ਨਾਨਕਾ ਪਿੰਡ

4

ਨਾਨਕੇ ਸ਼ਬਦ ਵੀ ਮਿਸਰੀ ਦੀ ਡਲੀ ਵਰਗਾ ਹੈ। ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਜਦੋਂ ਕਦੇ ਉਹ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਇੱਕ ਮਿੱਠਾ ਜਿਹਾ ਅਹਿਸਾਸ ਚਾਰੇ ਪਾਸੇ ਫਿਰ ਜਾਂਦਾ ਹੈ। ਫਿਰ ਮਨ ਵਿੱਚ ਲੋਚਾ ਉਹਨਾਂ ਦਿਨਾਂ ਦੀ ਆ ਜਾਂਦੀ ਹੈ
ਕਿ ਕਾਸ਼ ! ਉਹ ਦਿਨ ਫਿਰ ਵਾਪਸ ਆ ਜਾਣ ਤੇ ਚਾਈਂ-ਚਾਈਂ ਨਾਨਕੇ ਪਿੰਡ ਜਾਈਏ। ਮੈਨੂੰ ਅੱਜ ਵੀ ਭਲੀ-ਭਾਂਤ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਛੁੱਟੀਆਂ ਮਿਲਣ ਤੋਂ ਪਹਿਲਾਂ ਹੀ ਨਾਨਕੇ ਜਾਣ ਦਾ ਚਾਅ ਚੜੵ ਜਾਂਦਾ ਸੀ। ਬੱਸ ਛੁੱਟੀਆਂ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਸਕੂਲ ਦਾ ਕੰਮ ਕਰਕੇ ਨਾਨਕਿਆਂ ਨੂੰ ਚਾਲੇ ਪਾ ਦੇਣੇ। ਓਦੋਂ ਕਿਹੜਾ ਅੱਜ ਵਾਂਗ ਗੱਡੀਆਂ ਤੇ ਮੋਟਰ ਸਾਇਕਲ ਹੁੰਦੇ ਸੀ। ਬੱਸ ਜੀ.ਟੀ. ਰੋਡ ਤੇ ਥੋੜ੍ਹੀਆਂ ਸਰਕਾਰੀ ਬੱਸਾਂ ਚਲਦੀਆਂ ਸੀ ਤੇ ਲਿੰਕ ਰੋਡ ਤੇ ਤਾਂ ਰਿਕਸ਼ੇ, ਤਾਂਗੇ ਤੇ ਟੈਂਪੂ ਹੀ ਚੱਲਦੇ ਸੀ। ਇਹ ਕੋਈ ਗੱਲ ਵੀ ਤੀਹ ਸਾਲ ਪੁਰਾਣੀ ਹੋਵੇਗੀ। ਮਾਤਾ ਸ੍ਰੀ ਨਾਲ ਪਹਿਲਾਂ ਘਰ ਤੋਂ ਅੱਡੇ ਤੇ ਪੈਦਲ ਜਾਣਾ ਤੇ ਫਿਰ ਕੋਈ ਰਿਕਸ਼ੇ ਜਾਂ ਟਾਂਗੇ ਤੇ ਮੇਨ ਰੋਡ ਤੇ ਪੈਂਦੇ ਪਿੰਡ ਉਤਰ ਜਾਣਾ। ਰਿਕਸ਼ੇ ਤੇ ਬੈਠ ਕੇ ਓਦੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਹਾਜ ਤੇ ਬੈਠੇ ਹੋਈਏ। ਫਿਰ ਅੱਗੋਂ ਕੋਈ ਸਰਕਾਰੀ ਬੱਸ ਫੜਨੀ ਤੇ ਕਿਤੇ ਜਾ ਕੇ ਦੋ ਤਿੰਨ ਘੰਟੇ ਪਿੱਛੋਂ ਸ਼ਹਿਰ ਅਪੜਨਾ। ਬੱਸ ਵੀ ਓਦੋਂ ਆਪਣੀ ਮਨ ਮਰਜ਼ੀ ਨਾਲ ਹੌਲੀ-ਹੌਲੀ ਚੱਲਦੀ ਸੀ ਤੇ ਕਿਸੇ ਨੂੰ ਕੋਈ ਕਾਹਲ ਨਹੀਂ ਹੁੰਦੀ ਸੀ, ਬੱਸ ਸ਼ਾਮ ਤੱਕ ਘਰ ਪਹੁੰਚਣ ਦਾ ਟੀਚਾ ਹੁੰਦਾ ਸੀ। ਅੱਗੋਂ ਸ਼ਹਿਰੋਂ ਨਾਨਕੇ ਪਿੰਡ ਨੂੰ ਚੱਲਦੇ ਟੈਂਪੂ ਤੇ ਬੈਠ ਜਾਣਾ ਤੇ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਬੜੀ ਨੀਝ ਨਾਲ ਦੇਖਣਾ। ਟੈਂਪੂ ਦੇ ਹੁਲਾਰੇ ਇਸ ਤਰ੍ਹਾਂ ਜਾਪਦੇ ਸਨ ਜਿਵੇਂ ਸਵਰਗਾਂ ਦੇ ਝੂਟੇ ਹੋਣ ਤੇ ਨਾਨਕਾ ਪਿੰਡ ਜਿਵੇਂ ਪਰੀ ਲੋਕ ਹੋਵੇ। ਜਦੋਂ ਆਪਣੇ ਨਾਨਕੇ ਪਿੰਡ ਡਰੋਲੀ ਭਾਈ ਦੇ ਅੱਡੇ ਤੋਂ ਮਾਮੇ ਦੇ ਘਰ ਨੂੰ ਜਾਣਾ ਤਾਂ ਧਰਤੀ ਤੇ ਪੈਰ ਨਾ ਲੱਗਣੇ ਕਿਉਂਕਿ ਨਾਨਕੇ ਘਰੇ ਮਾਸੀ ਦੇ ਮੁੰਡਿਆਂ ਤੋ ਇਲਾਵਾ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਮੁੰਡਿਆਂ ਨਾਲ ਪੂਰਾ ਘਰ ਭਰਿਆ ਹੋਣਾ। ਇੱਕ ਮਹੀਨੇ ਦੀ ਮਸਤੀ ਕਿਹੜਾ ਕੋਈ ਥੋੜੀ ਹੁੰਦੀ ਤੇ ਉਹ ਵੀ ਅੱਠ ਦਸ ਇਕੋ ਜਿਹਿਆਂ ਨਾਲ। ਸਾਰਿਆਂ ਨੂੰ ਭੱਜ-ਭੱਜ ਸਤਿ ਸ੍ਰੀ ਅਕਾਲ ਬਲਾਉਣੀ ਤੇ ਅੱਜ ਦੇ ਜੁਆਕਾਂ ਵਾਂਗ ਐਂਵੇ ਨਹੀਂ ਲੁਕਦੇ ਫਿਰਨਾ। ਸਾਡਾ ਮਾਮੇ ਦਾ ਸੁਭਾਅ ਬੜਾ ਗਰਮ ਸੀ ਤੇ ਮਾਮੀ ਸਾਡੀ ਡਾਢੀ ਨਰਮ ਸੀ ਤੇ ਨਾਨੀ ਵੱਡੀ ਆਰਜਾ ਦੀ ਸੀ। ਉਸਨੂੰ ਨਾ ਕੋਈ ਗਰਮੀ ਲੱਗਣੀ ਤੇ ਨਾ ਹੀ ਠੰਢ। ਗਰਮੀ ਵਿੱਚ ਉਹ ਕਦੇ ਪੱਖੇ ਅੱਗੇ ਨਹੀਂ ਬੈਠੀ ਸੀ ਤੇ ਇੱਕ ਹਵਾ ਝੱਲਣ ਵਾਲੀ ਪੱਖੀ ਲੈ ਕੇ ਦਰੱਖਤ ਦੀ ਛਾਂਵੇਂ ਬੈਠ ਜਾਂਦੀ ਜਦੋਂ ਉਹ ਵਿਹਲੀ ਹੁੰਦੀ, ਨਹੀਂ ਤਾਂ ਸਾਰਾ ਦਿਨ ਮਾੜਾ ਮੋਟਾ ਕੰਮ ਕਰੀ ਜਾਂਦੀ। ਧੰਨ ਨੇ ਸਾਡੇ ਉਹ ਬਜ਼ੁਰਗ ਜਿਹੜੇ ਬੱਸ ਕੰਮ ਨਾਲ...

ਹੀ ਪਿਆਰ ਰੱਖਦੇ ਸਨ ਤੇ ਅੱਜ ਦਿਆਂ ਵਾਂਗ ਮੁਫਤ ਦੀਆਂ ਨਹੀਂ ਭੰਨਦੇ ਸਨ। ਮਾਮੇ ਨੇ ਜਦੋਂ ਕਿਸੇ ਕੰਮ ਤੋਂ ਅੱਕ ਜਾਣਾ ਤਾਂ ਭੜਾਸ ਹੋਰਾਂ ਉੱਤੇ ਉਹ ਕੱਢਦਾ ਸੀ। ਸਵਾਲ ਨਹੀਂ ਸੀ ਓਹਦੇ ਮੂਹਰੇ ਕੋਈ ਬੋਲ ਜਾਵੇ। ਸਭ ਨੇ ਉਹਦੇ ਅੱਗੇ ਲੁਕਦੇ ਫਿਰਨਾ ਜਾਂ ਭਿੱਜੀ ਬਿੱਲੀ ਬਣੇ ਰਹਿਣਾ। ਉਸ ਸਮੇਂ ਵੱਡਿਆਂ ਦੀ ਘੂਰ ਨੂੰ ਹਰ ਕੋਈ ਮੰਨਦਾ ਸੀ। ਅੱਜ ਵਾਂਗ ਨਹੀਂ ਮਾੜੀ ਜਿਹੀ ਕਿਸੇ ਨੂੰ ਗੱਲ ਆਖੋ ਤਾਂ ਅਗਲਾ ਮੂੰਹ ਮੋਟਾ ਕਰ ਲੈਂਦਾ ਹੈ। ਉਸ ਸਮੇਂ ਖੂੰਡੇ ਦਾ ਡਰ ਹੁੰਦਾ ਸੀ। ਪਰ ਇਹ ਸਥਿਤੀ ਗੁੱਸੇ ਸਮੇਂ ਹੁੰਦੀ ਸੀ ਉਂਝ ਬਥੇਰਾ ਲਾਡ ਕਰਦੇ ਸੀ ਉਹ ਪੁਰਾਣੇ ਬੰਦੇ। ਸਾਰਾ ਦਿਨ ਤੀਆਂ ਲੱਗੀਆਂ ਰਹਿਣੀਆਂ ਤੇ ਸ਼ਾਮ ਨੂੰ ਵਿਹੜੇ ਵਿੱਚ ਲੰਮੀ ਕਤਾਰ ਵਿੱਚ ਮਾਮੀ ਨੇ ਮੰਜੇ ਡਵਾ ਦੇਣੇ ਜਿਵੇਂ ਕੋਈ ਰੇਲ ਗੱਡੀ ਹੋਵੇਂ ਮੰਜਿਆਂ ਦੇ ਦੋਵੇਂ ਪਾਸੇ ਦਾਤੀ ਵਾਲੇ ਪੱਖੇ ਲਾ ਦੇਣੇ। ਰੋਟੀ ਦੇ ਥਾਲ ਸਾਰਿਆਂ ਨੂੰ ਆਏਂ ਵਰਤਾਉਣੇ ਜਿਵੇਂ ਕਣਕ ਦੀ ਮੰਗ ਪਾਈ ਹੋਵੇ। ਦੇਰ ਰਾਤ ਤੱਕ ਗੱਲਾਂ ਮਾਰੀ ਜਾਣੀਆਂ ਤੇ ਨਾਨੀ ਤੋਂ ਕਹਾਣੀਆਂ ਸੁਣਨੀਆਂ। ਤਕੜੇ ਉੱਠ ਕੇ ਚਾਹ ਪੀਣੀ ਤੇ ਖੇਤਾਂ ਨੂੰ ਜੰਗਲ ਪਾਣੀ ਨਿਕਲ ਜਾਣਾ। ਸਹਿਜੇ ਹੀ ਦੋ ਕਿਲੋਮੀਟਰ ਦੀ ਵਾਟ ਜਾਣ ਦੀ ਕਰਨੀ ਤੇ ਆਉਂਦੇ ਵਖਤ ਕਿੱਕਰਾਂ ਤੋਂ ਦਾਤਨਾਂ ਤੋੜ ਕੇ ਦੰਦ ਸਾਫ਼ ਕਰਨੇ। ਟੂਥਪੇਸਟ ਤੇ ਬੁਰਸ਼ ਵਾਲਾ ਕੰਮ ਓਦੋਂ ਨਹੀਂ ਸੀ ਤਾਹੀਓਂ ਤਾਂ ਦੰਦ ਮਜਬੂਤ ਸਨ। ਫਿਰ ਘਰੇ ਆ ਕੇ ਹੱਥ ਸਾਫ਼ ਕਰਨੇ ਤੇ ਮਗਰੋਂ ਰੋਟੀ ਖਾ ਕੇ ਖੇਤ ਨੂੰ ਪਸ਼ੂਆਂ ਵਾਸਤੇ ਪੱਠੇ ਲੈਣ ਜਾਣੇ। ਖੇਤ ਮੋਟਰ ਤੇ ਖੂਬ ਨਹਾਉਣਾ ਤੇ ਮਸਤੀ ਕਰਨੀ। ਹਾੜੀ ਸਮੇਂ ਮਾਮੇ ਨੇ ਕਣਕ ਵੱਢਣ ਖੇਤ ਲੈ ਜਾਣਾ ਤੇ ਸਾਰਾ ਦਿਨ ਸਾਰਿਆਂ ਨੇ ਮਿਲ ਕੇ ਦਾਤੀਆਂ ਨਾਲ ਕਣਕ ਵੱਢਣੀ ਤੇ ਭਰੀਆਂ ਵੀ ਪਾਉਣੀਆਂ। ਗਰਮੀ ਵੀ ਲੋਹੜੇ ਦੀ ਹੋਣੀ ਤੇ ਦੁਪਹਿਰ ਦੀ ਰੋਟੀ ਵੀ ਖੇਤ ਹੀ ਖਾਣੀ। ਰੋਟੀਆਂ ਇੰਨੀਆਂ ਸਵਾਦ ਲੱਗਣੀਆਂ ਜੋ ਫਾਈਵ ਸਟਾਰ ਹੋਟਲ ਨੂੰ ਮਾਤ ਦਿੰਦੀਆਂ ਸਨ। ਝੋਨੇ ਵੇਲੇ ਖੇਤਾਂ ਵਿੱਚੋਂ ਕੱਖ ਕੱਢਣਾ ਤੇ ਸਾਰਾ ਦਿਨ ਖੇਤਾਂ ਨੂੰ ਪਾਣੀ ਦੇਣਾ ਤੇ ਮੂੰਹ ਹਨੇਰੇ ਘਰੇ ਮੁੜਨਾ। ਗਰਮੀ ਵਿੱਚ ਦੁਪਹਿਰੇ ਛੱਪੜ ਤੇ ਪਸ਼ੂ ਲੈ ਕੇ ਜਾਣੇ ਤੇ ਦੋ-ਦੋ ਘੰਟੇ ਪਸ਼ੂ ਨਿਕਲਣ ਤੋਂ ਪਹਿਲਾਂ ਉੱਥੇ ਬੈਠੇ ਰਹਿਣਾ। ਸ਼ਾਮ ਹੋਈ ਤੋਂ ਨਲਕੇ ਤੇ ਪਸ਼ੂਆਂ ਨੂੰ ਪਾਣੀ ਪਿਲਾ ਕੇ ਸਾਰਿਆਂ ਨੇ ਸੱਥ ਵਿੱਚ ਚਲੇ ਜਾਣਾ ਤੇ ਤਾਸ਼ ਦੀ ਬਾਜੀ ਲਾਉਣੀ। ਇੰਝ ਇਕੱਠਿਆਂ ਦੇ ਮਨੋਰੰਜਨ ਕਰਦਿਆਂ ਪਤਾ ਹੀ ਨਾ ਲੱਗਣਾ ਕਦੋਂ ਛੁੱਟੀਆਂ ਪੂਰੀਆਂ ਹੋ ਜਾਣੀਆਂ। ਜਦੋਂ ਪਿੰਡ ਨੂੰ ਵਾਪਸ ਮੁੜਨਾ ਤਾਂ ਰੋਣੀ ਸੂਰਤ ਬਣਾ ਕੇ ਨਾਨਕੇ ਘਰ ਤੋਂ ਤੁਰਨਾ। ਮਾਮੇ-ਮਾਮੀ ਨੇ ਘਰੋਂ ਤੋਰਨ ਸਮੇਂ ਸਾਰਿਆਂ ਨੂੰ ਪੈਸੇ ਤੇ ਨਵੇਂ ਕੁੜਤੇ ਪਜਾਮੇ ਪਵਾ ਕੇ ਤੋਰਨਾ। ਅੱਜ ਭਾਵੇਂ ਵੱਡੇ ਹੋ ਕੇ ਸਾਰੀਆਂ ਸਹੂਲਤਾਂ ਮਾਣ ਰਹੇ ਹਾਂ ਪਰ ਨਾਨਕੇ ਪਿੰਡ ਵਰਗੇ ਉਹ ਨਜ਼ਾਰੇ ਅੱਜ ਵੀ ਦਿਲ ਅੰਦਰ ਧੂਹ ਪਾਉਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ — 9464412761

Leave A Comment!

(required)

(required)


Comment moderation is enabled. Your comment may take some time to appear.

Comments

4 Responses

 1. Harpreet sandhu

  rytttt

 2. malkeet

  hun kithy g oh gallan hun ty nanke v 2 din toh vad reh lawe bnda ta mamiya mathe vat paon lagdiyan.nanke hunde nani nane nal.bhavs koi jo mrgi kave

 3. Happy Punjab खुश रहे भारत

  wonderful

 4. shivani

  very nice

Like us!