More Punjabi Kahaniya  Posts
ਜੰਗ ਹਿੰਦ ਪੰਜਾਬ ਦਾ ਐਲਾਨ


13 ਦਸੰਬਰ 1845 ਈਸਵੀ (ਜੰਗ ਹਿੰਦ ਪੰਜਾਬ ਦਾ ਐਲਾਨ)
ਜਦ ਸਿੱਖ ਫੌਜਾਂ ਦਰਿਆ ਪਾਰ ਕਰਕੇ , ਆਪਣੇ ਇਲਾਕੇ ਵਿੱਚ ਹੀ ਬੈਠੀਆਂ ਸਨ ਤਾਂ ਬਰੌਡਫੁਟ ਦੀ ਕਾਹਲ ਤੇ ਕੰਪਨੀ ਰਾਜ ਦੇ ਵਿਸਥਾਰ ਦੀ ਪੁਰਾਣੀ ਚਾਹਤ ਅਧੀਨ ਗਵਰਨਰ ਜਨਰਲ ਹਾਰਡਿੰਗ ਨੇ 13 ਦਸੰਬਰ 1845 ਈਸਵੀ ਨੂੰ ਪੰਜਾਬ ਨਾਲ ਲੜਾਈ ਦਾ ਐਲਾਨ ਕੀਤਾ ਅਤੇ ਨਾਲ ਹੀ ਸਤਲੁੱਜ ਦੇ ਦੱਖਣ ਵੱਲ ਦੇ ਲਾਹੌਰ ਦਰਬਾਰ ਦੇ ਇਲਾਕੇ ਵੀ ਜ਼ਬਤ ਕਰ ਲਏ।ਹਾਰਡਿੰਗ ਨੇ ਇਕ ਝੂਠ ਦਾ ਪੁਲੰਦਾ ਖੜਾ ਕੀਤਾ , ਇਸ ਲੜਾਈ ਵਾਸਤੇ ;ਉਸ ਅਨੁਸਾਰ :-
1. ਸਰਕਾਰ ਅੰਗਰੇਜ਼ੀ ਪੰਜਾਬ ਨਾਲ ਦੋਸਤਾਨਾ ਰੱਖਦੀ ਰਹੀ ਹੈ।
2.ਸਰਕਾਰ ਅੰਗਰੇਜ਼ੀ ਨੇ 1809 ਈਸਵੀ ਦੇ ਅਹਿਦਨਾਮੇ ਨੂੰ ਸਿਦਕ ਨਾਲ ਨਿਭਾਇਆ।
3.ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਲਾਹੌਰ ਦਰਬਾਰ ਦੇ ਹਰ ਮਹਾਰਾਜੇ ਨਾਲ ਦੋਸਤਾਨਾ ਸਬੰਧ ਰੱਖੇ।
4.ਅੰਗਰੇਜ਼ਾਂ ਨੇ ਕੇਵਲ ਆਪਣੀ ਰਾਖੀ ਲਈ ਹੀ ਸਰਹੱਦ ਉੱਤੇ ਕਾਰਵਾਈ ਕੀਤੀ ਸੀ ਜਿਸ ਦਾ ਕਾਰਣ ਤੇ ਵੇਰਵਾ ਲਾਹੌਰ ਦਰਬਾਰ ਨੂੰ ਦਸ ਦਿੱਤਾ ਗਿਆ ਸੀ ।
5.ਲਾਹੌਰ ਦਰਬਾਰ ਨੇ ਵੈਰ ਵਿਰੋਧ ਦੀਆਂ ਕਈ ਗੱਲਾਂ ਕੀਤੀਆਂ।
6.ਅੰਗਰੇਜ਼ਾਂ ਨੇ ਹੱਦ ਦਰਜੇ ਦੀ ਨਿਮਰਤਾ / ਸਹਿਨਸ਼ੀਲਤਾ ਦਿਖਾਈ ।
7.ਗਵਰਨਰ ਜਨਰਲ ਪੰਜਾਬ ਵਿਚ ਇਕ ਤਕੜੀ ਸਿੱਖ ਹਕੂਮਤ ਵੇਖਣ ਦਾ ਚਾਹਵਾਨ ਸੀ।
8.ਸਿੱਖ ਫੌਜ ਲਾਹੌਰ ਦਰਬਾਰ ਦੇ ਹੁਕਮ ਨਾਲ ਅੰਗਰੇਜ਼ੀ ਇਲਾਕੇ ਉੱਤੇ ਹਮਲਾ ਕਰਨ ਦੀ ਨੀਤ ਨਾਲ ਆਈ।
9.ਅੰਗਰੇਜ਼ਾਂ ਵੱਲੋਂ ਪੁੱਛ ਗਿਛ ਦਾ ਕੋਈ ਉੱਤਰ ਨਹੀਂ ਦਿੱਤਾ ਗਿਆ ।
10.ਸਿੱਖ ਫੌਜ ਨੇ ਹੁਣ ਬਿਨਾ ਉਕਸਾਹਟ ਦੇ ਅੰਗਰੇਜ਼ੀ ਇਲਾਕੇ ਉੱਤੇ ਧਾਵਾ ਬੋਲ ਦਿੱਤਾ।
ਇਹਨਾਂ ਝੂਠੀਆਂ ਊਜਾਂ ਦੀ ਪੜਚੋਲ ਕੁਝ ਇਮਾਨਦਾਰ ਲਿਖ਼ਤਾਂ ਵਿਚੋਂ!
ਇਤਿਹਾਸ ਆਪ ਆਪਣੇ ਮੂੰਹੋਂ ਬੋਲਦਾ ਪਿਆ ਹੈ ਕਿ ਗੋਰਾਸ਼ਾਹੀ ਫੌਜ ਦੇ ਗਵਰਨਰ ਜਨਰਲ ਦਾ ਕੱਲਾ ਕੱਲਾ ਵਾਕ , ਝੂਠ , ਬੇਈਮਾਨੀ , ਧੱਕੇਸ਼ਾਹੀ , ਚਤੁਰਾਈ ਨਾਲ ਭਰਿਆ ਧੁੰਦ ਦਾ ਬਦਲ ਹੈ ਜੋ ਸੱਚ ਦੇ ਸੂਰਜ ਸਾਹਮਣੇ ਨਹੀਂ ਟਿਕ ਸਕਦਾ । ਪੰਜਾਬ ਨਾਲ ਦੋਸਤੀ ਅੰਗਰੇਜ਼ਾਂ ਦੀ ਮਜ਼ਬੂਰੀ ਤੇ ਵੇਲਾ ਟਪਾਊ ਸੀ । ਇਸੇ ਲਈ ਉਹ ਹਲਾਤ ਬਦਲਦਿਆਂ ਪਹਿਲਾਂ ਜਮਨਾ ਤੇ ਫੇਰ ਸਤਲੁਜ ਨੂੰ ਹੱਦ ਬਣਾਉਂਦੇ ਹਨ । ਸਿੰਧ , ਸ਼ਿਕਾਰਪੁਰ , ਫਿਰੋਜ਼ਪੁਰ ਵਿਚ ਅੰਗਰੇਜ਼ਾਂ ਦੀ ਦਖ਼ਲਅੰਦਾਜ਼ੀ ਕੋਈ ਮਿੱਤਰਾਂ ਵਾਲੀ ਗੱਲ ਨਹੀਂ ਕਹੀ ਜਾ ਸਕਦੀ । ਪਠਾਣਾਂ ਨਾਲ ਜੋ ਸਿੱਖ ਰਾਜ ਦੇ ਵਿਰੋਧੀ ਸਨ ;ਅੰਗਰੇਜ਼ ਮਿੱਤਰਤਾ ਗੰਢ ਰਹੇ ਸਨ , ਇਹ ਦੋਗਲਾਪਨ ਕਿਉਂ?ਕੰਵਰਨੌਨਿਹਾਲ ਸਿੰਘ ਦੇ ਵਿਆਹ ਤੇ ਆਇਆ ਸਰ ਹੈਨਰੀ ਫੇਨ ਫੌਜੀ ਨੁਕਤਾ ਨਿਗਾਹ ਤੋਂ ਮਸਾਲਾ ‘ਕੱਠਾ ਕਰਦਾ ;ਕੀ ਇਹ ਵਿਸਾਹ ਘਾਤ ਨਹੀਂ । ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣ ਦੀਆਂ ਗੋਂਦਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੋਰਿਆਂ ਦੇ ਦਿਮਾਗ ਵਿਚ ਚੱਲ ਰਹੀਆਂ ਸਨ। ਦਿੱਲੀ ਗਜ਼ਟ ਤੋਂ ਲੈ ਕਿ ਲਾਰਠ ਐਲਨਬਰਾ ਤੇ ਵੈਲਿੰਗਟਨ ਵਿਚਕਾਰ ਹੋਏ ਚਿੱਠੀ ਪੱਤਰ ਪੜ੍ਹੇ ਜਾ ਸਕਦੇ ਹਨ ;ਮਿੱਤਰ ਦਾ ਘਰ ਦਬਣ ਲਈ ਗੋਰੇ ਕਿੰਨੇ ਕਾਹਲੇ ਸਨ। ਸਿੱਖ ਫੌਜਾਂ ਜੋ ਆਪਣੇ ਇਲਾਕੇ ਵਿਚ ਸਨ , ਇਸ ਗੱਲ ਦਾ ਪੱਜ ਬਣਾ ਕੇ ਲਾਹੌਰ ਦਰਬਾਰ ਦੇ ਏਜੰਟ ਕਿਸ਼ਨ ਚੰਦ ਤੋਂ ਜਵਾਬ ਮੰਗਿਆ ਗਿਆ ਪਰ ਉਸਦੇ ਲਈ ਕੁਝ ਘੰਟਿਆਂ ਦੀ ਮੁਹਾਲਤ ਦਿੱਤੀ ਗਈ।ਇਹ ਅੰਗਰੇਜ਼ ਦੀ ਚਾਲ ਸੀ ;ਕਿਉਂਕਿ ਉਹ ਜਾਣਦਾ ਸੀ ਕਿ ਇੰਨੀ ਛੇਤੀ ਜਵਾਬ ਨਹੀਂ ਆ ਸਕਦਾ ।ਗਵਰਨਰ ਜਨਰਲ ਆਪ ਮੰਨਦਾ ਕਿ 12 ਦਸੰਬਰ ਤੱਕ ਸਿੱਖਾਂ ਨੇ ਕੋਈ ਵਧੀਕੀ ਨਹੀਂ ਕੀਤੀ ਪਰ ਐਲਾਨ ਵਿਚ ਝੂਠ ਬੋਲਦਾ । ਸਿੱਖ ਫੌਜਾਂ ਨੇ ਅੰਗਰੇਜ਼ਾਂ ਤੇ ਹਮਲਾ ਕਰਨ ਲਈ ਨਹੀਂ ਸਗੋਂ ਆਪਣੀ ਸਰਹੱਦ ਦੀ ਰਾਖੀ ਲਈ ਆਪਣੇ ਇਲਾਕੇ ਵਿਚ ਮੋਰਚੇ ਬਣਾਏ ਸਨ। ਪਰ ਅੰਗਰੇਜ਼ਾਂ ਨੇ ਤਾਂ ਲਾਹੌਰ ਦਰਬਾਰ ਦੇ ਕਈ ਆਗੂ ਖਰੀਦੇ ਹੋਏ ਸਨ , ਬਦਨੀਤ ਕੌਣ ਸੀ ਆਪੇ ਸਮਝ ਦਵੋ।
ਅੰਗਰੇਜ਼ੀ ਲਿਖ਼ਤਾਂ ਜੋ ਸੱਚ ਦਾ ਨਿਤਾਰਾ ਕਰਦੀਆਂ:-
“ਮੈਂ ਗਵਰਨਰ ਜਨਰਲ ਦੇ ਮਗਰ ਘੋੜੇ ਤੇ ਜਾ ਰਿਹਾ ਸੀ।ਅਸੀਂ ਇਕ ਦਰਖ਼ਤ ਥੱਲੇ ਫ਼ੌਜ ਦੀ ਉਡੀਕ ਵਿੱਚ ਬੈਠ ਗਏ। ਗਵਰਨਰ ਜਨਰਲ ਨੇ ਕਿਹਾ : ਕੀ ਇੰਗਲਿਸਤਾਨ ਦੇ ਲੋਕ ਇਸ ਵਜਾ ਨੂੰ ਸਾਡੀ ਸਰਹੱਦ ਉੱਤੇ ਲੜਾਈ ਦਾ ਯੋਗ ਕਾਰਨ ਸਮਝਣਗੇ?” (ਰੌਬਰਟ...

ਕਸਟ)
” ਸਿੱਖ ਫ਼ੌਜ ਦਰਿਆ ਪਾਰ ਕਰਕੇ ਆਪਣੇ ਉਨ੍ਹਾਂ ਇਲਾਕਿਆਂ ਦੀ ਹਿਫ਼ਾਜ਼ਤ ਲਈ ਆਈ ਸੀ ਜੋ ਸੰਨ 1809 ਦੀ ਸੰਧੀ ਮੁਤਾਬਕ ਲਾਹੌਰ ਦਰਬਾਰ ਦੇ ਸਨ।”(ਰੌਬਰਟ ਕਸਟ)
” ਪੰਜਾਬ ਦੀ ਲੜਾਈ ਸੰਬੰਧੀ ……ਨ ਤਾਂ ਮੇਰੀ ਇਹ ਰਾਏ ਹੈ ਕਿ ਸਿੱਖਾਂ ਨੇ ਸਾਡੇ ਬਿਨਾਂ ਛੇੜੇ ਹੀ ਹੱਲਾ ਕੀਤਾ ਤੇ ਨ ਹੀ ਇਹ ਕਿ ਅਸੀਂ ਉਹਨਾਂ ਨਾਲ ਬੜੀ ਸਹਿਨਸ਼ੀਲਤਾ ਦਾ ਵਰਤਾਓ ਕੀਤਾ। ਜੇ ਸਿੱਖਾਂ ਨੂੰ ਇਕ ਬਿਲਕੁਲ ਆਜ਼ਾਦ ਹਕੂਮਤ ਸਮਝਣਾ ਸੀ ਜੋ ਸਾਨੂੰ ਕਿਸੇ ਤਰ੍ਹਾਂ ਜਿੰਮੇਵਾਰ ਨਹੀਂ ਸਨ ਤਾਂ ਸਾਨੂੰ ਉਨ੍ਹਾਂ ਨੂੰ ਉਕਸਾਉਣਾ ਨਹੀਂ ਸੀ ਚਾਹੀਦਾ। ਇਹ ਕਹਿਣਾ ਕਿ ਬੰਬਈ ਤੋਂ ਲਿਆਂਦਾ ਗਿਆ ਬੇੜੀਆਂ ਦਾ ਪੁਲ ਉਕਸਾਹਟ ਦਾ ਕਾਰਣ ਨਹੀਂ ਸੀ ਅਤੇ ਕੇਵਲ ਲਾਖ ਲਈ ਸੀ , ਬੇਹੂਦਾ ਗੱਲ ਹੈ ।ਇਸਤੋਂ ਬਿਨ੍ਹਾਂ ਸਿੱਖਾਂ ਪਾਸ ਸਰ ਚਾਰਲਸ ਨੇਪੀਅਰ ਦੇ ਦਿੱਲੀ ਗਜ਼ਟ ਵਿਚ ਛਪੇ ਵਿਆਖਿਆਨ ਦੇ ਤਰਜਮੇ ਮੌਜੂਦ ਸਨ , ਜਿਸ ਵਿਚ ਉਸਨੇ ਕਿਹਾ ਸੀ ਕਿ ਅਸੀਂ ਸਿੱਖਾਂ ਨਾਲ ਲੜਾਈ ਕਰਨ ਵਾਲੇ ਹਾਂ। ਇਨ੍ਹਾਂ ਹਲਾਤਾਂ ਵਿਚ ਜਿਸ ਤਰ੍ਹਾਂ ਸਾਰੀਆਂ ਯੂਰਪੀ ਕੌਮਾਂ ਕਰਦੀਆਂ ,ਸਿੱਖਾਂ ਨੇ ਭੀ ਪਹਿਲਾਂ ਮੈਦਾਨ ਵਿਚ ਪਹੁੰਚ ਜਾਣਾ ਯੋਗ ਸਮਝਿਆ । ਨਾਲੇ ਉਹਨਾਂ ਸਾਡੇ ਇਲਾਕੇ ਵਿਚ ਨਹੀਂ ਸੀ ਉਤਾਰਾ ਕੀਤਾ , ਬਲਕਿ ਆਪਣੇ ਇਲਾਕੇ ਵਿਚ ਸਨ।
ਮੈਂ ਪੁਛਦਾ ਹਾਂ ਕਿ ਕੀ ਪਹਿਲਾਂ ਅਸੀਂ ਮਿੱਤਰਤਾ ਦੇ ਨਿਯਮ ਭੰਗ ਨਹੀਂ ਕੀਤੇ?ਲੜਾਈ ਲੱਗਣ ਤੋਂ ਇਕ ਸਾਲ ਪਹਿਲਾਂ ਅਸੀਂ ਪੰਜਾਬ ਅਤੇ ਫਿਰੋਜ਼ਪੁਰ ਵਿਚਲਾ ਜਜ਼ੀਰਾ , ਭਾਂਵੇ ਉਹ ਸਿੱਖਾਂ ਦਾ ਸੀ , ਇਸ ਲਈ ਕਾਬੂ ਕਰ ਲਿਆ ਕਿ ਡੂੰਘਾ ਪਾਣੀ ਸਾਡੇ ਅਤੇ ਜਜ਼ੀਰੇ ਵਿਚਕਾਰ ਹੈ।…….ਜੋ 1809 ਦਾ ਅਹਿਦਨਾਮਾ ਦੋਹਾਂ ਹਕੂਮਤਾਂ ਉੱਤੇ ਅਹਿਦ ਸੀ ਤਾਂ ਸਿੱਧਾ ਸਵਾਲ ਇਹ ਹੈ ਕਿ ਮਿੱਤਰਤਾ ਦੇ ਨਿਯਮ ਕਿਸ ਨੇ ਭੰਗ ਕੀਤੇ । ਮੇਰੀ ਪੱਕੀ ਰਾਏ ਇਹ ਹੈ ਕਿ ਅਸਾਂ ਕੀਤੇ ।” ( ਸਰ ਕਾਰਮਾਈਕਲ ਸਮਿੱਥ)
“ਪੰਜਾਬ ਦੇ ਇਤਿਹਾਸ ਵਿਚ, ਜਾਂ ਜਿਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਜਾਂ ਜੋ ਅਗਲੀਆਂ ਨਸਲਾਂ ਪਾਸ ਇਤਿਹਾਸ ਦੇ ਤੌਰ ਤੇ ਜਾਏਗਾ, ਲਿਖਿਆ ਹੋਇਆ ਹੈ ਕਿ ਸਿੱਖ ਫ਼ੌਜ ਨੇ ਸਾਡੇ ਉੱਤੇ ਹੱਲਾ ਕਰਨ ਲਈ ਅੰਗਰੇਜ਼ੀ ਇਲਾਕੇ ਉੱਤੇ ਧਾਵਾ ਬੋਲਿਆ ।ਬਹੁਤ ਸਾਰੇ ਲੋਕੀਂ ਇਹ ਸੁਣ ਕੇ ਹੈਰਾਨ ਹੋਣਗੇ ਕਿ ਉਨ੍ਹਾ ਨੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਕੀਤੀ।ਉਨ੍ਹਾਂ ਨੇ ਸਾਡੀਆਂ ਦੁਰੇਡੀਆਂ ਛਾਉਣੀਆਂ ਉੱਤੇ ਕੋਈ ਹੱਲਾ ਨਹੀਂ ਕੀਤਾ, ਨ ਸਾਡੇ ਇਲਾਕੇ ਵਿਚ ਪੈਰ ਰੱਖਿਆ ।ਉਹ ਕੇਵਲ ਦਰਿਆਓਂ ਪਾਰ ਹੀ ਹੋਏ ਸਨ ਅਤੇ ਉਨ੍ਹਾਂ ਆਪਣੇ ਇਲਾਕੇ ਵਿਚ ਹੀ ਮੋਰਚੇ ਪੁੱਟੇ ਸਨ।” (ਜਾਰਜ ਕੈਂਬਲ)
“ਸਿੱਖ ਜੋ ਹਮੇਸ਼ਾ ਦੋਸਤ ਰਹੇ ਸਨ, ਨੂੰ ਭੜਕਾਊ ਤੇ ਦੁਸ਼ਮਣ ਕਿਸਨੇ ਬਣਾਇਆ ?ਉਹ ਤਾਂ ਪਿਛਲੇ 40 ਸਾਲਾਂ ਤੋਂ ਸਾਡੇ ਪੱਕੇ ਦੋਸਤ ਰਹੇ ਸਨ।ਸਾਡੀ ਮੁਸੀਬਤ ਸਮੇਂ (ਅਫ਼ਗਾਨਿਸਤਾਨ ਵਿਚ ਘਿਰ ਜਾਣ ਸਮੇਂ) ਜਦ ਕਿ ਉਹ ਡੂੰਘੀ ਸੱਟ ਮਾਰ ਸਕਦੇ ਸਨ, ਉਨ੍ਹਾਂ ਸਾਡੀ ਮਦਦ ਕੀਤੀ, ਜਦੋਂ ਕਿ ਤਾਰੀਖ਼ ਦਸਦੀ ਹੈ ਕਿ ਇਸ ਸਾਡੀ ਮੁਸੀਬਤ ਤੋਂ ਪਹਿਲਾਂ ਦੇ ਸਮੇਂ ਦੋ ਵਾਰ ਸਾਡੇ ਸਫ਼ਾਰਤੀ ਅਹਿਲਕਾਰਾਂ ਨੇ ਸਿੱਖ ਰਾਜ ਤੋੜਨ ਦੀ ਸਲਾਹ ਦਿੱਤੀ ਸੀ। ….ਜੋ ਕਿ 1843 ਵਿਚ ਅਸੀਂ ਉਨ੍ਹਾ ਦੀ ਰਾਜਧਾਨੀ ਉਪਰ ਚੜ੍ਹਾਈ ਕਰਨ ਅਤੇ ਉਨ੍ਹਾਂ ਦੀ ਫ਼ੌਜ ਨੂੰ ਖਿੰਡਾਉਣ ਦੀ ਸਕੀਮ ਬਣਾਈ ਸੀ …..ਫਿਰ 1844 ਤੇ 1845 ਵਿਚ ਜਦ ਸਿੱਖ ਆਪਣੀਆਂ ਅੰਦਰੂਨੀ ਮੁਸੀਬਤਾਂ ਵਿਚ ਘਿਰੇ ਹੋਏ ਸਨ , ਅਸੀਂ ਉਨ੍ਹਾਂ ਦੀ ਸਰਹੱਦ ਉਪਰ ਆਪਣੀਆਂ ਫ਼ੌਜਾਂ ਦੀ ਗਿਣਤੀ 8000 ਤੋਂ 38000 ਕਰ ਦਿੱਤੀ ਅਤੇ ਨਾਲ ਹੀ ਹਮਲੇ ਦੇ ਅਸਲ ਇਰਾਦੇ ਨਾਲ ਦਰਿਆ ਸਤਲੁਜ ਪਾਰ ਕਰਨ ਲਈ ਕਿਸ਼ਤੀਆਂ ਦਾ ਪੁੱਲ ਵੀ ਬਣਾ ਲਿਆ ਅਤੇ ਸਰਹੱਦ ਉਪਰ ਪਹੁੰਚਾ ਦਿੱਤਾ।”(ਜੌਹਨ ਸੁਲੀਵਨ)
ਹੁਣ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਹੈਨਰੀ ਹਾਰਡਿੰਗ ਕਿਵੇਂ ਪੰਜਾਬ ਹੜਪਣ ਲਈ ਝੂਠ ਦਾ ਸਹਾਰਾ ਲੈ ਕੇ ਜੰਗ ਦਾ ਐਲਾਨ ਕਰਦਾ ਹੈ।
ਬਲਦੀਪ ਸਿੰਘ ਰਾਮੂੰਵਾਲੀਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)