ਸੰਨ 1980 ਦੀ ਗੱਲ ਹੈ, ਐਮ.ਬੀ. ਬੀ. ਐੱਸ. ਚ ਏਡਮਿਸ਼ਨ ਮਿਲਣ ਤੋਂ ਪਹਿਲਾਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੈਟਰਨਰੀ ਵਿੱਚ ਇੱਕ ਸਾਲ ਲਗਾਇਆ। ਸਾਡੀ ਕਲਾਸ ਦਾ ਅਗਲੇ ਦਿਨ ਇਮਤਿਹਾਨ ਸੀ,ਪ੍ਰੰਤੂ ਕੁਝ ਸ਼ਰਾਰਤੀ ਮੁੰਡਿਆਂ ਨੇ ਰਾਤ ਨੂੰ ਸਾਰੇ ਹੋਸਟਲ ਦੇ ਫ਼ਿਊਜ਼ ਉਡਾ ਦਿੱਤੇ ਤਾਂ ਜੋ ਅਗਲੇ ਦਿਨ ਪ੍ਰੋਫੈਸਰ ਸਾਹਿਬ ਨੂੰ ਬਿਜਲੀ ਦਾ ਬਹਾਨਾ ਬਣਾ ਕੇ ਪੇਪਰ ਇੱਕ ਦਿਨ ਲੇਟ ਕਰਵਾ ਲਿਆ ਜਾਵੇ ਤੇ ਤਿਆਰੀ ਚੰਗੀ ਹੋ ਜਾਵੇ। ਸਾਰੇ ਹੋਸਟਲ ਚ ਘੁੱਪ ਹਨੇਰਾ ਹੋ ਗਿਆ। ਰਾਤ ਨੂੰ ਬਾਰਾਂ ਕੂ ਵਜੇ ਮੈਨੂੰ ਪਿਸ਼ਾਬ ਦੀ ਹਾਜਤ ਹੋਈ ਤਾਂ ਮੈਂ ਹਨੇਰੇ ਚ ਈ ਟੋਹਂਦਾ ਟੋਂਹਦਾ ਬਾਥਰੂਮ ਨੂੰ ਤੁਰ ਪਿਆ ਤੇ ਅਗਾਂਹ ਅੰਦਾਜ਼ੇ ਨਾਲ ਥੋੜ੍ਹੀ ਜਿਹੀ ਰੌਸ਼ਨੀ ਚ ਹੀ ਦੀਵਾਰ ਨਾਲ ਲੱਗੇ urinal ਤੇ ਮੂਤਰ ਵਿਸਰਜਨ ਕਰਨਾ ਸ਼ੁਰੂ ਕਰ ਦਿੱਤਾ। ਹਜੇ ਮਸੀਂ ਪੰਜ ਸੱਤ ਸੈਕਿੰਡ ਹੀ ਹੋਏ ਹੋਣਗੇ ਕਿ ਮੇਰੇ ਮੂਹਰੋਂ ਇਕ ਜ਼ੋਰਦਾਰ ਆਵਾਜ਼ ਆਈ,” ਕੌਣ ਐ ਬਾਈ,ਹਾ ਕੀ ਕਰੀ ਜਾਣਾ ਐ,ਤੈਨੂੰ ਪਤਾ ਨੀ ਲੱਗਦਾ”? ਦਰਅਸਲ ਉੱਥੇ ਮੇਰਾ ਇਕ ਸੀਨੀਅਰ ਪਹਿਲਾਂ ਹੀ ਪਿਸ਼ਾਬ ਕਰ ਰਿਹਾ ਸੀ, ਉਹ ਬਾਣੀਆਂ ਦਾ ਮੁੰਡਾ ਸੀ ਤੇ ਰੰਗ ਦਾ ਵੀ ਪੂਰਾ ਪੱਕਾ, ਉਸ ਨੇ ਸਿਰਫ ਤੇੜ ਚਿੱਟਾ ਪਜਾਮਾ ਹੀ ਪਾਇਆ ਹੋਇਆ ਸੀ ਤੇ ਉੱਤੋਂ ਨੰਗਾ ਹੋਣ ਕਰਕੇ ਮੈਂ ਵੀ ਹਨੇਰੇ ਚ ਉਸ ਦੇ ਪਜਾਮੇ ਨੂੰ urinal ਦਾ ਸਟੈਂਡ ਸਮਝ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮਜ਼ੇ ਦੀ...
ਗੱਲ ਇਹ ਰਹੀ ਕਿ ਮੇਰਾ ਹਾਸਾ ਬੰਦ ਹੋਣ ਚ ਨਹੀਂ ਆ ਰਿਹਾ ਸੀ ਪਰ ਮੈਂ ਉਸਨੂੰ ਸੌਰੀ ਕਹਿਣਾ ਚਾਹੁੰਦਾ ਸੀ ਜੋ ਕਿ ਮੇਰੇ ਹਾਸੇ ਕਰਕੇ ਮੈਥੋਂ ਹੋ ਨਹੀਂ ਰਹੀ ਸੀ ਤੇ ਮੈਂ ਵੀ ਅੱਧੀ ਕਾਰਵਾਈ ਹੀ ਪਾ ਕੇ ਈ ਹੱਸਦਾ ਹੱਸਦਾ ਕਮਰੇ ਵੱਲ ਨੂੰ ਭੱਜ ਆਇਆ। ਉਸਨੂੰ ਹਨੇਰੇ ਕਰਕੇ ਮੇਰੀ ਪਹਿਚਾਣ ਵੀ ਨਹੀਂ ਆਈ ਸੀ।
ਅਗਲੇ ਦਿਨ ਸਵੇਰੇ ਉੱਠ ਕੇ ਮੈਂ ਉਸਦੇ ਕਮਰੇ ਚ ਜਾ ਕੇ ਸੌਰੀ ਮੰਗਦਿਆਂ ਉਸਨੂੰ ਪਜਾਮਾ ਧੋਣ ਦੀ ਪੇਸ਼ਕਸ਼ ਕੀਤੀ ਪਰ ਉਹ ਪਜਾਮਾ ਪਹਿਲਾਂ ਹੀ ਧੋ ਚੁੱਕਾ ਸੀ ਤੇ ਟੰਗਣੀ ਤੇ ਸੁੱਕਣੇ ਪਾਇਆ ਪਜਾਮਾ ਜੋ ਕਿ ਪੱਖੇ ਦੀ ਹਵਾ ਨਾਲ ਝੂਲ ਰਿਹਾ ਸੀ, ਨੂੰ ਦੇਖ ਮੁੱੜ ਮੇਰਾ ਹਾਸਾ ਨਿਕਲ ਗਿਆ।ਕੱਚੇ ਜਿਹੇ ਹੁੰਦੇ ਨੇ ਉਹਨੇ ਵੀ ਕਿਸੇ ਹੋਰ ਨੂੰ ਨਾ ਦੱਸਣ ਦੀ ਤਾਕੀਦ ਕਰਦਿਆਂ ਗੱਲ ਆਈ ਗਈ ਕਰਤੀ।
ਐਨੇ ਸਾਲ ਬੀਤ ਗਏ ਪਰ ਹੁਣ ਵੀ ਜਦੋਂ ਕਿੱਧਰੇ ਆਹ ਗੱਲ ਯਾਦ ਆਉਂਦੀ ਐ, ਹਾਸਾ ਰੁਕਣ ਚ ਨੀ ਆਉਂਦਾ।