ਪਹਿਲੀ ਵੇਰ ਯੂਨੀਵਰਸਿਟੀ ਕੈਂਪਸ ਵਿੱਚ ਡਿਊਟੀ ਲੱਗੀ ਤਾਂ ਬ੍ਰੇਕ ਵੇਲੇ ਚਾਹ ਪੀਣ ਕੈਫੇ ਚਲਾ ਗਿਆ..ਓਥੇ ਕਾਊਂਟਰ ਤੇ ਇੱਕ ਗੋਰੇ ਨੇ ਫਤਹਿ ਬੁਲਾ ਦਿੱਤੀ..ਹੈਰਾਨ ਹੋਇਆ ਪਰ ਭੀੜ ਜਿਆਦਾ ਸੀ ਇੰਤਜਾਰ ਕਰਨਾ ਬੇਹਤਰ ਸਮਝਿਆ..!
ਰਸ਼ ਘਟ ਹੋਇਆ ਤਾਂ ਕੋਲ ਚਲਾ ਗਿਆ..ਦੱਸਣ ਲੱਗਾ ਕੇ ਮੇਰਾ ਨਾਮ ਡਰੇਕ ਗਿੱਲ ਏ ਪਰ ਅਸਲ ਨਾਮ ਦਰਸ਼ਨ ਸਿੰਘ ਗਿੱਲ ਏ..ਸਬੂਤ ਵੱਜੋਂ ਪਛਾਣ ਪੱਤਰ ਵੀ ਵਿਖਾਇਆ..ਸਰਹਾਲੀ ਕੋਲ ਪਿੰਡ..ਬਾਪ ਆਤਮਾਂ ਸਿੰਘ ਗਿੱਲ ਨੇ ਬ੍ਰਿਟਿਸ਼ ਮੂਲ ਦੀ ਮਾਂ ਨਾਲ ਵਿਆਹ ਕਰਵਾਇਆ ਸੀ..ਆਪ ਪੱਗ ਬੰਨ੍ਹਦਾ..ਉਸਨੂੰ ਵੇਖ ਮੇਰਾ ਵੀ ਜੀ ਕਰਦਾ ਦਸਤਾਰ ਸਜਾਵਾਂ ਪੰਜਾਬੀ ਸਿੱਖਾਂ ਪਰ ਮਾਂ ਨੇ ਹਮੇਸ਼ਾਂ ਅੰਗਰੇਜੀ ਕਲਚਰ ਵੱਲ ਜਿਆਦਾ ਜ਼ੋਰ ਦਿੱਤਾ..!
ਬਾਪ ਦੋ ਵੇਰ ਅਮ੍ਰਿਤਸਰ ਵੀ ਲੈ ਕੇ ਗਿਆ..ਦੁਨੀਆ ਦਾ ਸਭ ਤੋਂ ਖੂਬਸੂਰਤ ਅਤੇ ਸ਼ਾਂਤ ਅਸਥਾਨ ਦਰਬਾਰ ਸਾਬ..ਲੁਧਿਆਣੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਬੜਾ ਮੋਹ ਕਰਦੇ..!
ਹੁਣ ਬਾਪ ਤਾਂ ਨਹੀਂ ਰਿਹਾ ਅਤੇ ਮਾਂ ਵੀ ਆਪਣੇ ਦੂਜੇ ਪਰਿਵਾਰ ਨਾਲ ਕਿਧਰੇ ਵੱਖਰੀ ਰਹਿੰਦੀ ਰਹਿੰਦੀ ਪਰ ਜਦੋਂ ਵੀ ਕੋਈ ਦਸਤਾਰ ਵਾਲਾ ਵੇਖਦਾ ਤਾਂ ਜੀ ਕਰਦਾ ਕੇ ਭੱਜ ਕੇ ਜਾ ਉਸਨੂੰ ਜਰੂਰ ਬੁਲਾਵਾਂ..!
ਮਗਰੋਂ ਉਹ ਮੇਰੇ ਨਾਲ ਕਿੰਨੀਆਂ ਗੱਲਾਂ ਕਰਦਾ ਰਿਹਾ!
ਹੁਣ ਵੀ ਜਦੋਂ ਸ਼ਿਫਟ...
ਲੱਗਦੀ ਏ ਤਾਂ ਉਚੇਚਾ ਉਸਨੂੰ ਜਰੂਰ ਮਿਲਦਾ ਹਾਂ..ਭਰਾਵਾਂ ਵਾਂਙ ਜੱਫੀ ਪਾ ਕੇ ਆਓ ਭਗਤ ਕਰਦਾ..ਹਰ ਵੇਰ ਇੱਕੋ ਗੱਲ ਜਰੂਰ ਆਖਦਾ ਜੇ ਮੇਰੀ ਮਾਂ ਨੇ ਥੋੜੀ ਬਹੁਤ ਹੱਲਾਸ਼ੇਰੀ ਦਿੱਤੀ ਹੁੰਦੀ ਤਾਂ ਮੈਂ ਵੀ ਤੇਰੇ ਵਰਗੀ ਫਰਾਟੇਦਾਰ ਪੰਜਾਬੀ ਬੋਲਦਾ ਹੁੰਦਾ..!
ਉਹ ਮੇਰੇ ਸਾਮਣੇ ਬੈਠਾ ਲਗਾਤਾਰ ਗੱਲਾਂ ਕਰੀ ਜਾਂਦਾ ਅਤੇ ਮੈਂ ਅੰਦਰੋਂ ਅੰਦਰ ਮਾਂ ਦੀ ਉਸ ਘਾੜਤ ਸ਼ਕਤੀ ਬਾਰੇ ਸੋਚੀ ਜਾਂਦਾ ਜਿਹੜੀ ਢਿੱਡੋਂ ਜੰਮੇ ਨੂੰ ਜੋ ਚਾਹੇ ਬਣਾ ਸਕਣ ਦੀ ਸਮਰਥਾ ਰੱਖਦੀ ਏ..ਘੜੇ ਤੇ ਲਗਾਤਾਰ ਡਿੱਗਦੇ ਪਾਣੀ ਦੇ ਤਰੁਬਕੇ ਵਾਂਙ..ਜੋ ਉਸ ਤਹਿ ਵਿੱਚ ਵੀ ਡੂੰਘ ਪਾ ਦਿੰਦਾਂ ਜਿਹੜੀ ਆਵੇ ਵਿੱਚ ਪੱਕ ਕੇ ਪੱਥਰ ਬਣੀ ਹੁੰਦੀ ਏ..!
ਕਾਸ਼ ਐਸੀ ਹਵਾ ਵਗ ਤੁਰੇ ਜਿਹੜੀ ਡਰੇਕ ਬਣ ਗਏ ਹਰੇਕ ਦਰਸ਼ਨ ਸਿੰਘ ਨੂੰ ਵਾਪਿਸ ਜੜਾਂ ਵੱਲ ਨੂੰ ਮੋੜ ਲਿਆਵੇ..ਪਰ ਇਸ ਲਈ ਉਸ ਨੂੰ ਕੌਂਮ ਦੀਆਂ ਸਮੂਹਕ ਜਨਮ ਦਾਤੀਆਂ ਤੇ ਉਚੇਦੀ ਮੇਹਰ ਕਰਨੀ ਪੈਣੀ ਏ
ਹਰਪ੍ਰੀਤ ਸਿੰਘ ਜਵੰਦਾ