“ਜਾਗਦਿਆਂ ਦੀਆਂ ਕੱਟੀਆਂ ………………”
ਸਾਡੇ ਖੂਹ ਤੇ ਅੰਬਾਂ ਦੇ ਬਹੁਤ ਬੂਟੇ ਸਨ। ਬਾਪੂ ਜੀ (ਡੈਡੀ ਜੀ )
ਹੁਰੀਂ ਤਿੰਨ ਭਰਾ ਸਨ ਸਾਰੇ ਅੱਡ ਅੱਡ ਰਹਿੰਦੇ ਸਨ । ਅੰਬੀਆਂ ਦੇ ਮੌਸਮ ਦੌਰਾਨ ਜਿਸ ਰਾਤ ਨੂੰ ਵੀ ਹਨੇਰੀ ਚੱਲਣੀ ਮੇਰੇ ਇੱਕ ਚਾਚਾ ਜੀ ਨੇ ਰਾਤ ਦੇ 5 ਕੁ ਵਜੇ ਤੱਕ ਖੂਹ ਤੇ ਜਾ ਕੇ ਸਾਰੀਆਂ ਅੰਬੀਆਂ ਕੱਠੀਆਂ ਕਰਕੇ ਲੈ ਆਉਣੀਆਂ ਜਦੋਂ ਨੂੰ ਮੈਂ 6 ਕੁ ਵਜੇ ਸਵੇਰੇ ਜਾ ਕੇ ਵੇਖਣਾ ਕੋਈ ਅੰਬੀ ਨਾ ਲੱਭਣੀ। ਮੈਂ ਘਰੇ ਪਹੁੰਚ ਕੇ ਬੀਜੀ (ਮੰਮੀ ਜੀ) ਨੂੰ ਦੱਸਣਾ ਕਿ ਬੀਜੀ ਅੰਬੀਆਂ ਤਾਂ ਕੋਈ ਲੈ ਗਿਆ ਚੁਗ ਕੇ। ਬੀਜੀ ਨੇ ਕਹਿਣਾ ਪੁੱਤ “ਜਿੰਨ੍ਹਾਂ ਨੇ ਕੁਝ ਪਾਉਣਾ ਹੁੰਦਾ ਉਹਨਾਂ ਨੂੰ ਕੁਝ ਗਵਾਉਣਾ ਵੀ ਪੈਂਦਾ” !! ਮੈਂ ਕਹਿਣਾ ਕੀ ਮਤਲਬ ਬੀਜੀ? ਬੀਜੀ ਨੇ ਕਹਿਣਾ ਪੁੱਤ
“ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” !!!!! ਮੈਂ ਓਦੋਂ ਮਸਾਂ 7-8 ਸਾਲਾਂ ਦਾ ਹੀ ਸੀ ਮੁਹਾਵਰਿਆਂ ਦਾ ਗਿਆਨ ਨਹੀਂ ਸੀ …..।
ਇੱਕ ਦਿਨ ਬਹੁਤ ਤੇਜ਼ ਹਨੇਰੀ ਚੱਲੀ ਮੈਂ 5 ਕੁ ਵਜੇ ਅੰਬਾਂ ਕੋਲੇ ਜਾ ਕੇ ਵੇਖਿਆ ਮੇਰੇ ਚਾਚਾ ਜੀ ਸਾਰੀਆਂ ਅੰਬੀਆਂ ਕੱਠੀਆਂ ਕਰਕੇ ਬੋਰੀ ਮਗਰ ਪਿੱਛੇ ਪਾ ਕੇ ਤੁਰਨ ਹੀ ਲੱਗੇ ਸੀ ਕਿ ਉਹਨਾਂ ਮੈਨੂੰ ਵੇਖ ਕੇ ਕਿਹਾ ਹੁਣ ਕੀ ਲੱਭਦਾਂ ਤੇ ਨਾਲ ਦੀ ਨਾਲ ਮੈਨੂੰ ਕਹਿੰਦੇ
“ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” !!!!!
ਬੱਸ ਫਿਰ ਕੀ ਸੀ
ਆਪਾਂ ਨੂੰ ਪਤਾ ਲੱਗ ਗਿਆ ਬਈ ਕੀ ਮਤਲਬ ਹੁੰਦਾ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” …
ਹੁਣ ਇੱਕ ਪਾਸੇ ਅੰਬੀਆਂ ਮੋਟੀਆਂ ਹੋ ਕੇ ਅੰਬ ਬਣ ਚੁੱਕੇ ਸਨ ਤੇ ਦੂੱਜੇ ਪਾਸੇ ਮੇਰੇ ਦਿਮਾਗ ਵਿੱਚ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” ਵਾਲਾ ਮੁਹਾਵਰਾ ਘਰ ਕਰ ਚੁੱਕਾ ਸੀ!!!!
ਬਸ ਮੈਂ ਉਡੀਕ ਕਰ ਰਿਹਾ ਸੀ ਕਿ ਕਦੋਂ ਹਨੇਰੀ ਚੱਲੇ ਤੇ ਕਦੋਂ ਮੈਂ ਚਾਚਾ ਜੀ ਨੂੰ ਮੁਹਾਵਰਾ ਸੁਣਾਵਾਂ …..।
ਇੱਕ ਰਾਤ ਨੂੰ ਹਲਕੀ ਜਿਹੀ ਹਵਾ ਚੱਲਣ ਲੱਗ ਪਈ, ਤੇ ਮੈਂ ਸੌਂ ਨਹੀਂ ਸੀ ਰਿਹਾ ਬੀਜੀ ਕਹਿੰਦੇ ਭਿੰਦ ਪੁੱਤ ਸੁੱਤਾ ਨਹੀਂ ਅਜੇ ਤੱਕ 1ਵੱਜ ਗਿਆ ਰਾਤ
ਦਾ ਸੌਂਜਾ ਮੇਰਾ ਪੁੱਤ!!!
ਮੈਂ ਕਿਹਾ ਚੰਗਾ ਬੀਜੀ ਤੁਸੀਂ ਵੀ ਸੌਂ ਜਾਵੋ ਹੁਣ। ਇੰਨੇ ਚਿਰ ਨੂੰ ਹਵਾ ਤੇਜ਼ ਹੋ ਗਈ ਤੇ ਵੇਖਦਿਆਂ ਹੀ ਵੇਖਦਿਆਂ ਤੇਜ਼ ਝੱਖੜ ਵਿੱਚ ਤਬਦੀਲ ਹੋ ਗਈ…ਤੇ ਮੈਨੂੰ ਇੱਕ ਪਾਸੇ “ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ” ਵਾਲਾ ਮੁਹਾਵਰਾ ਚੇਤੇ...
ਆ ਰਿਹਾ ਸੀ ਤੇ ਦੂੱਜੇ ਪਾਸੇ ਬੀਜੀ ਦੀ ਦੱਸੀ ਹੋਈ ਸਿਆਣੀ ਗੱਲ ਕਿ “ਜਿੰਨ੍ਹਾਂ ਨੇ ਕੁਝ ਪਾਉਣਾ ਹੁੰਦਾ ਉਹਨਾਂ ਨੂੰ ਕੁਝ ਗਵਾਉਣਾ ਵੀ ਪੈਂਦਾ”!!!!! 4 ਵੱਜ ਚੁੱਕੇ ਸੀ ਸਵੇਰ ਦੇ
ਮੈਂ ਆਪਣੇ ਮੰਜੇ ਤੋਂ ਉੱਠ ਕੇ ਦੱਬੇ ਪੈਰੀਂ ਦਰਵਾਜ਼ਾ ਖੋਲ੍ਹ ਕੇ ਖੂਹ ਵੱਲ ਨੂੰ ਭੱਜਿਆ ਤੇ ਜਾ ਖਲੋਤਾ ਅੰਬਾਂ ਦੇ ਬੂਟਿਆਂ ਥੱਲੇ।
ਝੱਖੜ ਨਾਲ ਧਰਤੀ ਤੇ ਡਿੱਗੇ ਹੋਵੇ ਅਣਗਿਣਤ ਅੰਬਾਂ ਵੱਲ ਤੱਕ ਤੱਕ ਕੇ ਹੁਣ ਮੈਨੂੰ ਇੱਕ ਹੋਰ ਮੁਹਾਵਰੇ ਦੇ ਅਰਥਾਂ ਦਾ ਵੀ ਗਿਆਨ ਹੋ ਗਿਆ ਸੀ ਜੋ ਬਾਅਦ ਵਿੱਚ ਦਸਵੀਂ ਕਲਾਸ ਵਿੱਚ ਮਾਸਟਰ ਜੀ ਨੇ ਪੜ੍ਹਾਇਆ ਸੀ ਕਿ “ਸਿਆਣਿਆਂ ਦਾ ਕਿਹਾ ਤੇ ਆਉਲਿਆਂ ਦਾ ਖਾਧਾ” ਬਾਅਦ ਵਿੱਚ ਪਤਾ ਲੱਗਦਾ !!!
ਅੰਬਾਂ ਦੇ ਢੇਰ ਵੇਖ ਕੇ ਮਨ ਬੇਹੱਦ ਖੁਸ਼ ਸੀ।
ਪੰਜ ਵੱਜਣ ਤੱਕ ਮੈਂ ਕਾਫੀ ਸਾਰੇ ਅੰਬ ਘਰੇ ਲੈ ਗਿਆ ਸੀ 4-5 ਗੇੜਿਆਂ ਵਿੱਚ ਕਿਉਂਕਿ ਘਰ ਖੂਹ ਤੋਂ ਨੇੜੇ ਹੀ ਸੀ ਤੇ ਜਦੋਂ ਆਖਰੀ ਗੇੜਾ ਲੈ ਕੇ ਤੁਰਨ ਹੀ ਲੱਗਾ ਸੀ ਕਿ ਚਾਚਾ ਜੀ ਪਹੁੰਚ ਗਏ ਅੰਬਾਂ ਕੋਲੇ ਤੇ ਕਹਿਣ ਲੱਗੇ ਤੇਰੇ ਲਾਗੇ ਤੇ ਢੋਲ ਵੱਜਦੇ ਹੋਣ ਤੂੰ ਉੱਠਦਾ ਨਹੀਂ ਤੂੰ ਕਿਵੇਂ ਜਾਗ ਪਿਆ ਅੱਜ ਅੰਮ੍ਰਿਤ ਵੇਲੇ !!!!!
ਆਪਾਂ ਨੇ ਅੰਬਾਂ ਵਾਲੀ ਬੋਰੀ ਮਗਰ ਪਿੱਛੇ ਪਾਉਂਦਿਆਂ ਕਿਹਾ ਚਾਚਾ ਜੀ
“ਜਿੰਨ੍ਹਾਂ ਨੇ ਕੁਝ ਪਾਉਣਾ ਹੁੰਦਾ ਉਹਨਾਂ ਨੂੰ ਕੁਝ ਗਵਾਉਣਾ ਵੀ ਪੈਂਦਾ”
ਚਾਚਾ ਜੀ ਕਹਿੰਦੇ ਕੀ ਮਤਲਬ ਤੇਰੀ ਗੱਲ ਦਾ
ਮੈਂ ਕਿਹਾ
“ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ”
ਕਹਿੰਦੇ ਇਹੋ ਜਿਹੇ ਮੁਹਾਵਰੇ ਕਿੱਥੋਂ ਸਿੱਖਦਾਂ ਤੂੰ
ਮੈਂ ਕਿਹਾ ਚਾਚਾ ਜੀ ਆ ਜਿਹੜੀਆਂ ਪਿੱਛੇ ਜਿਹੇ 2-3 ਹਨੇਰੀਆਂ ਆਈਆਂ ਉਹਨਾਂ ਦੀ ਵਜ੍ਹਾ ਕਰਕੇ ਕਾਫੀ ਕੁਝ ਸਿੱਖਣ ਨੂੰ ਮਿਲਿਆ!!
ਚਾਚਾ ਜੀ ਮੇਰੇ ਮੂੰਹ ਵੱਲ ਹੀ ਵੇਖਦੇ ਰਹਿ ਗਏ । ਘਰੇ ਪਹੁੰਚਣ ਤੇ ਬੀਜੀ ਨੇ ਘੁੱਟ ਕੇ ਸੀਨੇ ਨਾਲ ਲਾਇਆ ਤੇ ਕਿਹਾ ਪੁੱਤ ਮੈਂ ਬਹੁਤ ਖੁਸ਼ ਹਾਂ …।
ਮੈਂ ਕਿਹਾ ਬੀਜੀ ਤੁਸੀਂ ਅੰਬਾਂ ਦਾ ਲੱਗਿਆ ਢੇਰ ਵੇਖ ਕੇ ਖੁਸ਼ ਹੋ ਕਹਿੰਦੇ ਨਹੀਂ ਪੁੱਤ ਮੈਂ ਆਪਣੇ ਪੁੱਤ ਦੀ ਫੁਰਤੀ ਵੱਲ ਵੇਖ ਕੇ ਖੁਸ਼ ਹਾਂ।
ਭੁਪਿੰਦਰਪਾਲ ਸਿੰਘ ਰੰਧਾਵਾ