ਮੈਂ ਸ਼ਾਇਦ ਪੰਜਵੀਂ ਛੇਵੀਂ ਕਲਾਸ ਚ ਪੜ੍ਹਦਾ ਸੀ ।ਪੇਂਡੂ ਮਹੌਲ ਹੋਣ ਕਰਕੇ ਸਾਡੇ ਘਰ ਚ’ ਦਾਰੂ ਪਿਆਲਾ ਆਮ ਈ ਚਲਦਾ ਰਹਿੰਦਾ ਸੀ ।ਹਮੇਸ਼ਾਂ ਦੀ ਤਰ੍ਹਾਂ ਸਾਡੇ ਘਰਦੇ ਵੱਡੇ ਦਾਰੂ ਪੀਕੇ ਲੜ ਪਏ, ਰਹਿੰਦੇ ਤਾਂ ਪਹਿਲਾਂ ਈ ਅਲੱਗ ਅਲੱਗ ਘਰਾਂ ਚ’ ਸੀ ਪਰ ਵਿਚਾਲ਼ੇ ਕੋਈ ਕੰਧ ਨੀਂ ਸੀ ।ਇਸ ਵਾਰ ਲੜਾਈ ਐਨੀਂ ਗੰਭੀਰ ਸੀ ਕਿ ਵੱਡਿਆਂ ਨੇਂ ਦੋ ਘਰਾਂ ਦੇ ਵਿਚਕਾਰ ਕੰਧ ਕੱਢਣ ਦਾ ਫ਼ੈਸਲਾ ਕਰ ਲਿਆ। ਇੱਟਾਂ ਆਈਆਂ ਮਿਸਤਰੀ ਲੱਗਿਆ ਤੇ ਕੰਧ ਨਿੱਕਲ਼ੀ ।ਬਾਹਰੋਂ ਇੱਕ ਦਿਸਣ ਆਲ਼ਾ ਘਰ ਹੁਣ ਦੋ ਘਰਾਂ ਚ’ ਵੰਡਿਆ ਗਿਆ ।ਛੋਟੇ ਬੱਚੇ ਹੋਣ ਕਰਕੇ ਕਿਸੇ ਨੂੰ ਕੁਛ ਨਾਂ ਕਹਿ ਸਕਣਾ ਪਰ ਦੋਨਾਂ ਘਰਾਂ ਦੇ ਦੂਜੇ ਮੈਂਬਰ (ਮੁਖੀਆਂ ਨੂੰ ਛੱਡਕੇ) ਇੱਕ ਦੂਜੇ ਨਾਲ਼ ਕੰਧਾਂ ਉਹਲੇ ਖੜ੍ਹ ਕੇ ਗੱਲ ਬਾਤ ਕਰ ਲੈਂਦੇ ।
ਹੌਲ਼ੀ ਹੌਲ਼ੀ ਸਮਾ ਬੀਤਿਆ, ਵਿੱਚ ਰਿਸ਼ਤੇਦਾਰ ਪਏ ਤੇ ਸਾਡੇ ਦਾਦਾ ਜੀ ਦਾ ਜਿੰਨਾਂ ਕੁ ਜ਼ੋਰ ਚੱਲਿਆ ਉਹਨਾਂ ਨੇਂ ਖੂੰਡੀ ਖੜਕਾਈ ਤੇ ਕੱਢੀ ਹੋਈ ਕੰਧ ਵਿੱਚੋਂ ਦੋ...
ਢਾਈ ਫੁੱਟ ਚੌੜਾ ਦਰਵਾਜ਼ਾ ਨਿੱਕਲ਼ਿਆ। ਜਿੰਨਾਂ ਦੁੱਖ ਕੰਧ ਨਿੱਕਲ਼ਨ ਦਾ ਹੋਇਆ ਸੀ ਓਸਤੋਂ ਕਈ ਗੁਣਾ ਜ਼ਿਆਦਾ ਖੁਸ਼ੀ ਏਸ ਦੋ ਢਾਈ ਫੁੱਟ ਦੇ ਦਰਵਾਜ਼ੇ ਦੀ ਹੋਈ।ਪਰ ਹੁਣ ਵਿਹੜਾ ਇੱਕ ਨਹੀਂ ਸੀ ਘਰ ਵੀ ਸਾਡੇ ਆਲ਼ੇ ਪਾਸਿਓਂ ਚਾਚੇ ਦੇ ਘਰ ਨੂੰ “ਓਧਰਲਾ ਘਰ” ਤੇ ਚਾਚੇ ਦੇ ਘਰੋਂ ਸਾਡੇ ਘਰ ਨੂੰ “ਓਧਰਲਾ ਘਰ” ਕਿਹਾ ਜਾਣ ਲੱਗਿਆ ।ਕੰਧਾਂ ਲੱਖ ਢਹਿ ਜਾਣ ਦਰਵਾਜ਼ੇ ਨਿੱਕਲ਼ ਜਾਣ ਪਰ ਉਹ ਦਿਨ ਰਾਤਾਂ ਜੋ ਪਿਆਰ ਕਰਨ ਆਲ਼ਿਆਂ ਨੇਂ ਇੱਕ ਦੂਜੇ ਨਾਲ਼ ਬਿਤਾਉਣੇ ਹੁੰਦੇ ਨੇਂ ਉਹ ਕੋਈ ਨੀਂ ਮੋੜ ਸਕਦਾ।
ਮੇਰੇ ਖਿਆਲ ਚ ਕੰਧਾਂ ਜਿੰਨੀਆਂ ਚਾਹੋਂ ਓਨੀਆਂ ਕੱਢੋ ਪਰ ਦਰਵਾਜ਼ੇ ਦੀ ਤਜ਼ਵੀਜ ਪਹਿਲਾਂ ਰੱਖੋ ਤਾਂ ਕਿ ਕੰਧਾਂ ਦੇ ਦੋਨੇਂ ਪਾਸੇ ਰਹਿਣ ਆਲ਼ਿਆਂ ਦੇ ਮਨਾਂ ਚ’ ਨਾਂ ਕੋਈ ਕੰਧ ਹੋਵੇ ਤੇ ਨਾਂ ਦਰਵਾਜ਼ੇ ਦੀ ਲੋੜ ਪਵੇ।