ਬਾਹਰਲਾ ਬੂਹਾ ਖੁੱਲ੍ਹਾ ਰਹਿ ਗਿਆ..ਇੱਕ ਮੱਖੀ ਅੰਦਰ ਆਣ ਵੜੀ..ਕਿੰਨੇ ਦਿਨ ਸਾਰਿਆਂ ਨੂੰ ਤੰਗ ਕਰੀ ਰਖਿਆ..ਕਦੀ ਮੂੰਹ ਤੇ ਆਣ ਬੈਠਿਆ ਕਰੇ..ਕਦੀ ਰੋਟੀ ਖਾਦਿਆਂ ਕੋਲ ਤੁਰੀ ਫਿਰਦੀ ਰਿਹਾ ਕਰੇ..ਉਡਾਈਏ ਫੇਰ ਕੋਲ ਆ ਜਾਇਆ ਕਰੇ!
ਅੱਜ ਕੰਪਿਊਟਰ ਤੇ ਕੰਮ ਕਰ ਰਿਹਾ ਸਾਂ..ਕੋਲ ਪਏ ਚਾਹ ਦੇ ਖਾਲੀ ਕੱਪ ਅੰਦਰ ਜਾ ਵੜੀ..ਮੈਂ ਅਛੋਪਲੇ ਜਿਹੇ ਸੱਜੇ ਹੱਥ ਦੀ ਤਲੀ ਨਾਲ ਢੱਕ ਦਿੱਤੀ..ਫੇਰ ਓਸੇ ਤਰਾਂ ਉੱਠ ਕੱਪ ਬਾਹਰ ਲੈ ਗਿਆ..ਰੱਬ ਦਾ ਜੀ ਹੈ ਬਾਹਰ ਖੁੱਲੀ ਹਵਾ ਵਿਚ ਛੱਡ ਦਿੰਨਾ..ਟੱਬਰ ਵੀ ਕਿੰਨੇ ਦਿਨਾਂ ਤੋਂ ਉਡੀਕਦਾ ਹੋਣੇ..!
ਬਾਹਰ ਜਾ ਕੇ ਤਲੀ ਹਟਾਈ ਤਾਂ ਅੰਦਰ ਕੁਝ ਵੀ ਨਹੀਂ ਸੀ..ਮਾੜੀ ਜਿਹੀ ਵਿਰਲ ਥਾਂਣੀ ਪਹਿਲੋਂ ਹੀ ਨਿੱਕਲ ਅੰਦਰ ਹੀ ਕਿਧਰੇ ਅਲੋਪ ਹੋ ਚੁੱਕੀ ਸੀ..ਖੈਰ ਉਸਨੂੰ ਕਿਸਮਤ ਦੇ ਆਸਰੇ ਛੱਡ ਕੰਮ ਤੇ ਲੱਗ ਗਿਆ..!
ਘੜੀ ਕੂ ਮਗਰੋਂ ਨਿੱਕੀ ਧੀ ਨੈਪਕਿਨ ਵਿਚ ਕੁਝ ਲਪੇਟੀ ਬਾਹਰ ਨੂੰ ਜਾ ਰਹੀ ਸੀ..ਪੁੱਛਿਆ ਤਾਂ ਆਖਣ ਲੱਗੀ ਓਹੀ ਮੱਖੀ ਸੀ..ਘੜੀ ਮੁੜੀ ਤੰਗ ਕਰੀ ਜਾ ਰਹੀ ਸੀ..ਅਚਾਨਕ ਗੁੱਸੇ ਵਿੱਚ ਹੱਥ ਮਾਰਿਆ...
ਤਾਂ ਓਥੇ ਮਰ ਗਈ!
ਸੋਚ ਰਿਹਾ ਸਾਂ ਕੇ ਹਰੇਕ ਜੀਅ ਦੀ ਮੌਤ ਦਾ ਵਕਤ ਥਾਂ ਅਤੇ ਸਬੱਬ ਉੱਪਰ ਵਾਲੇ ਨੇ ਪਹਿਲੋਂ ਹੀ ਮਿਥ ਕੇ ਰਖਿਆ ਹੁੰਦਾ..ਕਮਲੀ ਤਲੀ ਨਾਲ ਢੱਕੇ ਹੋਏ ਕੱਪ ਅੰਦਰ ਟਿਕ ਕੇ ਬੈਠੀ ਰਹਿੰਦੀ ਤਾਂ ਹੁਣ ਤੱਕ ਬਾਹਰ ਅਜਾਦ ਘੁੰਮ ਰਹੀ ਹੁੰਦੀ ਪਰ ਵਿਰਲ ਥਾਣੀ ਆਉਂਦੀ ਜਿਸ ਰੋਸ਼ਨੀ ਨੂੰ ਜਿੰਦਗੀ ਸਮਝ ਲਿਆ ਓਹੀ ਮੌਤ ਦਾ ਸਬੱਬ ਬਣ ਗਈ..!
ਦੋਸਤੋ ਮੁਸ਼ਕਲ ਦੀਆਂ ਦੋ ਚਾਰ ਹਨੇਰੀਆਂ ਘੜੀਆਂ ਵਿੱਚ ਟਿਕ ਕੇ ਬੈਠਣ ਦੀ ਥਾਂ ਅਚਾਨਕ ਹੀ ਦਿਸ ਪੈਂਦੀ ਕਿਸੇ ਵਕਤੀ ਵਿਰਲ ਵਿਚੋਂ ਅਜਾਦੀ ਦੀ ਭਾਲ ਵਿੱਚ ਫਰਾਰ ਹੋ ਜਾਂਦੇ ਕੁਝ ਬੇਸਬਰੇ ਘੜੀ ਕੂ ਮਗਰੋਂ ਹੀ ਮੌਤ ਦੇ ਮੂੰਹ ਵਿੱਚ ਪੈ ਜਾਂਦੇ ਮੈਂ ਖੁਦ ਅਖੀਂ ਵੇਖੇ ਨੇ!
ਹਰਪ੍ਰੀਤ ਸਿੰਘ ਜਵੰਦਾ