More Punjabi Kahaniya  Posts
ਦਿਲ ਤੋਂ ਸੋਚਣਾ


ਪਿਤਾ ਜੀ ਨੇ ਸਾਡੇ ਨਿੱਕੇ ਹੁੰਦਿਆਂ ਤੋਂ ਹੀ ਘਰ ਵਿਚ ਕਦੇ ਲਵੇਰਾ ਮੁੱਕਣ ਨਹੀਂ ਸੀ ਦਿੱਤਾ..!
ਕਾਲਜੋਂ ਆਉਣ ਮਗਰੋਂ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ..ਪੱਗ ਲਾਹ ਸਿਰ ਤੇ ਪਰਨਾ ਬੰਨ ਵਲੈਤੀ ਗ਼ਾਈਂ ਲਈ ਪੱਠੇ ਵੱਢਣ ਜਾਣਾ..!
ਭਰ ਸਿਆਲ ਵਿਚ ਕਈ ਵੇਰ ਹਰੇ ਦੀ ਤੋਟ ਆ ਜਾਇਆ ਕਰਦੀ..ਫੇਰ ਤੂੜੀ ਵਾਲਾ ਗਤਾਵਾ ਕਰਨਾ ਪੈਂਦਾ..ਗਤਾਵਾ ਉਸਨੂੰ ਬਿਲਕੁਲ ਵੀ ਪਸੰਦ ਨਹੀਂ ਸੀ..ਉਹ ਇਸ ਵਿਚ ਜਿਆਦਾ ਖਲ ਅਤੇ ਆਟਾ ਭਾਲਦੀ..ਫੇਰ ਗੁੱਸੇ ਵਿਚ ਢੁੱਡਾਂ ਮਾਰ ਮਾਰ ਸਾਰਾ ਕੁਝ ਖੁਰਲੀ ਤੋਂ ਬਾਹਰ ਸਿੱਟ ਦੀਆ ਕਰਦੀ..ਫੇਰ ਅੜਿੰਗਣਾ ਸ਼ੁਰੂ ਕਰ ਦਿੰਦੀ..ਮੈਨੂੰ ਗੁੱਸਾ ਆ ਜਾਂਦਾ..ਉਸਨੂੰ ਕੁੱਟ ਦਿਆ ਕਰਦਾ..ਉਹ ਡਰ ਕੇ ਇੱਕ ਨੁੱਕਰੇ ਲੱਗ ਜਾਇਆ ਕਰਦੀ..ਭੈਣ ਪਿਤਾ ਜੀ ਨੂੰ ਦੱਸ ਦਿੰਦੀ ਕੇ ਇਸਨੇ ਅੱਜ ਡੰਗਰ ਕੁੱਟੇ ਨੇ..ਉਹ ਨਰਾਜ ਹੋ ਜਾਂਦੇ..ਆਖਦੇ ਬੇਵਕੂਫ਼ ਆਪਣੇ ਦਿਲ ਤੋਂ ਸੋਚ ਕੇ ਵੇਖ..ਬੇਜੁਬਾਨ ਨੂੰ ਕਿੰਨੀ ਪੀੜ ਹੁੰਦੀ ਹੋਵੇਗੀ..ਮੈਂ ਓਹੀ ਸੋਟੀ ਫੇਰ ਆਪਣੇ ਮਾਰਦਾ..ਵਾਕਿਆ ਹੀ ਪੀੜ ਹੁੰਦੀ..!
ਮੈਨੂੰ ਤਰਸ ਆ ਜਾਂਦਾ..ਉਸਨੂੰ ਪਲੋਸਦਾ..ਪਿਆਰ ਕਰਦਾ!
ਮੈਂ ਪਹਿਲਾਂ ਹੀ ਕੁਝ ਐਸੀਆਂ ਥਾਵਾਂ ਲੱਭ ਕੇ ਰੱਖੀਆਂ ਹੁੰਦੀਆਂ ਜਿਥੇ ਥੋੜਾ ਬਹੁਤ ਘਾਹ ਉੱਗਿਆ ਹੁੰਦਾ..ਫੇਰ ਘੜੀ ਕੂ ਮਗਰੋਂ ਦਾਤਰੀ ਨਾਲ ਉਸ ਘਾਹ ਦੀ ਅੱਧੀ ਕੂ ਪੰਡ ਕਰ ਹੀ ਲਿਆਉਂਦਾ..ਫੇਰ ਸੁੱਕੀ ਪਰਾਲੀ ਨਾਲ ਕੁਤਰ ਕੇ ਵਧੀਆ ਪੱਠੇ ਬਣ ਜਾਂਦੇ..ਉਹ ਰੱਜ ਕੇ ਖਾਂਦੀ ਫੇਰ ਮੇਰੇ ਵੱਲ ਵੇਖਦੀ..ਇੰਝ ਲੱਗਦਾ ਮੇਰਾ ਸ਼ੁਕਰਾਨਾ ਕਰ ਰਹੀ ਹੋਵੇ..!
ਅੱਜ ਏਨੇ ਵਰ੍ਹਿਆਂ ਮਗਰੋਂ ਆਪਣੇ ਸ਼ਹਿਰੋਂ ਦੋ ਸੌ ਕਿਲੋਮੀਟਰ ਦੂਰ ਜਾਣਾ ਪਿਆ..!
ਇਸ ਵੇਰ ਕਨੇਡਾ ਦੀ ਸੌ ਵਰ੍ਹਿਆਂ ਦੀ ਸਭ ਤੋਂ ਭੈੜੀ ਔੜ ਲੱਗੀ..ਪਿਛਲੇ ਡੇਢ ਮਹੀਨੇ ਤੋਂ ਕੋਈ ਮੀਂਹ ਨਹੀਂ..ਇੱਕ ਥਾਂ ਵਲਗਣ ਵਲ ਕੇ ਤਕਰੀਬਨ ਸੌ ਸਵਾ ਸੌ ਗਾਵਾਂ ਵੱਛੀਆਂ ਵੱਛੇ ਛੱਡੇ ਹੋਏ ਸਨ..ਓਹਨਾ ਧਰਤ ਤੇ ਉੱਗਿਆ ਸਾਰਾ ਘਾਹ ਚਰ ਲਿਆ ਸੀ..ਮੈਂ ਕੋਲ ਜਾ ਬ੍ਰੇਕ...

ਮਾਰ ਲਈ ਤੇ ਕੰਡਿਆਲੀ ਤਾਰ ਦੇ ਕੋਲ ਖਲੋ ਗਿਆ..ਉਹ ਭੁੱਖੀਆਂ ਤਿਰਹਾਈਆਂ ਮੇਰੇ ਕੋਲ ਆ ਗਈਆਂ..ਨਾਲ ਹੀ ਮਗਰੇ ਓਹਨਾ ਦੇ ਵੱਛੀਆਂ ਵੱਛੇ ਵੀ..ਮੂੰਹ ਅਗੇ ਕਰ ਕੁਝ ਸੁੰਘਣ ਲੱਗੀਆਂ..ਓਹਨਾ ਨੂੰ ਲੱਗਿਆ ਕੁਝ ਖਾਣ ਨੂੰ ਲਿਆਇਆ ਹੋਵੇਗਾ..!
ਏਨੇ ਨੂੰ ਕੋਲ ਹੀ ਇੱਕ ਟਰੱਕ ਰੁਕਿਆ..ਗਾਵਾਂ ਦਾ ਮਾਲਕ ਸੀ..ਪੁੱਛਣ ਲੱਗਾ ਕਿਹੜੀ ਪਸੰਦ ਆਈ..ਹੁਣੇ ਵਡਵਾ ਦਿੰਨਾ..ਡਿਸਕਾਊਂਟ ਤੇ ਲਾਇਆ ਹੋਇਆ..ਔੜ ਲੱਗੀ ਏ..ਚਾਰੇ ਦੀ ਬਹੁਤ ਕਮੀਂ ਏ..ਜੇ ਏਦਾਂ ਹੀ ਰਿਹਾ ਸਾਰੀਆਂ ਦਾ ਏਹੀ ਇਲਾਜ ਕਰਨਾ ਪੈਣਾ..!
ਮੇਰੇ ਕਾਲਜੇ ਨੂੰ ਧੂ ਪਈ..ਜੀ ਕੀਤਾ ਪੱਗ ਲਾਹ ਕੇ ਕੋਲ ਉੱਗਿਆ ਘਾਹ ਵੱਢਣ ਲੱਗ ਜਾਵਾਂ..ਪਰ ਹੁਣ ਹਾਲਾਤ ਵੱਖਰੇ ਸਨ..!
ਆਖਿਆ ਮੈਂ ਬੀਫ ਨਹੀਂ ਖਾਂਦਾ..ਪਰ ਇੱਕ ਗੱਲ ਦੱਸ ਕਿਸੇ ਤਰਾਂ ਇਹਨਾਂ ਦੀ ਜਾਨ ਬਚ ਸਕਦੀ ਹੋਵੇ..ਗੱਡੀ ਸਟਾਰਟ ਕਰਦਾ ਆਖਣ ਲੱਗਾ ਹਾਂ ਇੰਝ ਹੋ ਸਕਦਾ ਜੇ ਦੋ ਤਿੰਨ ਚੰਗਾ ਮੀਂਹ ਪਵੇ..!
ਓਥੇ ਤਿੰਨ ਧਿਰਾਂ ਸਨ..ਮੈਂ,ਗਾਵਾਂ ਅਤੇ ਓਹਨਾ ਦਾ ਮਾਲਕ..
ਦੋ ਧਿਰਾਂ ਖੁਸ਼ ਸਨ ਤੇ ਇੱਕ ਧਿਰ ਯਾਨੀ ਕੇ ਮਾਲਕ ਥੋੜਾ ਨਿਰਾਸ਼..ਅੱਜ ਦਸਵੀਂ ਗਾਂ ਨਹੀਂ ਸੀ ਵਿਕੀ..!
ਪਰ ਮੈਨੂੰ ਮੀਂਹ ਦੀ ਅਰਦਾਸ ਕਰਦੇ ਨੂੰ ਕੁਝ ਜਿਆਦਾ ਹੀ ਖੁਸ਼ੀ ਹੋ ਰਹੀ ਸੀ..ਕਿਓੰਕੇਂ ਏਨੇ ਵਰ੍ਹਿਆਂ ਮਗਰੋਂ ਵੀ ਦਿਲ ਤੋਂ ਸੋਚਣਾ ਬੰਦ ਨਹੀਂ ਸੀ ਕੀਤਾ..!
ਵੈਸੇ ਦਿਲ ਤੋਂ ਸੋਚਣ ਦਾ ਇੱਕ ਹੋਰ ਵੱਡਾ ਫਾਇਦਾ ਇਹ ਵੀ ਏ..ਕਈ ਵੇਰ ਦਿਲੋਂ ਨਿੱਕਲੀ ਸਿੱਧੀ ਧੁਰ ਦਰਗਾਹੇ ਵੀ ਜਾ ਲੱਗਿਆ ਕਰਦੀ ਏ..ਤਾਂ ਹੀ ਸ਼ਾਇਦ ਆਉਣ ਵਾਲੇ ਕੱਲ ਪਰਸੋਂ ਅਤੇ ਚੋਥ ਸਾਡੇ ਇਲਾਕੇ ਵਿਚ ਭਾਰੀ ਮੀਂਹ ਦੀ ਸੰਭਾਵਨਾ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)