ਜਦੋਂ ਟਾਂਗੇ ਦਾ ਸਫ਼ਰ ਹੁੰਦਾ ਸੀ ,ਉਦੋ ਜ਼ਹਾਜ਼ਾਂ ਦੇ ਸੁਫਨੇ ਲਏ ਜਾਂਦੇ ਸਨ ਤੇ ਕਾਗਜ਼ ਦੇ ਬਣਾ ਕੇ ਉਡਾਏ ਜਾਂਦੇ ਸਨ .. ਅੱਜ ਜ਼ਹਾਜਾਂ ਗੱਡੀਆਂ ਦਾ ਸਫਰ ਹੋ ਗਿਆ ਹੈ ਤਾਂ ਟਾਂਗੇ ,
ਯੱਕੇ ਦਾ ਸਫ਼ਰ ਕਰਨ ਨੂੰ ਮਨ ਕਰਦਾ ਹੈ ..ਟਾਂਗੇ ਦਾ ਸਫਰ ਨਿੱਘ ਭਰਪੂਰ ਅਨੰਦਮਈ ਸੀ ਜਦੋਂ ਕੇ ਜ਼ਹਾਜ਼ਾ ਦੇ ਮਹਿੰਗੇ ਸਫ਼ਰ ਨੇ ਅਤੇ ਪਦਾਰਥਾਂ ਦੀ ਦੌੜ ਨੇ ਇਕੱਲੇ ਕਰ ਦਿੱਤਾ ਹੈ ।
ਜਦੋਂ ਕਦੇ ਯਾਦਾਂ ਹਲੂਣਦੀਆਂ ਹਨ ਤਾਂ ਚੇਤਿਆਂ ਵਿੱਚ ਕਈ ਕੁਝ ਸਾਹਮਣੇ ਆ ਜਾਂਦਾ ਹੈ ,ਜਦੋਂ ਨਾਨੀ ਟਾਂਗੇ ਤੇ ਇੱਕ ਰੁਪਏ ਦੇ ਭਾੜੇ ਨਾਲ ਮੋਗੇ ਲੈ ਜਾਂਦੀ ਹੁੰਦੀ ਸੀ .. ਮਸੀਂ ਪੰਜ ਸੱਤ ਸਵਾਰੀਆਂ ਤੇ ਟਾਂਗੇ ਦੇ ਚੱਲਣ ਨਾਲ ਟੱਪਕ ਟੱਪਕ ਦੀ ਆਵਾਜ਼ .. ਛਾਂਟਾ ਘੁਮਾਉਂਦਾ ਟਾਂਗੇ ਵਾਲਾ “ਹੱਟ ਭਾਈ ,ਹੱਟ ਭਾਈ “ਵੀ ਕਹਿੰਦਾ ਜਾਂਦਾ .. !
ਕਿੰਨਾ ਸਵਾਰੀਆਂ ਵਿੱਚ ਸਬਰ ਸੰਤੋਖ ਤੇ ਸ਼ਹਿਣਸੀਲਤਾ ਹੁੰਦੀ ਸੀ ?
ਕਿਸੇ ਦਾ ਜਵਾਕ ਬੁੱਕਲ ਵਿੱਚ ਬਿਠਾ ਲੈਣਾ ਤੇ ਕਿਸੇ ਦੀ ਗੱਠੜੀ ਫੜ੍ਹ ਲੈਣੀ …!
ਛੋਟੇ ਹੁੰਦਿਆਂ ਪੰਜਾਬੀ ਦੀ ਕਿਤਾਬ ਵਿੱਚ “ਬੀਰੂ ਟਾਂਗੇ ਵਾਲਾ “ਕਹਾਣੀ ਵੀ ਬਹੁਤ ਨਿਰਾਸ਼ ਕਰ ਦਿੰਦੀ ਸੀ .. !
ਜਿਵੇਂ ਜਿਵੇਂ ਤਰੱਕੀ ਹੋਈ ਸਾਧਨ ਵੱਧਦੇ ਗਏ ਤੇ ਮਨੁੱਖ ਵੀ ਇਕੱਲਾ ਹੁੰਦਾ ਗਿਆ ..ਉੱਲਝ ਬੈਠਾ ਪਦਾਰਥਾਂ ਦੀ ਦੋੜ ਵਿੱਚ .. ਤੇ ਖਤਮ ਕਰ ਲਿਆ ਸਕੂਨ …!
ਹੁਣ ਉਹੀ ਟਾਂਗੇ ਖਿਡੌਣਿਆਂ ਦੇ ਰੂਪ ਵਿੱਚ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣੇ ਹੋਏ ਹਨ .. !
ਨਾ ਹੀ ਨਾਨੀਆਂ ਕੋਲ ਵਿਹਲ ਰਹੀ ਤੇ ਨਾ ਹੀ ਦੋਹਤੇ ਦੋਹਤੀਆਂ ਨਾਨਕੇ ਛੁੱਟੀਆਂ ਕੱਟਣ ਜਾਂਦੇ ਹਨ .. ਛੋਟੇ ਪਰਿਵਾਰ ਮਾਸੀਆਂ ਤੋਂ ਸੱਖਣੇ ਸੁੰਨੇ ਤੇ ਬੇਰੌਣਕੇ ਘਰ ਉਦਾਸੀ ਦੀ ਬਾਤ ਪਾਂਉਦੇ ਹਨ .. !
ਸਾਡਾ ਬਚਪਨ ਕਿੰਨਾ ਰੰਗੀਨ ਸੀ , ਜਦੋਂ ਮਿੱਟੀ ਦੇ ਭਾਂਡੇ ਬਣਾਉਣੇ ਤੇ ਇੱਟਾਂ ਦੇ ਘਰ ਬਣਾ ਕੇ ਘਰ ਘਰ ਖੇਡਣਾ .. ਸੂਲਾਂ ਲਾ ਕੇ ਕਾਗਜ਼ ਦੀਆਂ ਭੰਮੀਰੀਆਂ ਬਣਾ ਲੈਣੀਆਂ ..
ਲੋਹੇ ਦੀ ਤਾਰ ਨਾਲ ਦੋ ਪਹੀਆਂ ਵਾਲਾ ਰੇਹੜਾ ਬਣਾ ਲੈਣਾ .. ਸਾਇਕਲ ਦਾ ਟਾਇਰ ਲੈ ਕੇ ਡੰਡੇ ਦੀ ਮੱਦਦ ਨਾਲ ਭਜਾਈ ਜਾਣਾ ..
ਛੋਟੀਆਂ ਕੰਧਾਂ ਤੇ ਚੜ੍ਹ ਮਿੱਟੀ ਵਿੱਚ ਛਾਲਾਂ ਮਾਰਨੀਆਂ , ਕਦੇ ਲੱਤ-ਬਾਂਹ ਟੁੱਟਣ ਦਾ ਵੀ ਡਰ ਨਹੀਂ ਹੁੰਦਾ ਸੀ …ਗਲੀ ਗੁਆਂਢ ਦੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਕੇ ਲੁੱਕਣ ਮੀਟੀ ਖੇਡਣੀ ਤੇ ਕਈ ਘਰਾਂ ਦੀਆਂ ਛੱਤਾਂ , ਕੰਧਾਂ ਟੱਪ ਕੇ ਲੁੱਕਣਾ ਤੇ ਇੱਕ ਦੂਜੇ ਨੂੰ ਲੱਭਦੇ ਫਿਰਨਾ .. ਕਦੇ ਕੋਟਲਾ ਛਪਾਕੀ ਤੇ ਤੇ ਕਦੇ ਡਿੱਕਰੀ ਖਾਨਾਂ ਖੇਡਦਿਆਂ ਰਾਤ ਪੈ ਜਾਣੀ …ਖੁੱਲ੍ਹੇ ਪਿੜ੍ਹਾਂ ਵਿੱਚ ਵੱਖਰੀਆਂ ਵੱਖਰੀਆਂ ਖੇਡਾਂ ਖੇਡਣੀਆਂ...
.. ਹੁਣ ਬਚਪਨ ਕਮਰਿਆਂ ਵਿੱਚ ਕੈਦ .. ਖੁੱਲ੍ਹੀ ਹਵਾ ਤੋਂ ਬੇਮੁੱਖ ਬਸ ਫੋਨ ਨੈੱਟ ਦੀ ਗੁਲਾਮੀ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਹੈ ..!
ਹਾੜ੍ਹੀ ਦੀ ਰੁੱਤ ਆਉਣੀ ਤਾਂ ਦਾਦੀ ਨੇ ਰਾਤ ਨੂੰ ਤਾਇਆਂ ਲਈ ਵਾਹਵਾ ਘਿਉ , ਸ਼ੱਕਰ ਪਾ ਕੇ ਚੂਰੀ ਕੁੱਟਣੀ ਤੇ ਜਵਾਕਾਂ ਦੀਆਂ ਕੌਲੀਆਂ ਵਿੱਚ ਵੀ ਪਾ ਦੇਣੀ ..!
ਦੁਪਹਿਰ ਵੇਲੇ ਡੋਲੂ ਵਿੱਚ ਖੇਤ ਚਾਹ ਜਾਣੀ ਤੇ ਲਾਲ ਅਤੇ ਹਰੀ ਚੱਟਣੀ ਨਾਲ ਤਾਜ਼ੀਆਂ ਤੰਦੂਰ ਦੀਆਂ ਵੱਡੀਆਂ ਵੱਡੀਆਂ ਰੋਟੀਆਂ ਦੀ ਮਹਿਕ ਵੱਖਰਾ ਸੁਆਦ ਦਿੰਦੀ ਸੀ .. ਬਾਟੀਆਂ ਚ ਧੂੰਏ ਦੀ ਮਹਿਕ ਵਾਲੀ ਚਾਹ ਸਾਰਾ ਥਕੇਵਾਂ ਲਾਹ ਦਿੰਦੀ ਸੀ ।
ਕਣਕ ਵੱਢ ਕੇ ਲਾਈਆਂ ਮੰਡਲੀਆਂ ਪਹਿਲਾਂ ਪਿੜ੍ਹਾਂ ਵਿੱਚ ਢੋਣੀਆਂ ਤੇ ਫਿਰ ਟੋਕੇ ਨਾਲ ਦਾਣੇ ਕੱਢਣੇ ..
ਵੱਖਰੀ ਜਿਹੀ ਪਿੰਡਾਂ ਦੀ ਰੌਣਕ ਕਈ ਕਈ ਹਫ਼ਤੇ ਚੱਲਦੀ ਰਹਿੰਦੀ !
ਕੋਰ੍ਹੇ ਘੜਿਆਂ ਦਾ ਠੰਡਾ-ਠੰਡਾ ਪਾਣੀ ਮਿੱਟੀ ਦੀ ਖੁਸ਼ਬੂ ਨਾਲ ਅਨੰਦਿਤ ਕਰ ਦਿੰਦਾ !
ਸ਼ਹਿਤੂਤ ਤੋਂ ਲਾਹੀਆਂ ਤੂਤੀਆਂ ਨਾਲ ਹੱਥ ਮੂੰਹ ਰੰਗ ਲੈਣੇ ..!
ਦੁਪਹਿਰ ਵੇਲੇ ਕਣਕ ਦਾ ਬਣਾਇਆ ਦਲੀਆ ਤੇ ਗੁੜ ਵਾਲੇ ਬਣੇ ਚੌਲ ਖਾਣ ਵਿੱਚ ਬਹੁਤ ਸੁਆਦ ਲੱਗਦੇ !
ਵਕਤ ਬਦਲਿਆ ਤੇ ਸਾਰਾ ਕੁਝ ਬਦਲ ਗਿਆ .. ਹੁਣ ਕਣਕਾਂ ਦੀ ਵਾਢੀ ਸਿਰਫ ਹਫਤੇ ਵਿੱਚ ਖਤਮ ਹੋ ਜਾਂਦੀ ਹੈ!
ਬੱਚੇ ਤਾਂ ਫੋਨਾਂ ਵਿੱਚ ਮਸਤ ਸਾਰ ਹੀ ਨਹੀਂ ਲੈਂਦੇ ਕੇ ਫਸਲਾਂ ਕਿਵੇਂ ਵੱਢਣੀਆਂ ਤੇ ਸੰਭਾਲਣੀਆਂ ਹਨ ?
ਪਹਿਲਾਂ ਘਰ ਦੇ ਜੁਵਾਕ ਸਾਰੇ ਖੇਤਾਂ ਵਿੱਚ ਨਾਲ ਚਾਹ ਪਾਣੀ ਦੀ ਢੋਆ ਢੁਆਈ ਕਰਦੇ ਹੁੰਦੇ ਸਨ ਕਦੇ ਥਕਾਨ ਨਹੀਂ ਹੁੰਦੀ ਸੀ ਤੇ ਨਾ ਹੀ ਉੱਡਦੀ ਤੂੜੀ ਦੀ ਕੰਡ ਤੰਗ ਕਰਦੀ ਸੀ ?
ਹੁਣ ਜਦੋਂ ਵਾਢੀ ਦੀ ਰੁੱਤ ਆਉਂਦੀ ਹੈ ਤਾਂ ਸਭ ਕੁਝ ਯਾਦ ਆ ਜਾਂਦਾ ਹੈ ।
ਵੱਡੇ ਪਰਿਵਾਰ , ਅਨਮੋਲ ਸਾਂਝਾਂ ਤੇ ਨਿੱਘ ਭਰੇ ਰਿਸ਼ਤਿਆਂ ਵਿੱਚ ਮੁੜ੍ਹ ਜਿਉਣ ਨੂੰ ਦਿਲ ਕਰਦਾ ਹੈ ।
ਅਫਸੋਸ ਅਸੀਂ ਕੰਮਚੋਰ ਇੱਕਲੇ ਰਹਿਣ ਦੇ ਆਦੀ ਹੋ ਰਹੇ ਹਾਂ ..ਜਿੰਦਗੀ ਫੋਕੀਆਂ ਸ਼ੌਹਰਤਾਂ ,ਵਿਖਾਵਿਆਂ ਵਿੱਚ ਬੁਰੀ ਤਰ੍ਹਾਂ ਫਸੀ ਕੁਰਲਾ ਰਹੀ ਹੈ ..ਮੂਲ ਨਾਲੋਂ ਟੁੱਟ ਕੇ ਸਫੈਦ ਖੂਨ ਦੇ ਤਿੜਕੇ ਰਿਸ਼ਤਿਆਂ ਦਾ ਸੰਤਾਪ ਸ਼ਾਇਦ ਸਭ ਲਈ ਮਾਨਸਿਕ ਅਸ਼ਾਤੀ ਪੈਦਾ ਕਰ ਰਿਹਾ ਹੈ ।
ਰਿਸ਼ਤਿਆਂ ਦੇ ਨਿੱਘ ਨਾਲੋਂ ਟੁੱਟੀ ਨੀਰਸ ਜਿਹੀ ਜਿੰਦਗੀ ਬਸ ਇਕੱਲੇ ਘਰ ਤੱਕ ਸੀਮਿਤ ਹੋ ਚੁੱਕੀ ਹੈ .. !
ਜੋ ਕਿਸੇ ਨਾ ਕਿਸੇ ਦਿਨ ਡਿਪਰੈਸ਼ਨ ਦੇ ਪ੍ਰਭਾਵ ਅਧੀਨ ਹੋਵੇਗੀ ..!
(ਰਾਜਵਿੰਦਰ ਕੌਰ ਵਿੜਿੰਗ)