ਕਹਾਣੀ – ਇਸ਼ਕ-ਜ਼ਾਦੇ
ਮੁੱਖ ਪਾਤਰ – ਜੋਸ਼
ਰੂਹੀ
ਕਿਸ਼ਤ ਨੰਬਰ – 7
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
7
ਪਿਛਲੀ ਕਿਸ਼ਤ ਵਿੱਚ ਆਪਾਂ ਪੜਿਆ ਕਿ ਸੁੱਖਾ ਅਤੇ ਤੇਜਬੀਰ ਵਿਰਕ ਇਕ ਖੰਡਰ ਨੁਮਾ ਜਗਾ ਵਿੱਚ ਮਿਲਦੇ ਹਨ। ਇਸ ਖੰਡਰ ਵਿੱਚ ਖੜਾ ਸੁੱਖਾ ਯਾਦ ਕਰਦਾ ਹੈ ਜਦੋਂ ਇਕ ਵਾਰ ਓਹ ਅਤੇ ਸੋਨੀ ਮਠਾੜੂ ਹਥਿਆਰ ਲੈਣ ਲਈ ਇੱਥੇ ਆਏ ਸਨ ਤਾਂ ਜੱਗੀ ਰੰਧਾਵਾ ਦੇ ਬੰਦਿਆ ਨੇ ਸੁੱਖੇ ਅਤੇ ਸੋਨੀ ਉਪਰ ਹਮਲਾ ਕਰ ਦਿੱਤਾ ਸੀ।
ਸੁੱਖੇ ਅਤੇ ਸੋਨੀ ਨੇ ਤਕੜੇ ਹੋ ਕੇ ਮੁਕਾਬਲਾ ਕੀਤਾ ਪਰ ਸੋਨੀ ਦੇ ਗੋਲੀ ਲੱਗ ਗਈ ਸੀ। ਸੁੱਖੇ ਨੂੰ ਸਪੋਰਟ ਸੀ ਸ਼ਲਿੰਦਰ ਭਦੌੜ ਦੀ। ਓਹ ਹੀ ਸੁੱਖੇ ਨੂੰ ਹਰ ਕਾਨੂੰਨੀ ਮੱਦਦ ਦਿੰਦਾ ਸੀ। ਜਦੋਂ ਵੀ ਵਿਰਕ ਨੇ ਸੁੱਖੇ ਨੂੰ ਫੜਨਾ ਚਾਹਿਆ ਸੀ ਤਾਂ ਭਦੌੜ ਨੇ ਹੀ ਸੁੱਖਾ ਬਚਾਇਆ ਸੀ। ਭਦੌੜ ਇਕ ਤਰਾਂ ਨਾਲ ਸੁੱਖੇ ਨੂੰ ਪਾਲ ਰਿਹਾ ਸੀ।
ਰੂਹੀ ਨੂੰ ਸੁੱਖੇ ਨੇ ਆਪਣਾ ਨੰਬਰ ਦਿੱਤਾ ਸੀ ਪਰ ਰੂਹੀ ਨੇ ਫੋਨ ਨਹੀਂ ਸੀ ਕੀਤਾ ਸੁੱਖੇ ਨੂੰ। ਇਧਰ ਸੁੱਖਾ ਵੀ ਆਪਣੇ ਕੰਮਾਂ ਵਿੱਚ ਉਲਝਿਆ ਪਿਆ ਸੀ ਜਿਸ ਕਰਕੇ ਉਸਨੇ ਵੀ ਰੂਹੀ ਨੂੰ ਕੋਈ ਫੋਨ ਨਾ ਕੀਤਾ। ਦੋਵਾਂ ਨੂੰ ਮਿਲੇ ਹੋਏ ਮਹੀਨੇ ਤੋਂ ਉਪਰ ਹੋ ਗਿਆ ਸੀ।
“ਤੈਨੂੰ ਮੈਂ ਕਿੰਨੀ ਵਾਰ ਕਿਹਾ ਆਪਣਾ ਇਹ ਛੂਹਣ ਛੂਹਾਈ ਦਾ ਖੇਡਾ ਬੰਦ ਕਰ ਦੇ ਜੱਗੀ ਨਾਲ!! ਤੂੰ ਹੱਟਦਾ ਕਿਓਂ ਨੀ!!!?” ਸ਼ਲਿੰਦਰ ਭਦੌੜ ਨੇ ਸੁੱਖੇ ਨੂੰ ਕਿਹਾ।
“ਮੈਂ ਓਥੇ ਆਪਣੇ ਹਥਿਆਰਾਂ ਦੀ ਡਲੀਵਰੀ ਲੈਣ ਗਿਆ ਸੀ! ਮੈਨੂੰ ਭੈਣ!@ ਕੀ ਪਤਾ ਕਿ ਓਥੇ ਜੱਗੀ ਰੰਧਾਵਾ ਦੇ ਬੰਦਿਆ ਨੇ ਮੇਰੇ ਤੇ ਹਮਲਾ ਕਿਓਂ ਕੀਤਾ!? ਮਠਾੜੂ ਦੇ ਗੋਲੀ ਲੱਗੀ ਆ ਹਿਸਾਬ ਤਾਂ ਸਾਲੇ ਨੂੰ ਦੇਣਾ ਪੈਣਾ!!” ਸੁੱਖਾ ਬੋਲਿਆ।
“ਮੈਂ ਸੁੱਖੇ ਇੰਨਾ ਕਾਬੂ ਨੀ ਕਰ ਸਕਦਾ ਤੇਰਾ ਪਾਇਆ ਖਿਲਾਰਾ!! ਮੰਤਰੀ ਮੈਂ ਨੀ!! ਸੁਰਜਣ ਸਿੰਘ ਆ ਸੁਰਜਣ ਸਿੰਘ!!! ਓਨੂੰ ਸਾਲੇ ਨੂੰ ਕਿਸੇ ਤਰਾਂ ਲਾਹ ਕੇ ਤੇ ਮੈਂ ਬਹਿਣਾ ਗੱਦੀ ਤੇ!! ਕੁੱਛ ਕਰ ਓਦੇ ਬਾਰੇ!!!” ਸਲਿੰਦਰ ਭਦੌੜ ਬੋਲਿਆ।
“ਸਭ ਕੁੱਛ ਬੰਦ!! ਅੱਜ ਤੋਂ ਹਰ ਕੰਮ ਬੰਦ!! ਸਾਲੇ ਜੱਗੀ ਦੀ ਪਿੱਠ ਲਾਉਣੀ ਆ ਪਹਿਲਾਂ!!” ਸੁੱਖਾ ਗਰਮ ਹੋਇਆ ਸੀ।
ਇਸੇ ਵੇਲੇ ਸੁੱਖੇ ਦਾ ਫੋਨ ਵੱਜਿਆ। ਉਸਨੇ ਫੋਨ ਚੱਕਿਆ।
“ਹੈਲੋ!! ਕੌਣ ਆ!!!?” ਸੁੱਖਾ ਉਚੀ ਆਵਾਜ ਵਿੱਚ ਬੋਲਿਆ।
“ਹਾਂਜੀ। ਮੈਂ ਬੋਲਦੀ ਆ”। ਪਿਛਲੀ ਆਵਾਜ ਰੂਹੀ ਦੀ ਸੀ।
“ਹਾਂਜੀ ਕੌਣ ਬੋਲਦਾ?” ਸੁੱਖਾ ਇਕਦਮ ਠੰਡਾ ਹੋ ਗਿਆ।
“ਰੂਹੀ”।
ਸੁੱਖਾ ਇਕਦਮ ਸੁੰਨ ਪੈ ਗਿਆ। ਉਸਨੂੰ ਸਮਝ ਹੀ ਨਾ ਆਵੇ ਕਿ ਕੀ ਗੱਲ ਕਰੇ। ਉਸਦਾ ਚੜਿਆ ਪਾਰਾ ਇਕਦਮ ਹੌਲਾ ਹੋ ਗਿਆ।
“ਪਛਾਣਿਆ ਨੀ ਲੱਗਦਾ”। ਰੂਹੀ ਬੋਲੀ, “ਕੁੜੀਆਂ ਦੇ ਕਾੱਲਜ ਤਾਂ ਓਦਣ ਬੜਾ ਸ਼ੇਰ ਬਣਿਆ ਘੁੰਮਿਆ ਫਿਰਦਾ ਸੀ ਸੁੱਖੇ”। ਰੂਹੀ ਬੋਲੀ।
“ਮੈਨੂੰ ਕਿਹੜਾ ਰੋਕਲੂ ਕਿਤੇ ਜਾਣ ਤੋਂ! ਮੁੰਡਿਆਂ ਦੇ ਕਾੱਲਜ ਹੱਡ ਲਛਕਾਈਦੇ ਸੀ ਤੇ ਚੀਕਾਂ ਕੁੜੀਆਂ ਦੇ ਕਾੱਲਜ ਤੱਕ ਸੁਣਦੀਆਂ ਸੀ!” ਸੁੱਖਾ ਆਪਣੇ ਰੰਗ ਵਿੱਚ ਆ ਗਿਆ ਸੀ, “ਪ੍ਰਧਾਨਗੀ ਰਹੀ ਆ ਮੇਰੇ ਕੋਲ ਤਿੰਨ ਸਾਲ ਤੱਕ ਸਟੂਡੈਂਟ ਯੂਨੀਅਨ ਦੀ!”
“ਤੂੰ ਮੁੰਡਿਆਂ ਦੇ ਕਾੱਲਜ ਦਾ ਪ੍ਰਧਾਨ ਰਿਹਾ ਸੀ ਤੇ ਮੈਂ ਇਸ ਵਾਰ ਕੁੜੀਆਂ ਦੇ ਕਾੱਲਜ ਦੀਆਂ ਵੋਟਾਂ ਚ ਖੜੀ ਹੋਣ ਲੱਗੀ ਆ। ਮੈਂ ਸੋਚਦੀ ਸੀ ਤੂੰ ਮੈਨੂੰ ਫੋਨ ਤਾਂ ਕੀਤਾ ਨੀ! ਮਹੀਨਾ ਹੋ ਗਿਆ”।
“ਨੰਬਰ ਤੈਨੂੰ ਮੈਂ ਆਪਣਾ ਦੇਕੇ ਗਿਆ ਸੀ। ਤੂੰ ਓਧਰੋਂ ਫੋਨ ਨੀ ਲਾਇਆ ਤੇ ਮੈਂ ਸੋਚਿਆ ਪਤਾ ਨੀ ਕੁੜੀ ਇੰਨਟਰਸਟਿਡ ਨੀ ਹੋਣੀ” ਸੁੱਖਾ ਬੋਲਿਆ।
“ਮੈਂ ਤਾਂ ਤੇਰੇ ਫੋਨ ਨੂੰ ਉਡੀਕੀ ਜਾਂਦੀ ਸੀ। ਜਾਂਦਾ ਹੋਇਆ ਤਾਂ ਬੜੀ ਟੌਰ ਨਾਲ ਕਹਿਕੇ ਗਿਆ ਸੀ ਅਖੇ ਨੰਬਰ ਛੱਡ ਡੇਟ ਔਫ ਬਰਥ ਵੀ ਪਤਾ ਕਰਾਲੂੰ। ਮੈਂ ਕਿਹਾ ਖੌਰੇ ਮੁੰਡਾ ਹੋਵੇ ਕਿਸੇ ਕੰਮ ਦਾ! ਪਤਾ ਕਰਾ ਈ ਲਵੇ! ਪਰ ਚੰਦਰਿਆ ਮੇਰਾ ਤਾਂ ਪਿਛਲੇ ਹਫਤੇ ਬਰਥਡੇ ਵੀ ਨਿਕਲ ਗਿਆ!” ਰੂਹੀ ਬੋਲੀ।
“ਲੈ! ਇਹ ਤਾਂ ਫੇਰ ਮੇਰਾ ਇੰਮਪਰੇਸ਼ਨ ਮਾੜਾ ਈ ਪੈ ਗਿਆ!” ਸੁੱਖਾ ਬੋਲਿਆ, “ਤੂੰ ਵੇਟ ਕਰ! ਮੈਂ ਹੁਣੇ ਆਇਆ ਤੇਰੇ ਕਾੱਲਜ!”
“ਮੈਂ ਵੇਟ ਕਰ ਰਹੀ ਆ”। ਰੂਹੀ ਬੋਲੀ।
ਜਿਓਂ ਹੀ ਰੂਹੀ ਨੇ ਫੋਨ ਕੱਟਿਆ ਤਾਂ ਪਿੱਛਿਓਂ ਕਿਸੇ ਨੇ ਉਸਨੂੰ ਜੋਰ ਦੇਣੀ ਧੱਕਾ ਮਾਰਿਆ ਅਤੇ ਫਿਰ ਉਸਦੇ ਚਿਹਰੇ ਤੇ ਕਾਲਾ ਕੱਪੜਾ ਪਾ ਕੇ ਉਸਦੇ ਡੰਡੇ ਤੇ ਹਾੱਕੀਆ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ...
ਬਹੁਤ ਕੁੱਟਿਆ। ਚਾਰ-ਪੰਜ ਕੁੜੀਆਂ ਸਨ। ਫਿਰ ਓਹ ਭੱਜ ਗਈਆਂ। ਰੂਹੀ ਉਸੇ ਤਰਾਂ ਲੇਟੀ ਰਹਿ ਗਈ।
ਚਾਂਦਨੀ ਦੂਰੋਂ ਭੱਜਦੀ ਹੋਈ ਆਈ। ਉਸਨੇ ਆ ਕੇ ਰੂਹੀ ਨੂੰ ਚੱਕਿਆ। ਰੂਹੀ ਦੇ ਖੂਨ ਨਿੱਕਲ ਆਇਆ ਸੀ।
ਸੁੱਖਾ ਕਾੱਲਜ ਪਹੁੰਚਿਆ ਤਾਂ ਦਰਵਾਜੇ ਦੇ ਬਾਹਰ ਹੀ ਉਸਨੂੰ ਤੇਜਬੀਰ ਸਿੰਘ ਵਿਰਕ ਮਿਲ ਗਿਆ।
“ਵਿਰਕ ਸਾਹਬ!! ਬਈ ਸ਼ੇਰ ਬੰਦਾ ਯਾਰ ਤੂੰ! ਨਈ ਟਲਦਾ ਨਾ! ਤੂੰ ਮੇਰੇ ਰਸਤੇ ਚ ਆਓਣੋ ਨਹੀਂ ਹੱਟਦਾ!” ਸੁੱਖਾ ਬੋਲਿਆ।
“ਤੂੰ ਲੱਗਦਾ ਆਵਦਾ ਜੈਂਡਰ ਬਦਲਵਾ ਲਿਆ ਹੈ ਸੁੱਖੇ! ਅਪਰੇਸ਼ਨ ਅਪਰੂਸ਼ਨ ਕਰਵਾ ਕੇ ਕਿਤੇ ਕੁੜੀ ਤਾਂ ਨੀ ਬਣ ਗਿਆ!? ਇਹ ਕੁੜੀਆਂ ਦਾ ਕਾੱਲਜ ਆ! ਐਥੇ ਤੇਰਾ ਕੋਈ ਕੰਮ ਨੀ। ਚੱਲ ਭੱਜ ਐਥੋਂ!” ਵਿਰਕ ਨੇ ਕਿਹਾ।
“ਦੇਖਲਾ ਏ.ਸੀ.ਪੀ! ਜੇ ਕਿਤੇ ਮੈਂ ਕੱਠ ਕਰ ਲਿਆ ਸਟੂਡੈਂਟਾ ਦਾ ਤਾਂ ਓਨਾ ਨੇ ਤੇਰੀ ਪੁਲਸ ਦੇ ਸਰੀਰਾਂ ਤੇ ਡੈਂਟ ਪਾ ਦੇਣੇ ਆ! ਜਾਣਦਾ ਨਾ ਕਿੰਨਾ ਮੁੰਡਾ ਮੇਰੇ ਪਿੱਛੇ!?” ਸੁੱਖੇ ਨੇ ਵਿਰਕ ਨੂੰ ਕਿਹਾ।
“ਫੜੋ ਓਏ ਇਨੂੰ!!! ਡੱਕੋ ਹਵਾਲਾਤ ਚ!! ਦੇਖੀਏ ਕਿੰਨਾ ਕੁ ਮੁੰਡਾ ਇਦੇ ਮਗਰ!!” ਵਿਰਕ ਬੋਲਿਆ।
ਵਿਰਕ ਨਾਲ ਖੜੇ ਮੁਲਾਜਮਾਂ ਨੇ ਸੁੱਖੇ ਨੂੰ ਫੜ ਲਿਆ। ਵਿਰਕ ਪਹਿਲਾਂ ਵੀ ਦੋ ਵਾਰ ਸੁੱਖਾ ਕਾਹਲੋਂ ਨੂੰ ਗ੍ਰਿਫਤਾਰ ਕਰ ਚੁੱਕਿਆ ਸੀ। ਪਰ ਸ਼ਲਿੰਦਰ ਭਦੌੜ ਹਮੇਸ਼ਾ ਸੁੱਖੇ ਨੂੰ ਛੁਡਾ ਲਿਆ ਕਰਦਾ ਸੀ।
“ਇਸੇ ਤਰਾਂ ਕਦੇ ਜੱਗੀ ਰੰਧਾਵਾ ਨੂੰ ਵੀ ਹੱਥ ਪਾ ਕੇ ਦਿਖਾ ਵਿਰਕ!! ਓਨੂੰ ਹੱਥ ਪਾਓਣ ਦੀ ਤੇਰੀ ਹਿੰਮਤ ਨੀ!! ਕਿਓਂਕਿ ਓਦਾ ਸਾਲੇ ਦਾ ਤੂੰ ਦਿੱਤਾ ਖਾਨਾ!!” ਸੁੱਖੇ ਨੇ ਗੁੱਸੇ ਵਿੱਚ ਕਿਹਾ।
“ਓਏ!!” ਗਰਮ ਹੋਏ ਵਿਰਕ ਨੇ ਸੁੱਖੇ ਦੇ ਥੱਪੜ ਮਾਰਿਆ।
ਸੁੱਖੇ ਨੇ ਵੀ ਵਿਰਕ ਦਾ ਗਿਰੇਬਾਨ ਫੜ ਲਿਆ। ਕੁੱਛ ਹੀ ਦੇਰ ਵਿੱਚ ਓਥੇ ਕਾੱਲਜ ਦਾ ਹਜਾਰ ਤੋਂ ਉਪਰ ਮੁੰਡਾ ਇਕੱਠਾ ਹੋ ਗਿਆ। ਤਰਲੋਚਨ ਕਾੱਲਜ ਕੁੜੀਆਂ ਲਈ ਅਤੇ ਮੁੰਡਿਆਂ ਲਈ ਦੋਵੇਂ ਥੋੜੀ ਦੂਰੀ ਤੇ ਹੀ ਬਣੇ ਹੋਏ ਸਨ।
ਵਿਰਕ ਦਾ ਲੰਘਣਾ ਹੁੱਣ ਔਖਾ ਸੀ। ਹੁੱਣ ਓਹ ਕਿਸੇ ਪਾਸੇ ਜਾ ਨਹੀਂ ਸੀ ਸਕਦਾ। ਉਸਨੇ ਫੋਨ ਕਰ ਕੇ ਫੋਰਸ ਵੀ ਮੰਗਵਾਈ ਪਰ ਮੁੰਡਾ ਇੰਨਾ ਇਕੱਠਾ ਹੋ ਗਿਆ ਸੀ ਕਿ ਕੋਈ ਕੁੱਛ ਨਹੀਂ ਸੀ ਕਰ ਸਕਦਾ।
“ਹੁੱਣ ਬੋਲ ਵਿਰਕ! ਕੀ ਕਰੇਂਗਾ? ਥੱਪੜ ਮਾਰਨਾ ਮੈਂ ਤੇਰੇ! ਮੂੰਹ ਤੇ! ਕਰਾਰਾ ਜਿਆ! ਫੇਰ ਈ ਜਾਣ ਦਵੂੰ ਤੈਨੂੰ ਐਥੋਂ!” ਸੁੱਖਾ ਕਾਹਲੋਂ ਬੋਲਿਆ।
“ਸੁੱਖੇ ਬਾਈ!” ਪਿੱਛਿਓਂ ਇਕ ਆਵਾਜ਼ ਆਈ।
ਸੁੱਖੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਲੜਕਾ ਖੜਾ ਸੀ। ਐਨਕਾਂ ਲਗਾਈਆਂ ਹੋਈਆਂ ਤੇ ਵਾਲ ਚੀਰ ਕੱਢ ਕੇ ਵਾਹੇ ਹੋਏ। ਪੜਾਕੂ ਜਿਹਾ ਲੱਗਦਾ ਸੀ ਦੇਖਣ ਨੂੰ! ਸੁੱਖੇ ਨੇ ਦੇਖਿਆ ਤੇ ਸੋਚਿਆ ਕਿ ਇਹ ਕੌਣ ਆ?
“ਜਸਨੂਰ ਸਿੰਘ ਆ ਬਾਈ ਮੇਰਾ ਨਾਮ”। ਕਹਿੰਦੇ ਹੋਏ ਉਸਨੇ ਸੁੱਖੇ ਦੇ ਪੈਰੀਂ ਹੱਥ ਲਾਇਆ।
“ਸੁੱਖਾ ਬਾਈ ਜਿੰਦਾਬਾਦ!!!” ਜਸਨੂਰ ਬੋਲਿਆ।
ਉਸਦੇ ਪਿੱਛੇ ਸਾਰੀ ਭੀੜ ਬੋਲ ਪਈ,
“ਸੁੱਖਾ ਬਾਈ ਜਿੰਦਾਬਾਦ!!!”
ਸੁੱਖਾ ਹੈਰਾਨੀ ਨਾਲ ਜਸਨੂਰ ਵੱਲ ਦੇਖੀ ਜਾਵੇ। ਜਸਨੂਰ ਨੇ ਸੁੱਖੇ ਵੱਲ ਦੇਖਿਆ।
“ਹੁੱਣ ਦੱਸ ਬਾਈ! ਕੀ ਕੀਤਾ ਇਸ ਪੁਲਸ ਵਾਲੇ ਨੇ!? ਹੱਥ ਚੱਕਿਆ ਤੁਹਾਡੇ ਤੇ ਹਨਾ!”। ਬੱਸ ਇੰਨਾ ਕਹਿਣ ਦੀ ਦੇਰ ਸੀ ਕਿ ਜਸਨੂਰ ਨੇ ਖਿੱਚ ਕੇ ਇਕ ਥੱਪੜ ਆਪਣੇ ਪਿਓ ਤੇਜਬੀਰ ਵਿਰਕ ਦੇ ਮਾਰ ਦਿੱਤਾ।
“ਹਰਾਮਜਾਦਿਆ!!!” ਵਿਰਕ ਨੇ ਜਸਨੂਰ ਨੂੰ ਫੜ ਕੇ ਢਾਅ ਲਿਆ।
ਪਰ ਮੁਲਾਜਮਾਂ ਨੇ ਵਿਰਕ ਨੂੰ ਫੜ ਕੇ ਪਿੱਛੇ ਕੀਤਾ।
“ਮੈਂ ਤੇਰਾ ਪਿਓ ਆ ਪਿਓ ਕੁੱਤਿਆ!!!” ਵਿਰਕ ਜਸਨੂਰ ਵੱਲ ਦੇਖ ਕੇ ਚੀਕਿਆ।
“ਤੇ ਸੁੱਖਾ ਸਾਡਾ ਬਾਈ ਆ ਬਾਈ!!! ਜਿਹੜਾ ਸੁੱਖੇ ਬਾਈ ਖਿਲਾਫ ਓਹ ਸਾਡਾ ਕੁੱਛ ਨੀ ਲੱਗਦਾ!!!” ਜਸਨੂਰ ਕਹਿੰਦਾ ਹੋਇਆ ਫੇਰ ਤਾਂ ਆਪਣੇ ਹੀ ਪਿਓ ਤੇ ਝਪਟ ਪਿਆ।
ਸੁੱਖਾ ਇਹ ਦੇਖ ਕੇ ਬੜਾ ਹੈਰਾਨ ਹੋਇਆ। ਫਿਰ ਮੁਲਾਜਮ ਦੋਬਾਰਾ ਤੋਂ ਦੋਵੇਂ ਪਿਓ ਪੁੱਤਰ ਨੂੰ ਛੁਡਾਓਣ ਲੱਗੇ। ਸੁੱਖਾ ਬੜਾ ਖੁੱਸ਼ ਹੋਇਆ ਕਿ ਉਸਦੀ ਇੰਨੀ ਇੱਜਤ ਹੈ ਮੰਡੀਰ ਚ ਵਈ ਇਕ ਪੁੱਤ ਆਪਣੇ ਪਿਓ ਤੇ ਹੱਥ ਚੱਕ ਸਕਦਾ ਹੈ!
ਮੁਲਾਜਮ ਵਿਰਕ ਨੂੰ ਓਥੋਂ ਲੈ ਗਏ ਅਤੇ ਜਸਨੂਰ ਸੁੱਖੇ ਨਾਲ ਖੜਾ ਉੱਚੀ-ਉੱਚੀ ਬੋਲਦਾ ਰਿਹਾ,
“ਸੁੱਖਾ ਬਾਈ!! ਜਿੰਦਾਬਾਦ! ਸੁੱਖਾ ਕਾਹਲੋਂ ਜਿੰਦਾਬਾਦ!!!”
“ਕੀ ਨਾਮ ਦੱਸਿਆ ਸੀ ਤੂੰ ਆਵਦਾ?” ਸੁੱਖੇ ਨੇ ਜਸਨੂਰ ਨੂੰ ਪੁੱਛਿਆ।
“ਜਸਨੂਰ … ਬਾਈ ਸੁੱਖੇ! ਮੇਰਾ ਨਾਮ ਜਸਨੂਰ ਆ! ਪਿਆਰ ਨਾਲ ਯਾਰ ਦੋਸਤ ਮੈਨੂੰ ਜੋਸ਼ ਕਹਿੰਦੇ ਆ! ਜੋਸ਼!”
ਬਾਕੀ ਅਗਲੀ ਕਿਸ਼ਤ ਵਿੱਚ ਜੀ
ਲੇਖਕ- ਗੁਰਪ੍ਰੀਤ ਸਿੰਘ ਭੰਬਰ ਵੱਲੋਂ