ਪਿਤਾ ਜੀ ਅਸਾਮ ਦੇ “ਲਾਮਡਿੰਗ” ਨਾਮ ਦੇ ਟੇਸ਼ਨ ਦੀ ਗੱਲ ਸੁਣਾਇਆ ਕਰਦੇ..ਨਾਗਾਲੈਂਡ ਦੀ ਸਰਹੱਦ ਨਾਲ ਸੰਘਣੇ ਜੰਗਲਾਂ ਵਿਚ ਘਿਰਿਆ ਇਹ ਸਟੇਸ਼ਨ..ਇਕ ਵੇਰ ਇੱਕ ਡਰਾਈਵਰ ਦੱਸਣ ਲੱਗਾ ਕੇ ਰੇਲਵੇ ਲਾਈਨ ਦੇ ਐਨ ਵਿਚਕਾਰ ਇੱਕ ਹਥਣੀਂ ਬੈਠੀ ਹੋਈ ਸੀ..ਬ੍ਰੇਕ ਲਾ ਲਈ..ਉਸਦਾ ਬੱਚਾ ਸ਼ਾਇਦ ਪਹਿਲੋਂ ਲੰਘੀ ਕਿਸੇ ਗੱਡੀ ਨਾਲ ਵੱਜ ਕੇ ਮਰ ਗਿਆ ਸੀ..ਆਪਣੀ ਸੁੰਢ ਉੱਪਰ ਚੁੱਕਦੀ ਹੋਈ ਖਲੋਤੀ ਗੱਡੀ ਵੱਲ ਭੱਜੀ ਆਈ ਤੇ ਟੱਕਰਾਂ ਮਾਰਨ ਲੱਗ ਗਈ..!
ਮੈਂ ਤੇ ਮੇਰਾ ਅਸਿਸਟੈਂਟ ਡਰਾਈਵਰ ਮਗਰ ਵਾਲੇ ਪਾਸੇ ਬਣੇ ਕੋਲੇ ਵਾਲੇ ਵੱਡੇ ਚੈਂਬਰ ਵਿਚ ਜਾ ਵੜੇ..ਨੀਮ ਪਾਗਲ ਹੋ ਗਈ ਦੀਆਂ ਅੱਖਾਂ ਵਿਚ ਹੰਜੂ ਸਨ..ਕਦੀ ਸੁੰਢ ਉੱਪਰ ਚੁੱਕ ਲੈਂਦੀ..ਕਦੇ ਉਚੀ ਸਾਰੀ ਦਹਾੜਦੀ ਹੋਈ ਫੇਰ ਮਰੇ ਪਏ ਕੋਲ ਜਾ ਉਸਨੂੰ ਸੁੰਘਦੀ..ਉਸਦੇ ਨਾਲ ਲੰਮੀ ਪੈ ਜਾਂਦੀ..ਇੱਕ ਵੇਰ ਫੇਰ ਖਲੋਤੇ ਹੋਏ ਇੰਝਣ ਕੋਲ ਆ ਟੱਕਰਾਂ ਮਾਰਨ ਲੱਗ ਜਾਂਦੀ..ਇੰਝ ਇਹ ਵਰਤਾਰਾ ਕਿੰਨਾ ਚਿਰ ਚੱਲਦਾ ਰਿਹਾ..!
ਫੇਰ ਜੰਗਲ ਵਿਚੋਂ ਹਾਥੀਆਂ ਦਾ ਇੱਕ ਵੱਡਾ ਝੁੰਡ ਆਇਆ..ਝੁੰਡ ਵਿਚ...
ਕੁਝ ਛੋਟੇ ਬੱਚੇ ਵੀ ਸਨ..ਉਹ ਆਪਣੇ ਥਾਂ ਤੋਂ ਉੱਠੀ..ਝੁੰਡ ਵਿਚ ਆਏ ਇੱਕ ਛੋਟੇ ਬੱਚੇ ਨੂੰ ਸੁੰਘਿਆ..ਪਿਆਰ ਕੀਤਾ..ਉਸਦੇ ਦਵਾਲੇ ਘੁੰਮੀਂ..ਫੇਰ ਆਪਣੇ ਮਰੇ ਹੋਏ ਨੂੰ ਓਥੇ ਛੱਡ ਝੁੰਡ ਨਾਲ ਜੰਗਲ ਵਿਚ ਗਵਾਚ ਗਈ..ਸ਼ਾਇਦ ਹਕੀਕਤ ਸਮਝ ਚੁਕੀ ਸੀ ਕੇ ਹੁਣ ਇਸਨੇ ਕਦੀ ਨਹੀਂ ਉੱਠਣਾ!
ਮੈਂ ਉਸ ਟਾਈਮ ਬਾਰੇ ਸੋਚ ਰਿਹਾਂ ਸਾਂ ਜਦੋਂ ਘਰੋਂ ਦਿਹਾੜੀਆਂ ਲਾਉਣ ਗਏ ਫੇਰ ਮੁੜ ਕਦੇ ਘਰ ਨਹੀਂ ਸਨ ਪਰਤੇ!
ਓਹਨਾ ਦੀਆਂ ਮਾਵਾਂ ਪਤਾ ਨਹੀਂ ਕਿਹੜੇ ਇੰਝਣ ਨੂੰ ਟੱਕਰਾਂ ਮਾਰਦੀਆਂ ਹੋਣੀਆਂ..ਸ਼ਾਇਦ ਓਹਨਾ ਥਾਣਿਆਂ ਅਤੇ ਪੁੱਛਗਿੱਛ ਕੇਂਦਰਾਂ ਦੀਆਂ ਬਾਹਰਲੀਆਂ ਕੰਧਾਂ ਨਾਲ ਟੱਕਰਾਂ ਮਾਰ ਘਰੇ ਮੁੜ ਜਾਂਦੀਆਂ ਹੋਣੀਆਂ ਜਿਥੇ ਅਖੌਤੀ ਪੁੱਛਗਿੱਛ ਲਈ ਅੰਦਰ ਖੜੇ ਫੇਰ ਮੁੜ ਕਦੇ ਬਾਹਰ ਨਹੀਂ ਸਨ ਆ ਸਕੇ!
ਹਰਪ੍ਰੀਤ ਸਿੰਘ ਜਵੰਦਾ