ਗੱਲ ਕੁੱਝ ਸਾਲ ਪੁਰਾਣੀ ਹੈ।ਪੁੱਤਾਂ ਦੇ ਜਵਾਨ ਹੋਣ ਤੇ ਮਾਵਾਂ ਨੂੰ ਵਿਆਹ ਦੀ ਕਾਹਲੀ ਹੋ ਜਾਂਦੀ ਹੈ।ਮੇਰੇ ਇੱਕ ਦੋਸਤ ਨਾਲ ਵੀ ਇਹੋ ਜਿਹਾ ਕੁੱਝ ਹੋਇਆ।ਰਿਸ਼ਤਾ ਕੋਈ ਨੇਪਰੇ ਨਹੀਂ ਸੀ ਚੜ੍ਹ ਰਿਹਾ।ਉਸ ਦੀ ਮਾਂ ਯਾਨੀ ਮੇਰੀ ਤਾਈ ਓਹੜ ਪੋਹੜ ਕਰਨ ਲੱਗੀ, ਜਿਵੇਂ ਕੋਈ ਕਹਿ ਦਿਆ ਕਰੇ,ਉਸੇ ਤਰ੍ਹਾਂ ਕਰ ਦਿਆ ਕਰੇ।
ਇੱਕ ਦਿਨ ਕਿਸੇ ਨੇ ਕਿਹਾ ਕਿ ਕਾਲੇ ਕੁੱਤੇ ਨੂੰ ਗੁਲਗੁਲੇ ਪਕਾ ਕੇ ਪਾਓ,ਝੱਟ ਕੰਮ ਸਿਰੇ ਚੜ੍ਹ ਜਾਣਾ।ਤਾਈ ਨੇ ਗੁਲਗੁਲੇ ਪਕਾ ਦੋਸਤ ਨੂੰ ਕਾਲੇ ਕੁੱਤੇ ਨੂੰ ਗਵਾਉਣ ਲਈ ਕਿਹਾ।ਦੋਸਤ ਮਨ ਨਹੀਂ ਸੀ ਰਿਹਾ।ਤਾਈ ਨੇ ਸੁਨੇਹਾ ਭੇਜ ਮੈਨੂੰ ਵੀ ਬੁਲਾ ਲਿਆ।ਸ਼ਰਮੋ ਸ਼ਰਮੀ ਸਾਨੂੰ ਜਾਣਾ ਪਿਆ।ਅਸੀਂ ਸਕੂਟਰ ਤੇ ਆਸਾ ਪਾਸਾ ਘੁੰਮਿਆ, ਕਾਲਾ ਕੁੱਤਾ ਨਾ ਲੱਭੇ।ਦੋਸਤ ਅੱਕ ਗਿਆ ਪਰ ਮੈਂ ਉਸ ਨੂੰ ਥੋੜ੍ਹਾ ਹੋਰ ਵੇਖਣ ਲਈ ਮਨਾ ਲਿਆ।ਪੂਰੀ ਭਕਾਈ ਬਾਅਦ ਇੱਕ ਕਾਲਾ ਕੁੱਤਾ ਮਿਲਿਆ।ਅਸੀਂ ਉਸ ਅੱਗੇ ਗੁਲਗਲੇ ਪਾਏ, ਪਰ ਉਹ ਸੁੰਘ ਕੇ ਪਿੱਛੇ ਹੱਟ ਗਿਆ।ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਕੁੱਤਾ ਗੁਲਗੁਲਿਆਂ ਵੱਲ ਝਾਕੇ ਤੱਕ ਨਾ।ਦੋਸਤ ਨੇ ਅੱਕੇ ਹੋਏ ਨੇ ਕੁੱਤੇ ਦੇ ਲੱਤ ਮਾਰੀ ਅਤੇ ਗੁਲਗੁਲੇ ਸਿੱਟਣ ਲੱਗਿਆ।ਮੈਂ ਉਸ ਨੂੰ ਰੋਕਦਿਆਂ ਇੱਕ ਸਕੀਮ ਦੱਸੀ।ਹੱਸਦਿਆਂ ਹੋਇਆ ਉਸ ਨੇ ਮਨ ਲਈ।
ਅਸੀਂ ਚਾਹ ਦੀ ਦੁਕਾਨ ਤੇ ਜਾ ਚਾਹ ਨਾਲ ਗੁਲਗੁਲੇ ਖਾ ਲਏ।ਇਸੇ ਤਰ੍ਹਾਂ ਅਸੀਂ ਸੱਤ ਡੰਗ ਪੂਰੇ ਕਰ ਦਿੱਤੇ।ਕਰਨੀ ਰੱਬ ਦੀ, ਦੋਸਤ ਦਾ ਉਨ੍ਹਾਂ ਦਿਨਾਂ ਵਿੱਚ ਹੀ ਰਿਸ਼ਤਾ ਹੋ ਗਿਆ...
ਅਤੇ ਮਹੀਨੇ ਕੁ ਦਰਮਿਆਨ ਹੀ ਵਿਆਹ ਵੀ ਹੋ ਗਿਆ।
ਤਾਈ ਨੇ ਇਸ ਫਾਰਮੂਲੇ ਨੂੰ ਪੂਰੇ ਜ਼ੋਰ ਨਾਲ ਪ੍ਰਚਾਰਨਾ ਸ਼ੁਰੂ ਕਰ ਦਿੱਤਾ।ਹਰ ਆਏ ਗਏ ਕੋਲ ਦੱਸਿਆ ਕਰੇ।ਦੋਸਤ ਨੇ ਗੱਲਾਂ ਵਿੱਚ ਆਕੇ ਭਾਬੀ ਯਾਨੀ ਆਪਣੀ ਘਰ ਵਾਲੀ ਨੂੰ ਇਹ ਗੱਲ ਦੱਸ ਦਿੱਤੀ।ਇੱਕ ਦਿਨ ਪਿੰਡ ਵਿਚੋਂ ਹੀ ਚਾਚੀ ਨਿਹਾਲੋ ਗੁਲਗੁਲੇ ਪਕਾ ਆ ਤਾਈ ਨੂੰ ਕਹਿਣ ਲੱਗੀ ਕਿ ਮੇਰਾ ਮੁੰਡਾ ਚਾਰ ਅੱਖਰ ਕੀ ਪੜ੍ਹ ਗਿਆ, ਇਹੋ ਜਿਹੀਆਂ ਗੱਲਾਂ ਨੂੰ ਮੰਨਦਾ ਨਹੀਂ।ਮੈਨੂੰ ਵਿਆਹ ਦੀ ਕਾਹਲ ਹੈ।ਰਿਸ਼ਤਿਆਂ ਵਿੱਚ ਅੜਚਣ ਪਈ ਜਾਂਦੀ ਹੈ।ਮੇਰਾ ਵੀ ਇਹ ਕੰਮ ਮੁੰਡਿਆਂ ਨੂੰ ਕਹਿ ਕੇ ਕਰਾ।ਨਿਹਾਲੋ ਤਾਂ ਕਹਿ ਤੁਰ ਗਈ।ਦੋਸਤ ਜਾਣ ਤੋਂ ਝਿਜਕ ਰਿਹਾ ਸੀ, ਤਾਈ ਨੇ ਸੁਨੇਹਾ ਭੇਜ ਮੈਨੂੰ ਵੀ ਬੁਲਾ ਲਿਆ ਅਤੇ ਕਹਿਣ ਲੱਗੀ ਕਿ ਇਹ ਪੁੰਨ ਦਾ ਕੰਮ ਹੈ, ਜਾਓ ਕਰਕੇ ਆਓ।ਅਜੇ ਅਸੀਂ ਜਾਣ ਬਾਰੇ ਸਲਾਹਾਂ ਹੀ ਕਰ ਰਹੇ ਸੀ ਕਿ ਅੰਦਰੋਂ ਭਾਬੀ ਆਕੇ ਕਹਿਣ ਲੱਗੀ ,”ਚਾਹ ਵੀ ਬਣਾਵਾਂ ਕਿ ਕੁੱਤੇ ਗੁਲਗੁਲੇ ਇਸ ਤਰ੍ਹਾਂ ਹੀ ਖਾ ਲੈਣਗੇ।”ਨਾਲ ਹੀ ਉਸ ਦਾ ਹਾਸਾ ਨਿਕਲ ਗਿਆ।ਤਾਈ ਨੂੰ ਵੀ ਭਿਣਕ ਲੱਗ ਗਈ।ਉਸ ਨੇ ਸੋਟੀ ਉਲਾਰਦਿਆਂ ਕਿਹਾ ਅੰਨ੍ਹੇ ਜੁਲਾਹੇ, ਮਾਂ ਨੂੰ ਮਸ਼ਕਰੀਆਂ।
ਗੁਰਮੀਤ ਸਿੰਘ ਮਰਾੜ੍ਹ