ਹੌਲੀ ਜਿਹੀ ਉਮਰ ਦੀ ਆਪਣੀ ਕੁੜੀ..
ਡਰੀ-ਡਰੀ ਕਦੀ ਚੋਰ ਅੱਖ ਨਾਲ ਕਾਊਂਟਰ ਤੇ ਲੱਗੀ ਹੋਈ ਗ੍ਰਾਹਕਾਂ ਦੀ ਲੰਮੀਂ ਲਾਈਨ ਵੇਖ ਲਿਆ ਕਰਦੀ ਤੇ ਕਦੀ ਚੀਜਾਂ ਸਕੈਨ ਕਰਦੀ ਦੇ ਹੱਥ ਕੰਬਣ ਜਿਹੇ ਲੱਗਦੇ!
ਮੈਂ ਅਪਣੱਤ ਜਿਹੀ ਨਾਲ ਪੁੱਛ ਹੀ ਲਿਆ ਕੇ ਬੇਟਾ ਨਵੀਂ ਲੱਗਦੀ ਏਂ..?
ਮੇਰੇ ਮੂਹੋਂ ਬੇਟਾ ਸੁਣ ਜਿੱਦਾਂ ਪਾਣੀ ਖੁਣੋਂ ਤੜਪ ਰਹੀ ਮੱਛੀ ਨੂੰ ਸਮੁੰਦਰ ਮਿਲ ਗਿਆ ਹੋਵੇ..ਆਖਣ ਲੱਗੀ ਅੰਕਲ ਜੀ ਅੱਜ ਹੀ ਨਵੀਂ ਨੌਕਰੀ ਸ਼ੁਰੂ ਕੀਤੀ ਏ ਤੇ ਇੱਕ ਆਈਟਮ ਦਾ ਨੰਬਰ ਨਹੀਂ ਲੱਭ ਰਿਹਾ..ਫੇਰ ਉਸਨੇ ਕੋਲ ਪਏ ਕਾਗਜ ਤੋਂ ਨੰਬਰ ਲੱਭਣਾ ਸ਼ੁਰੂ ਕਰ ਦਿੱਤਾ!
ਮੈਨੂੰ ਅਰਸਾ ਪਹਿਲਾਂ ਅਮ੍ਰਿਤਸਰ ਵਾਲੀ ਆਪਣੀ ਪਹਿਲੀ ਨੌਕਰੀ ਦਾ ਪਹਿਲਾ ਦਿਨ ਚੇਤੇ ਆ ਗਿਆ..!
ਨਵਾਂ ਹੋਟਲ..ਨਵੀਂ ਰਸੋਈ..ਟਾਈ ਤੇ ਪੈ ਗਏ ਤੜਕੇ ਦੇ ਛਿੱਟੇ..ਮਸ਼ੀਨ ਵਾਂਙ ਦੌੜੇ ਫਿਰਦੇ ਲੋਕ ਅਤੇ ਫੇਰ ਫਰਸ਼ ਤੋਂ ਤਿਲਕ ਕੇ ਲਿੱਬੜੀ ਹੋਈ ਮੇਰੀ ਨਵੀਂ ਨਕੋਰ ਪੈਂਟ..!
ਸਾਰਾ ਕਿਚਨ ਸਟਾਫ ਮੇਰੇ ਤੇ ਹੱਸਣ ਲੱਗਾ..!
ਮੇਰੀ ਬੜੀ ਬੁਰੀ ਹਾਲਤ..ਰੋਣ ਹਾਕਾ ਹੋਇਆ ਸੋਚੀ ਜਾ ਰਿਹਾ ਸਾਂ ਕੇ ਕਦੋਂ ਛੁੱਟੀ ਹੋਵੇ ਤੇ ਕਦੋਂ ਕਾਦੀਆਂ ਵਾਲੀ ਗੱਡੀ ਫੜ ਬਟਾਲੇ ਭੱਜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..!
ਇਹ ਸਭ ਕੁਝ ਸੋਚ ਹੀ ਰਿਹਾ ਸਾਂ ਕੇ ਕਿਸੇ ਨੇ ਮੋਢਿਆਂ ਤੇ ਆਣ ਹੱਥ ਰੱਖਿਆ..ਹੱਥ ਕਾਹਦਾ ਇੰਝ ਲਗਿਆ ਕਿਸੇ ਨੇ ਤਪਦੀ ਦੁਪਹਿਰ ਸਿਰ ਤੇ ਛਤਰੀ ਤਾਣ ਦਿੱਤੀ ਹੋਵੇ..!
ਉਹ ਲੇਜਲੀ ਨਾਮ ਦਾ ਕਿਚਨ ਸੁਪਰਵਾਈਜ਼ਰ ਸੀ..ਆਖਣ ਲੱਗਾ ਪੁੱਤ ਘਬਰਾਵੀਂ ਨਾ..ਇਹ ਜੋ ਕੁਝ ਤੇਰੇ ਨਾਲ ਹੋ ਰਿਹਾ ਏ ਪਹਿਲੀ ਵਾਰ ਤਕਰੀਬਨ ਹਰੇਕ ਨਾਲ ਹੀ ਹੁੰਦਾ ਏ..ਦਿਲ ਨਾ ਛੱਡੀਂ ਮੈਂ ਤੇਰੇ ਨਾਲ ਹਾਂ..!
ਨਾਲ ਹੀ ਬਾਕੀਆਂ ਨੂੰ ਸੰਬੋਧਨ ਹੁੰਦਾ ਆਖਣ ਲੱਗਾ ਕੇ ਖ਼ਬਰਦਾਰ ਜੇ ਕਿਸੇ ਨੇ ਇਸ ਨੂੰ ਤੰਗ ਕੀਤਾ ਤਾਂ..ਇਹ ਮੇਰਾ ਦੋਸਤ ਵੀ ਏ ਤੇ ਪੁੱਤ ਵੀ..!
ਮੇਰੇ ਮਰਦੇ ਹੋਏ ਵਿਚ ਜਾਨ ਪੈ ਗਈ..ਮੂੰਹ ਅੱਡੀ ਦੈਂਤਾਂ ਦੇ ਐਨ ਵਿਚਕਾਰ ਜੀਵੇਂ ਰੱਬ ਆ...
ਗਿਆ ਹੋਵੇ..!
ਮੁੜਕੇ ਓਸੇ ਲੇਜਲੀ ਅੰਕਲ ਨੇ ਤਿੰਨ ਮਹੀਨੇ ਦੀ ਪ੍ਰੋਬੇਸ਼ਨ ਦੌਰਾਨ ਮੇਰੀ ਢਾਲ ਬਣ ਕੇ ਰਾਖੀ ਕੀਤੀ..!
ਪ੍ਰੋਬੇਸ਼ਨ ਦੇ ਆਖਰੀ ਦਿਨ ਮੈਂ ਕੋਲ ਗਿਆ ਤੇ ਆਖਿਆ ਕੇ ਅੰਕਲ ਤੇਰੀਆਂ ਕੀਤੀਆਂ ਮਿਹਰਬਾਨੀਆਂ ਦਾ ਮੁੱਲ ਕਿੱਦਾਂ ਮੋੜਾਂਗਾ?
ਥਾਪੀ ਦਿੱਤੀ ਤੇ ਆਖਣ ਲੱਗਾ ਕੇ ਵੇਲਾ ਆਵੇਗਾ ਜਰੂਰ ਮੋੜ ਦੇਵੀਂ..ਫੇਰ ਇਸਤੋਂ ਪਹਿਲਾਂ ਕੇ ਉਹ ਵੇਲਾ ਆਉਂਦਾ ਇੱਕ ਦਿਨ ਹਾਰਟ ਅਟੈਕ ਨਾਲ ਚੜਾਈ ਕਰ ਗਿਆ..!
ਏਨੇ ਨੂੰ ਲਾਈਨ ਵਿਚ ਖਲੋਤੇ ਨੂੰ ਪਿੱਛੋਂ ਉਚੀ ਸਾਰੀ ਪਈ ਇੱਕ ਅਵਾਜ ਨੇ ਲੇਸਲੀ ਅੰਕਲ ਵੇਲੇ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ..ਪਿੱਛੇ ਖਲੋਤਾ ਗੋਰਾ ਆਖ ਰਿਹਾ ਸੀ ਟਾਈਮ ਕਿਓਂ ਲੱਗ ਰਿਹਾ..?
ਮੈਂ ਆਪਮੁਹਾਰੇ ਹੀ ਆਖ ਉਠਿਆ ਕੇ ਦੋਸਤਾ ਥੋੜਾ ਹੋਂਸਲਾ ਤੇ ਸਬਰ ਰੱਖ..ਨਵੀਂ ਕੁੜੀ ਏ ਤੇ ਉੱਤੋਂ ਵਿਚਾਰੀ ਦੀ ਜੋਬ ਦਾ ਪਹਿਲਾਂ ਦਿਨ ਹੈ..ਤੈਨੂੰ ਦੱਸਣ ਦੀ ਲੋੜ ਨਹੀਂ ਕੇ ਬੰਦੇ ਦੀ ਨੌਕਰੀ ਤੇ ਪਹਿਲਾਂ ਦਿਨ ਕਿੱਦਾਂ ਲੰਘਦਾ ਏ..?
ਹੁਣ ਪਿੱਛੇ ਰੌਲਾ ਪਾਉਂਦੇ ਗੋਰੇ ਦੇ ਮੁੱਖ ਤੇ ਪਛਤਾਵੇ ਅਤੇ ਹਮਦਰਦੀ ਅਤੇ ਉਸ ਕੁੜੀ ਦੀਆਂ ਅੱਖਾਂ ਵਿਚ ਧੰਨਵਾਦ ਵਾਲੇ ਡੂੰਘੇ ਜਿਹੇ ਇਹਸਾਸ ਸਨ..!
ਤੇ ਘੜੀ ਕੂ ਮਗਰੋਂ ਸੌਦੇ ਵਾਲੇ ਝੋਲੇ ਚੁੱਕੀ ਬਾਹਰ ਨੂੰ ਜਾਂਦਾ ਹੋਇਆ ਮੈਂ ਆਪਣੇ ਆਪ ਵਿਚ ਕਾਫੀ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਸਾਂ..ਸ਼ਾਇਦ ਅੱਜ ਕਈ ਵਰੇ ਪਹਿਲਾਂ ਲੇਜਲੀ ਅੰਕਲ ਵੱਲੋਂ ਚਾੜੇ ਹੋਏ ਇੱਕ ਵੱਡੇ ਸਾਰੇ ਕਰਜੇ ਦੀ ਪਹਿਲੀ ਕਿਸ਼ਤ ਜੂ ਮੋੜ ਆਇਆ ਸਾਂ..!
ਸੋ ਦੋਸਤੋ ਹੋ ਸਕਦਾ ਏਦਾਂ ਦੇ ਕਈ ਕਰਜੇ ਥੋਡੇ ਸਿਰ ਵੀ ਜਰੂਰ ਚੜੇ ਹੋਣ..ਸੋ ਵਹੀ ਖਾਤੇ ਹਮੇਸ਼ਾਂ ਤਿਆਰ ਬਰ ਤਿਆਰ ਰੱਖਿਆ ਕਰੋ..ਕੀ ਪਤਾ ਕਦੋ ਪਿਛਲੇ ਹਿਸਾਬ ਕਿਤਾਬ ਚੁਕਾਉਣ ਦਾ ਮੌਕਾ ਮਿਲ ਜਾਵੇ!
ਹਰਪ੍ਰੀਤ ਸਿੰਘ ਜਵੰਦਾ
Inderjit singh saini
True story. I like very much