ਮੈਨੂੰ ਬਾਹਰ ਆਏ ਨੂੰ ਛੇ ਕੁ ਸਾਲ ਹੋ ਚੁੱਕੇ ਸੀ। ਪੜ੍ਹਾਈ ਤੋਂ ਬਾਅਦ ਪਹਿਲੇ ਤਿੰਨ ਚਾਰ ਸਾਲ ਤਾ ਟਰਾਲਾ ਚਲਾਇਆ। ਮੁੜ ਫੇਰ ਅਕਾਊਂਟਸ ਚ ਚੰਗਾ ਹੋਣ ਕਰਕੇ, ਉਸੇ ਕੰਪਨੀ ਦੇ ਦਫਤਰ ਚ ਕੰਮ ਕਰਨ ਲੱਗ ਗਿਆ।
ਕਦੇ ਕਦਾਈਂ ਜੇ ਕੋਈ ਡਰਾਈਵਰ ਛੁੱਟੀ ਤੇ ਹੁੰਦਾ ਤਾਂ, ਗੇੜਾ ਲਾ ਲਿਆ ਕਰਦਾ।
ਇੰਝ ਹੀ ਇਕ ਸਫ਼ਰ ਦੇ ਦੌਰਾਨ ਮੁਲਾਕਾਤ ਹੋਇ ਸੀ ਉਸ ਨਾਲ। ਸਾਡੀ ਹੀ ਕੰਪਨੀ ਚ, ਹੈਵੀ ਟ੍ਰੇਲਰ ਡਰਾਈਵਰ ਸੀ ਉਹ।
ਅਧਖੜ ਜੇਹੀ ਉਮਰ ਦਾ ਸੀ, ਪਰ ਹਰ ਵੇਲ੍ਹੇ ਹੱਸਦਾ ਰਹਿੰਦਾ। ਕੋਈ ਨਾ ਕੋਈ ਮਜ਼ਾਕ ਜਾ ਇਲਤ ਉਹਦੇ ਦਿਮਾਗ ਚ ਹੁੰਦੀ। ਸ਼ਰਾਰਤਾਂ ਜਮਾਂ ਬੱਚਿਆਂ ਵਾਲਿਆਂ, ਹਰਫਨਮੌਲਾ, ਸਦਾਬਹਾਰ ਚਿਤ ਖਿੜ ਜਾਦਾ ਉਹਨੂੰ ਮਿਲ ਕੇ।
ਰੁਝੇਵਿਆਂ ਕਰਕੇ ਨਿੱਤ ਦਿਨ ਮਿਲਣਾ ਤਾਂ ਨਹੀਂ ਹੁੰਦਾ, ਪਰ ਜਦੋਂ ਕਦੇ ਮਿਲਦੇ, ਜਾ ਛੁੱਟੀ ਵਾਲੇ ਦਿਨ ਸ਼ਾਮ ਦੀ ਰੋਟੀ ਇਕੱਠੇ ਖਾਇਆ ਕਰਦੇ।
ਆਪ ਤਾ ਉਹ ਪਤਨੀ ਸਮੇਤ ਬੱਚੇ ਬਾਹਰ ਆ ਗਿਆ ਸੀ। ਪਰ ਉਹਦੇ ਬੇਬੇ ਬਾਪੂ, ਵੱਡੇ ਭਰਾ ਨਾਲ ਪਿੰਡ ਚ ਹੀ ਰਹਿੰਦੇ ਸੀ।
ਬਾਹਰ ਆ ਕੇ , ਪਹਿਲਾ ਪਹਿਲ ਤਾ ਮੈਂ ਰੋਜ਼ ਹੀ ਪਿੰਡ ਫੋਨ ਕਰਿਆ ਕਰਦਾ, ਮੁੜ ਘੱਟਦਾ ਘੱਟਦਾ ਘੱਟ ਹੀ ਗਿਆ। ਹੁਣ ਤਾ ਪਿੰਡ ਫੋਨ ਕੀਤੇ ਮਹੀਨਾ ਮਹੀਨਾ ਵੀ ਬੀਤ ਜਾਂਦਾ। ਪਰ ਉਹ ਏਦਾਂ ਨਹੀਂ ਸੀ, ਸ਼ਾਮ ਨੂੰ ਰੋਟੀ ਤੋਂ ਪਹਿਲਾਂ ਫੋਨ ਕਰਕੇ ਹੀ ਰੋਟੀ ਖਾਇਆ ਕਰਦਾ, ਗੱਲ ਭਾਵੇ ਮਿੰਟ ਹੀ ਕਰੇ , ਚਾਏ voice ਮੈਸਜ ਭੇਜ ਦੇ ਪਰ ਕਰਦਾ ਜੁਰੂਰ ਸੀ।
ਅੱਜ ਵੀ ਛੁੱਟੀ ਹੋਣ ਕਰਕੇ, ਬੜੇ ਚਿਰਾਂ ਬਾਅਦ ਇਕੱਠੇ ਹੋਏ ਸੀ। ਸ਼ਾਮ ਨੂੰ ਰੋਟੀ ਖਾਣ ਇਕ ਪੰਜਾਬੀ ਢਾਬੇ ਤੇ ਜਾ ਬੈਠੇ।
ਉਮਰ ਚ ਭਾਵੇਂ ਉਹ ਵੱਡਾ ਸੀ ਮੇਰੇ ਤੋਂ, ਪਰ ਭਾਜੀ ਕਿਹਾ ਕਰਦਾ, ਜਦੋ ਮੈ ਕਹਿੰਦਾ ਕੇ ਭਾਜੀ ਇਹ ਕੀ .! ਤਾ ਅੱਗੋਂ ਹੱਸ ਕੇ ਜਵਾਬ ਦੇ ਦੇਦਾ ਕੇ ਰੁੱਤਬਾ ਵੱਡਾ ਏ ਤੁਹਾਡਾ, ਫੇਰ ਆਪਾ ਦੋਹੇ ਹੱਸ ਪੈਂਦੇ।
ਅੱਜ ਉਹ ਮੇਰੇ ਨਾਲ ਰੋਟੀ ਖਾਣ ਬੈਠਾ ਤਾ ਜੁਰੂਰ ਸੀ, ਪਰ ਉਹ ਪਹਿਲਾਂ ਵਾਲਾ ਹਾਸਾ ਨਹੀਂ ਸੀ , ਉਹਦੇ ਮੁੱਖ ਤੇ। ਬੜਾ ਹੀ ਗੁਮਸੂਮ , ਉਦਾਸ, ਪਤਾ ਨਈਂ ਕਿਹੜੇ ਖਿਆਲਾ ਚ ਗਵਾਚੀਆਂ ਜਿਹਾ ਪਿਆ ਸੀ। ਦੁੱਖ ਦਰਦ ਦੇ ਕਾਲੇ ਬੱਦਲ ਉਹਦੇ ਮੁੱਖ ਤੇ ਮੈਂ ਸਾਫ਼ ਦੇਖ...
ਸਕਦਾ ਸਾ।
ਬੜੇ ਹੀ ਸਹਿਜ ਤੇ ਠਰੰਮੇ ਨਾਲ ਮੈਂ ਪੁੱਛਿਆ ਭਾਜੀ ਕਿ ਗੱਲ ਹੋਈ ਏ , ਬੜੇ ਉਦਾਸ ਲੱਗ ਰਹੇ, ਸਭ ਠੀਕ ਤਾ ਹੈ..!
ਪਹਿਲਾਂ ਤਾਂ ਕੁਝ ਬੋਲੀਆਂ ਨਾ, ਫੇਰ ਅੱਖਾਂ ਭਰ ਲਈਆ ਤੇ ਆਖਣ ਲੱਗਾ ਬੇਬੇ ਠੀਕ ਨਹੀਂ ਏ ਕੱਲ ਦੀ। ਪਿੰਡ ਵਾਲੇ ਡਾਕਟਰ ਨੇ ਕਿਹਾ ਏ ਕੇ ਸ਼ਹਿਰ ਲੈ ਜੋ। ਸ਼ਹਿਰ ਵੱਡੇ ਹੋਸਪੀਟਲ ਚ ਡਾਕਟਰ ਨੇ ਅੱਜ ਦਾਖਲ ਕਰ ਲਿਆ ਏ ….ਭਾਜੀ ਹੋਰ ਕੁਝ ਨੀ ਚਾਹੀਦਾ ਬਸ ਬੇਬੇ ਠੀਕ ਹੋ ਜੇ ਬਸ….
ਵਾਹਿਗੁਰੂ ਤੋਂ ਤੁਸੀਂ ਵੀ ਅਰਦਾਸ ਕਰਿਓ, ਭਾਜੀ ਵੀ ਬੇਬੇ ਜਲਦੀ ਠੀਕ ਹੋ ਜਾਏ……
ਐਂਨਾ ਅਸਮਰਥ ਤੇ ਬੇਵੱਸ ਮੈਂ ਉਹਨੂੰ ਕਦੇ ਨੀ ਵੇਖਿਆ ਸੀ, ਸ਼ਾਇਦ ਮਾਂ ਦੇ ਫਿਰਕ ਚ ਪਿਛਲੀ ਰਾਤ ਸੁੱਤਾ ਵੀ ਨਹੀਂ ਹੋਣਾ, ਤੇ ਰੋਇਆ ਵੀ ਲੁੱਕ ਛੁਪ ਜੁਰੂਰ ਹੋਉ ਤਾਂ ਜੋ ਅੱਖਾਂ ਲਾਲ ਸੀ।
ਮੈਂ ਹੌਂਸਲਾ ਦੇਂਦੇ ਨੇ ਕਿਹਾ ਹਾਂ ਜੁਰੂਰ ਭਾਜੀ, ਤੁਸੀਂ ਫਿਰਕ ਨਾ ਕਰੋ ਸਭ ਠੀਕ ਹੋ ਜਾਣਾ, ਬੇਬੇ ਨੇ ਤੰਦਰੁਸਤ ਹੋ ਕੇ ਵਾਪਿਸ ਆ ਜਾਣਾ ਘਰ ਵੇਖਿਓ ਤੁਸੀਂ।
ਕੁਦਰਤਿ ਬੜੀ ਮੇਹਰਬਾਨ ਏ। ਜਿੱਥੇ ਕਹਿੰਦੇ ਨੇ ਨਾ ਬੜੇ ਔਖੇ ਪੁੱਤ ਤੋਰਨੇ , ਬੂਹੇ ਭੇੜ ਕੇ ਰੋਂਦਿਆਂ ਮਾਵਾਂ, ਉੱਥੇ ਹੀ ਏਹੋ ਜੇ ਪੁੱਤ ਵੀ ਨੇ ਜਿਨ੍ਹਾਂ ਨੂੰ ਮਾਵਾਂ ਦਾ ਫਿਰਕ ਏ। ਮਾਂ ਬਿਮਾਰ ਦਾ ਸੁਣਕੇ ਹੀ ਰਾਤ ਨੂੰ ਨੀਂਦਰ ਨਹੀਂ ਪੈਂਦੀ।
ਪਤਾ ਨਹੀ ਕਿਸ ਮਿੱਟੀ ਦੇ ਬਣੇ ਹੁੰਦੇ ਨੇ ਇਹ ਬਾਹਰ ਵਾਲੇ, ਜਿਨ੍ਹਾਂ ਨੂੰ ਪਿੱਛੇ ਪਿੰਡ ਚ ਰਹਿੰਦੇ ਪਰਿਵਾਰ , ਰਿਸ਼ਤੇਦਾਰੀ ਦਾ ਫਿਰਕ ਵੀ ਹੁੰਦਾ ਏ, ਤੇ ਨਾ ਆ ਸਕਣ ਦਾ ਝੋਰਾ ਵੀ ਦਿਲ ਤੇ ਲਾਈ ਬੈਠੇ ਹੁੰਦੇ ਨੇ।
ਅਸੀਂ ਰੋਟੀ ਖ਼ਾਅ ਕੇ ਢਾਬੇ ਤੋਂ ਬਾਹਰ ਨਿਕਲੇ ਹੀ ਸਾ ਕੇ, ਇਕ ਹੋਰ ਟ੍ਰੇਲਰ ਆ ਰੁੱਕਿਆ, ਉੱਚੀ ਆਵਾਜ਼ ਚ , ਚੱਲਦੇ ਮਾ ਹੁੰਦੀ ਐ ਮਾਂ ਉ ਦੁਨੀਆ ਵਾਲਿਓ, ਮਾ ਹੈਂ ਰੱਬ ਦਾ ਨਾਂ ਉਹ ਦੁਨੀਆ ਵਾਲਿਓ, ਸੁਣ ਕੇ ਰੂਹ ਇਕ ਵਾਰ ਫੇਰ ਮਾਵਾਂ ਦੇ ਸਿਜਦੇ ਲਈ ਝੁਕ ਗਈ।
ਚੱਲਦਾ….
ਰੱਬ ਰਾਖਾ।
ਹ.ਸ