More Punjabi Kahaniya  Posts
ਸਮੇਂ ਨੂੰ ਪੁੱਠਾ ਗੇੜਾ ਦੇਣਾ


ਕਰਨਲ ਗੁਰਦੀਸ਼ ਸਿੰਘ ਘੁੰਮਣ..ਪਿੱਛੇ ਜਿਹੇ ਪੂਰੇ ਹੋ ਗਏ..ਪਹਿਲੀ ਵੇਰ ਵਿੰਨੀਪੈਗ ਮਿਲੇ..ਪਿੰਡ ਦਾ ਨਾਮ ਸੁਣ ਲੂ-ਕੰਢੇ ਖੜੇ ਹੋ ਗਏ..ਬਟਾਲੇ ਕੋਲ “ਦਾਖਲਾ”..ਹਜਾਰਾਂ ਕਿਲੋਮੀਟਰ ਦੂਰ ਬਰਫ਼ਾਂ ਦੇ ਸਮੁੰਦਰ ਵਿਚ ਕੋਈ ਅਚਾਨਕ ਮਿਲ ਪਵੇਂ ਤਾਂ ਇੰਝ ਹੋਣਾ ਸੁਭਾਵਿਕ ਹੀ ਤਾਂ ਹੈ..!
ਇੱਕ ਵੇਰ ਪਿੰਡ ਗਏ ਤਾਂ ਵੀਡੀਓ ਕਾਲ ਲਾ ਲਈ..ਟਰੈਕਟਰ ਦੀਆਂ ਤਵੀਆਂ ਪਿੱਛੇ ਸਿਆੜਾਂ ਚੋਂ ਨਿੱਕਲਦੇ ਹੋਏ ਗੰਡੋਏ ਖਾਂਦੇ ਚਿੱਟੇ ਬਗਲੇ ਤੇ ਗੁਟਾਰਾਂ ਦੇਖ ਧਰਵਾਸ ਜਿਹੀ ਬੱਝੀ ਕੇ ਅਜੇ ਸਾਰਾ ਕੁਝ ਮੋਬਾਈਲ ਟਾਵਰਾਂ ਦੀ ਭੇਂਟ ਨਹੀਂ ਚੜਿਆ!
ਇਸੇ ਪਿੰਡ ਦਾ ਮਸ਼ਹੂਰ ਹਾਕੀ ਖਿਡਾਰੀ ਸੁਰਜੀਤ ਸਿੰਘ ਦਾ ਪਿੰਡ..ਖੁਦ ਵੇਖਿਆ ਗੇਂਦ ਜਦੋਂ ਇਸ ਕੋਲ ਆਉਂਦੀ ਤਾਂ ਹਸਨ ਸਰਦਾਰ ਅਤੇ ਸਮੀਂ ਉੱਲਾ ਵਰਗੇ ਪਾਕਿਸਤਾਨੀ ਹਾਕੀ ਦੇ ਧੁਰੰਤਰ ਵੀ ਪਿਛਲੇ ਪੈਰੀ ਹੋ ਜਾਇਆ ਕਰਦੇ..!
ਸੰਨ ਬਿਆਸੀ ਜਲੰਧਰ ਬਿਧੀਪੁਰ ਫਾਟਕ ਤੇ ਹੋਏ ਐਕਸੀਡੈਂਟ ਵਿਚ ਤੁਰ ਗਿਆ..ਵਾਹਗਿਓਂ ਪਾਰ ਵਾਲੇ ਵੀ ਕਿੰਨੇ ਦਿਨ ਭੁੱਬਾਂ ਮਾਰ ਮਾਰ ਰੋਂਦੇ ਰਹੇ..ਬਹੁਤੇ ਰੋਣਗੇ ਦਿਲਾਂ ਦੇ ਜਾਨੀ..ਮਾਪੇ ਤੈਨੂੰ ਘੱਟ ਰੋਣਗੇ..ਵਾਲੀ ਗੱਲ ਸੱਚ ਹੋ ਗਈ!
ਨੁਸ਼ਿਹਰਾ ਮੱਝਾ ਸਿੰਘ ਜੀ ਟੀ ਰੋਡ ਦੇ ਐਨ ਕੰਢੇ ਤੇ ਬਣੇ ਪ੍ਰਾਇਮਰੀ ਸਕੂਲ ਦੀ ਛੱਤ ਤੇ ਬੈਠੇ ਸਾਰਾ ਦਿਨ ਸੜਕ ਤੋਂ ਲੰਘਦੇ ਟਰੈਕਟਰ ਤੇ ਰੋਡਵੇਜ ਦੀਆਂ ਬੱਸਾਂ ਗਿਣਦਿਆਂ ਕਈ ਵਾਰ ਕੁੱਟ ਵੀ ਪੈ ਜਾਇਆ ਕਰਦੀ..!
ਮੱਲੂ-ਦਵਾਰਾ ਪਿੰਡ ਤੋਂ ਪੰਜਾਬੀ ਦੀ ਮੈਡਮ..ਖੋਖਰ ਫੌਜੀਆਂ ਗੁਰਪ੍ਰੀਤ ਘੁੱਗੀ ਦੇ ਪਿੰਡ ਦੀ ਸ਼ਕੁੰਤਲਾ ਮੈਡਮ..ਧੁੱਪੇ ਬੈਠੀ ਨੂੰ ਨੀਂਦ ਆ ਜਾਂਦੀ..ਹਾਸਾ ਨਿੱਕਲ ਜਾਣਾ ਤੇ ਫੇਰ ਕੁੱਟ ਪੈਣੀ..ਪਰ ਪੀੜ ਨਹੀ ਸੀ ਹੋਇਆ ਕਰਦੀ..!
ਨੁਸ਼ਹਿਰੇ ਪਿੰਡ ਦੇ ਐਨ ਵਿਚਕਾਰ “ਕਾਕੇ ਦੀ ਹੱਟੀ” ਅੱਗੇ ਬੋਹੜ ਦੇ ਥੜੇ ਉਤੇ ਬੈਠਾ ਰਹਿੰਦਾ ਜੱਸੀ ਨਾਮ ਦਾ ਨੰਗ-ਧੜੰਗਾ ਸਿੱਧੜ ਜਿਹਾ ਰੱਬ ਦਾ ਬੰਦਾ..ਪੜਿਆ ਲਿਖਿਆ ਸੀ ਹਮੇਸ਼ਾਂ ਅੰਗਰੇਜੀ ਦੀ ਪੂਰਾਣੀ ਅਖਬਾਰ ਪੜਦਾ ਰਹਿੰਦਾ..ਕਦੀ ਕੁਛ ਨਹੀਂ ਸੀ ਆਖਦਾ ਸਾਨੂੰ..ਫੇਰ ਵੀ ਉਸਤੋਂ ਪੇਮੀ ਦੇ ਨਿਆਣਿਆਂ ਵਾਂਙ ਡਰੀ ਜਾਂਦੇ..!
ਮੇਰੇ ਨਾਲ ਪੜਦੇ ਕਈ ਮਿੱਤਰ ਪਿਆਰੇ..
ਰਵੇਲ ਸਿੰਘ,ਗੁਰਵਿੰਦਰ ਸਿੰਘ,ਮਸ਼ਹੂਰ ਖਾੜਕੂ ਰਾਜਬੀਰ ਸਿੰਘ ਗੁਰਦਾਸਪੁਰੀ ਦਾ...

ਨਿੱਕਾ ਭਾਈ ਅਰਜਨ ਸਿੰਘ,ਮਹਾਵੀਰ ਸਿੰਘ..ਸਤਕੋਹੇ ਤੋਂ ਦਿਲਬਾਗ ਸਿੰਘ..ਜਿਗਰੀ ਯਾਰ ਸੰਤੋਖ ਸਿੰਘ ਰੰਧਾਵਾ ਅਜੇ ਵੀ ਵਿਨੀਪੈਗ ਸ਼ਹਿਰ ਵਿਚ ਏ..ਛੀਨੇ ਪਿੰਡ ਦਾ ਸੁਰਜੀਤ ਸਿੰਘ ਅਤੇ ਪ੍ਰਿਤਪਾਲ..ਤੀਰਥ ਸਿੰਘ ਦੀ ਦਾਦੀ ਅੱਧੀ ਛੁੱਟੀ ਵੇਲੇ ਦੁੱਧ ਦਾ ਗਿਲਾਸ ਲੈ ਕੇ ਆਉਂਦੀ ਤਾਂ ਈਰਖਾ ਹੁੰਦੀ..ਪੀਰ ਦੀ ਸੈਨ,ਗੋਦਰ ਪੁਰ,ਕੈਲੇ ਕਲਾਂ,ਘੁੰਮਣ ਕਲਾਂ ਅਤੇ ਪੁਲ ਕੁੰਜਰਾਂ ਤੋਂ ਆਉਂਦੇ ਹੋਰ ਵੀ ਕਿੰਨੇ ਸਾਰੇ..ਸ਼ਕਲਾਂ ਯਾਦ ਨੇ ਨਾਮ ਭੁੱਲ ਗਏ..!
ਨਾਵਾਂ ਮਗਰ ਘੁੰਮਣ,ਜਵੰਦਾ,ਰੰਧਾਵਾ ਲਾਉਣਾ ਭਾਵੇਂ ਭੁੱਲ ਜਾਈਏ ਪਰ ਸਿੰਘ ਕੌਰ ਲੌਣਾ ਜਰੂਰੀ ਹੁੰਦਾ!
ਨੁਸ਼ਹਿਰੇ ਹਲਵਾਈਆਂ ਦਾ ਮੁੰਡਾ ਗੰਗਾ ਰਾਮ..ਇੱਕ ਵੇਰ ਸਕੂਲੋਂ ਭੱਜ ਲਾਗੇ ਕਮਾਦ ਵਿਚ ਵੜ ਗਿਆ..ਵਰਦੇ ਮੀਂਹ ਵਿਚ ਲੱਤੋਂ ਫੜ ਲਿਆਦਾਂ ਸੀ..!
ਸੁਚੈਨੀਆਂ ਪਿੰਡ ਤੋਂ ਮਾਸਟਰ ਮਿਲਖੀ ਰਾਮ ਬੇਦੀ..ਪਿੱਛੋਂ ਪਾਕਿਸਤਾਨ ਨਾਰੋਵਾਲ ਸਿਆਲਕੋਟ ਵਿਚਕਾਰ ਪੈਂਦੇ ਡੁਮਾਲੇ ਪਿੰਡ ਵਿਚ ਮੇਰੇ ਪਿਤਾ ਜੀ ਨੂੰ ਵੀ ਪੜਾਇਆ..!
1981-82 ਦੇ ਬਿਨਾ ਇੰਟਰਨੇਟ ਦੇ ਜਮਾਨੇ..ਸਕੂਲ ਵਾਲੇ ਮਸਹੂਰੀ ਲਈ ਸਾਡਾ ਪਿੰਡੋ ਪਿੰਡ ਪੈਦਲ ਮਾਰਚ ਕਰਵਾਇਆ ਕਰਦੇ..ਅਰਜਨ ਪੁਰਾ..ਸਤਕੋਹਾ..ਡੁੱਡੀਪੁਰ..ਥੇਹ-ਗੁਲਾਮ ਨਬੀ..ਖੂੰਡਾ..ਹਰਸੀਆਂ..ਸਟਕੋਹਾ..ਸੇਖਵਾਂ..ਪੇਰੋਸ਼ਾਹ..ਇਥੋਂ ਤੱਕ ਇੱਕ ਵੇਰ ਅਜੋਕੇ ਰਣਜੀਤ ਬਾਵਾ ਦੇ ਪਿੰਡ ਵਡਾਲਾ-ਗ੍ਰੰਥੀਆਂ ਤੀਕਰ ਵੀ ਜਾ ਅੱਪੜੇ..ਮੁੜਕੋ-ਮੁੜਕੀ ਹੋਇਆਂ ਹੱਥ ਨਾਲ ਗੇੜਨ ਵਾਲੇ ਨਲਕੇ ਨੂੰ ਵੇਖ ਜਾਨ ਵਿਚ ਜਾਨ ਪੈ ਜਾਂਦੀ..!
ਸੋ ਦੋਸਤੋ ਲੰਘੇ ਵੇਲੇ ਅਤੇ ਲੰਘੇ ਪਾਣੀ ਮੁੜ ਪਰਤ ਕੇ ਕਦੀ ਨਹੀਂ ਆਉਂਦੇ..ਪਰ ਬਚਪਨ ਵੇਲੇ ਦੇ ਓਹਨਾ ਇਲਾਕਿਆਂ ਦਾ ਓਹੀ ਸਰੂਪ ਅਜੇ ਵੀ ਮਨਾਂ ਵਿਚ ਵੱਸਿਆ ਹੋਇਆ ਏ..ਆਪਣੇ ਇਲਾਕੇ ਦੇ ਪਿੰਡਾਂ ਦੇ ਨਾਮ ਪੜ ਜੇ ਕੋਈ ਸੁੱਤਾ ਜਜਬਾਤ ਜਾਗ ਪਵੇ ਤਾਂ ਮੇਰੇ ਧੰਨ ਭਾਗ..ਕਿਓੰਕੇ ਕਰੋੜਾ ਅਰਬਾਂ ਖਰਚ ਕੇ ਵੀ ਸਮੇਂ ਨੂੰ ਪੁੱਠਾ ਗੇੜਾ ਦੇਣਾ ਅਜੇ ਇਨਸਾਨ ਦੇ ਵੱਸ ਵਿਚ ਨਹੀਂ ਹੋਇਆ..!
ਸੂਏ ਕੱਸੀਆਂ ਟੱਪਦੇ ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ!
ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)