ਮਿੰਨੀ ਕਹਾਣੀ ਸ਼ਿਕਾਇਤ
ਅਾਹ ਤਾਂ ਕਮਾਲ ਹੀ ਹੋ ਗਈ, ਜਿੱਥੇ ਜਾਓ ਉੱਥੇ ਹੀ ਰਿਸ਼ਵਤ । ਸਾਲਾ! ਰਿਸ਼ਵਤ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਹੁੰਦਾ । ਮੰਗਲ ਸਿਉ ਨੂੰ ਆਪਣੇ ਆਪ ਨਾਲ ਗੱਲਾਂ ਕਰਦੇ ਜਾਂਦੇ ਨੂੰ ਨੰਬਰਦਾਰ ਨੇ ਪੁੱਛਿਆ , ਕੀ ਗੱਲ ਹੋ ਗਈ ਮੰਗਲ ਸਿਆਂ !
ਗੱਲ ਕੀ ਨੰਬਰਦਾਰਾਂ ਦੋ ਕਿੱਲਿਆਂ ਤੇ ਲੋਨ ਲਿਆ ਦੋ ਲੱਖ ਪਹਿਲਾਂ ਬੈਂਕ ਮੈਨੇਜਰ ਸੱਤ ਹਜ਼ਾਰ ਰਿਸ਼ਵਤ ਲੈ ਗਿਆ । ਫਿਰ ਜਿਹੜੇ ਵਕੀਲ ਕੋਲ ਕਾਗਜ਼ ਬਣਾਉਣ ਭੇਜਿਆ ਦੱਸ ਹਜ਼ਾਰ ਉਸਨੂੰ ਦਿੱਤੇ, ਤਸੀਲਦਾਰ ਕੋਲ ਰਜਿਸਟਰੀ ਕਰਵਾਉਣ ਆਏ ਅੱਠ ਹਜ਼ਾਰ ਇਸ ਨੂੰ ਦਿੱਤੇ। ਬਾਹਰ ਦਸਖ਼ਤ ਅੰਗੂਠੇ ਲਾਉਣ ਵਾਲੇ ਨੇ ਚਾਰ ਸੌ ਰੁਪਏ ਲੈ ਲਏ । ਹੁਣ ਦੋ ਘੰਟਿਆਂ ਬਾਅਦ ਆਵਾਜ਼ ਮਾਰ ਕੇ ਕਾਗਜ਼ ਦੇਣ ਆਇਆ ਦੋ ਸੌ ਲੈ ਗਿਆ । ਹੱਦ ਹੋ ਗਈ ਸਭ ਨੇ ਖਾਣ ਤੇ...
ਲੱਕ ਬੰਨ੍ਹਿਆ , ਮੈਂ ਕਰਦਾ ਸਭ ਦੀ ਸ਼ਿਕਾਇਤ , ਕਿਸੇ ਨੂੰ ਤਾਂ ਪਹਿਲ ਕਰਨੀ ਹੀ ਪਊ ਕਹਿੰਦਾ ਮੰਗਲ ਸਿਉ ਸਾਹਮਣੇ ਲੱਗੀ ਪਲੇਟ ਦੇਖ ਕੇ ਰੁਕ ਗਿਆ , ਜਿਸ ਤੇ ਲਿਖਿਆ ਸੀ ‘ ਰਿਸ਼ਵਤ ਦੇਣਾ ਕਾਨੂੰਨਨ ਜੁਰਮ ਹੈ ਜੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਇੱਥੇ ਸ਼ਿਕਾਇਤ ਕਰੋ।’ ਮੰਗਲ ਸਿਉ ਕਾਲੇ ਸ਼ੀਸ਼ੇ ਦਾ ਦਰਵਾਜਾ ਧੱਕ ਕੇ ਅੰਦਰ ਵੜਿਆ ਤਾਂ ਸਾਹਮਣੇ ਬੈਠੇ ਅਫ਼ਸਰ ਨੂੰ ਦੇਖ ਕੇ ਉਸ ਨੂੰ ਧੱਕਾ ਜਿਹਾ ਲੱਗਾ । ਸਹਾਮਣੇ ਉਹੀ ਤਹਿਸੀਲਦਾਰ ਬੈਠਾ ਸੀ ਜਿਸ ਨੂੰ ਮੰਗਲ ਸਿਉ ਹੁਣੇ -ਹੁਣੇ ਅੱਠ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਆਇਆ ਸੀ ।
ਗੁਰਸੇਵਕ ਚੁੱਘੇ ਖੁਰਦ 9463259716