More Punjabi Kahaniya  Posts
ਕੁਝ ਅਣਸੁਲਝੇ ਸਵਾਲ


ਰੋਜ਼ ਵਾਂਗ ਅੱਜ ਵੀ ਜਦੋਂ ਦਫਤਰੋਂ ਛੁੱਟੀ ਹੋਈ ਤੇ ਮੈਂ ਆਪਣਾ ਮੋਟਰਸਾਈਕਲ ਚੁੱਕਿਆ ਤੇ ਕਿਸੇ ਜ਼ਰੂਰੀ ਕੰਮ ਕਾਰਨ ਅੱਜ ਪਟਿਆਲੇ ਵਾਲੀ ਕਲਾਸ ਲਾਉਣ ਦੀ ਬਜਾਏ ਘਰ ਦੇ ਰਸਤੇ ਪੈ ਗਿਆ….ਆਪਣੀ ਮਸਤੀ ਵਿੱਚ ਹੱਸਦਾ,ਗੁਣ ਗੁਣਾਉਂਦਾ ਜਾ ਰਿਹਾ ਸੀ ਮੈਂ! ਤੇ ਪਿੰਡਾਂ ਵਿਚੋਂ ਦੀ ਗੁਜ਼ਰਦਾ ਹੋਇਆ ਮੇਰੇ ਪਿੰਡ ਨਾਲ ਦੇ ਕਿਸੇ ਪਿੰਡ ਦੀ ਫਿਰਨੀ ਉੱਤੇ ਦੀ ਘੁੰਮ ਰਿਹਾ ਸੀ | ਸਿੱਧੀ ਸੜਕ ਜਾਂਦਿਆ ਮਨ ਦਾ ਪੰਛੀ ਕਿਸੇ ਦੂਜੇ ਦੇਸ ਦੇ ਖਿਆਲਾਂ ਭਾਵ ਕੁਝ ਕ ਬੀਤ ਗਏ ਵਕ਼ਤ ਦੀਆਂ ਗੱਲਾਂ ਤੇ ਕੁਜ ਕੁ ਆਉਣ ਵਾਲੇ ਸਮੇਂ ਦੀਆਂ ਵਿਉਂਤਬੰਦੀਆਂ ਵਿੱਚ ਉੱਡ ਰਿਹਾ ਸੀ |ਇੰਨੇ ਵਿੱਚ ਮੈਂ ਫਿਰਨੀ ਟੱਪ ਸਿੱਧੀ ਸੜਕ ਤੇ ਪੈ ਚੁੱਕਿਆ ਸੀ ਤੇ ਇਹਨਾਂ ਗੱਲਾਂ ਵਿਚ ਡੁੱਬਿਆ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਤੇ ਖਿਆਲਾਂ ਦੀ ਲੜੀ ਅਚਾਨਕ ਟੁੱਟ ਗਈ ਜਦੋਂ ਸੜਕ ਕਿਨਾਰੇ ਖੜੇ ਇੱਕ ਬਜ਼ੁਰਗ ਨੂੰ ਤੱਕਿਆ,ਮੇਰੇ ਲਈ ਉਹ ਚਿਹਰਾ ਅਣਜਾਣ ਸੀ ਪਰ ਪਤਾ ਨੀ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਮੈਨੂੰ ਦੇਖ ਚਮਕ ਆ ਗਈ ਤੇ ਉਸਨੇ ਕੁਝ ਬੋਲੇ ਬਿਨਾਂ ਹੱਥ ਅੱਗੇ ਕਰ ਦਿੱਤਾ ਜੋ ਕੀ ਮੈਨੂੰ ਰੋਕਣ ਦਾ ਇਸ਼ਾਰਾ ਸੀ , ਇੱਕ ਦਮ ਵਰਤਮਾਨ ਵਿੱਚ ਆਉਂਦਿਆਂ ਮੈਂ ਉਸ ਬਜ਼ੁਰਗ ਕੋਲ ਰੁਕ ਗਿਆ ਕਿਉਂਕਿ ਦੇਖਣ ਨੂੰ ਵੀ ਉਹ ਥੱਕਿਆ ਜਾਪਦਾ ਸੀ ਮੈਂ ਕੋਲ ਰੁਕ ਕ ਫਤਿਹ ਬੁਲਾਈ ਤੇ ਬਜ਼ੁਰਗ ਨੇ ਵੀ ਅੱਗੋਂ ਫਤਿਹ ਬੁਲਾ ਜਵਾਬ ਦਿੱਤਾ ਤੇ ਉਹ ਬਜ਼ੁਰਗ ਬਾਪੂ ਮੇਰੇ ਨਾਲ ਬਹਿ ਗਿਆ |

ਉਸ ਬਜ਼ੁਰਗ ਨੂੰ ਮੈਂ ਬਾਪੂ ਕਹਿ ਸੰਬੋਧਿਤ ਕੀਤਾ ਤੇ ਮੇਰੇ ਪੁੱਛਣ ਤੇ ਓਹਨਾ ਦੱਸਿਆ ਵੀ ਆਹ ਲਾਗਲੇ ਪਿੰਡ ਜਾਣਾ ਓਹਨਾ ,ਮੇਰਾ ਰਸਤਾ ਹੋਰ ਸੀ ਤੇ ਬਾਪੂ ਨੇ ਹੋਰ ਪਾਸੇ ਜਾਣਾ ਸੀ ਤੇ ਮਨ ਚ ਆਇਆ ਵੀ ਬਾਬੇ ਨੂੰ ਉਤਾਰ ਦੇਵਾ ਕੌਣ ਇੰਨੀ ਦੂਰ ਆਪਣੇ ਰਸਤੇ ਤੋਂ ਉਲਟ ਛੱਡਕੇ ਆਵੇ ਪਰ ਪਤਾ ਨੀ ਵਾਹਿਗੁਰੂ ਨੇ ਦਿਲ ਚ ਦਇਆ ਜਗਾਈ ਤੇ ਮੈਥੋਂ ਸੱਚ ਨੀ ਦੱਸ ਹੋਇਆ ਤੇ ਅਸੀਂ ਚਲ ਪਏ ਉਸ ਬਜ਼ੁਰਗ ਦੀ ਮੰਜ਼ਿਲ ਤੇ ਮੇਰੇ ਲਈ ਇਕ ਅਣਜਾਣ ਰਸਤੇ ਤੇ | ਪੁੱਛਣ ਤੇ ਪਤਾ ਲੱਗਿਆ ਵੀ ਬਾਪੂ ਦੇ ਸੈੱਲ ਘਟੇ ਨੇ ਤੇ ਡਾਕਟਰ ਨੇ ਮੁਸੰਮੀਆਂ ਖਾਣ ਨੂੰ ਕਿਹਾ ਤੇ ਪੂਰੀ ਤਰਾਂ ਪੁੱਛਣ ਤੇ ਦੱਸਿਆ ਕਿ ਅਸਲ ਵਿੱਚ ਹੱਡ ਪੈਰ ਈ ਦੁਖਦੇ ਆਹ ਸੈੱਲਾਂ ਆਲਾ ਸਿਸਟਮ ਤਾਂ ਮੇਨੂੰ ਪਤਾ ਨੀ ਸ਼ੇਰਾ ……
ਹੋਰ ਵੀ ਕਈ ਗੱਲਾਂ ਹੋਈਆਂ ਤੇ ਇੰਨੇ ਵਿੱਚ ਬਾਪੂ ਦੀ ਦੱਸੀ ਮੰਜ਼ਿਲ ਤੇ ਪਹੁੰਚ ਗਏ ਪਰ ਮੇਰਾ ਦਿਮਾਗ ਇਕ ਦਮ ਘੁੰਮ ਗਿਆ ਜਦੋਂ ਬਜ਼ੁਰਗ ਨੇ ਕਿਹਾ ਆਹ ਨਾਲ ਦੇ ਪਿੰਡ ਜਾਣਾ ਸੀ ਜੇ ਓਥੇ ਛੱਡ ਦਿੰਦਾ ਪੁੱਤ ……

ਪਤਾ ਨੀ ਬਾਬੇ ਮੂੰਹੋ ਪੁੱਤ ਸੁਣਕੇ ਮੇਰਾ ਸਾਰਾ ਗੁੱਸਾ ਇਕ ਵਾਰ ਅੰਦਰ ਈ ਦਬਕੇ ਰਹਿ ਗਿਆ ਤੇ ਮੈਂ ਉਸਤੋਂ ਅਗਲੇ ਪਿੰਡ ਵੱਲ ਚਲ ਪਿਆ …ਤੇ ਗੱਲਾਂ ਦਾ ਸਿਲਸਲਾ ਅੱਗੇ ਤੋਰਦਿਆਂ ਮੈਂ ਪੁੱਛਿਆ ਵੀ ਬਾਪੂ ਦੁਪਹਿਰੇ ਈ ਕੀ ਕਾਹਲ ਪੈਗੀ ਸੀ ? ਕਹਿੰਦਾ ਪੁੱਤ ਕੋਈ ਸਾਧਨ ਹੈ ਨੀ ਤੇ ਐਵੀਂ ਕਦੇ ਕਿਸੇ ਤੇ ਕਦੇ ਕਿਸੇ ਨੂੰ ਰੋਕ ਕੇ ਚਲ ਜਾਨਾ, ਮੈਂ ਅੱਗੇ ਪੁੱਛਿਆ ਕਿ ਬਾਪੂ ਕੀ ਗੱਲ ਬੱਚੇ ਨੀ ਹੈਗੇ ਲੈਕੇ ਆਉਣ ਨੂੰ ? ਤੇ ਇਸ ਸਵਾਲ ਦੇ ਉੱਤਰ ਵੇਲੇ...

ਬਾਪੂ ਦੀ ਉਹ ਠਰੰਮੇ ਵਾਲੀ ਅਵਾਜ ਢਿੱਲੀ ਪੈ ਗਈ… ਤੇ ਸਿਰਫ ਏਹੀ ਜਵਾਬ ਮਿਲਿਆ ਵੀ ਬੱਚਿਆਂ ਬਾਰੇ ਨਾ ਪੁੱਛ ਪੁੱਤ !! ਮੈਨੂੰ ਜਾਪਿਆ ਵੀ ਮੈਂ ਕੁਝ ਗਲਤ ਪੁੱਛ ਬੈਠਿਆ.. ਮੈਂ ਕਹੇ ਦੀ ਮਾਫ਼ੀ ਮੰਗੀ ਤੇ ਬਾਪੂ ਨੇ ਦੱਸਿਆ ਵੀ ਪੁੱਤ ਏਦਾਂ ਦਾ ਕੁਛ ਨੀ …ਮੇਰੇ ਦੋ ਮੁੰਡੇ ਆ, ਪਰ ਨਾ ਹੋਇਆ ਵਰਗੇ!! ਮੈਂ ਹੈਰਾਨ ਸੀ ਤੇ ਅੱਗੇ ਸੁਨਣ ਦੀ ਤਾਂਘ ਸੀ …ਮੇਰੇ ਕੁਝ ਬੋਲਣ ਤੋਂ ਪਹਿਲਾਂ ਈ ਬਜ਼ੁਰਗ ਨੇ ਢਿੱਲੀ ਆਵਾਜ਼ ਵਿੱਚ ਆਪਣੀ ਗੱਲ ਸ਼ੁਰੂ ਕਰਤੀ ਉਸਦੀ ਆਵਾਜ਼ ਵਿੱਚ ਇਕ ਦਰਦ ਸੀ, ਪੀੜ ਸੀ …
ਤੇ ਦੱਸਿਆ ਕਿ ਮੇਰਾ ਇੱਕ ਮੁੰਡਾ ਪੁਲਿਸ ਵਿੱਚ ਆ ਤੇ ਦੂਜਾ ਪੜ੍ਹ ਰਿਹਾ ਆ ਪਰ ਮੈਨੂੰ ਕੋਈ ਨੀ ਪੁੱਛਦਾ…. ਪੁੱਤ ਪਤਾ ਨੀ ਚਾਰ ਦਿਨਾਂ ਤੱਕ ਕਦੋਂ ਮਰ ਜਾਣਾ, ਪਰ ਕਿਸੇ ਤੇ ਕੀ ਜ਼ੋਰ , ਸਭ ਪੈਸੇ ਦੇ ਪੁੱਤ ਨੇ, ਮੈਂ ਹੱਡ ਭੰਨਵੀਂ ਕਮਾਈ ਕਰਕੇ ਬੱਚੇ ਪੜਾਏ ਲਿਖਾਏ ਪਰ ਅੱਜ ਮੈਂ ਆਪ ਪੈਸੇ ਪੈਸੇ ਦਾ ਮੋਹਤਾਜ਼ ਆ…ਦਿਲ ਚ ਇੱਕ ਅਜੀਬ ਜਿਹੀ ਚੀਸ ਉੱਠੀ ਜਦੋ ਬਾਪੂ ਨੇ ਦੱਸਿਆ ਵੀ ਜਿੱਥੇ ਹੁਣ ਉਹ ਜਾ ਰਿਹਾ ਉਹ ਬੰਦਾ ਬਾਪੂ ਦਾ ਜਾਣਕਾਰ ਐ ਤੇ ਮੁਸੰਮੀਆਂ ਫਰੀ ਵਿੱਚ ਦੇ ਦਿੰਦਾ ਹੈ …. ਕਿਉਂਕਿ ਮੇਰੇ ਬੱਚਿਆਂ ਕੋਲ ਨਾ ਮੇਰੇ ਲਈ ਪੈਸਾ ਤੇ ਨਾ ਵਕ਼ਤ ਜੇ ਚਾਰ ਪੈਸੇ ਕੋਲ ਹੋਣ ਫਿਰ ਈ ਪੁੱਛ ਗਿੱਛ ਹੁੰਦੀ ਆ ਸ਼ੇਰਾ …. ਚੰਗੀਆਂ ਔਲਾਦਾਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਪੁੱਤ… ਰਿਸ਼ਤੇਦਾਰ ਮਿੱਤਰ ਸਭ ਪੈਸੇ ਦੇ ਪੁੱਤ ਨੇ ਇਹ ਮੇਰਾ ਤਜ਼ਰਬਾ ਐ…..
ਆਹ ਸਾਰੀਆਂ ਗੱਲਾਂ ਸੁਨਣ ਤੋਂ ਬਾਅਦ ਮੇਰੇ ਕੋਲ ਬਾਪੂ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ … ਤੇ ਇੰਨੇ ਵਿੱਚ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਸੀ .. ਲੱਖਾਂ ਈ ਦੁਆਵਾਂ ਦਿੰਦਾ ਬਜ਼ੁਰਗ ਮੇਰੇ ਤੋਂ ਦੂਰ ਜਾ ਰਿਹਾ ਸੀ …ਮੈਂ ਆਪਣੀ ਰਾਹੇ ਚੱਲ ਪਿਆ ਤੇ ਮੇਰਾ ਮਨ ਜਿਹੜਾ ਪਹਿਲਾਂ ਅਤੀਤ ਤੇ ਭਵਿੱਖ ਵਿੱਚ ਉਲਝ ਰਿਹਾ ਸੀ ਹੁਣ ਵਰਤਮਾਨ ਵਿੱਚ ਟਿਕ ਚੁੱਕਿਆ ਸੀ ਤੇ ਮਨ ਵਿਚ ਕੁਝ ਸੀ ਤਾਂ ਸਿਰਫ ਸਵਾਲ ਸ਼ਾਇਦ ਅਣਸੁਲਝੇ ਸਵਾਲ ??

ਕੀ ਜਿਹਨਾਂ ਨੇ ਸਾਨੂੰ ਸਾਰੀ ਉਮਰ ਖਵਾਇਆ ਆਪਾਂ ਓਹਨਾ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਦੇ ਸਕਦੇ? ਕੀ ਬੁੱਢੀ ਉਮਰੇ ਬਾਪ ਘਰੇ ਬਹਿਕੇ ਬੱਚਿਆਂ ਤੋਂ ਕਿਸੇ ਚੀਜ਼ ਦੀ ਉਮੀਦ ਨੀ ਕਰ ਸਕਦਾ ? ਕੀ ਸਾਰੀ ਜ਼ਿੰਦਗੀ ਹੱਡ ਭੰਨਕੇ ਕਮਾਈਆਂ ਕਰਣ ਵਾਲੇ ਮਾਂ-ਪਿਓ ਦਾ ਸੱਚ ਮੁੱਚ ਹੀ ਲੋੜੀਂਦੀਆਂ ਵਸਤਾਂ ਲਈ ਤਰਸਣਾ ਜਰੂਰੀ ਹੈ ?
ਪਿੰਡ ਦੀਆਂ ਜੂਹਾਂ ਚੰਗੀਆਂ ਸੀ ਜਾਂ ਸ਼ਹਿਰਾਂ ਦੇ ਘੇਰੇ, ਮੈਨੂੰ ਨੀ ਪਤਾ ਕੌਣ ਸਹੀ ਆ ਕੌਣ ਗਲਤ ਪਰ ਆਪਾਂ “ਜਿਹਾ ਬੀਜਾਂਗੇ ਓਹੋ ਜਾ ਈ ਵੱਡਾਗੇਂ ”
ਕਾਰਣ ਤੇ ਹੱਲ ਆਪਾਂ ਨੂੰ ਆਪ ਲੱਭਣੇ ਪੈਣੇ ਪਰ ਜ਼ਿੰਦਗੀ ਦੇ ਏਸ ਨਿੱਕੇ ਜਿਹੇ ਸਫ਼ਰ ਵਿੱਚ ਉਹ ਬਾਪੂ ਮੈਨੂੰ ਇੱਕ ਅਨਮੋਲ ਸਬਕ, ਬਜ਼ੁਰਗਾਂ ਦੀ ਅਹਿਮੀਅਤ ਤੇ ਸਾਡੇ ਫਰਜ਼ ਸਮਝਾ ਗਿਆ ..!!

ਲਿਖਤ :- ਜਤਿੰਦਰ ਸਿੰਘ ਖਰੌਡ

...
...



Related Posts

Leave a Reply

Your email address will not be published. Required fields are marked *

2 Comments on “ਕੁਝ ਅਣਸੁਲਝੇ ਸਵਾਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)