ਮੁੱਲਾ ਨਸੀਰੂਦੀਨ ਇੱਕ ਪ੍ਰਦਰਸ਼ਨੀ ਚ ਗਿਆ – ਆਪਣੇ ਚੇਲਿਆਂ ਨੂੰ ਨਾਲ ਲੈਕੇ। ਉੱਥੇ ਇੱਕ ਜੂਏ ਦਾ ਖੇਲ ਚੱਲ ਰਿਹਾ ਸੀ। ਲੋਕ ਤੀਰ ਚਲਾ ਰਹੇ ਸੀ, ਤੇ ਇੱਕ ਨਿਸ਼ਾਨ ਤੇ ਤੀਰ ਮਾਰਨਾ ਸੀ। ਜੇ ਤੀਰ ਨਿਸ਼ਾਨੇ ਤੇ ਲੱਗੇ ਤਾਂ ਦਾਅ ਤੇ ਲਾਏ ਪੈਸੇ ਦਸ ਗੁਣਾ, ਜੇ ਨਾ ਲੱਗੇ ਤਾਂ ਪੈਸੇ ਡੁੱਬੇ ਸਮਝੋ।
ਨਸੀਰੂਦੀਨ ਚੇਲਿਆਂ ਨਾਲ ਪਹੁੰਚਿਆ; ਦਾਅ ਲਗਾਇਆ, ਤੀਰ-ਕਮਾਨ ਚੱਕਿਆ, ਆਪਣੀ ਟੋਪੀ ਸੰਭਾਲੀ ਤੇ ਪਹਿਲਾ ਤੀਰ ਛੱਡਿਆ- ਤੀਰ ਪਹੁੰਚਿਆ ਹੀ ਨਹੀਂ ਨਿਸ਼ਾਨ ਤੱਕ। ਨਿਸ਼ਾਨਾ ਲੱਗਣ ਦੀ ਗੱਲ ਦੂਰ, ਤੀਰ ਕੋਈ ਦਸ ਪੰਦਰਾਂ ਫੁੱਟ ਪਿੱਛੇ ਹੀ ਗਿਰ ਗਿਆ।
ਲੋਕ ਹੱਸਣ ਲਗੇ। ਨਸੀਰੂਦੀਨ ਨੇ ਚੇਲਿਆਂ ਨੂੰ ਕਿਹਾ- ਇਹਨਾਂ ਨਾਸਮਝਾਂ ਦੀ ਫਿਕਰ ਨਾ ਕਰੋ। ਹੁਣ ਤੁਹਾਨੂੰ ਮੈਂ ਦਸਦਾ ਹਾਂ ਕਿ ਤੀਰ ਪਿੱਛੇ ਕਿਉਂ ਗਿਰਿਆ। ਲੋਕ ਵੀ ਇਕੱਠੇ ਹੋਗੇ ਸੁਨਣ ਲਈ। ਮੁੱਲਾ ਕਹਿੰਦਾ – ਇਹ ਉਸ ਵਿਅਕਤੀ ਦਾ ਤੀਰ ਹੈ ਜਿਸਨੂੰ ਆਪਣੇ ਆਪ ਤੇ ਹੀ ਯਕੀਨ ਨਹੀਂ। ਉਹ ਪਹੁੰਚਦਾ ਹੀ ਨਹੀਂ ਮੰਜਿਲ ਤੱਕ, ਪਿੱਛੋਂ ਹੀ ਮੁੜ ਆਉਂਦਾ। ਹੁਣ ਤੁਸੀਂ ਦੂਸਰਾ ਤੀਰ ਦੇਖੋ।
ਲੋਕ ਉਤਸੁਕ ਹੋ ਗਏ। ਨਸੀਰੂਦੀਨ ਨੇ ਦੂਸਰਾ ਤੀਰ ਕਮਾਨ ਤੇ...
ਚੜ੍ਹਾਇਆ ਤੇ ਛੱਡਿਆ। ਪਰ ਦੂਸਰਾ ਤੀਰ ਨਿਸ਼ਾਨ ਤੋਂ ਬਹੁਤ ਅੱਗੇ ਚਲਾ ਗਿਆ। ਲੋਕ ਇਸ ਵਾਰ ਹੱਸੇ ਨਹੀਂ। ਨਸੀਰੂਦੀਨ ਨੇ ਕਿਹਾ, ਦੇਖੋ ! ਇਹ ਉਸ ਬੰਦੇ ਦਾ ਤੀਰ ਹੈ, ਜੋ ਜਰੂਰਤ ਤੋਂ ਜਿਆਦਾ ਆਤਮਵਿਸ਼ਵਾਸ ਨਾਲ ਭਰਿਆ ਹੈ।
ਫੇਰ ਨਸੀਰੂਦੀਨ ਨੇ ਤੀਸਰਾ ਤੀਰ ਚਲਾਇਆ। ਸੰਜੋਗ ਦੀ ਗੱਲ… ਤੀਰ ਐਨ ਨਿਸ਼ਾਨੇ ਤੇ ਜਾ ਲੱਗਿਆ। ਨਸੀਰੂਦੀਨ ਫਟਾਫਟ ਗਿਆ ਤੇ ਜਾ ਕੇ ਆਪਣੇ ਦਸ ਗੁਣਾ ਰੁਪਏ ਮੰਗ ਲਏ। ਭੀੜ ਵਿੱਚ ਥੋੜੀ ਫੁਸਫੁਸਾਹਟ ਹੋਈ ਤੇ ਲੋਕ ਪੁੱਛਣ ਲੱਗੇ ਕਿ ਇਹ ਕਿਸਦਾ ਤੀਰ ਹੈ? ਮੁੱਲਾ ਬੋਲਿਆ,” ਇਹ ਨਸੀਰੂਦੀਨ ਦਾ ਤੀਰ ਹੈ ! ”
ਇਹੀ ਸਾਡੀ ਮਨੋਦਸ਼ਾ ਹੈ। ਤੀਰ ਲੱਗ ਜਾਏ ਤਾਂ ਸਾਡਾ, ਨਾ ਲੱਗੇ ਤਾਂ ਕੋਈ ਹੋਰ ਜਿੰਮੇਵਾਰ ਹੈ। ਤੇ ਜੇ ਕੋਈ ਆਸਪਾਸ ਜਿੰਮੇਵਾਰ ਨਾ ਮਿਲੇ, ਤਾਂ ਪਰਮਾਤਮਾ ਜਿੰਮੇਵਾਰ ਹੈ। ਇਸ ਤਰਾਂ ਤੁਸੀਂ ਆਪਣਾ ਬੋਝ ਪਰਮਾਤਮਾ ਦੇ ਸਿਰ ਤੇ ਪਾਉਂਦੇ ਰਹਿੰਦੇ ਹੋ।