![](https://www.punjabidharti.com/wp-content/uploads/2020/05/stanka-kordic-paintings-4.png)
ਮੇਰੀ ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ..
ਕਾਰਨ ਉਸ ਵੱਲੋਂ ਮੇਰੀ ਹਰ ਗੱਲ ਵਿਚ ਨੁਕਸ ਕੱਢੀ ਜਾਣਾ..!
ਮੇਰੇ ਤਾਇਆਂ ਚਾਚਿਆਂ ਦੀਆਂ ਕੁੜੀਆਂ ਕਦ ਪੱਖੋਂ ਮੈਥੋਂ ਥੋਡੀਆਂ ਉੱਚੀਆਂ ਸਨ..ਵਿਆਹ ਮੰਗਣੇ ਤੇ ਹੋਏ ਇੱਕਠ ਵਿਚ ਮੇਰਾ ਪੰਜ ਫੁੱਟ ਦਾ ਕਦ ਬਿਨਾ ਵਜਾ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ..ਉਹ ਮੇਰੀ ਮਾਂ ਨੂੰ ਨਸੀਹਤਾਂ ਦਿੰਦੀ..ਇਸਨੂੰ ਉੱਚੀ ਅੱਡੀ ਪਵਾ ਕੇ ਤੋਰਿਆ ਕਰ..ਕੱਲ ਨੂੰ ਰਿਸ਼ਤਾ ਨਾ ਹੋਇਆ ਤਾਂ ਫੇਰ ਕੀ ਕਰੇਗੀ..!
ਮਾਂ ਮੈਨੂੰ ਕੁਝ ਆਖਦੀ ਤਾਂ ਮੈਂ ਅੱਗਿਓਂ ਉਸਨੂੰ ਬੁਰਾ ਭਲਾ ਆਖ ਦਿੰਦੀ..ਮੇਰਾ ਤਰਕ ਹੁੰਦਾ ਕੇ ਉਚੀ ਅੱਡੀ ਵਾਲੇ ਸੈਂਡਲ ਨਾਲ ਸਿਰ ਪੀੜ ਸ਼ੁਰੂ ਹੋ ਜਾਂਦੀ ਏ..!
ਇਸ ਮਗਰੋਂ ਮੈਂ ਇੱਕਠਾਂ ਤੇ ਜਾਣਾ ਥੋੜਾ ਘੱਟ ਕਰ ਦਿੱਤਾ..ਉੱਤੋਂ ਮੇਰੀ ਐੱਮ.ਫਿੱਲ ਦੀ ਪੜਾਈ..!
ਕਿਧਰੇ ਨਾ ਵੀ ਜਾਂਦੀ ਤਾਂ ਵੀ ਮੈਨੂੰ ਪਤਾ ਲੱਗ ਹੀ ਜਾਂਦਾ ਕੇ ਮੇਰਾ ਕਦ ਅਤੇ ਹੋਰ ਕਿੰਨੀਆਂ ਸਾਰੀਆਂ ਗੱਲਾਂ ਮੇਰੀ ਗੈਰਹਾਜਰੀ ਵਿਚ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ..!
ਫੇਰ ਕਾਲਜ ਵਿਚ ਲੱਗੀ ਨੌਕਰੀ..ਬਾਹਰਲੇ ਸ਼ਹਿਰਾਂ ਵਿਚ ਟਰੇਨਿੰਗ ਕੈਂਪ ਅਤੇ ਸੈਮੀਨਾਰ..ਮੇਰਾ ਕਦ ਕਦੀ ਵੀ ਗੌਲਿਆ ਤੱਕ ਨਹੀਂ ਗਿਆ..ਜੇ ਕੋਈ ਕਰਦਾ ਵੀ ਤਾਂ ਪ੍ਰਵਾਹ ਨਾ ਕਰਦੀ!
ਫੇਰ ਜਿਸ ਦਿਨ ਪਤਾ ਲੱਗਾ ਉਹ ਨਹੀਂ ਰਹੀ ਤਾਂ ਬੜਾ ਰੋਈ..
ਆਪਣੇ ਆਪ ਨਾਲ ਗਿਲਾ ਕੀਤਾ ਕੇ ਕਿਓਂ ਲੜਦੀ ਰਹਿੰਦੀ ਸਾਂ ਉਸ ਨਾਲ..ਫੇਰ ਉਸ ਤੇ ਵੀ ਗਿਲਾ ਆਇਆ ਕੇ ਉਸਨੇ ਮੇਰੇ ਨਾਲ ਕਿਓਂ ਬਣਾ ਕੇ ਨਹੀਂ ਰੱਖੀ..ਆਖਿਰ ਉਸਦਾ ਖੂਨ ਸਾਂ..ਹੱਡ ਮਾਸ ਦਾ ਲੋਥੜਾ ਸਾਂ..!
ਜਿਹੜਿਆਂ ਰਿਸ਼ਤਿਆਂ ਦਾ ਹਵਾਲਾ ਦੇ ਕੇ ਨਿੱਕੇ ਕਦ ਤੋਂ ਡਰਾਇਆ ਕਰਦੀ ਸੀ ਉਹ ਹੁਣ ਅੱਗੇ ਪਿੱਛੇ ਫਿਰਦੇ ਨੇ..ਅਕਸਰ ਸੋਚਦੀ ਹਾਂ ਕੇ ਕਿੰਨਾ ਪਿਆਰ ਕਰਦੀਆਂ ਨੇ ਦਾਦੀਆਂ ਨਾਨੀਆਂ..
ਫੇਰ ਸੋਚਦੀ ਹਾਂ ਕੇ ਸ਼ਾਇਦ ਉਸਦੇ ਕੋਲ ਮੇਰੇ ਵਰਗੇ ਹੋਰ ਕਿੰਨੇ ਸਾਰੇ ਬਦਲ ਸਨ..ਤਾਂ ਹੀ ਸ਼ਾਇਦ ਇੰਝ ਕਰਿਆ ਕਰਦੀ ਸੀ..ਪਰ ਹੁਣ ਕੀ ਹੋ ਸਕਦਾ..ਉਸਨੇ ਕਿਹੜਾ ਵਾਪਿਸ ਆਉਣਾ..ਸਦਾ ਲਈ ਤੁਰ ਗਈ ਏ..ਹਰੇਕ ਨੇ ਤੁਰ ਜਾਣਾ..ਜਵਾਨੀ ਵੇਲੇ ਇਸ ਗੱਲ ਦਾ ਇਹਸਾਸ ਨਹੀਂ ਹੁੰਦਾ ਪਰ ਮਗਰੋਂ ਇਹ ਹਕੀਕਤ ਸਾਫ ਹੁੰਦੀ ਜਾਂਦੀ ਏ!
ਅੱਜ ਮੇਰੀ ਧੀ ਦੇ ਅੱਗਿਓਂ ਧੀ ਹੋਈ ਏ..ਨਾਨੀ ਬਣ ਗਈ ਹਾਂ..ਉਸ ਵੱਲ ਵੇਖਦੀ ਰਹਿੰਦੀ ਹਾਂ..ਕਦੀ ਹੱਸਦੀ ਏ..ਕਦੀ ਰੋ ਪੈਂਦੀ ਏ..ਕਦੀ ਮੇਰੀ ਝੋਲੀ ਗਿੱਲੀ ਕਰ ਦਿੰਦੀ ਏ..ਹਰ ਚੀਜ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਹਾਂ..ਜੇ ਇਸਦੇ ਜਵਾਨ ਹੋਣ ਤੱਕ ਜਿਉਂਦੀ ਰਹੀ ਤਾਂ ਜਰੂਰ ਵਿਖਾਇਆ ਕਰਾਂਗੀ..
ਜੇ ਕਦੀ ਲੜ...
ਵੀ ਪਈ ਤਾਂ ਵੀ ਇਹ ਫੋਟੋਆਂ ਹੀ ਮੇਰਾ ਆਖਰੀ ਹਥਿਆਰ ਹੋਣਗੀਆਂ..
ਪਰ ਇਸ ਸਾਰੇ ਦੇ ਬਾਵਜੂਦ ਇੱਕ ਫੈਸਲਾ ਲਿਆ ਕੇ ਭਾਵੇਂ ਕਿੱਦਾਂ ਦੀ ਵੀ ਨਿੱਕਲੇ..ਗੋਰੀ ਕਾਲੀ ਨਿੱਕੀ ਵੱਡੀ ਮੋਟੀ ਪਤਲੀ..ਹਮੇਸ਼ਾਂ ਇਸਦਾ ਹੋਂਸਲਾ ਵਧਾਉਣਾ ਏ..ਹੱਲਾਸ਼ੇਰੀ ਦੇਣੀ ਏ..
ਤਕੜੀ ਹੋ ਕੇ ਪੜ..ਆਪਣੀ ਜਿੰਦਗੀ ਜੀ..ਇਹ ਸਿਰਫ ਇੱਕੋ ਵਾਰ ਮਿਲਦੀ ਏ..ਇੱਕ ਵਾਰ ਜਹਾਨੋ ਗਏ ਮੁੜ ਫੇਰ ਕਦੀ ਨਹੀਂ ਪਰਤਦੇ..ਬੱਸ ਮਗਰੇ ਛੱਡ ਜਾਂਦੇ ਨੇ..ਕਿੰਨੇ ਸਾਰੇ ਹੌਕੇ..ਗਿਲੇ-ਸ਼ਿਕਵੇ ਤੇ ਢੇਰ ਸਾਰੇ ਪਛਤਾਵੇ!
ਜਦੋਂ ਵੀ ਏਨੀ ਗੱਲ ਸੋਚਦੀ ਹਾਂ ਤੇ ਉਹ ਅਚਨਚੇਤ ਹੱਸ ਪੈਂਦੀ ਏ..ਇੰਝ ਲੱਗਦਾ ਸ਼ਾਇਦ ਆਖ ਰਹੀ ਹੋਵੇ..ਘਬਰਾ ਨਾ..ਮੈਨੂੰ ਥੋੜਾ ਵੱਡੀ ਹੋ ਲੈਣ ਦੇ..ਤੈਨੂੰ ਥੋੜੀ ਕੀਤਿਆਂ ਮਰਨ ਨਹੀਓਂ ਦਿੰਦੀ..ਇਹ ਮੇਰਾ ਕਰਾਰ ਰਿਹਾ..ਤੇਰੇ ਨਾਲ..ਚੰਨ ਤੇ ਚਰਖਾ ਕੱਤਦੀ ਧੌਲੇ ਝਾਟੇ ਵਾਲੀ ਨਾਨੀ ਨਾਲ!
ਸੋ ਦੋਸਤੋ ਕੁਦਰਤ ਨੇ ਬੰਦੇ ਦੀ ਫਿਦਰਤ ਕੁਝ ਇੰਝ ਦੀ ਸਿਰਜੀ ਹੈ ਕੇ ਜਦੋਂ ਕੋਈ ਬਾਹਰਲਾ ਉਸਦੇ ਵਜੂਦ ਵਿਚ ਕੋਈ ਨੁਕਸ ਕੱਢੇ ਤਾਂ ਉਹ ਕਿਸੇ ਤਰਾਂ ਜਰ ਲੈਂਦਾ ਏ ਪਰ ਜਦੋਂ ਬਹੁਤ ਨੇੜੇ ਦਾ ਕੋਈ ਆਪਣਾ ਬਿਨਾ ਵਜਾ ਹੀ ਉਸਦੀ ਜਮੀਰ ਤੇ ਚੋਬਾਂ ਲਾਉਂਦਾ ਏ ਤਾਂ ਨਿੱਕਾ ਜਿਹਾ ਕੰਡਾ ਵੀ ਸੂਲ ਬਣ ਸਿੱਧਾ ਦਿਲ ਵਿਚ ਹੀ ਖੁੱਬਦਾ ਏ..
ਫੇਰ ਐਸੀਆਂ ਚੀਸਾਂ ਉਠਦੀਆਂ ਨੇ ਕੇ ਬੰਦਾ ਜ਼ਹਿਰੀ ਨਾਗ ਬਣ ਹੋਰਾਂ ਨੂੰ ਡੱਸਨਾ ਸ਼ੁਰੂ ਕਰ ਦਿੰਦਾ ਏ..ਕਰਦਾ ਕੋਈ ਏ ਤੇ ਭੁਗਤਾਨ ਕਿਸੇ ਹੋਰ ਨੂੰ ਕਰਨਾ ਪੈਂਦਾ ਏ!
ਰੱਬ ਤੋਂ ਇਲਾਵਾ ਅਜੇ ਤੱਕ ਕੋਈ ਹੋਰ ਸਰਬ ਕਲਾ ਸੰਪੂਰਨ ਨਹੀਂ ਮੰਨਿਆ ਗਿਆ..
ਹਰੇਕ ਵਿਚ ਕੋਈ ਨਾ ਕੋਈ ਨੁਕਸ..ਕੋਈ ਨਾ ਕੋਈ ਕਮੀਂ..ਪਰ ਅਸਲ ਖੈਰ-ਖੁਵਾਹ ਉਹ ਜਿਹੜਾ ਦੂਜੇ ਨੂੰ ਕਮੀਆਂ ਨੁਕਸਾਂ ਸਣੇ ਗਲ਼ ਨਾਲ ਲਾਵੇ..
ਬੰਦੇ ਦਾ ਕੀ ਏ ਇਹ ਤਾਂ ਭਾਵੇਂ ਸਾਰੀ ਦਿਹਾੜੀ ਪੂਰੀ ਮੰਡੀ ਗਾਹ ਮਾਰੇ..ਇਸਨੂੰ ਤਾਂ ਬਿਨਾ ਨੁਕਸ ਦਾ ਗੋਬੀ ਦਾ ਇੱਕ ਫੁੱਲ ਤੱਕ ਨਹੀਂ ਲੱਭਦਾ..ਅਸੀਂ ਤਾਂ ਫੇਰ ਇਨਸਾਨੀ ਮੰਡੀ ਦੇ ਵਿਓਪਾਰ ਦੀ ਗੱਲ ਕਰਦੇ ਪਏ ਹਾਂ!
ਸੋ ਮੁੱਕਦੀ ਗੱਲ..ਕਿਸੇ ਰੋਂਦੇ ਹੋਏ ਨੂੰ ਚੁੱਪ ਕਰਾਉਣਾ ਹੀ ਸੱਚੇ ਰੱਬ ਦੀ ਅਸਲ ਇਬਾਦਤ ਏ..ਕਿਸੇ ਨੇ ਠੀਕ ਹੀ ਆਖਿਆ..ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ!
ਹਰਪ੍ਰੀਤ ਸਿੰਘ ਜਵੰਦਾ