਣੇ ਅਹਿਸਾਸਾਂ ਦੀਆਂ ਸੂਲਾਂ ਨਾਲ ਜ਼ਖ਼ਮੀ ਹੁੰਦੀਆਂ ਰਹਿੰਦੀਆਂ , ਜਦੋਂ ਬਿਨਾਂ ਕਸੂਰੋਂ ਉਨ੍ਹਾਂ ਨੂੰ ਨਜ਼ਰਾਂ ਰਾਹੀਂ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਇੱਜ਼ਤ ਹੀ ਨਹੀਂ ਉਨ੍ਹਾਂ ਦਾ ਆਤਮ ਵਿਸ਼ਵਾਸ …ਉਨ੍ਹਾਂ ਦੀ ਜਿਉਣ ਦੀ ਉਮੰਗ… ਉਨ੍ਹਾਂ ਦੀਆਂ ਸੱਧਰਾਂ, ਰੀਝਾਂ, ਸੁਪਨੇ ਸਭ ਕੁਝ ਖੋਹ ਲਿਆ ਗਿਆ ਹੈ ।
ਅਚਾਨਕ ਉਹ ਆਪਣੇ ਕਾਲਜ ਦੇ ਦਿਨਾਂ ਦੀ ਦੀਆਂ ਯਾਦਾਂ ਦੀ ਦਹਿਲੀਜ਼ ਤੇ ਪਹੁੰਚ ਗਈ । ਉਸ ਨੂੰ ਯਾਦ ਆਈ ਆਪਣੀ ਇਕ ਸਹੇਲੀ ਦੀ ਜਿਸ ਨੂੰ ਉਸ ਦੇ ਕਾਲਜ ਦਾ ਹੀ ਇਕ ਸਿਰਫਿਰਾ ਕਲਰਕ ਬਹੁਤ ਤੰਗ ਕਰਦਾ ਸੀ। ਉਸ ਕਲਰਕ ਦੀ ਗੰਦੀ ਤੱਕਣੀ ਨਾਲ ਉਸ ਕੁੜੀ ਦੀ ਰੂਹ ਕੰਬ ਜਾਂਦੀ । ਉਹ ਕਲਰਕ ਆਨੇ ਬਹਾਨੇ ਉਸ ਕੁੜੀ ਦੇ ਨੇੜੇ ਤੇੜੇ ਮੰਡਰਾਉਂਦਾ ਰਹਿੰਦਾ। ਇੱਥੋਂ ਤੱਕ ਕਿ ਉਹ ਕੁੜੀ ਜਦੋਂ ਘਰ ਜਾਂਦੀ ਤਾਂ ਬੱਸ ਵਿਚ ਵੀ ਉਹਦੇ ਮਗਰ ਤੁਰ ਪੈੰਦਾ । ਉਹ ਸਾਰੇ ਰਾਹ ਉਸ ਕੁੜੀ ਤੇ ਨਿਗ੍ਹਾ ਟਿਕਾਈ ਰੱਖਦਾ ਤੇ ਉਹ ਕੁੜੀ ਅੱਖਾਂ ਨੀਵੀਆਂ ਕਰ ਬੱਸ ਵਿੱਚ ਬੈਠੀ ਰਹਿੰਦੀ । ਉਸ ਦਾ ਕਸੂਰ ਸੀ ਕਿ ਉਹ ਸੋਹਣੀ ਸੁਨੱਖੀ ਤੇ ਲੋੜ ਤੋਂ ਵੱਧ ਸ਼ਰੀਫ ਸੀ । ਉਹ ਕਾਲਜ ਵਿੱਚ ਡਰ ਡਰ ਕੇ ਰਹਿੰਦੀ ਤੇ ਉਸ ਦੀ ਗ਼ੈਰ ਹਾਜ਼ਰੀ ਵੱਧਣ ਲੱਗੀ । ਜਦੋਂ ਦਮਨ ਉਸ ਨੂੰ ਹੌਸਲਾ ਦਿੰਦੀ ਤਾਂ ਉਹ ਉਸ ਦਾ ਹੱਥ ਘੁੱਟ ਕੇ ਫੜ ਲੈਂਦੀ ਤੇ ਤਰਲੇ ਵਾਂਗ ਅੱਖਾਂ ਭਰਕੇ ਆਖਦੀ ਕਿ ਤੂੰ ਹਮੇਸ਼ਾਂ ਮੇਰੇ ਨਾਲ ਰਿਹਾ ਕਰ। ਜਦੋਂ ਦਮਨ ਉਸ ਨੂੰ ਪੁੱਛਦੀ ਕਿ ਤੂੰ ਐਨਾ ਕਿਉਂ ਡਰਦੀ ਹੈ ? ਆਪਣੇ ਘਰ ਗੱਲ ਕਰ । ਉਸ ਦੀਆਂ ਅੱਖਾਂ ਛਲਕ ਪੈਂਦੀਆਂ ਤੇ ਕਹਿਣ ਲੱਗਦੀ ਤੈਨੂੰ ਨਹੀਂ ਪਤਾ ਮੇਰੇ ਡੈਡੀ ਦਾ ਸੁਭਾਅ … ਉਨ੍ਹਾਂ ਮੈਨੂੰ ਪੜ੍ਹਨ ਤੋਂ ਹਟਾ ਲੈਣਾ… ਮੇਰੀਆਂ ਵੱਡੀਆਂ ਦੋ ਭੈਣਾਂ ਬਾਰ੍ਹਵੀਂ ਕਰਵਾ ਉਨ੍ਹਾਂ ਘਰ ਬਿਠਾ ਲਈਆਂ । ਮੈਂ ਮਸਾਂ ਮਿੰਨਤਾਂ ਤਰਲਿਆਂ ਨਾਲ ਕਾਲਜ ‘ਚ ਦਾਖਲਾ ਲਿਆ । ਉਹ ਵੀ ਇਸ ਸ਼ਰਤ ‘ਤੇ ਕਿ ਜੇਕਰ ਮੇਰੀ ਕੋਈ ਗਲਤ ਗੱਲ ਮੇਰੇ ਪਿਓ ਦੇ ਕੰਨੀਂ ਪੈ ਗਈ ਤਾਂ ਉਨ੍ਹਾ ਮੈਨੂੰ ਪੜ੍ਹਨ ਤੋਂ ਹਟਾ ਲੈਣਾ ਤੇ ਚੰਗਾ ਮਾੜਾ ਮੁੰਡਾ ਵੇਖ ਮੇਰਾ ਵਿਆਹ ਕਰ ਦੇਣਾ । ਉਹ ਹਟਕੋਰੇ ਲੈ ਰਹੀ ਸੀ ਤੇ ਦਮਨ ਹੈਰਾਨ ਹੋ ਰਹੀ ਸੀ ਕਿ ਐਦਾਂ ਦੇ ਵੀ ਹੁੰਦੇ ਪਿਓ ਜਿਹਨਾਂ ਨੂੰ ਆਪਣੀਆਂ ਧੀਆਂ ਨਾਲੋੰ ਲੋਕਾਂ ਤੇ ਵੱਧ ਭਰੋਸਾ ਹੋਵੇ ? ਅਜਿਹੇ ਸਮੇਂ ਵਿੱਚ ਤਾਂ ਪਿਓ ਨੂੰ ਚਾਹੀਦਾ ਹੈ ਕਿ ਆਪਣੀ ਧੀ ਦੀ ਗੱਲ ਸੁਣੇ ਅਤੇ ਸ਼ਰਾਰਤੀ ਅਨਸਰ ਖ਼ਿਲਾਫ਼ ਡਟ ਕੇ ਆਪਣੀ ਧੀ ਨਾਲ ਖਡ਼੍ਹੇ ।
ਉਸ ਨੇ ਆਪਣੀ ਸਹੇਲੀ ਨੂੰ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਨ ਦੀ ਸਲਾਹ ਦਿੱਤੀ । ਪ੍ਰਿੰਸੀਪਲ ਮੈਡਮ ਦਾ ਨਾਮ ਸੁਣਦਿਆਂ ਹੀ ਉਹ ਹੋਰ ਘਬਰਾ ਗਈ ਤੇ ਕਹਿਣ ਲੱਗੀ ਕਿ ਜੇਕਰ ਉਸ ਮੁੰਡੇ ਨੂੰ ਪਤਾ ਲੱਗ ਗਿਆ ਤਾਂ ਉਹ ਮੇਰੇ ਨਾਲ ਕੁਝ ਗ਼ਲਤ… ਕਹਿੰਦੀ ਕਹਿੰਦੀ ਰੁਕ ਗਈ । ਦਮਨ ਨੇ ਉਸ ਨੂੰ ਹੌਸਲਾ ਦਿੱਤਾ ਕਿ ਜਦੋਂ ਤਕ ਮੈਂ ਤੇਰੇ ਨਾਲ ਹਾਂ ਤੈਨੂੰ ਘਬਰਾਉਣ ਦੀ ਲੋੜ ਹੈ । ਉਹ ਦੋਵੇਂ ਪ੍ਰਿੰਸੀਪਲ ਮੈਡਮ ਦੇ ਕਮਰੇ ਵਿੱਚ ਜਾ ਖੜ੍ਹੀਆਂ । ਉਸ ਦੀ ਸਹੇਲੀ ਬਿਲਕੁਲ ਚੁੱਪ ਨਜ਼ਰਾਂ ਨੀਵੀਆਂ ਕਰ ਬੈਠੀ ਸੀ ਜਿਵੇਂ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ ਉਸਨੇ। ਉਸ ਦੀਆਂ ਅੱਖਾਂ ਨੀਵੀਆਂ ਸਨ ਬਿਨਾਂ ਕਿਸੇ ਕਸੂਰੋਂ । ਦਮਨ ਨੇ ਪ੍ਰਿੰਸੀਪਲ ਮੈਡਮ ਨਾਲ ਸਾਰੀ ਗੱਲ ਖੋਲ੍ਹੀ । ਜਦੋਂ ਪ੍ਰਿੰਸੀਪਲ ਮੈਡਮ ਗੱਲ ਕਰ ਰਹੇ ਸਨ ਤਾਂ ਉਸ ਦੀ ਸਹੇਲੀ ਦੀ ਆਵਾਜ਼ ਸੰਘ ਵਿੱਚੋਂ ਨਹੀਂ ਸੀ ਨਿਕਲ ਰਹੀ ਤੇ ਉਹ ਬਹੁਤ ਸਹਿਮੀ ਹੋਈ ਸੀ । ਦਮਨ ਨੇ ਪ੍ਰਿੰਸੀਪਲ ਮੈਡਮ ਨੂੰ ਵੀ ਉਸਦੇ ਘਰ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਕਿ ਜੇਕਰ ਇਸ ਦੇ ਪਿਓ ਨੂੰ ਪਤਾ ਲੱਗ ਗਿਆ ਤਾਂ ਇਸ ਦੀ ਪੜ੍ਹਾਈ ਵਿੱਚ ਵਿਚਾਲੇ ਛੁੱਟ ਜਾਵੇਗੀ। ਜਦੋਂ ਪ੍ਰਿੰਸੀਪਲ ਮੈਡਮ ਨੇ ਕਲਰਕ ਖ਼ਿਲਾਫ਼ ਸ਼ਿਕਾਇਤ ਲਿਖਣ ਲਈ ਆਖਿਆ ਦਮਨ ਦੀ ਸਹੇਲੀ ਦੇ ਹੱਥ ਕੰਬ ਰਹੇ ਸਨ । ਦਮਨ ਨੇ ਉਸ ਦੇ ਹੱਥੋਂ ਕਾਗਜ਼ ਪੈੱਨ ਲੈ ਖੁਦ ਸ਼ਿਕਾਇਤ ਕਲਰਕ ਖ਼ਿਲਾਫ਼ ਸ਼ਿਕਾਇਤ ਲਿਖ ਕੇ ਪ੍ਰਿੰਸੀਪਲ ਮੈਡਮ ਨੂੰ ਦਿੱਤੀ ।
ਸ਼ਿਕਾਇਤ ਕਰਨ ਤੋਂ ਬਾਅਦ ਦਮਨ ਦੀ ਸਹੇਲੀ ਕਈ ਦਿਨ ਸਕੂਲ ਨਹੀਂ ਆਈ । ਉਹ ਡਰ ਗਈ ਸੀ ਕਿ ਕਿਧਰੇ ਉਹ ਕਲਰਕ ਉਸ ਨਾਲ ਕੁਝ ? ਪਰ ਫੇਰ ਪ੍ਰਿੰਸੀਪਲ ਮੈਡਮ ਨੇ ਇੱਕ ਦਿਨ ਦਮਨ ਨੂੰ ਆਪਣੇ ਆਫਿਸ ਵਿਚ ਬੁਲਾ ਦੱਸਿਆ ਕਿ ਉਸ ਕਲਰਕ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ । ਉਨ੍ਹਾਂ ਨੇ ਦਮਨ ਨੂੰ ਸ਼ਾਬਾਸ਼ੀ ਵੀ ਦਿੱਤੀ ਕਿ ਉਹ ਆਪਣੀ ਸਹੇਲੀ ਦਾ ਹੌਸਲਾ ਬਣੀ । ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਇਸ ਤਰ੍ਹਾਂ ਦੇ ਸਹਿਮ ਵਿੱਚ ਆ ਕੇ ਆਪਣੀ ਪੜ੍ਹਾਈ ਅੱਧਵਾਟੇ ਛੱਡ ਆਪਣਾ ਭਵਿੱਖ ਖ਼ਰਾਬ ਕਰ ਬੈਠਦੀਆਂ । ਜਦੋਂ ਕਲਰਕ ਦੀ ਬਦਲੀ ਦੀ ਖ਼ਬਰ ਦਮਨ ਨੇ ਆਪਣੀ ਸਹੇਲੀ ਨੂੰ ਦਿੱਤੀ ਉਹ ਪਹਿਲਾਂ ਵਾਂਗੂੰ ਕਾਲਜ ਆਉਣ ਲੱਗ ਪਈ । ਉਸ ਦੇ ਅੰਦਰਲਾ ਮੁਰਦਾ ਵਿਸਵਾਸ਼ ਜਾਗ ਉੱਠਿਆ ।
ਦਮਨ ਯਾਦਾਂ ਦੀ ਦਹਿਲੀਜ਼ ਤੋਂ ਪਰਤ ਆਈ ਤੇ ਸੋਚਣ ਲੱਗੀ ਕਿ ਜਦੋਂ ਮੈਂ ਆਪਣੀ ਸਹੇਲੀ ਲਈ ਲੜ ਸਕਦੀ ਹਾਂ… ਉਸਦੇ ਜੀਵਨ ‘ਚ ਆਈ ਉੱਥਲ ਪੱਥਲ ਨਾਲ ਆਢਾ ਲੈ ਸਕਦੀ ਹਾਂ … ਤਾਂ ਮੈਂ ਕਿਸੇ ਸਿਰਫਿਰੇ ਦੁਬਾਰਾ ਮੇਰਾ ਫ਼ੋਨ ਨੰਬਰ ਗ਼ਲਤ ਗਰੁੱਪ ਚ ਸ਼ੇਅਰ ਕਰਨ ਖ਼ਿਲਾਫ਼ ਆਵਾਜ਼ ਕਿਉਂ ਨਹੀਂ ਚੁੱਕ ਸਕਦੀ ? ਕਿਸੇ ਦਾ ਫ਼ੋਨ ਨੰਬਰ ਚੁੱਕ ਕੇ ਗਲਤ ਗਰੁੱਪ ਵਿੱਚ ਲਿਖ ਕੇ ਪਾਉਣ ਨਾਲ ਕਿ ਇਹ ਕੁੜੀ ਗ਼ਲਤ ਹੈ ਕੀ ਉਹ ਗਲਤ ਹੋ ਜਾਂਦੀ ਹੈ ? ਕੁੜੀ ਸ਼ਰਮਿੰਦਾ ਕਿਉਂ ਹੋਵੇ ? ਸ਼ਰਮਿੰਦਾ ਉਸ ਸ਼ਖ਼ਸ ਨੂੰ ਹੋਣਾ ਚਾਹੀਦਾ ਹੈ ਜਿਸ ਦੀ ਸਾਹਮਣੇ ਖੜ੍ਹ ਕੇ ਗੱਲ ਕਰਨ ਦੀ ਔਕਾਤ ਨਹੀਂ ਤੇ ਇਸ ਤਰ੍ਹਾਂ ਦੇ ਗ਼ਲਤ ਗਰੁੱਪਾਂ ਵਿੱਚ ਕਿਸੇ ਨੂੰ ‘ਬਦਨਾਮ’ ਲਿਖ ਕੇ ਮਰਦਾਨਗੀ ਦੱਸਦਾ। ਦਮਨ ਸੋਚਣ ਲੱਗੀ ਉਸ ਸ਼ਖ਼ਸ ਦੀਆਂ ਰਗਾਂ ਵਿੱਚ ਵਹਿੰਦੇ ਖ਼ੂਨ ਬਾਰੇ ਕਿ ਜੇਕਰ ਅਸਲੀ ਪਿਉ ਦਾ ਹੁੰਦਾ ਤਾਂ ਸਾਹਮਣੇ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰਦਾ ।
ਦਮਨ ਨੇ ਹੌਸਲੇ ਤੋਂ ਕੰਮ ਲੈਂਦੇ ਹੋਏ ਆਪਣੇ ਚਾਚਾ ਜੀ ਨੂੰ ਫ਼ੋਨ ਲਗਾਇਆ ਜਿਹੜੇ ਪੁਲੀਸ ਡਿਪਾਰਟਮੈਂਟ ਵਿਚ ਹਨ । ਉਨ੍ਹਾਂ ਨੂੰ ਸਾਰੀ ਗੱਲ ਦੱਸੀ ਅਤੇ ਨਾਲ ਹੀ ਸਕ੍ਰੀਨ ਸ਼ਾਰਟ ਤੇ ਹੋਰ ਫ਼ੋਨ ਨੰਬਰ ਵੀ ਭੇਜੇ ਜਿਨ੍ਹਾਂ ਤੋਂ ਮੈਸੇਜ ਆਏ ਸਨ । ਹੁਣ ਦਮਨ ਨੂੰ ਅਣਪਛਾਣੇ ਨੰਬਰਾਂ ਤੋਂ ਮੈਸੇਜ ਆਉਣੇ ਬੰਦ ਹੋ ਗਏ ਸਨ ਅਤੇ ਛਾਣਬੀਣ ਸ਼ੁਰੂ ਹੋ ਗਈ ਸੀ ਉਸ ਗੰਦੇ ਸ਼ਖ਼ਸ ਬਾਰੇ ਤਾਂ ਜੋ ਉਸ ਦੀ ਇਸ ਹਰਕਤ ਨੂੰ ਸਭ ਦੇ ਸਾਹਮਣੇ ਨਸ਼ਰ ਕੀਤਾ ਜਾ ਸਕੇ ।
ਮਨਦੀਪ ਰਿੰਪੀ…ਰੂਪਨਗਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)